
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਹਰ ਪੰਗਤੀ ਸੰਗੀਤ ਅਤੇ ਸਾਹਿਤਕ ਗੁਣਾਂ ਨਾਲ ਭਰਪੂਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਆਤਮਿਕ ਉਸਾਰੀ ਦੇ ਨਾਲ ਸਮਾਜਿਕ ਉਸਾਰੀ ਦਾ ਵਿਸ਼ਾ ਵੀ ਲਿਆ ਗਿਆ ਹੈ। ਇਸੇ ਲਈ ਵਿਸ਼ੇ ਦੇ ਪੱਖੋਂ ਇਹ ਬਾਣੀ ਮਹਾਨ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬ ਦੀ ਬਾਣੀ ਵਿਚ ਸੱਚ, ਸੰਤੋਖ, ਨਿਮਰਤਾ, ਪਰਮਾਤਮਾ ਪਿਤਾ ਸਮਾਨ ਹੈ। ਮਨੁੱਖੀ ਭਰਾਤਰੀ ਭਾਵ, ਸੰਜਮ, ਦਇਆ, ਤਨ-ਮਨ ਦੀ ਪਵਿੱਤਰਤਾ, ਆਤਮਾ ਤੇ ਪਰਮਾਤਮਾ ਦੀ ਖੋਜ, ਮਰਦ ਤੇ ਇਸਤਰੀ ਦੀ ਬਰਾਬਰੀ ਤੋਂ ਬਿਨਾਂ ਹੋਰ ਵੀ ਉੱਚੇ-ਸੁੱਚੇ ਵਿਚਾਰ ਬਾਣੀ ਵਿੱਚੋਂ ਮਿਲਦੇ ਹਨ। ਭਾਵੇਂ ਜ਼ੋਰ ਪ੍ਰਭੂ ਭਗਤੀ ‘ਤੇ ਦਿੱਤਾ ਹੈ ਪਰ ਭਗਤੀ ਭਾਵ ਦੇ ਨਾਲ-ਨਾਲ ਹੱਥਾਂ ਦੀ ਕੀਤੀ ਹੋਈ ਕਮਾਈ ਨੂੰ ਵੀ ਧਾਰਮਿਕ ਸਿੱਖਿਆ ਦਾ ਅੰਗ ਬਣਾਇਆ ਹੈ। ਕਿਰਤ ਕਰ ਕੇ ਵੰਡ ਛਕਣਾ, ਗੁਰੂ ਸਾਹਿਬ ਦਾ ਬੁਨਿਆਦੀ ਸਿਧਾਂਤ ਹੈ। ਘਰ-ਬਾਰ ਨੂੰ ਤਿਆਗ ਕੇ ਆਪ ਵੈਰਾਗੀ ਨਹੀਂ ਬਣੇ, ਸਗੋਂ ਉਪਦੇਸ਼ ਦਿੱਤਾ ਹੈ ਕਿ ਕੇਵਲ ਘਰ-ਬਾਰ ਹੀ ਅਜਿਹਾ ਜੀਵਨ ਹੈ ਜਿਸ ਵਿਚ ਰਹਿ ਕੇ ਮਨੁੱਖ ਲੋੜਵੰਦਾਂ ਦੀ ਸਹਾਇਤਾ ਕਰ ਸਕਦਾ ਹੈ।
ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ( ਅੰਗ ੨੬)
ਇਸ ਲਈ ਉਨ੍ਹਾਂ ਨੇ ਘਾਲ ਕਮਾਈ ਦੇ ਰਾਹ ਨੂੰ ਸਲਾਹਿਆ ਹੈ। ਉਨ੍ਹਾਂ ਦਾ ਇਹ ਸਿਧਾਂਤ ਕਿੰਨਾ ਆਧੁਨਿਕ ਵੀ ਹੈ ਅਤੇ ਸਮਾਜ ਨੂੰ ਬਲਵਾਨ ਪ੍ਰੇਰਨਾ ਵੀ ਦਿੰਦਾ ਹੈ ਕਿ:
– ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
(ਅੰਗ ੧੨੪੫)
ਭਾਵ ਗਿਆਨ ਤੋਂ ਖਾਲੀ ਭੁੱਖੇ ਅਖੌਤੀ ਮੌਲਵੀ ਚੜ੍ਹਾਵੇ ਦੀ ਖਾਤਰ ਘਰ ਨੂੰ ਮਸੀਤ ਬਣਾ ਲੈਂਦੇ ਹਨ। ਜੋ ਨਿਖੱਟੂ ਹੈ, ਵਿਹਲੜ ਹੈ, ਦਸਾਂ ਨਹੁੰਆਂ ਦੀ ਕਮਾਈ ਨਹੀਂ ਕਰਦਾ, ਸੋ ਜੋਗੀ ਬਣ ਜਾਂਦਾ ਹੈ, ਮੁੰਦਰਾਂ ਪਾ ਲੈਂਦਾ ਹੈ, ਆਪਣੇ ਆਪ ਨੂੰ ਫਕੀਰ ਸਮਝ ਲੈਂਦਾ ਹੈ ਅਤੇ ਕਹਿਣ ਮਾਤਰ ਹੀ ਜਾਤ-ਭੇਦ ਗੁਆ ਦਿੰਦਾ ਹੈ। ਗੁਰੂ ਪੀਰ ਸਦਾ ਕੇ ਮੰਗਣ ਜਾਂਦੇ ਹਨ। ਅਜਿਹੀਆਂ ਦੇ ਕਦੇ ਵੀ ਪਿੱਛੇ ਨਾ ਜਾਵੋ। ਪਰਮਾਤਮਾ ਨੂੰ ਤਾਂ ਅਸਲ ਵਿਚ ਉਹ ਪਹਿਚਾਣਦੇ ਹਨ, ਜੋ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਖਾਂਦੇ ਹਨ ਅਤੇ ਆਪਣੇ ਹੱਥੋਂ ਹੋਰ ਲੋੜਵੰਦਾਂ ਨੂੰ ਦਾਨ ਕਰਦੇ ਹਨ। ਲੋਕਾਂ ਲਈ ਜਿਉਂਣਾ ਹੀ ਅਸਲ ਦਾਨ ਹੈ। ਦੀਨ ਦੁਖੀ ਦੀ ਦਸ਼ਾ ਵੇਖ ਕੇ ਆਪ ਦੁਖੀ ਹੋਣਾ, ਹੱਥ ਰੱਖਣਾ, ਘਾਲ ਕਮਾਈ ਕਰ ਕੇ ਕਿਛੁ ਹਥਹੁ ਦੇਣਾ ਤਾਂ ਜੋ ਉਸ ਨੂੰ ਠੀਕ ਰਾਹ ਮਿਲ ਜਾਏ। ਮਾੜਾ ਧੰਦਾ ਨਾ ਕੀਤਾ ਜਾਏ, ਸਗੋਂ ਕਿਰਤ ਹੀ ਕੀਤੀ ਜਾਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਜੀਵਨ ਬਿਤਾ ਕੇ ਵੇਖਿਆ ਹੈ। ਮੋਦੀਖਾਨੇ ਦੀ ਕਾਰ ਕੀਤੀ, ਤੇਰਾ-ਤੇਰਾ ਕਹਿ ਕੇ ਪੂਰਾ ਹੱਕ ਦਿੱਤਾ। ਆਪ ਦਾ ਵਿਚਾਰ ਸੀ ਕਿ ਕਿਰਤ ਕਰ ਕੇ ਦੇਹੀ ਸੁੱਚੀ ਹੁੰਦੀ ਹੈ। ਆਪ ਅਕਾਲ ਪੁਰਖ ਦੇ ਨਾਮ ਦਾ ਜਾਪ ਕਰਨ ਦੇ ਨਾਲ-ਨਾਲ ਆਉਂਦੇ ਜਾਂਦੇ ਲੋੜਵੰਦਾਂ ਦੀ ਸੇਵਾ ਵੀ ਕਰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਕਿਰਤ ਦੀ ਵੱਡੀ ਮਹਾਨਤਾ ਹੈ। ਹੱਥੀਂ ਕਮਾਈ ਨਾ ਕਰਨਾ ਚੰਗੀ ਗੱਲ ਨਹੀਂ। ਗੁਰੂ ਸਾਹਿਬ ਦਾ ਨਿਸ਼ਚਾ ਸੀ ਕਿ ਦਸ ਨਹੁੰਆਂ ਦੀ ਕਿਰਤ ਹੀ ਮਨੁੱਖ ਵਿਚ ਆਤਮ ਵਿਸ਼ਵਾਸ ਅਤੇ ਖੁਸ਼ੀ ਦੀ ਭਾਵਨਾ ਪੈਦਾ ਕਰਦੀ ਹੈ। ਕਿਰਤੀ ਭਾਵਨਾ ਵਾਲੇ ਲੋਕ ਆਪ ਵੀ ਨਰੋਏ ਹੁੰਦੇ ਹਨ ਅਤੇ ਉਨ੍ਹਾਂ ਦਾ ਸਿਰਜਿਆ ਹੋਇਆ ਸਮਾਜ ਵੀ ਨਰੋਆ ਹੁੰਦਾ ਹੈ। ਗੁਰੂ ਜੀ ਆਪ ਵੀ ਕਿਰਤ ਕਰਦੇ ਸਨ ਅਤੇ ਕਿਰਤੀ ਸ਼੍ਰੇਣੀ ਦਾ ਮਾਣ ਕਰਦੇ ਸਨ। ਭਾਈ ਲਾਲੋ ਜੀ ਅਤੇ ਮਲਕ ਭਾਗੋ ਦੀ ਸਾਖੀ ਇਸੇ ਵਿਸ਼ੇ ਨੂੰ ਬਿਆਨ ਕਰਦੀ ਹੈ। ਮਾਲਕ ਭਾਗੋ ਦੇ ਭੋਜਨ ਵਿਚ ਜ਼ੁਲਮ ਸੀ, ਜ਼ਹਿਰ ਸੀ, ਗਰੀਬਾਂ ਦੀ ਨਪੀੜੀ ਹੋਈ ਜਿੰਦ ਦਾ ਲਹੂ ਸੀ, ਕਿਰਤੀ ਭਾਈ ਲਾਲੋ ਜੀ ਦੀ ਸੁੱਕੀ ਰੋਟੀ ਵਿਚ ਸਾਦਗੀ ਤੇ ਸਚਾਈ ਦਾ ਅੰਮ੍ਰਿਤ ਸੀ। ਕਿਰਤੀ ਸ਼੍ਰੇਣੀ ਦਾ ਸਮਾਜ ਪਵਿੱਤਰ ਹੈ। ਇਸ ਵਿਚ ਲੁੱਟ-ਖਸੁੱਟ ਦੀ ਥਾਂ ਨਹੀਂ ਹੈ। ਇਹ ਸੁਣ-ਦੇਖ ਕੇ ਮਲਕ ਭਾਗੋ ਨੂੰ ਹੋਸ਼ ਆਈ, ਪੁੱਛਦਾ ਹੈ, ਉਸ ਦਾ ਕਲਿਆਣ ਕਿਵੇਂ ਹੋਵੇ? ਗੁਰੂ ਸਾਹਿਬ ਨੇ ਫੁਰਮਾਇਆ ਕਿਰਤ ਦੀ ਜ਼ਿੰਦਗੀ ਅਰੰਭ ਕਰ, ਤਾਂ ਕਲਿਆਣ ਹੋਵੇਗਾ।
ਚੜ੍ਹਿਆ ਸੋਧਣਿ ਧਰਤਿ ਲੁਕਾਈ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ। ਅੰਧ-ਵਿਸ਼ਵਾਸ ਅਤੇ ਭਰਮਾਂ ਦੇ ਹਨ੍ਹੇਰੇ ‘ਚੋਂ ਲੋਕਾਂ ਨੂੰ ਕੱਢ ਕੇ ਗਿਆਨ ਦਾ ਉਪਦੇਸ਼ ਦਿੱਤਾ। ਉਦਾਸੀਆਂ ਵਿਚ ਵੀ ਸੱਚੀ-ਸੁੱਚੀ ਕਿਰਤ ਦੀ ਮਹਾਨਤਾ ਬਾਰੇ ਦੱਸਿਆ। ਆਪ ਦਾ ਉਪਦੇਸ਼ ਸੀ ਕਿ ਸੱਚੀ-ਸੁੱਚੀ ਕਿਰਤ ਕਰ ਕੇ ਗੁਜ਼ਾਰਾ ਕਰਨਾ ਚਾਹੀਦਾ ਹੈ। ਦੂਜਿਆਂ ਦਾ ਹੱਕ ਨਹੀਂ ਮਾਰਨਾ ਚਾਹੀਦਾ। ਆਪ ਫੁਰਮਾਉਂਦੇ ਹਨ:
ਹਕੁ ਪਰਾਇਆ ਨਾਨਕਾ ਉਸੁ ਸੁਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥
( ਅੰਗ ੧੪੧)
ਕਿਰਤ ਕਮਾਈ ਸਬੰਧੀ ਦੱਸਦੇ ਹਨ, ਦੂਜੇ ਦਾ ਹੱਕ ਖਾਣਾ, ਹਿੰਦੂ ਲਈ ਗਊ ਅਤੇ ਮੁਸਲਮਾਨਾਂ ਲਈ ਸੂਰ ਖਾਣ ਬਰਾਬਰ ਹੈ। ਗੁਰੂ ਅਤੇ ਪੀਰ ਤਾਂ ਹੀ ਸਹਾਇਤਾ ਕਰਨਗੇ ਜੇਕਰ ਦੂਜੇ ਦਾ ਹੱਕ ਨਾ ਖਾਇਆ ਜਾਵੇ। ਆਪ ਫੁਰਮਾਉਂਦੇ ਹਨ ਕਿ ਸਵਰਗ ਦੀ ਪ੍ਰਾਪਤੀ ਸਿਰਫ ਗੱਲਾਂ ਨਾਲ ਨਹੀਂ ਸਗੋਂ ਨੇਕ ਅਮਲਾਂ ਅਤੇ ਸੱਚੇ-ਸੁੱਚੇ ਜੀਵਨ ਨਾਲ ਹੀ ਹੁੰਦੀ ਹੈ।
ਕਿਰਤ ਕਰਨ ਦੇ ਨਾਲ-ਨਾਲ ਜੋ ਵੰਡ ਛਕਣ ਦੀ ਫ਼ਿਲਾਸਫ਼ੀ ਹੈ ਉਹ ਹੋਰ ਵੀ ਮਹਾਨ ਹੈ। ਇਹ ਗੱਲ ਸਮਾਜ ਦੀ ਇਕ ਆਧਾਰਸ਼ਿਲ੍ਹਾ ਹੈ। ਇਸੇ ਲਈ ਗੁਰੂ ਸਾਹਿਬ ਫੁਰਮਾਉਂਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(ਅੰਗ ੧੨੪੫)
ਸੋ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਇਹ ਮਨੁੱਖੀ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ। ਜੇਕਰ ਇਸ ਸੁਨਹਿਰੀ ਸੰਦੇਸ਼ ‘ਤੇ ਅਮਲ ਕਰੀਏ ਤਾਂ ਜ਼ਿੰਦਗੀ ਦਾ ਅਨੰਦ ਪ੍ਰਾਪਤ ਹੋ ਸਕਦਾ ਹੈ। ਸਵਾਦ ਹੋਰ ਹੈ, ਅਨੰਦ ਹੋਰ ਹੈ। ਅਨੰਦ ਤਾਂ ਉਹ ਮਾਨਸਿਕ ਅਵਸਥਾ ਹੈ ਜੋ ਸੱਚੀ-ਸੁੱਚੀ ਕਿਰਤ ਤੋਂ ਪ੍ਰਾਪਤ ਹੁੰਦਾ ਹੈ। ਕਿਰਤ ਕਰਨੀ ਜ਼ਰੂਰੀ ਹੈ। ਅਕਾਲ ਪੁਰਖ ਨੇ ਹੱਥ-ਪੈਰ ਦਿੱਤੇ ਹਨ। ਬਿਨਾਂ ਹਰਕਤ ਦੇ ਹੱਥ-ਪੈਰ ਨਿਕੰਮੇ ਹੋ ਜਾਂਦੇ ਹਨ। ਜਿਸ ਦਿਨ ਜੀਵ ਪੈਦਾ ਹੁੰਦਾ ਹੈ, ਕਿਰਤ ਕਰਨੀ ਉਸ ਦੇ ਜ਼ਿੰਮੇ ਲੱਗ ਜਾਂਦੀ ਹੈ। ਮਨੁੱਖ ਦੀ ਸਰੀਰਿਕ ਬਣਤਰ ਦਾ ਤਕਾਜ਼ਾ ਹੈ ਕਿ ਉਹ ਕਿਰਤ ਕਰੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਧਿਐਨ ਤੋਂ ਅਸੀਂ ਵੇਖ ਸਕਦੇ ਹਾਂ ਉਨ੍ਹਾਂ ਨੇ ਹੱਥਾਂ ਨਾਲ ਹਲ ਵੀ ਵਾਹੇ। ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਬਾ-ਅਮਲ ਦਾਰਸ਼ਨਿਕ ਸਨ ਜੋ ਆਪਣੇ ਉਪਦੇਸ਼ ਅਤੇ ਸੰਦੇਸ਼ ਨੂੰ ਲੋਕਾਂ ਦੇ ਸਾਹਮਣੇ ਅਮਲੀ ਰੂਪ ਵਿਚ ਪ੍ਰਚਾਰਦੇ ਸਨ। ਮਿਸ਼ਨ ਦੇ ਪ੍ਰਚਾਰ ਹਿਤ ਉਦਾਸੀਆਂ ਦੇ ਦੌਰਾਨ ਆਪ ਨੇ ਮਹਿਸੂਸ ਕੀਤਾ ਕਿ ਲੱਖਾਂ ਹੀ ਕਿਰਤੀ ਤੇ ਕਾਮੇ ਜਾਂ ਨੀਵੇਂ ਤਬਕੇ ਦੇ ਲੋਕ ਉਹ ਆਰਥਿਕਤਾ ਦੀ ਜਿੰਦ-ਜਾਨ ਹਨ ਪਰ ਅਮੀਰਾਂ ਦੇ ਜ਼ੁਲਮ ਹੇਠ ਦੱਬੇ ਪਏ ਸਹਿਕ ਰਹੇ ਹਨ ਅਤੇ ਇਹ ਅਮੀਰ ਲੋਕ ਆਪਣੇ ਸੁਆਰਥਾਂ ਲਈ ਕਿਰਤੀ ਕਾਮਿਆਂ ਨੂੰ ਲੁੱਟੀ ਜਾ ਰਹੇ ਹਨ। ਗੁਰੂ ਸਾਹਿਬ ਨੇ ਕਾਮਿਆਂ ਤੇ ਕਿਰਤੀਆਂ ਦੇ ਹੱਕ ਵਿਚ ਇਨਕਲਾਬੀ ਅਵਾਜ਼ ਬਲੰਦ ਕੀਤੀ। ਇਸੇ ਲਈ ਗੁਰੂ ਸਾਹਿਬ ਸਮਾਜ ਦੇ ਲਤਾੜੇ ਹੋਏ ਮਨੁੱਖਾਂ ਨਾਲ ਆਪਣਾ ਸੰਪੂਰਨ ਸੰਬੰਧ ਜੋੜਦੇ ਰਹੇ। ਆਪ ਦਾ ਇਹ ਵੀ ਵਿਚਾਰ ਹੈ ਕਿ ਪਾਪਾਂ ਰਾਹੀਂ ਮਾਇਆ ਜੋੜਨ ਵਾਲਾ ਮਨੁੱਖ ਮਨੁੱਖਤਾ ਨਾਲੋਂ ਦੂਰ ਹੋ ਜਾਂਦਾ ਹੈ ਪਰ ਮਰਨ ਮਗਰੋਂ ਦੌਲਤ ਸਾਥ ਨਹੀਂ ਦਿੰਦੀ। ਇਸੇ
ਲਈ ਫੁਰਮਾਉਂਦੇ ਹਨ:
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
( ਅੰਗ ੪੧੭)
ਪਰ ਬੰਦਾ ਸਮਝਦਾ ਨਹੀਂ; ਝੂਠ ਫਰੇਬ, ਠੱਗੀ ਅਤੇ ਹੋਰ ਕਈ ਗਲਤ ਤਰੀਕਿਆਂ ਨਾਲ ਦੌਲਤ ਇਕੱਠੀ ਕਰਨ ਵਿਚ ਦੌੜਿਆ ਫਿਰਦਾ ਹੈ। ਅਜਿਹਾ ਮਨੁੱਖ ਅਧਿਆਤਮਿਕ ਤੇ ਰੱਬੀ ਬਖ਼ਸ਼ਿਸ਼ਾਂ ਤੋਂ ਵਾਂਝਾ ਹੈ। ਸਦਾਚਾਰ ਤੋਂ ਗਿਰ ਚੁੱਕਿਆ ਹੈ। ਲੋੜ ਹੈ ਸ੍ਰੀ ਗੁਰੂ ਨਾਨਕ ਸਾਹਿਬ ਦੀ ਫ਼ਿਲਾਸਫ਼ੀ ਅਤੇ ਉਨ੍ਹਾਂ ਦੇ ਅਮਲੀ ਜੀਵਨ ਨੂੰ ਅਪਣਾਉਣ ਦੀ। ਜੇ ਅਸੀਂ ਉਨ੍ਹਾਂ ਦੀ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣ ਦੀ ਫ਼ਿਲਾਸਫ਼ੀ ਨੂੰ ਅਪਣਾ ਲਈਏ ਤਾਂ ਸੰਕਟ ਭਰੇ ਸੰਸਾਰ ਵਿਚ ਸੁੱਖ ਤੇ ਸ਼ਾਂਤੀ ਮਿਲ ਸਕਦੀ ਹੈ। ਗੁਰੂ ਸਾਹਿਬ ਸਮਾਜ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਅਧਿਆਤਮਿਕ ਜੀਵਨ ਦੀ ਜਾਚ ਦੱਸਦੇ ਹੋਏ, ਕਿਰਤ ਕਮਾਈ ਸਬੰਧੀ ਵੀ ਫੁਰਮਾਉਂਦੇ ਹਨ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ (ਅੰਗ ੫੯੫)
-ਡਾ. ਮਨਮੋਹਨ ਸਿੰਘ