“ਅਗਲੇ 2 ਸਾਲਾਂ ‘ਚ ਬਣਾਵਾਂਗੇ ਪੰਜਾਬ ਨੂੰ ਖੁਸ਼ਹਾਲ” – ਮੁੱਖ ਮੰਤਰੀ ਭਗਵੰਤ ਮਾਨ; ਦਿੱਲੀ ‘ਚ ਹਾਰ ਤੋਂ ਬਾਅਦ ਪੰਜਾਬ ਦਾ ਆਇਆ ਧਿਆਨ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ ਤੋਂ ਬਾਅਦ, ਪੰਜਾਬ ‘ਚ ਰਾਜਨੀਤਿਕ ਉਥਲ-ਪੁਥਲ ਜਾਰੀ ਹੈ। ਪੰਜਾਬ ਕਾਂਗਰਸ ਨੇ ਦਾਅਵਾ ਕੀਤਾ ਕਿ 35 ਵਿਧਾਇਕ AAP ਛੱਡਣ ਲਈ ਤਿਆਰ ਹਨ, ਜਦਕਿ 30 ਵਿਧਾਇਕ ਉਨ੍ਹਾਂ ਨਾਲ ਸੰਪਰਕ ਵਿੱਚ ਹਨ।

ਇਸ ਰਾਜਨੀਤਿਕ ਸੰਕਟ ਦੇ ਮੱਦੇਨਜ਼ਰ, AAP ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਪੂਰਥਲਾ ਹਾਊਸ ‘ਚ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।

ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੇ ਹਿੱਤ ‘ਚ ਕੰਮ ਕਰ ਰਹੀ ਹੈ। ਭਾਵੇਂ ਬਿਜਲੀ, ਸਿੱਖਿਆ, ਸਿਹਤ ਜਾਂ ਸੜਕਾਂ ਦਾ ਨਿਰਮਾਣ ਹੋਵੇ, ਸਾਡਾ ਧਿਆਨ ਲੋਕਾਂ ਦੀ ਭਲਾਈ ‘ਤੇ ਹੈ। ਉਨ੍ਹਾਂ ਦਾਅਵਾ ਕੀਤਾ ਕਿ AAP ਨੇ 10 ਸਾਲ ‘ਚ ਦਿੱਲੀ ‘ਚ ਉਹ ਕੰਮ ਕੀਤਾ ਜੋ ਪਹਿਲਾਂ ਕਿਸੇ ਨੇ ਨਹੀਂ ਕੀਤਾ।

ਮਾਨ ਨੇ ਆਖਿਆ ਕਿ ਦਿੱਲੀ ਦੇ “ਮੁਹੱਲਾ ਕਲੀਨਿਕ” ਨੂੰ ਪੰਜਾਬ ‘ਚ “ਆਮ ਆਦਮੀ ਕਲੀਨਿਕ” ਕਿਹਾ ਜਾਂਦਾ ਹੈ, ਜੋ 850 ਤੋਂ ਵੱਧ ਹਨ – ਜਿਹੜੇ ਕਿ ਅਸਲ ਵਿਚ ਬਾਦਲ ਸਰਕਾਰ ਵੇਲੇ ਬਣੇ ਸੁਵਿਧਾ ਕੇਂਦਰਾਂ ਦਾ ਨਵੀਂਕਰਨ ਹੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ “ਸਕੂਲ ਆਫ ਐਮੀਨੈਂਸ” ਸ਼ੁਰੂ ਹੋਏ ਹਨ, ਜਿੱਥੇ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ।

ਪਰ ਸਰਕਾਰ ਦੇ ਵਾਅਦਿਆਂ ਦੇ ਬਾਵਜੂਦ, ਕਿ 5 ਮਿੰਟਾਂ ਵਿਚ ਕਿਸਾਨਾਂ ਨੂੰ ਐੱਮਐੱਸਪੀ ਦਿੱਤੀ ਜਾਵੇਗੀ, ਪੰਜਾਬ ਦੇ ਕਿਸਾਨ ਅਜੇ ਵੀ ਉਡੀਕ ਵਿੱਚ ਹਨ। ਪਿੱਛਲੇ ਸਾਲ ਝੋਨੇ ਦੀ ਫਸਲ ਮੰਡੀਆ ਵਿਚ ਰੁਲਦੀ ਰਹੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਇਸਤੋਂ ਇਲਾਵਾ ਰਿਸ਼ਵਤਖੋਰੀ, ਗੈਰਕਾਨੂੰਨੀ ਮਾਈਨਿੰਗ, ਲੁੱਟ ਖਸੁੱਟ ਅਤੇ ਲਗਾਤਾਰ ਵੱਧ ਰਹੇ ਨਸ਼ੇ ਦੇ ਵਪਾਰ ਵਿਚ ਕੋਈ ਖਾਸ ਕੰਮ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ‘ਤੇ ਸਿਖਰਾਂ ਦਾ ਕਰਜ਼ਾ ਉਹਨਾਂ ਦੀ ਸੂਬਾ-ਕਰ ਖਰਚ ‘ਤੇ ਬਹੁਤ ਵੱਡੇ ਸਵਾਲ ਕਰਦਾ ਹੈ।

AAP ਨੇ ਦਿੱਲੀ ‘ਚ ਹਾਰ ਤੋਂ ਬਾਅਦ ਆਪਣੇ ਵਿਧਾਇਕਾਂ ਨੂੰ ਇਕੱਠਾ ਰੱਖਣ ‘ਤੇ ਧਿਆਨ ਦਿੱਤਾ। ਪਰ ਕੀ ਇਹ “ਨਵੀਨਤਮ ਪੰਜਾਬ ਮਾਡਲ” ਸਿਰਫ਼ ਗੱਲਾਂ ਤੱਕ ਹੀ ਸੀਮਤ ਰਹੇਗਾ? ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਆਸ ‘ਚ AAP ਨੂੰ ਜਿੱਤਾਇਆ, ਪਰ ਹੁਣ ਉਨ੍ਹਾਂ ਨੂੰ ਉਮੀਦਾਂ ‘ਤੇ ਪੂਰਾ ਨਹੀਂ ਉਤਰਨ ‘ਤੇ ਸ਼ੱਕ ਹੋ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ, “ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ, ਉਨ੍ਹਾਂ ਦੇ ਪੈਸੇ ਨੂੰ ਉਨ੍ਹਾਂ ਦੀ ਸੁਧਾਰ ‘ਚ ਹੀ ਲਗਾ ਰਹੇ ਹਾਂ।” ਪਰ ਕੀ ਇਹ ਦਾਅਵੇ ਜ਼ਮੀਨ ‘ਤੇ ਉਤਰੇ ਹਨ?

ਜਦੋਂ ਆਮ ਆਦਮੀ ਪਾਰਟੀ ਦਿੱਲੀ ‘ਚ ਹਾਰ ਗਈ ਤਾਂ ਕੀ ਪੰਜਾਬ ‘ਚ ਲੋਕਾਂ ਨੇ ਵੀ ਇਸ ‘ਤੇ ਵਿਸ਼ਵਾਸ ਘੱਟ ਕਰਨਾ ਸ਼ੁਰੂ ਕਰ ਦਿੱਤਾ?