17 views 7 secs 0 comments

ਸਿੱਖ ਕੌਮ ਬਾਰੇ ਵਿਦਵਾਨਾਂ ਦੇ ਵਿਚਾਰ

ਲੇਖ
September 10, 2025

ਸਿੱਖ ਇਕ ਵੱਖਰੀ ਕੌਮ ਹੈ, ਇਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ, ਜਿੱਥੋਂ ਤਕ ਕਿਸੇ ਫਿਰਕੇ ਨੂੰ ਕੌਮ ਮੰਨਣਾ ਜਾਂ ਨਾ ਮੰਨਣਾ ਇਸ ਬਾਰੇ ਕੌਮ ਘੋਸ਼ਿਤ ਕਰਨ ਲਈ ਜੋ ਵੱਖ-ਵੱਖ ਸਿਧਾਂਤ ਚਾਹੀਦੇ ਹਨ, ਉਹ ਇਸ ਪ੍ਰਕਾਰ ਹਨ:-
੧. ਮਜ਼ਹਬੀ ਏਕਤਾ ਤੇ ਸੁਤੰਤਰਤਾ ੨. ਸਮਾਜੀ ਅਭਿੰਨਤਾ ਅਤੇ ਚੇਤਨਤਾ ੩. ਭਾਸ਼ਾਈ ਏਕਤਾ ੪. ਬਹੁ-ਗਿਣਤੀ ਵਿਚ ਕਿਸੇ ਖਾਸ ਖੇਤਰ ਵਿਚ ਇਕੱਠੇ ਹੋਣਾ ੫. ਸਾਂਝਾ ਗੌਰਵਮਈ ਪਿਛੋਕੜ ਜਿਸ ਦਾ ਟੀਚਾ ਇੱਕ ਹੋਵੇ, ਜਿਸ ਦੀ ਪ੍ਰਾਪਤੀ ਲਈ ਅੰਦੋਲਨ ਕੀਤੇ ਹੋਣ ਤੇ ਜਿਸ ਦੀ ਯਾਦ ਇਕ ਗੌਰਵਮਈ ਵਿਰਸਾ ਬਣ ਗਈ ਹੋਵੇ। ੬. ਇਕ ਸਾਂਝੇ ਵਿਰਸੇ ਦੀ ਰੱਖਿਆ ਅਤੇ ਇਕਸਾਰਤਾ ਲਈ ਫਿਰਕੇ ਦਾ ਹਰ ਮੈਂਬਰ ਹਮੇਸ਼ਾਂ ਤਿਆਰ ਹੋਵੇ ਅਤੇ ਲੋੜ ਪੈਣ ’ਤੇ ਜਾਨ ਤਕ ਵਾਰ ਦੇਵੇ। ੭. ਭੇਦਾਂ ਦੇ ਬਾਵਜੂਦ ਫਿਰਕੇ ਦੀ ਏਕਤਾ ਹਮੇਸ਼ਾਂ ਕਾਇਮ ਹੋਵੇ ਅਤੇ ਸੰਕਟ ਵੇਲੇ ਮੱਤਭੇਦ ਭੁਲਾ ਕੇ ਹਰ ਮੈਂਬਰ ਕੌਮੀ ਵਿਰਸੇ ਦੀ ਰਾਖੀ ਲਈ ਤਿਆਰ ਹੋ ਜਾਵੇ। ੮. ਭਵਿੱਖ ਵਿਚ ਕੋਈ ਖਾਸ ਨਿਸ਼ਾਨਾ ਪ੍ਰਾਪਤ ਕਰਨ ਲਈ ਡੂੰਘੀ ਇੱਛਾ ਰੱਖਦੇ ਹੋਣ। ੯. ਕੌਮ ਦਾ ਸੁਤੰਤਰ ਰੂਪ ਕਾਇਮ ਰੱਖਣ ਦਾ ਇਰਾਦਾ ਹੋਵੇ।
ਸਿੱਖ ਕੌਮ ਦੀ ਇਹ ਆਧਾਰਸ਼ਿਲਾ ਹੈ ਕਿ ਉਨ੍ਹਾਂ ਦਾ ਇਕ ਵੱਖਰਾ ਨਿਆਰਾ ਅਤੇ ਸੁਤੰਤਰ ਧਰਮ ਹੈ। ਇਹ ਠੀਕ ਹੈ ਪੰਥ ਵਿਰੋਧੀਆਂ ਨੇ ਸਿੱਖ ਧਰਮ ਦੀ ਸੁਤੰਤਰਤਾ ਅਤੇ ਅਖੰਡਤਾ ਭੰਗ ਕਰਨ ਦੀ ਕੋਸ਼ਿਸ਼ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚਾਲੂ ਕੀਤੀ ਪਰ ਸਿੱਖ ਕੌਮ ਅਟੱਲ ਰਹੀ। ਸਿੱਖਾਂ ਵਿਚ ਚੇਤਨਤਾ ਬਣੀ ਰਹੀ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਤੇ ਕੌਮ ਨੂੰ ਸੁਤੰਤਰ ਅਤੇ ਪਵਿੱਤਰ ਰੱਖਿਆ। ਸਿੱਖ ਮਤ ਦੀ ਵਿਲੱਖਣਤਾ ਇਸ ਦੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਵੀ ਚੇਤਨਤਾ ਕਾਇਮ ਹੈ। ਸਿੱਖ ਸੰਸਾਰ ਨੂੰ ਦੁਖਾਂ ਦਾ ਘਰ ਅਤੇ ਜੀਵਨ ਨੂੰ ਕਰਮਾਂ ਦਾ ਭੋਗ ਨਹੀਂ ਮੰਨਦੇ। ਸੰਸਾਰ ਨੂੰ ਤਿਆਗਣਾ ਅਨੁਚਿੱਤ ਹੈ। ਸਮਾਜ ਸੇਵਾ ਅਤੇ ਸਮਾਜ ਸੁਧਾਰ ਸਿੱਖ ਧਰਮ ਦੇ ਮੁੱਢਲੇ ਅਸੂਲ ਹਨ। ਗੁਰਦੁਆਰਾ ਸਾਹਿਬ ਸਿਰਫ ਪੂਜਾ ਹੀ ਨਹੀਂ ਬਲਕਿ ਸਮਾਜ ਕਲਿਆਣ ਦੇ ਕੇਂਦਰ ਵੀ ਹਨ। ਸੰਗਤ ਤੇ ਪੰਗਤ ਦਾ ਸਿਧਾਂਤ ਅਪਣਾਇਆ ਹੋਇਆ ਹੈ। ਏਕੁ ਪਿਤਾ ਏਕਸ ਕੇ ਹਮ ਬਾਰਿਕ ਦੇ ਸਿਧਾਂਤ ’ਤੇ ਚੱਲਦੇ ਹਨ। ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਮਾਂ ਬੋਲੀ ਅਪਣਾਈ ਗਈ ਹੈ ਤੇ ਗੁਰਮੁਖੀ ਲਿਪੀ ਦਾ ਵਿਸਥਾਰ ਕੀਤਾ ਗਿਆ ਹੈ ਤਾਂਕਿ ਲੋਕ ਗੁਰੂ ਦੇ ਉਪਦੇਸ਼ਾਂ ਨੂੰ ਸਮਝ ਸਕਣ। ਸਿੱਖਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਪੰਜਾਬ ਵਿਚ ਹੀ ਹੈ ਭਾਵੇਂ ਇਹ ਸਾਰੀ ਦੁਨੀਆ ਵਿਚ ਵੀ ਫੈਲੇ ਹੋਏ ਹਨ। ਸਿੱਖ ਕੌਮ ਹਰ ਵਕਤ ਸਿੱਖ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਅਤੇ ਸਿੱਖਾਂ ਦੀ ਪਛਾਣ ਲਈ ਹਰ ਸਮੇਂ ਕੁਰਬਾਨੀ ਦੇਣ ਲਈ ਤਿਆਰ ਰਹਿੰਦੀ ਹੈ। ਸਿੱਖ ਕੌਮ ਜਦੋਂ ਦੀ ਹੋਂਦ ਵਿਚ ਆਈ ਉਦੋਂ ਤੋਂ ਹੀ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮਾਂ ਦਾ ਮੁਕਾਬਲਾ ਕਰਦੀ ਆ ਰਹੀ ਹੈ।
ਸਿੱਖ ਇਤਿਹਾਸ ਨੂੰ ਸ਼ਹੀਦਾਂ ਦਾ ਇਤਿਹਾਸ ਕਹਿਣਾ ਵੀ ਕੋਈ ਅੱਤਕਥਨੀ ਨਹੀਂ ਹੋਵੇਗੀ। ਇਸ ਤਰ੍ਹਾਂ ਸਿੱਖਾਂ ਦਾ ਸਾਂਝਾ ਗੌਰਵਮਈ ਪਿਛੋਕੜ ਹੈ। ਇਸ ਗੌਰਵਮਈ ਪਿਛੋਕੜ ਨੂੰ ਕਾਇਮ ਰੱਖਣਾ ਸਿੱਖਾਂ ਦਾ ਟੀਚਾ ਹੈ, ਜਿਸ ਲਈ ਉਹ ਭੇਦ-ਭਾਵ ਭੁਲਾ ਕੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ। ਸਿੱਖਾਂ ਦਾ ਆਪਣਾ ਵੱਖਰਾ ਹੀ ਸਰੂਪ ਹੈ ਜਿਸ ਕਰਕੇ ਸਿੱਖ ਲੱਖਾਂ ਵਿਚ ਖੜੇ ਪਛਾਣੇ ਜਾਂਦੇ ਹਨ ਅਤੇ ਇਸ ਸਰੂਪ ਦੀ ਖਾਤਰ ਉਹ ਜਾਨ ਦੇ ਦਿੰਦੇ ਹਨ, ਪਰੰਤੂ ਇਹ ਸਰੂਪ ਨਹੀਂ ਛੱਡਦੇ। ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੂੰ ਭਾਰਤ ਦੀ ਸਰਕਾਰ ਦੇ ਨਾਲ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਵੀ ਕਈ ਵਾਰ ਤਕਰਾਰ ਹੋਏ ਹਨ ਤੇ ਉਨ੍ਹਾਂ ਨੇ ਇਸ ਸਬੰਧ ਵਿਚ ਕਾਨੂੰਨੀ ਲੜਾਈਆਂ ਵੀ ਲੜੀਆਂ ਤੇ ਜਿੱਤੀਆਂ ਹਨ ਅਤੇ ਭਵਿੱਖ ਵਿਚ ਵੀ ਅਜਿਹੀ ਸਮੱਸਿਆ ਆਉਣ ’ਤੇ ਉਹ ਜਿੱਤ ਪ੍ਰਾਪਤ ਕਰਨਗੇ।
ਸਿੱਖਾਂ ਦਾ ਆਪਣਾ ਗ੍ਰੰਥ ਹੈ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਹੋਇਆ ਹੈ। ਸਿੱਖਾਂ ਦੀ ਆਪਣੀ ਰਹਿਤ ਮਰਯਾਦਾ ਅਤੇ ਗੁਰਮਤਿ ਸਿਧਾਂਤ ਹਨ ਜੋ ਕਿ ਬਾਕੀ ਧਰਮਾਂ ਨਾਲੋਂ ਬਿਲਕੁੱਲ ਵੱਖਰੇ ਹਨ। ਉਹ ਵਹਿਮਾਂ-ਭਰਮਾਂ, ਜਾਤ-ਪਾਤ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ। ਗ੍ਰਹਿਸਤ ਜੀਵਨ ਨੂੰ ਪਵਿੱਤਰ ਤੇ ਉੱਚਾ ਮੰਨਦੇ ਹਨ। ਇਸਤਰੀ ਨੂੰ ਬਰਾਬਰੀ ਦਾ ਦਰਜਾ ਅਤੇ ਇੱਜ਼ਤ ਦਿੱਤੀ ਜਾਂਦੀ ਹੈ। ਸਿੱਖਾਂ ਦਾ ਆਪਣਾ ਪਹਿਰਾਵਾ ਹੈ।
ਇਸ ਤਰ੍ਹਾਂ ਸਿੱਖ ਧਰਮ ਵਿਚ ਉਹ ਸਾਰੇ ਸਿਧਾਂਤ ਮੌਜੂਦ ਹਨ ਜਿਨ੍ਹਾਂ ਕਰਕੇ ਉਹ ਇਕ ਵੱਖਰੀ ਕੌਮ ਮੰਨੇ ਗਏ ਹਨ ਤੇ ਇਸ ਬਾਰੇ ਟੀਕਾ-ਟਿੱਪਣੀ ਕਰਨੀ ਉੱਚਿਤ ਨਹੀਂ ਹੋਵੇਗੀ। ਵੱਖ-ਵੱਖ ਵਿਦਵਾਨਾਂ ਨੇ ਸਿੱਖ ਧਰਮ ਨੂੰ ਵੱਖਰੀ ਕੌਮ ਮੰਨਣ ਬਾਰੇ ਇਹ ਵਿਚਾਰ ਪ੍ਰਗਟ ਕੀਤੇ ਹਨ।
੧. ਮਿਸਟਰ ਸਪੀਅਰ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਿੱਖਿਆ ਦੁਆਰਾ ਸਿੱਖ ਕੌਮ ਨੂੰ ਨਾ ਸਿਰਫ ਆਤਮਿਕ ਉਨਤੀ ਦਾ ਰਾਹ ਦੱਸਿਆ ਸਗੋਂ ਉਨ੍ਹਾਂ ਦਾ ਜਿਸਮਾਨੀ ਡੀਲ-ਡੌਲ ਵੀ ਬਦਲ ਦਿੱਤਾ।
੨. ਡਾਕਟਰ ਗੋਕਲ ਚੰਦ ਲਿਖਦੇ ਹਨ ਕਿ ਸਮਾਜ ਸੁਧਾਰ ਦੇ ਜਿਨ੍ਹਾਂ ਅਸੂਲਾਂ ਦੀ ਆਧਾਰਸ਼ਿਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਉੱਪਰ ਹੀ ਇਕ ਨਵੀਂ ਕੌਮ ਦੀ ਉਸਾਰੀ ਕਰਕੇ ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਸੀ ਕਿ ਨੀਚ ਤੋਂ ਨੀਚ ਅਤੇ ਉੱਚੇ ਤੋਂ ਉੱਚਾ ਇਨਸਾਨ ਬਰਾਬਰ ਹਨ ਭਾਵੇਂ ਉਸ ਦੀ ਕੋਈ ਵੀ ਜਾਤ ਜਾਂ ਧਰਮ ਹੋਵੇ।
੩. ਡਾ. ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਦੀ ਉਸਾਰੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦੇ ਆਧਾਰ ’ਤੇ ਕੀਤੀ ਗਈ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਇਕ ਨਵੀਂ ਕੌਮ ਦੇ ਬੀਜ ਬੀਜੇ।
੪. ਸ੍ਰੀ. ਐਨ. ਕੇ. ਸਿਨਹਾ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਮਾਰਸ਼ਲ ਕੌਮ ਬਣਾਇਆ।
੫. ਸਵਾਲਿਨ ਲਿਖਦੇ ਹਨ ਕਿ ਸਾਰੀ ਦੁਨੀਆ ਵਿਚ ਕੇਵਲ ਦੋ ਹੀ ਐਸੀਆਂ ਕੌਮਾਂ ਹਨ ਜਿਨ੍ਹਾਂ ਵਿਚ ਕੌਮ ਹੋਣ ਦੇ ਸਾਰੇ ਗੁਣ ਮੌਜੂਦ ਹਨ, ਪਰ ਉਨ੍ਹਾਂ ਕੋਲ ਆਪਣਾ ਵੱਖਰਾ ਦੇਸ਼ ਨਹੀਂ ਹੈ, ਉਹ ਹਨ ਸਿੱਖ ਅਤੇ ਯਹੂਦੀ, ਹੁਣ ਯਹੂਦੀਆਂ ਨੂੰ ਮੁਲਕ ਮਿਲ ਗਿਆ ਹੈ ਪਰ ਸਿੱਖ ਬਿਨਾ ਮੁਲਕ ਦੇ ਹਨ।
੬. ਸਰਚਾਰਲਸ ਈਲੀਅਨ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਠਾਏ ਕਦਮ ਇਕ ਨਵੀਂ ਕੌਮ ਦੀ ਉਸਾਰੀ ਵਿਚ ਸਫਲ ਹੋਏ।
੭. ਨਿਹਾਸ ਚੌਧਰੀ ਲਿਖਦੇ ਹਨ ਕਿ ਸਿੱਖ ਹੀ ਇਕ ਐਸੀ ਕੌਮ ਹੈ ਜੋ ਆਪਣੇ ਬਾਹਰੀ ਸਰੂਪ ਕਰਕੇ ਇਕਦਮ ਪਛਾਣੇ ਜਾਂਦੇ ਹਨ।
੮. ਡਾ. ਹਿਊਮ ਲਿਖਦੇ ਹਨ ਕਿ ਰਾਜਸੀ ਪੱਖੋਂ ਯਹੂਦੀਆਂ ਤੋਂ ਇਲਾਵਾ ਸਿੱਖ ਮਤ ਹੀ ਦੁਨੀਆ ਵਿਚ ਇਸ ਐਸਾ ਧਰਮ ਹੈ ਜਿਸ ਨੇ ਇਕ ਨਵੀਂ ਕੌਮ ਨੂੰ ਜਨਮ ਦਿੱਤਾ ਹੈ।
੯. ਲਤੀਫ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਐਸੇ ਧਰਮ ਦੀ ਬੁਨਿਆਦ ਰੱਖੀ ਸੀ ਜਿਸ ਨੇ ਛੇਤੀ ਹੀ ਇਸਲਾਮ ਦੇ ਖੰਡਰਾਂ ’ਤੇ ਆਪਣੀ ਸਰਦਾਰੀ ਕਾਇਮ ਕਰ ਲਈ ਸੀ ਤੇ ਗੁਰੂ ਜੀ ਨੇ ਆਪਣੀ ਕੌਮ ਨੂੰ ਵਿਦੇਸ਼ੀ ਹਕੂਮਤ ਦੀ ਗ਼ੁਲਾਮੀ ਅਤੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ।
੧੦. ਗਾਰਡਨ ਲਿਖਦੇ ਹਨ ਕਿ ਦਸਮੇਸ਼ ਪਿਤਾ ਨੇ ਆਪਣੀ ਅਗਵਾਈ ਵਿਚ ਉਨ੍ਹਾਂ ਲੋਕਾਂ ਵਿੱਚੋਂ ਇਕ ਸਿੱਖ ਕੌਮ ਉਸਾਰੀ ਜੋ ਕੌਮੀਅਤ ਦੇ ਜਜ਼ਬੇ ਤੋਂ ਖਾਲੀ ਸਨ। ਗੁਰੂ ਜੀ ਨੇ ਐਸੀ ਕੌਮ ਦੀ ਬੁਨਿਆਦ ਰੱਖੀ ਜੋ ਖਾਲਸੇ ਦੀ ਸ਼ਕਲ ਵਿਚ ਸੰਗਠਿਤ ਜਿਸਦੀ ਸ਼ਕਤੀ ਦੇ ਆਸਰੇ ਮਹਾਰਾਜਾ ਰਣਜੀਤ ਸਿੰਘ ਨੇ ਮੁਸਲਿਮ ਸਲਤਨਤ ਦੇ ਖੇਤਰਾਂ ’ਤੇ ਪਾਤਸ਼ਾਹੀ (ਬਾਦਸ਼ਾਹੀ) ਕਾਇਮ ਕੀਤੀ।
੧੧. ਮੇਜਰ ਜੇਮਜ਼ ਬਰਾਊਨ ਲਿਖਦੇ ਹਨ ਮੈਨੂੰ ਵੱਖ-ਵੱਖ ਸਿੱਖ ਏਲਚੀਆਂ ਨਾਲ ਗੱਲਬਾਤ ਕਰਨ ਦੇ ਮੌਕੇ ਮਿਲੇ, ਸਿੱਖਾਂ ਦਾ ਮਰਦਾਊਪੁਣਾ, ਨਿਡਰਤਾ, ਤੌਰ-ਤਰੀਕੇ ਅਤੇ ਗੱਲਬਾਤ ਕਰਨ ਦਾ ਢੰਗ ਬਾਕੀ ਭਾਰਤੀਆਂ ਨਾਲੋਂ ਵੱਖਰਾ ਸੀ ਜਿਸ ਦਾ ਮੂਲ ਕਾਰਨ ਨਿਰਸੰਦੇਹ ਸਿੱਖ ਕੌਮ ਦੀ ਅਜ਼ਾਦ ਹਸਤੀ ਸੀ।
੧੨. ਫਰਾਸਟਰ ਲਿਖਦਾ ਹੈ ਕਿ ਸਿੱਖ ਕੌਮ ਇਕ ਨਿਹਾਇਤ ਹੀ ਸਵੈ-ਅਭਿਮਾਨੀਆਂ ਦੀ ਕੌਮ ਹੈ। ਜਦੋਂ ਇਹ ਕਿਸੇ ਸਾਂਝੇ ਨਿਸ਼ਾਨੇ ਲਈ ਡਟ ਜਾਂਦੇ ਹਨ ਤਾਂ ਇਤਨੇ ਦ੍ਰਿੜ੍ਹ ਸੰਕਲਪ ਹੋ ਜਾਂਦੇ ਹਨ ਕਿ ਇਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ।
ਇਨ੍ਹਾਂ ਤੱਥਾਂ ਤੋਂ ਸਪਸ਼ਟ ਹੈ ਕਿ ਸਿੱਖ ਇਕ ਵੱਖਰੀ ਕੌਮ ਹਨ ਤੇ ਸਿੱਖ ਕੌਮ ਵਿਚ ਉਹ ਸਾਰੇ ਸਿਧਾਂਤ ਮੌਜੂਦ ਹਨ ਜੋ ਵੱਖ ਕੌਮ ਲਈ ਹੋਣੇ ਚਾਹੀਦੇ ਹਨ। ਇਸ ਲਈ ਸਿੱਖ ਵੱਖਰੀ ਕੌਮ ਬਾਰੇ ਕਿਸੇ ਨੂੰ ਕਿੰਤੂ-ਪ੍ਰੰਤੂ ਕਰਨ ਦਾ ਅਧਿਕਾਰ ਨਹੀਂ ਹੈ।

-ਡਾ. ਮਨਮੋਹਨ ਸਿੰਘ