
ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਏਰ ਪੋਲੀਏਵ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਨਿਰਪੱਖ ਅਤੇ ਖੁਲ੍ਹੇ ਤਰੀਕੇ ਨਾਲ ਜਿੱਤੀ ਹੈ। ਇਹ ਬਿਆਨ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਤੋਂ ਬਾਅਦ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਏਜੰਟਾਂ ਨੇ 2022 ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ‘ਚ ਦਖ਼ਲ ਦਿੱਤੀ।
ਅਖ਼ਬਾਰ ਨੇ ਉੱਚ ਸੁਰੱਖਿਆ ਕਲੀਅਰੈਂਸ ਵਾਲੇ ਸਰੋਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਾਰਤ ਨੇ ਕੈਨੇਡਾ ਦੇ ਏਸ਼ੀਆਈ ਭਾਈਚਾਰੇ ਵਿੱਚ ਫੰਡ ਇਕੱਠਾ ਕਰਕੇ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਪਿਏਰ ਪੋਲੀਏਵ ਦੀ ਸਹਾਇਤਾ ਕੀਤੀ। ਹਾਲਾਂਕਿ, ਕੋਈ ਪੱਕਾ ਸਬੂਤ ਨਹੀਂ ਮਿਲਿਆ ਕਿ ਪਿਏਰ ਪੋਲੀਏਵ ਜਾਂ ਉਨ੍ਹਾਂ ਦੀ ਟੀਮ ਇਸ ਦਖ਼ਲਅੰਦਾਜ਼ੀ ਤੋਂ ਪਹਿਲਾਂ ਜਾਣੂ ਸੀ।
ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ‘ਤੇ ਕੈਨੇਡਾ ਦੀ ਚੋਣੀ ਪ੍ਰਕਿਰਿਆ ਵਿੱਚ ਦਖ਼ਲ ਦਾ ਦੋਸ਼ ਲੱਗਾ ਹੋਵੇ। ਇਸ ਤੋਂ ਪਹਿਲਾਂ ਵੀ ਚੀਨ ਅਤੇ ਭਾਰਤ ‘ਤੇ 2019 ਅਤੇ 2021 ਦੀਆਂ ਚੋਣਾਂ ‘ਚ ਦਖ਼ਲ ਦੇ ਇਲਜ਼ਾਮ ਲੱਗ ਚੁੱਕੇ ਹਨ। ਭਾਰਤ ‘ਤੇ ਸਿਰਫ ਚੋਣਾਂ ‘ਚ ਦਖ਼ਲ ਦੇ ਇਲਜ਼ਾਮ ਹੀ ਨਹੀਂ ਲੱਗੇ, ਬਲਕਿ ਭਾਰਤੀ ਏਜੰਟਾਂ ਉੱਤੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਵੀ ਹੈ। ਭਾਰਤ ‘ਤੇ ਆਰੋਪ ਹੈ ਕਿ ਉਸ ਨੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ, ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਹੱਤਿਆ ਕਰਵਾਈ ਅਤੇ ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ਕੀਤੀ।
ਹੁਣ ਭਾਰਤ ਦੀ ਕੈਨੇਡੀਅਨ ਚੋਣਾਂ ‘ਚ ਦਖ਼ਲ ਦੀ ਗੱਲ ਸਾਹਮਣੇ ਆਉਣਾ ਇਹ ਸਾਬਤ ਕਰਦਾ ਹੈ ਕਿ ਭਾਰਤ ਨਿਰੰਤਰ ਤਰੀਕੇ ਨਾਲ ਵਿਦੇਸ਼ਾਂ ‘ਚ ਸਿੱਖ ਆਗੂਆਂ ‘ਤੇ ਦਬਾਅ ਬਣਾਉਣ ਅਤੇ ਸਿੱਖ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਆਪਣੇ ਭਾਰਤੀ ਸੰਘੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿਚ ਕਾਮਯਾਬ ਹੋਵੇ।
ਇਹ ਗੱਲ ਵੀ ਧਿਆਨਯੋਗ ਹੈ ਕਿ ਭਾਰਤ, ਜੋ ਆਪਣੇ ਆਪ ਨੂੰ ਸਭ ਤੋਂ ਵੱਡੀ ਲੋਕਤੰਤਰਿਕ ਰਾਜ ਬਣਾਉਂਦਾ ਹੈ, ਉਹ ਕੈਨੇਡਾ ਵਰਗੇ ਅਜ਼ਾਦ ਅਤੇ ਲੋਕਤੰਤਰਿਕ ਦੇਸ਼ ‘ਚ ਸਿੱਖਾਂ ਦੀ ਹਮਾਇਤ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।