
ਅਲਬਰਟਾ, ਕੈਨੇਡਾ ਵਿੱਚ ਐਨਡੀਪੀ ਪਾਰਟੀ ਦੇ ਵਿਧਾਇਕ ਪਰਮਜੀਤ ਸਿੰਘ (ਕੈਲਗਰੀ-ਫਾਲਕਨਰਿਜ) ਨੇ ਵਿਧਾਨ ਸਭਾ ਵਿੱਚ ਬੋਲਦਿਆਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦਾ ਜ਼ਿਕਰ ਕੀਤਾ। ਇਹ ਐਲਾਨ ਸਾਬਕਾ ਪ੍ਰੀਮੀਅਰ ਰੇਚਲ ਨੌਟਲੇ ਨੇ 2017 ਵਿੱਚ ਕੀਤਾ ਸੀ, ਤਾਂ ਜੋ ਅਲਬਰਟਾ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਦਾਰ ਇਤਿਹਾਸ ਅਤੇ ਯੋਗਦਾਨ ਨੂੰ ਸਨਮਾਨਿਤ ਕੀਤਾ ਜਾ ਸਕੇ। ਪਰਮੀਤ ਸਿੰਘ ਨੇ ਕਿਹਾ ਕਿ 1909 ਵਿੱਚ ਅਲਬਰਟਾ ਦੇ ਪਹਿਲੇ ਸਿੱਖ ਵਸਨੀਕ ਹਰਨਾਮ ਸਿੰਘ ਹਰੀ ਦੇ ਆਗਮਨ ਤੋਂ ਲੈ ਕੇ, ਵਿਸ਼ਵ ਯੁੱਧਾਂ ਦੌਰਾਨ ਕੈਨੇਡੀਅਨ ਅਤੇ ਬ੍ਰਿਟਿਸ਼ ਫੌਜਾਂ ਦੇ ਨਾਲ ਜਾਨਾਂ ਕੁਰਬਾਨ ਕਰਨ ਵਾਲੇ ਅਨੇਕ ਸਿੱਖਾਂ ਤੱਕ, ਅਤੇ ਅੱਜ ਇਸ ਸੁੰਦਰ ਸੂਬੇ ਤੇ ਦੇਸ਼ ਵਿੱਚ ਰਹਿੰਦੇ, ਕੰਮ ਕਰਦੇ ਅਤੇ ਖੁਸ਼ਹਾਲੀ ਪ੍ਰਾਪਤ ਕਰਦੇ ਸਿੱਖਾਂ ਦੀ ਗੱਲ ਕਰਨਾ ਉਨ੍ਹਾਂ ਲਈ ਖਾਸ ਮਾਅਨੇ ਰੱਖਦਾ ਹੈ।
ਉਨ੍ਹਾਂ ਨੇ ਫਖਰ ਨਾਲ ਦੱਸਿਆ ਕਿ ਉਹ ਅਲਬਰਟਾ ਵਿਧਾਨ ਸਭਾ ਵਿੱਚ ਪਹਿਲੇ ਅੰਮ੍ਰਿਤਧਾਰੀ ਸਿੱਖ ਮੈਂਬਰ ਵਜੋਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਸਿਧਾਂਤ—ਮਨੁੱਖਤਾ, ਨਿਆਂ ਅਤੇ ਸਮਾਨਤਾ—ਸਿੱਖ ਭਾਈਚਾਰੇ ਦੇ ਅਲਬਰਟਾ ਵਿੱਚ ਯੋਗਦਾਨ ਵਿੱਚ ਡੂੰਘੇ ਤੌਰ ‘ਤੇ ਸਮਾਏ ਹੋਏ ਹਨ। ਮਨੁੱਖਤਾ ਸਿੱਖ ਧਰਮ ਦਾ ਕੇਂਦਰੀ ਸਿਧਾਂਤ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਾਤ, ਧਰਮ ਜਾਂ ਪਿਛੋਕੜ ਤੋਂ ਬਿਨਾਂ ਸਾਰੇ ਇੱਕ ਹਨ। ਨਿਆਂ ਸਿੱਖ ਰੂਹ ਵਿੱਚ ਵਸਦਾ ਹੈ, ਜਿਸ ਦੀ ਮਾਨਤਾ ਹੈ ਕਿ ਹਰੇਕ ਨੂੰ ਬਰਾਬਰ ਅਧਿਕਾਰ, ਸਤਿਕਾਰ ਅਤੇ ਇੱਜ਼ਤ ਮਿਲਣੀ ਚਾਹੀਦੀ ਹੈ, ਅਤੇ ਜ਼ੁਲਮ ਦੇ ਵਿਰੁੱਧ ਹਮੇਸ਼ਾ ਖੜ੍ਹਨਾ ਚਾਹੀਦਾ ਹੈ। ਸਮਾਨਤਾ, ਜੋ ਸਿੱਖ ਸਿੱਖਿਆਵਾਂ ਦਾ ਦਿਲ ਹੈ, ਸਾਰਿਆਂ ਲਈ ਨਿਰਪੱਖਤਾ ਅਤੇ ਸ਼ਮੂਲੀਅਤ ਦੀ ਮਹੱਤਤਾ ‘ਤੇ ਜ਼ੋਰ ਦਿੰਦੀ ਹੈ, ਤਾਂ ਜੋ ਕੋਈ ਵੀ ਪਿੱਛੇ ਨਾ ਰਹੇ।
ਇਨ੍ਹਾਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਨਾਲ ਸਿੱਖਾਂ ਨੇ ਸਿੱਖਿਆ, ਸਿਹਤ ਸੰਭਾਲ, ਕਾਰੋਬਾਰ ਅਤੇ ਜਨ ਸੇਵਾ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ, ਜਿਸ ਨਾਲ ਅੱਜ ਦਾ ਵਿਭਿੰਨ ਅਤੇ ਜੀਵੰਤ ਅਲਬਰਟਾ ਬਣਨ ਵਿੱਚ ਮਦਦ ਮਿਲੀ ਹੈ। ਚਾਹੇ ਚੈਰੀਟੇਬਲ ਕੰਮਾਂ ਰਾਹੀਂ, ਭਾਈਚਾਰਕ ਸੇਵਾ ਰਾਹੀਂ ਜਾਂ ਲੋੜਵੰਦਾਂ ਲਈ ਖੜ੍ਹ ਕੇ, ਸਿੱਖਾਂ ਨੇ “ਸੇਵਾ” ਦਾ ਅਸਲੀ ਮਤਲਬ—ਮਨੁੱਖਤਾ ਲਈ ਨਿਰਸਵਾਰਥ ਸੇਵਾ—ਲਗਾਤਾਰ ਦਿਖਾਇਆ ਹੈ। ਪਰਮੀਤ ਸਿੰਘ ਨੇ ਸਿੱਖ ਭਾਈਚਾਰੇ ਦੇ ਅਲਬਰਟਾ ਅਤੇ ਕੈਨੇਡਾ ਲਈ ਲਗਾਤਾਰ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਂਝਾ ਇਤਿਹਾਸ ਸਤਿਕਾਰ, ਮਿਹਨਤ ਅਤੇ ਭਾਈਚਾਰੇ ਦੀ ਸੇਵਾ ਵਿੱਚ ਜੜ੍ਹਿਆ ਹੋਇਆ ਹੈ। ਅਲਬਰਟਾ ਨੂੰ ਆਪਣੇ ਸਿੱਖ ਭਾਈਚਾਰੇ ‘ਤੇ ਮਾਣ ਹੈ, ਜਿਵੇਂ ਸਿੱਖ ਭਾਈਚਾਰਾ ਆਪਣੇ ਆਪ ਨੂੰ ਅਲਬਰਟਨ ਅਤੇ ਕੈਨੇਡੀਅਨ ਕਹਿਣ ‘ਤੇ ਮਾਣ ਮਹਿਸੂਸ ਕਰਦਾ ਹੈ।