1 views 27 secs 0 comments

ਮਾਦਾ ਭਰੂਣ-ਹੱਤਿਆ ਅਤੇ ਗੁਰਮਤਿ

ਲੇਖ
October 15, 2025

ਰੱਬ ਜਾਣੇ, ਕੀ ਹੋ ਗਿਆ ਹੈ ਸਾਡੇ ਸਮਾਜ ਨੂੰ ਏਨੀ ਘਟੀਆ ਸੋਚ, ਏਨੀ ਘਟੀਆ ਸੋਚ, ਬਸ, ਅਜੇ ਮਾਂ ਦੇ ਪੇਟ ਅੰਦਰ ਮਾਦਾ ਭਰੂਣ ਹੋਣ ਦਾ ਪਤਾ ਹੀ ਲੱਗਦਾ ਹੈ ਤਾਂ ਮਾਂ-ਪਿਉ ਕੀ, ਸਾਰਾ ਪਰਿਵਾਰ ਇਕਦਮ ਚੁੱਪ ਹੋ ਜਾਂਦਾ ਹੈ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ ਤੇ ਅੱਖਾਂ ਵਿਚ ਮੋਟੇ-ਮੋਟੇ ‘ਗਲੇਡ ਭਰ ਲੈਂਦੇ ਹਨ, ਜਿਵੇਂ ਕਿਸੇ ਦੀ ਸੱਜਰੀ ਮੌਤ ਦੀ ਖ਼ਬਰ ਸੁਣੀ ਹੋਵੇ। ਇਹ ਅੱਖਾਂ ਵਿਚ ਟਪਕਦੇ ਅੱਥਰੂ ਕਿਸੇ ਨੂੰ ਮੌਤ ਤੋਂ ਬਚਾਉਣ ਵਾਸਤੇ ਨਹੀਂ, ਸਗੋਂ ਕਿਸੇ ਨੰਨੀ ਜਿਹੀ ਜਾਨ ਨੂੰ ਕਤਲ ਕਰਨ, ਕਰਵਾਉਣ ਲਈ ਵਹਿੰਦੇ ਹਨ।
ਸਾਰੇ ਪਰਿਵਾਰ ਦੇ ਮਨ ਵਿਚ ਇਕ ਹੀ ਘੁੰਮਣਘੇਰੀ ਉੱਠੀ ਜਾਂਦੀ ਹੈ, ਕਿ ਕਿਵੇਂ ਨਾ ਕਿਵੇਂ ਮਾਂ ਦੀ ਕੁੱਖ ਵਿਚਲੇ ਬੀਜ ਨੂੰ ਪੁੰਗਰਣ ਤੋਂ ਪਹਿਲਾਂ ਹੀ ਫ਼ਨਾਹ ਕੀਤਾ ਜਾਵੇ।
ਮਾਂ, ਉਸ ਫੁੱਲ ਨੂੰ ਜਿਸ ਨੇ ਉਸ ਦੀ ਕੁੱਖ ਵਿਚੋਂ ਪੈਦਾ ਹੋ ਕੇ ਉਸ ਦੇ ਪਰਿਵਾਰ, ਸੰਸਾਰ ਦੀ ਫੁਲਵਾੜੀ ਦਾ ਸ਼ਿੰਗਾਰ ਬਣਕੇ, ਮਨ ਮੋਹਣ ਵਾਲੀ ਮਿੱਠੀ-ਮਿੱਠੀ ਖ਼ੁਸ਼ਬੋ ਦੇਣੀ ਸੀ, ਉਸ ਨੂੰ ਗਰਭ ਦੌਰਾਨ ਹੀ ਖ਼ਤਮ ਕਰਨ ਵਾਸਤੇ ਖ਼ੁਦ ਤਿਆਰ ਹੋ ਜਾਂਦੀ ਹੈ। ਜਾਂ ਫਿਰ ਉਸ ਨੂੰ ਉਸ ਦੇ ਪਰਿਵਾਰਕ ਮੈਂਬਰ ਹੀ ਮਜਬੂਰ ਕਰ ਦੇਂਦੇ ਹਨ।

ਅੱਜ ਵੀ ਕਿਤੇ-ਕਿਤੇ ਪੁਰਾਣੀ ਪ੍ਰੰਪਰਾ ਅਨੁਸਾਰ, ਮਾਂ ਆਪਣੇ ਬੱਚਿਆ ਨੂੰ ਮੜੀਆਂ-ਕਬਰਾਂ ਵੱਲੋਂ ਜਾਣੋਂ ਰੋਕਦੀ ਹੈ ਜਾਂ ਫਿਰ ਮੂੰਹ ਜੂਠਾ ਕਰਕੇ ਜਾਣ ਲਈ ਕਹਿੰਦੀ ਹੈ ਕਿਉਂਕਿ ਉਸ ਦੇ ਮਨ ਦਾ ਭਰਮ ਹੈ ਕਿ ਮੜੀਆਂ, ਕਬਰਾਂ ਵਿਚ ਦਫਨਾਏ-ਸਾੜੇ ਗਏ ਮੁਰਦਿਆਂ ਦੀਆਂ ਰੂਹਾਂ ਬੱਚਿਆਂ ਨੂੰ ਚਿੰਬੜਦੀਆਂ ਤੇ ਕਸ਼ਟ ਦੇਂਦੀਆਂ ਹਨ, ਪਰ ਜਿਸ ਮਾਂ ਨੇ ਆਪਣੇ ਪੇਟ ਅੰਦਰ ਹੀ ਆਪਣੀ ਬਾਲੜੀ ਨੂੰ ਤਿੱਖੇ ਔਜ਼ਾਰਾਂ ਨਾਲ ਕਤਲ ਕਰਾ ਕੇ ਆਪਣੇ ਗਰਭ ਨੂੰ ‘ਕਬਰਸਤਾਨ ਬਣਾਇਆ ਹੋਵੇ, ਉਹ ਮਾਂ ਆਪਣੇ ਦੂਸਰੇ ਬੱਚਿਆਂ ਨੂੰ ਮੜ੍ਹੀਆਂ-ਕਬਰਾਂ ਵੱਲ ਜਾਣ ਤੋਂ ਰੋਕਦਿਆਂ, ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦੀ?
ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦੀ ਰੀਤ ਬੜੀ ਪੁਰਾਣੀ ਚਲੀ ਆਉਂਦੀ ਹੈ, ਜੋ ਅੱਜਕਲ੍ਹ ਬੜੇ ਜ਼ੋਰਾਂ ‘ਤੇ ਹੈ। ਪਹਿਲੇ ਸਮੇਂ ਵਿਚ ਮਸੂਮ ਬੱਚੀ ਦਾ ਗਲ੍ਹ ਘੁੱਟ ਕੇ, ਅਫੀਮ ਦੇ ਕੇ ਕਤਲ ਕੀਤਾ ਜਾਂਦਾ ਸੀ ਜਾਂ ਫਿਰ ਬੱਚੀ ਦੇ ਮੂੰਹ ਵਿਚ ‘ਅੱਕ ਭਿੱਜੀ’ ਰੂੰ ਦੀ ਵੱਟੀ ਪਾ ਕੇ। ਹਾਂ, ਨਾਲ ਇਹ ਵੀ ਕਿਹਾ ਜਾਂਦਾ ਸੀ- “ਗੁੜ ਖਾਈਂ ਪੂਣੀ ਕੱਤੀ। ਆਪ ਨਾ ਆਈਂਵੀਰ ਨੂੰ ਘੱਤੀਂ।” ਅਜੋਕੇ ਸਮਾਜ ਵਿਚ ਘਟੀਆ ਸੋਚ ਵਾਲਿਆਂ ਨੇ ਪੁਰਾਣੇ ਢੰਗ ਨਾਲੋਂ ਨਵਾਂ ਢੰਗ ਅਪਣਾ ਲਿਆ ਹੈ। ਹੁਣ ਪਰਿਵਾਰਕ ਮੈਂਬਰ ਦੇ ਕਹਿਣ ‘ਤੇ ਜਾਂ ਫਿਰ ਆਪਣੀ ਰੁਚੀ ਅਨੁਸਾਰ ਮਾਂ, ਆਪਣੇ ਹਿਰਦੇ ਵਿਚੋਂ ਤਰਸ-ਮਮਤਾ ਨੂੰ ਕੱਢਦਿਆਂ, ਬੇਟੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕਤਲ ਕਰਵਾ ਦੇਂਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਹਨ-
ਸੀਲ ਖਾਨ ਕੰਨਿਆ ਇਕ ਹੋਵੇ।
ਨਹੀਂ ਤੋ ਮਾਂ ਗ੍ਰਹਿਸਤ ਵਿਗੋਵੈ॥
(ਗੁਰਬਿਲਾਸ ਪਾਤਸ਼ਾਹੀ ਛੇਵੀਂ)

ਸਮਝ ਨਹੀਂ ਆਉਂਦੀ ਕਿ ਉਂਝ ਅਸੀਂ ਕਹਿੰਦੇ ਹਾਂ, “ਫਲਾਣੀ ਚੀਜ਼ ਖਾਣੀ ਪਾਪ ਹੈ, ਫਲਾਣਾ ਕੰਮ ਕਰਨ ਪਾਪ ਹੈ, ਪਰ ਅਸੀਂ ਕਦੇ ਸੋਚਿਆ ਹੈ ਕਿ ਧੀਆਂ ਨੂੰ ਸੰਸਾਰ ‘ਤੇ ਆਉਣ ਤੋਂ ਪਹਿਲਾਂ ਹੀ ਕਤਲ ਕਰਨਾ ਜਾਂ ਕਰਵਾ ਦੇਣਾ ਕੀ ਪੁੰਨ ਹੈ? ਇਹ ਤਾਂ ਘੋਰ ਪਾਪ ਹੈ, ਘੋਰ ਪਾਪ। ਯਾਦ ਰਹੇ ਕਿ ਕਾਦਰ ਤੇ ਕੁਦਰਤ ਦੀ ਰਜ਼ਾ ਵਿਚ ਨਾ ਚੱਲਣ ਵਾਲੇ ਨੂੰ ਹਮੇਸ਼ਾ ਦੁੱਖ ਤੇ ਫਿਟਕਾਰਾਂ ਹੀ ਨਸੀਬ ਹੁੰਦੀਆਂ ਹਨ। ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਮਾਪਿਆਂ ਦਾ ਦਿਲ ਇੰਨਾਂ ਨਾਜ਼ਕ ਹੁੰਦਾ ਹੈ ਕਿ ਉਹ ਆਪਣੇ ਬੱਚੇ ਦਾ ਤਾਂ ਕੀ, ਕਿਸੇ ਹੋਰ ਦੇ ਬੱਚੇ ਦਾ ਦੁੱਖ-ਦਰਦ ਵੀ ਨਹੀਂ ਸਹਾਰ ਸਕਦੇ, ਪਰ ਸਮਝ ਨਹੀਂ ਆਉਂਦੀ ਕਿ ਉਹ ਕਿੰਨੇ ਕਠੋਰ ਤੇ ਕਿੰਨੇ ਨਿਰਦਈ ਮਾਪੇ ਹੋਣਗੇ, ਜੋ ਆਪਣੇ ਮਾਸੂਮ ਜਿਹੀ ਬਾਲੜੀ, ਆਪਣੇ ਪਿਆਰ ਨੂੰ ਡਾਕਟਰ ਰੂਪੀ ਜਲਾਦ ਦੇ ਹਵਾਲੇ ਆਪਣੇ ਆਪ ਕਰਦੇ ਹਨ ਤਾਂ ਕਿ ਉਹ ਜਲਾਦ (ਡਾਕਟਰ) ਆਪਣੇ ਤਿੱਖੇ ਔਜ਼ਾਰਾਂ ਨਾਲ ਨੋਚ-ਨੋਚ ਕੇ ਕਤਲ ਕਰ ਸਕੇ।

ਬੇਸ਼ੱਕ ਉਸ ਮਾਸੂਮ ਧੀਆਂ ਦੀਆਂ ਚੀਕਾਂ ਅੰਨ੍ਹੇ-ਬੋਲੇ ਹੋਏ ਮਾਪਿਆਂ ਦੇ ਕੰਨਾਂ ਵਿਚ ਨਹੀਂ ਪੈਂਦੀਆਂ, ਪਰ ਜਗਤ ਦੇ ਵਾਰਸ, ਉਸ ਅਕਾਲ ਪੁਰਖ ਦੇ ਕੰਨੀਂ ਜ਼ਰੂਰ ਪੈਂਦੀਆਂ ਹਨ, ਤੇ ਉਹ ਇਸ ਜ਼ੁਲਮ ਦੇ ਭਾਗੀਦਾਰਾਂ ਨੂੰ ਸਜ਼ਾ ਵੀ ਜ਼ਰੂਰ ਦੇਂਦਾ ਹੈ। ਕਈ ਵਾਰ ਤਾਂ ਉਹ ਉਸੇ ਵੇਲੇ ਹੀ ਕੀਤੇ ਦੀ ਸਜ਼ਾ ਦੇ ਦੇਂਦਾ ਹੈ, ਜਦੋਂ ਮਾਸੂਮ ਬਾਲੜੀ ਦਾ ਕਤਲ ਹੋ ਜਾਣ ਤੋਂ ਬਾਅਦ ਮਾਪਿਆਂ ਨੂੰ ਉਸ ਦੇ ਬਾਲ (ਪੁੱਤ) ਹੋਣ ਦਾ ਪਤਾ ਲੱਗਦਾ ਹੈ। ਫਿਰ ਉਹ ਰੋਂਦੇ-ਵਿਲਕਦੇ ਸ਼ੁਦਾਈ ਬਣ ਜਾਂਦੇ ਹਨ। ਨੰਨ੍ਹੀਆਂ ਜਾਨਾਂ ਨੂੰ ਕਤਲ ਕਰਵਾਉਣ ਗਈਆਂ ਮਾਵਾਂ ਕਈ ਵਾਰ ਖ਼ੁਦ ਵੀ ਮਰ ਜਾਂਦੀਆਂ ਹਨ ਅਤੇ ਕਈ ਬਾਂਝ ਭਾਵ ਬੱਚਾ ਪੈਦਾ ਕਰਨ ਤੋਂ ਵੀ ਅਸਮਰੱਥ ਹੋ ਜਾਂਦੀਆਂ ਹਨ।
ਸਿਆਣੇ ਲੋਕ ਕਹਿੰਦੇ ਹਨ ਕਿ “ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ।” ਕੀ ਉਹ ਡਾਕਟਰ ਵੀ ਰੱਬ ਦਾ ਦੂਜਾ ਰੂਪ ਹੋਵੇਗਾ ਜੋ ਮਾਸੂਮ ਧੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਜਾਂ ਤਿੱਖੇ ਔਜ਼ਾਰਾਂ ਨਾਲ ਨੋਚ-ਨੋਚ ਕੇ ਕੱਟ-ਕੱਟ ਕੇ ਕਤਲ ਕਰਦਾ ਹੈ? ਨਹੀਂ, ਉਹ ਤਾਂ ਜਮਦੂਤਾ ਦਾ ਦੂਜਾ ਰੂਪ ਹੈ, ਦੂਜਾ ਰੂਪ।
ਅਫ਼ਸੋਸ ! ਕਿ ਸਾਡਾ ਸਮਾਜ ਜਿੱਥੇ ਧੀਆਂ ਪ੍ਰਤੀ ਆਪਣੇ ਮਨਾਂ ਵਿਚ ਕੁੱਟ-ਕੁੱਟ ਕੇ ਨਫ਼ਰਤ ਭਰੀ ਬੈਠਾ ਹੈ, ਉਥੇ ਪੁੱਤਰ-ਪ੍ਰਾਪਤੀ ਲਈ ਹਰ ਵਿੰਗਾ-ਟੇਢਾ ਰਾਹ ਅਪਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਂਦਾ ਹੈ। ਬੇਸੂਝੇ ਲੋਕਾਂ ਦਾ ਕਹਿਣਾ ਹੈ ਕਿ “ਪੁੱਤਰ ਵੰਸ਼ ਨੂੰ ਅੱਗੇ ਤੋਰਦਾ ਹੈ ਤੇ ਬੁਢੇਪੇ ਵਿਚ ਮਾਪਿਆਂ ਦਾ ਸਹਾਰਾ ਬਣਦਾ ਹੈ।” ਕੀ ਇਨ੍ਹਾਂ ਕਦੇ ਇਹ ਸੋਚਿਆ ਹੈ ਜਿਥੇ ਪੁੱਤ ਵੰਸ਼ ਨੂੰ ਅੱਗੇ ਤੋਰਦਾ ਹੈ, ਉਥੇ ਉਹ ਆਪਣੀ ਵੰਸ਼ ਦੇ ਵਡੇਰਿਆਂ ਨੂੰ ਭੁੱਲ ਵੀ ਜਾਂਦਾ ਹੈ। ਇਥੋਂ ਤੱਕ ਕਿ ਉਸ ਦੇ ਮਨ ਵਿਚ ਆਪਣੀ ਵੰਸ਼ ਦੇ ਭੈਣ-ਭਰਾਵਾਂ ਪ੍ਰਤੀ ਨਫ਼ਰਤ ਵੀ ਭਰੀ ਹੁੰਦੀ ਹੈ। ਯਾਦ ਰਹੇ ਕਿ ਕੋਈ ਵਿਰਲਾ ਹੀ ਪੁੱਤ ਹੁੰਦਾ ਹੈ, ਜੋ ਬੁਢੇਪੇ ਵਿਚ ਆਪਣੇ ਮਾਂ-ਪਿਉ ਦੀ ਸੇਵਾ, ਸਤਿਕਾਰ ਕਰਦਾ ਹੋਵੇ। ਵੈਸੇ ਆਮ ਵਰਤਾਰਾ ਇਹ ਹੈ:

ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰ ਵਿਸਾਰੇ।
(ਭਾਈ ਗੁਰਦਾਸ ਜੀ, ਵਾਰ-੩੭, ਪਉੜੀ ੧੨)

ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਬਹੁਤੀਆਂ ਧੀਆਂ ਆਪਣੇ ਸਹੁਰੇ ਘਰ ਵਿਚ ਆਪਣੀ ਸ੍ਰੇਸ਼ਟ ਮਤ ਦਾ ਪ੍ਰਕਾਸ਼ ਕਰਕੇ ਆਪਣੇ ਮਾਂ-ਪਿਓ ਦਾ ਨਾਮ ਰੁਸ਼ਨਾ ਦੇਂਦੀਆਂ ਹਨ ਅਤੇ ਸੱਤ ਸਮੁੰਦਰਾਂ ਤੋਂ ਪਾਰ ਵੱਸਦੀ ਵੀ ਧੀਅ ਆਪਣੇ ਮਾਪਿਆਂ ਦੀ ਖ਼ੈਰ-ਸੁੱਖ ਮੰਗਦੀ ਹੈ ਤੇ ਉਨ੍ਹਾਂ ਦੀ ਤੰਦਰੁਸਤੀ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ।
ਜੇਕਰ ਨੰਨ੍ਹੀ-ਮੁੰਨੀ ਜਾਨ ਦੇ ਕਾਤਲ ਇਹ ਸੋਚਦੇ ਹਨ ਜਾਂ ਕਹਿੰਦੇ ਹਨ ਕਿ “ਅਸੀਂ ਦਾਜ ਰੂਪੀ ਦੈਂਤ ਦੇ ਨਿਗਲ ਜਾਣ ਤੋਂ ਡਰਦਿਆਂ ਮਸੂਮ ਬਾਲੜੀ ਨੂੰ ਮੌਤ ਦੇ ਘਾਟ ਉਤਾਰਿਆ ਹੈ।” ਸ਼ਾਇਦ ਇਹ ਉਨ੍ਹਾਂ ਦੀ ਕੋਝੀ ਸੋਚ ਹੈ, ਹੋ ਸਕਦਾ ਹੈ ਕਿ ਉਸ ਧੀ ਨੇ ਕੋਈ ਵਕੀਲ, ਅਫਸਰ ਜਾਂ ਮੰਤਰੀ ਬਣ ਕੇ ਹੀ ਦਾਜ ਰੂਪੀ ਦੈਂਤ ਨੂੰ ਨੱਥ ਪਾਉਣੀ ਹੋਵੇ। ਗੰਦੀ ਸੋਚ ਦੇ ਧਾਰਨੀ ਲੋਕਾਂ ਦਾ ਵਿਚਾਰ ਹੈ ਕਿ “ਜੇ ਧੀ ਚਰਿੱਤਰਹੀਣ ਨਿਕਲ ਆਵੇ ਤਾਂ ‘ਕੁਲ’ ਦਾਗ਼ੀ ਹੋ ਸਕਦੀ ਹੈ, ਕਿਤੇ ਨੱਕ ਦੇਣ ਨੂੰ ਥਾਂ ਨਹੀਂ ਰਹਿੰਦਾ।” ਫਿੱਟੇ-ਮੂੰਹ ਐਸੇ ਲੋਕਾਂ ਦਾ। ਇਨ੍ਹਾਂ ਨੂੰ ਬੰਦਾ ਪੁੱਛੇ ਕਿ ਜੇ ਪੁੱਤ ਚਰਿੱਤਰਹੀਣ ਨਿਕਲ ਆਵੇ ਤਾਂ ਕੀ ‘ਕੁਲ ਦੁੱਧ-ਧੋਤੀ ਹੋ ਜਾਂਦੀ ਹੈ? ਕੀ ਪੁੱਤ ਦੇ ਕੁਕਰਮੀ ਹੋਣ ‘ਤੇ, ਮਾਂ-ਭੈਣ ਨੂੰ ਗੁੱਤੋਂ ਫੜ ਕੇ ਅਤੇ ਪਿਉ ਦੀ ਪੱਗ ਨੂੰ ਪੈਰਾਂ ਵਿਚ ਰੋਲਿਆ ਜਾਵੇ ਤਾਂ ਕੀ ਸਮਾਜ ਵਿਚ ਨੱਕ ਦੇਣ ਲਈ ਥਾਂ ਰਹਿ ਜਾਵੇਗੀ?
ਮਾਦਾ ਭਰੂਣ-ਹੱਤਿਆ ਨੂੰ ਰੋਕਣ ਵਾਸਤੇ ਬੇਸ਼ੱਕ ਕਾਨੂੰਨ ਬਣੇ ਹਨ, ਪਰ ਉਹ ਫ਼ਾਈਲਾਂ ਦਾ ਸ਼ਿੰਗਾਰ ਤੇ ਲੁੱਟ ਦਾ ਸਾਧਨ ਹੀ ਬਣੇ ਹਨ। ਸਰਕਾਰ ਵੀ ਅਹੁਦੇਦਾਰੀਆਂ ਦੇ ਨਸ਼ੇ-ਲਾਲਚ ਵਿਚ ਅੰਨ੍ਹੀ-ਬੋਲੀ ਹੋਈ, ਮਾਸੂਮ ਜਿੰਦਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਤੇ ਦਿਵਾਉਣ ਤੋਂ ਕੰਨੀ ਕਤਰਾਉਂਦੀ ਹੈ।
ਸਵਾਲ ਇਹ ਉੱਠਦਾ ਹੈ ਕਿ ਇਹ ਘੋਰ ਪਾਪ ਕਦੋਂ ਤੱਕ ਹੋਵੇਗਾ? ਔਰਤ ਕੁਦਰਤ ਦੀ ਗੋਦੀ ਦਾ ਅਨਮੋਲ ਰਤਨ ਹੈ। ਔਰਤ ਜਾਤੀ ਨੂੰ ਕੁਬੋਲ ਵਰਤ ਕੇ ਦੁਰਕਾਰਨ ਤੇ ਮਾਰਨ ਵਾਲਿਆਂ ਨੂੰ ਗੁਰੂ ਨਾਨਕ ਮਹਾਰਾਜ ਦੇ ਉਪਦੇਸ਼-
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
( ਅੰਗ ੪੭੩)
ਤੋਂ ਜਾਣੂ ਕਰਨਾ-ਕਰਵਾਉਣਾ ਪਵੇਗਾ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਕੇ, ਲੋਕਾਂ ਦਾ ਨਜ਼ਰੀਆ ਬਦਲਣ ਦੇ ਨਾਲ ਹੀ ਹੁਕਮ ਜਾਰੀ ਕੀਤਾ, “ਮੇਰਾ ਸਿੱਖ ਮੇਰੀ ਖੁਸ਼ੀ ਦਾ ਪਾਤਰ ਤਾਂ ਬਣੇਗਾ ਜੇ ਇਸ ਤਖ਼ਤ ਦਾ ਹੁਕਮ ਮੰਨੇਗਾ। ਸਿਰ ਗੁੰਮ ਨੜੀਮਾਰ, ਕੁੜੀਮਾਰ ਨਾਲ ਮਿਲਵਰਤਨ ਨਾ ਕੀਤਾ ਜਾਵੇ।”
ਗੁਰੂ ਨਾਨਕ ਪਾਤਸ਼ਾਹ, ਭਾਈ ਬਾਲੇ ਵਾਲੀ ਸਾਖੀ ਵਿਚ ਕਹਿੰਦੇ ਹਨ, “ਸੁਣ ਭਾਈ ਬਾਲਾ, ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ।” ਭਾਈ ਚੌਪਾ ਸਿੰਘ ਜੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਲਿਖਦੇ ਹਨ-
“ਗੁਰੂ ਕਾ ਸਿੱਖ ਕੰਨਿਆ ਨਾ ਮਾਰੇ,
ਕੁੜੀਮਾਰ ਨਾਲ ਨਾ ਵਰਤੇ।”
(ਰਹਿਤਨਾਮਾ)

ਐਸੇ ਉਪਦੇਸ਼ਾਂ ਨੂੰ ਜੇਕਰ ਮਨੁੱਖਤਾ ਸਮਝ ਲਵੇ, ਡਾਕਟਰ ਇਸ ਘੋਰ ਪਾਪ ਨੂੰ ਰੋਕਣ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ ਜੇਕਰ ਉਹ ਪ੍ਰਣ ਕਰਨ ਕਿ ਅਸੀਂ ਮਾਦਾ ਭਰੂਣ-ਹੱਤਿਆ ਨਹੀਂ ਕਰਨੀ, ਨਹੀਂ ਬਣਨਾ ਅਸੀਂ ਪਾਪਾਂ ਦੇ ਭਾਗੀ। ਡਾਕਟਰ ਹਸਪਤਾਲ ਦੇ ਮੇਨ ਗੇਟ ‘ਤੇ ਇਹ ਫੱਟੀ ਲਿਖ ਕੇ ਲਟਕਾਉਣ ਤੱਕ ਨਾ ਰਹਿਣ ਕਿ “ਇਥੇ ਲਿੰਗ ਨਿਰਧਾਰਤ ਟੈਸਟ ਨਹੀਂ ਹੁੰਦੇ।” ਸਗੋਂ ਅਜਿਹੇ ਟੈਸਟ ਵੈਸੇ ਹੀ ਬੰਦ ਕਰ ਦੇਣ ਅਤੇ ਭਰੂਣ ਹੱਤਿਆ ਕਰਵਾਉਣ ਆਏ ਪਰਿਵਾਰਾਂ ਨੂੰ ਸਮਝਾਉਣ ਕਿ ਧੀ ਤੇ ਪੁੱਤ ਵਿਚ ਕੋਈ ਫ਼ਰਕ ਨਹੀਂ ਹੈ। ਹੋ ਸਕਦਾ ਹੈ ਇਨ੍ਹਾਂ ਧੀਆਂ ਨੇ ਹੀ ਸਮਾਜ ਵਿਚ ਫੈਲ ਰਹੀਆਂ ਬੁਰਿਆਈਆਂ ਨੂੰ ਖ਼ਤਮ ਕਰਨਾ ਹੋਵੇ, ਹੋ ਸਕਦਾ ਹੈ ਕਿ ਇਨ੍ਹਾਂ ਦੀ ਕੁੱਖ ਤੋਂ ਪੈਦਾ ਹੋ ਕੇ ਕਿਸੇ ਪੁੱਤ ਜਾਂ ਧੀ ਨੇ ਰੱਬ ਦੇ ਪਿਆਰੇ, ਸੂਰਮੇ, ਨੇਤਾ ਤੇ ਪਰਉਪਕਾਰੀ ਆਦਿ ਨੇ ਹੀ ਤੁਹਾਡੀ ਕੁਲ-ਵੰਸ਼ ਦਾ ਨਾਮ ਉੱਚਾ ਕਰਨਾ ਹੋਵੇ।
ਬੇਸ਼ੱਕ ਕੋਈ ਆਪਣਾ ਜਾਂ ਬੇਗਾਨਾ ਹੋਵੇ, ਜਦੋਂ ਵੀ ਉਹ ਭੈਣ-ਭਰਾ ਭਰੂਣ ਹੱਤਿਆ ਵਰਗਾ ਕੁਕਰਮ ਕਰਨ-ਕਰਵਾਉਣ ਲਈ ਤਿਆਰ ਹੋਵੇ ਤਾਂ ਪਹਿਲੀ ਗੱਲ ਉਸ ਨੂੰ
ਸਮਝਾਉਣਾ ਫ਼ਰਜ਼ ਬਣਦਾ ਹੈ, ਅਗਰ ਉਹ ਆਪਣੀ ਅੜੀ ‘ਤੇ ਅੜਿਆ ਰਹੇ ਤਾਂ ਉਸ ਨੂੰ ਕਾਨੂੰਨ ਦੇ ਹਵਾਲੇ ਕਰਨਾ ਹੋਰ ਵੀ ਉਤਮ ਫ਼ਰਜ਼ ਹੈ।
“ਕੁੜੀ ਮਾਰ ਆਦਿਕ ਹੈਂ ਜੇਤੇ॥
ਮਨ ਤੇ ਦੂਰ ਤਿਆਗੋ ਤੇਤੇ॥”
(ਰਹਿਤਨਾਮਾ ਭਾਈ ਦੇਸਾ ਸਿੰਘ)

“ਨੜੀਮਾਰ, ਸਿਰ ਗੁੰਮ ਕੁੜੀ ਮਾਰ ਨਾਲ, ਰੋਟੀ ਬੇਟੀ ਦਾ ਨਾਤਾ ਨਹੀਂ ਰੱਖਣਾ।”
(ਰਹਿਤਨਾਮਾ ਭਾਈ ਨੰਦ ਲਾਲ ਜੀ)

ਉਪਰੋਕਤ ਉਪਦੇਸ਼ਾਂ ‘ਤੇ ਪਹਿਰਾ ਦਿੰਦਿਆਂ, ਆਓ ਪ੍ਰਣ ਕਰੀਏ ਕਿ ਅਸੀਂ ਖ਼ੁਦ ਵੀ

ਮਾਦਾ ਭਰੂਣ-ਹੱਤਿਆ ਵਰਗਾ ਕੁਕਰਮ ਨਹੀਂ ਕਰਨਾ ਤੇ ਸਗੋਂ ਇਹੋ ਜਿਹਾ ਗੁਨਾਹ-ਪਾਪ ਕਰਨ ਵਾਲੇ ਵਿਰੁੱਧ ਲਾਮਬੰਦ ਹੋਣਾ ਹੈ। ਗੁਰੂ ਭਲੀ ਕਰੇਗਾ!

ਭਾਈ ਨਿਸ਼ਾਨ ਸਿੰਘ ਗੰਡੀਵਿੰਡ