1 views 1 sec 0 comments

ਵਿਸ਼ੇਸ਼ ਸੰਪਾਦਕੀ: ਧਰਮ ਵਿਚ ਬਿਭਚਾਰ

ਲੇਖ
October 15, 2025

ਹਨੂੰਮਾਨ ਨਾਟਕ ਵਿਚ ਲਿਖ੍ਯਾ ਹੈ ਕਿ-
“ਏਕ ਸਰਨ ਬ੍ਰਤਿ ਹੋਇ ਜਪ ਤਪ ਨੇਮ ਸਭੈ ਰਹੇ।
ਪੁਰਖ ਨਾਰ ਨਹਿੰ ਦੋਇ ਕਿਉਂ ਪਤਿਬਤਾ ਸਰਾਹੀਏ”
ਇਸ ਸੋਰਠੇ ਦਾ ਭਾਵ ਇਹ ਹੈ ਕਿ ਜੋ ਪੁਰਖ ਇਕ ਪਰ ਵਿਸ਼ਵਾਸੀ ਹੈ ਉਸ ਦੇ ਵਾਸਤੇ ਕਿਸੇ ਬ੍ਰਤ ਨੇਮ ਅਤੇ ਜਪ ਤਪ ਆਦਿਕ ਦੇ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਸ ਦਾ ਦ੍ਰਿੜ ਵਿਸ਼ਵਾਸ ਹੀ ਸਾਰੇ ਸਾਧਨਾਂ ਨਾਲੋਂ ਉੱਤਮ ਫਲ ਪਰਦਾਤਾ ਹੈ, ਪਰੰਤੂ ਜਿਸ ਪੁਰਖ ਦਾ ਇਕ ਜਗਾ ਪਰ ਆਤਮਾ ਨਿਰਭਰ ਨਹੀਂ ਰੱਖਦਾ ਉਸ ਦੇ ਜਪ ਤਪ ਆਦਿਕ ਸਾਧਨ ਸਭੇ ਨਿਸਫਲ ਸਮਝਨੇ ਚਾਹੀਦੇ ਹਨ, ਜੈਸਾ ਕਿ ਪੁਰਖ ਅਤੇ ਇਸਤ੍ਰੀ ਸਾਰੇ ਸੰਸਾਰ ਦੇ ਇੱਕੋ ਹਨ ਅਰਥਾਤ ਸਾਰੇ ਪੁਰਖ ਇਕ ਪੁਰਖ ਸਮਝੇ ਜਾਂਦੇ ਹਨ ਅਤੇ ਸਾਰੀਆਂ ਇਸਤ੍ਰੀਆਂ ਇਕ ਇਸਤ੍ਰੀ ਜਾਤੀ ਹੈ, ਪਰੰਤੂ ਪਤਿਬ੍ਰਤਾ ਇਸੇ ਵਾਸਤੇ ਸਰਾਹੀ ਜਾਂਦੀ ਹੈ ਜੋ ਉਹ ਇਕ ਪਤੀਬ੍ਰਤ ਹੈ।

ਇਸ ਦਾ ਤਾਤਪਰਜ ਇਹ ਹੈ ਕਿ ਜਿਸ ਪ੍ਰਕਾਰ ਬਿਭਚਾਰਨ ਇਸਤ੍ਰੀ ਜਾਨਦੀ ਭੀ ਹੈ ਕਿ ਮੈਂ ਅੱਛੀ ਕੁਲ ਦੀ ਹਾਂ ਜਿਸ ਤੇ ਮੇਰਾ ਪਿਤਾ ਅਤੇ ਭਾਈ ਆਦਿਕ ਪ੍ਰਵਾਰ ਸਾਰਾ ਉੱਤਮ ਅਤੇ ਵੱਡਾ ਗਿਨਿਆ ਜਾਂਦਾ ਹੈ, ਇਸੀ ਪ੍ਰਕਾਰ ਮੇਰੇ ਸਾਹੁਰੇ ਘਰ ਦੀ ਸੋਭਾ ਭੀ ਕੁਝ ਘੱਟ ਨਹੀਂ ਹੈ ਅਤੇ ਮੇਰਾ ਪਤੀ ਅਤੇ ਸਹੁਰਾ ਆਦਿਕ ਵੱਡੇ ਪ੍ਰਤਿਸ਼ਟਤ ਸਮਝੇ ਜਾਂਦੇ ਹਨ, ਪਰੰਤੂ ਇਤਨਾ ਗਿਆਨ ਕਰਕੇ ਭੀ ਓਹ ਖੋਟੇ ਪੁਰਖਾਂ ਦੇ ਸੰਗਤ ਕਰਕੇ ਅਪਨੀ ਲੋਈ ਲਾਹ ਕੇ ਦੁਰਾਜਾਤ ਕਰਮਾਂ ਵਿਚ ਪ੍ਰਵਿਰਤਿ ਹੋ ਜਾਂਦੀ ਹੈ, ਜਿਸ ਤੇ ਉਸ ਦੇ ਵਾਸਤੇ ਸਾਰੇ ਲੋਗ ਧਿਕਾਰ ਕਰਦੇ ਹਨ ਅਤੇ ਕਲੰਕਤ ਜਾਨ ਕੇ ਦੂਰ ਰੱਖਦੇ ਹਨ।

ਇਸ ਦ੍ਰਿਸ਼ਟਾਂਤ ਨੂੰ ਜਦ ਅਸੀਂ ਅਪਨੇ ਕਈ ਕੁ ਸਿੱਖ ਭਾਈਆਂ ਪਰ ਭੀ ਵਰਤਦਾ ਦੇਖਦੇ ਹਾਂ ਤਦ ਸਾਨੂੰ ਅਤਿਅੰਤ ਸ਼ੋਕ ਪ੍ਰਾਪਤਿ ਹੁੰਦਾ ਹੈ, ਕਿਉਂਕਿ ਉਹ ਖੁਦ ਜਾਨਦੇ ਹਨ ਜੋ ਸਾਡੇ ਗੁਰੂਆਂ ਨੇ ਇਸ ਭਾਰਤ ਭੂਮੀ ਪਰ ਆ ਕੇ ਕਿਆ-ਕਿਆ ਕੰਮ ਕੀਤੇ ਸਨ ਅਤੇ ਉਨ੍ਹਾਂ ਦੇ ਸਮਾਨ ਦੁਨੀਆਂ ਪਰ ਕੋਈ ਭੀ ਨਹੀਂ ਹੋਇਆ ਹੈ ਅਰ ਉਨ੍ਹਾਂ ਦੇ ਉਪਦੇਸ਼ ਸਾਰੀ ਸ੍ਰਿਸ਼ਟੀ ਦੇ ਲੋਗਾਂ ਵਾਸਤੇ ਇੱਕੋ ਜੇਹੇ ਸੁਖਦਾਈ ਅਤੇ ਮੁਕਤੀ ਦਾਤੇ ਹਨ, ਪਰੰਤੂ ਇਸ ਬਾਤ ਨੂੰ ਜਾਨ ਕੇ ਭੀ ਜੋ ਲੋਗ ਗੁਰੂ ਦੇ ਸਿੰਘ ਸਦਾ ਕੇ, ਅੰਨਮਤੀਆਂ ਦੇ ਅੱਡੇ ਚੜ੍ਹੇ ਹੋਏ ਹਨ ਅਤੇ ਅੰਦਰੋਂ ਅੰਦਰੀਂ ਉਨ੍ਹਾਂ ਦੇ ਗੀਤ ਗਾਇ ਰਹੇ ਹਨ। ਸੋ ਧਰਮ ਵਿਚ ਕੁਝ ਘੱਟ ਬਿਭਚਾਰੀ ਨਹੀਂ ਹਨ, ਜਿਸ ਤੇ ਸਾਰੇ ਵਿਦਵਾਨ ਅਤੇ ਸੱਚੇ ਲੋਗ ਉਨ੍ਹਾਂ ਦੇ ਇਸੀ ਬਿਭਚਾਰ ਪਰ ਸ਼ੋਕ ਪ੍ਰਗਟ ਕਰਦੇ ਹਨ। ਅਸੀਂ ਆਸ਼ਾ ਰੱਖਦੇ ਹਾਂ ਜੋ ਅਜੇਹੇ ਸਿੰਘ ਅੰਨਮਤਾਂ ਨੂੰ ਤਲਾਂਜਲੀ ਦੇਨਗੇ।

(ਖ਼ਾਲਸਾ ਅਖ਼ਬਾਰ ਲਾਹੌਰ, ੧੧ ਦਸੰਬਰ ੧੮੯੬, ਪੰਨਾ ੩)

ਗਿਆਨੀ ਦਿੱਤ ਸਿੰਘ