9 views 7 secs 0 comments

ਸ੍ਰੀ ਗੁਰੂ ਅੰਗਦ ਦੇਵ ਜੀ: ਗੁਰਮੁਖੀ ਲਿਪੀ

ਲੇਖ
October 05, 2025

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਨਵਧਰਮ ਦੀ ਸਥਾਪਨਾ ਕੀਤੀ ਸੀ, ਉਸ ਨੂੰ ਸਥਿਰਤਾ ਦੇਣ ਲਈ ਤੇ ਸਿੱਖੀ ਦੇ ਮਹਿਲ ਦੀ ਉਸਾਰੀ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ 14 ਜੂਨ, 1539 ਤੋਂ 29 ਮਾਰਚ, 1552 ਤਕ ਦੇ 13 ਸਾਲ ਦੇ ਸਮੇਂ ਵਿਚ ਕਈ ਮਹੱਤਵਪੂਰਨ ਕਾਰਜ ਕੀਤੇ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਅਗਰ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਬਾਣੀ ਨੂੰ ਸੰਭਾਲਣ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮਾਚਾਰ ਇਕੱਠੇ ਕਰਨ, ਉਦਾਸੀ ਸੰਸਥਾ ਦੇ ਪ੍ਰਭਾਵ ਤੋਂ ਸਿੱਖੀ ਨੂੰ ਬਚਾਉਣ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਕੀਤੀ ਮਰਯਾਦਾ ਨੂੰ ਪੱਕਾ ਕਰਨ ਅਤੇ ਗੁਰਗੱਦੀ ਨੂੰ ਯੋਗ ਹੱਥਾਂ ਵਿਚ ਸੌਂਪਣ ਆਦਿ ਦੇ ਮਹੱਤਵਪੂਰਨ ਕਾਰਜ ਨਾ ਕਰਦੇ ਤਾਂ ਸਿੱਖਾਂ ਦੀ ਕੋਈ ਵੱਖਰੀ ਪਹਿਚਾਣ ਸ਼ਾਇਦ ਨਾ ਹੁੰਦੀ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਮਾਂ ਸਿੱਖੀ ਦੇ ਮਹਿਲ ਦੀ ਉਸਾਰੀ ਲਈ ਇਕ ਬਹੁਤ ਹੀ ਮਹੱਤਵਪੂਰਨ ਸਮਾਂ ਸੀ।

ਸਿੱਖ ਲਹਿਰ ਨੂੰ ਅੱਗੇ ਤੋਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਕਾਰਜਾਂ ਨੂੰ ਅੱਗੇ ਤੋਰਨ ਲਈ ਅਤੇ ਉਨ੍ਹਾਂ ਦੇ ਮਹੱਤਵਪੂਰਨ ਕਾਰਜਾਂ ਵਿਚੋਂ ਗੁਰਮੁਖੀ ਭਾਸ਼ਾ ਪ੍ਰਤੀ ਉਠਾਏ ਕਦਮਾਂ ਦੀ ਬਹੁਤ ਹੀ ਮਹੱਤਤਾ ਹੈ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕ ਸਭਿਆਚਾਰਕ ਤੌਰ ‘ਤੇ ਗ਼ੁਲਾਮ ਹੋ ਚੁੱਕੇ ਸਨ। ਮੁਸਲਮਾਨੀ ਸਭਿਆਚਾਰ ਦਾ ਲੋਕਾਂ ਦੇ ਜੀਵਨ ‘ਤੇ ਬਹੁਤ ਗਹਿਰਾ ਪ੍ਰਭਾਵ ਸੀ ਜਿਸ ਦੇ ਨਤੀਜੇ ਵਜੋਂ ਲੋਕਾਂ ਦਾ ਖਾਣ-ਪਾਣ, ਧਰਮ, ਪਹਿਰਾਵਾ ਅਤੇ ਬੋਲੀ ਮੁਸਲਮਾਨੀ ਸਭਿਆਚਾਰ ਅਨੁਸਾਰ ਹੋ ਚੁੱਕੀ ਸੀ। ਲੋਕਾਂ ਦੀ ਸਭਿਆਚਾਰਕ ਗ਼ੁਲਾਮੀ ਦੀ ਪ੍ਰੋੜ੍ਹਤਾ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਕਥਨਾਂ ਤੋਂ ਹੁੰਦੀ ਹੈ:

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
( ਅੰਗ ੬੬੩)

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
(ਅੰਗ ੧੧੯੧)

ਸਨ। ਸੋ ਇਸ ਤਰ੍ਹਾਂ ਪੰਜਾਬ ਦੇ ਲੋਕ ਪਰਾਈ ਬੋਲੀ ਅਪਣਾ ਕੇ ਆਪਣਾ ਧਰਮ ਛੱਡੀ ਜਾ ਰਹੇ

ਜਿਹੜੇ ਲੋਕ ਆਪਣੀ ਬੋਲੀ ਤੇ ਸਭਿਆਚਾਰ ਤੋਂ ਟੁੱਟ ਜਾਂਦੇ ਹਨ, ਉਹ ਗ਼ੁਲਾਮੀ ਦੀ ਦਲਦਲ ਵਿਚ ਫਸ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਸ ਸਭਿਆਚਾਰਕ ਗ਼ੁਲਾਮੀ ਤੋਂ ਸੁਚੇਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਦੀ ਸਭਿਆਚਾਰਕ ਸੁਤੰਤਰਤਾ
ਲਈ ਇਕ ਬੜਾ ਮਹੱਤਵਪੂਰਨ ਕਾਰਜ ਕੀਤਾ ਤੇ ਉਹ ਸੀ ਲੋਕਾਂ ਨੂੰ ਆਪਣੀ ਭਾਸ਼ਾ ਵਿਚ ਧਰਮ ਦਾ ਗਿਆਨ ਦੇਣਾ ਤੇ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਗੁਰੂ ਜੀਵਨ ਨੂੰ ਪ੍ਰਦਾਨ ਕਰਨਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਪ੍ਰਸਾਰਣ ਲਈ ਗੁਰਬਾਣੀ ਦਾ ਪ੍ਰਚਾਰ ਜ਼ਰੂਰੀ ਸਮਝਿਆ ਅਤੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਤੇ ਗੁਰੂ ਪ੍ਰਤੀ ਸ਼ਰਧਾ ਪੈਦਾ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਜੀਵਨ ਬ੍ਰਿਤਾਂਤ ਨੂੰ ਜਨ-ਸਾਧਾਰਨ ਬੋਲੀ ਵਿਚ ਲਿਖਵਾਇਆ। ਉਨ੍ਹਾਂ ਨੇ ਗੁਰਮੁਖੀ ਪੜ੍ਹਨ ਅਤੇ ਪੜ੍ਹਾਉਣ ਉੱਤੇ ਬਹੁਤ ਜ਼ੋਰ ਦਿੱਤਾ। ਪੰਜਾਬ ਦੀ ਲੋਕ ਲਿੱਪੀ ਗੁਰਮੁਖੀ ਨੂੰ ਆਮ ਜਨਤਾ ਵਿਚ ਫੈਲਾਉਣ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਕ ਬਾਲ ਵਿਦਿਆਲਾ ਵੀ ਚਲਾਇਆ ਤਾਂ ਕਿ ਬਚਪਨ ਤੋਂ ਹੀ ਲੋਕ ਆਪਣੀ ਭਾਸ਼ਾ ਤੇ ਲਿਪੀ ਰਾਹੀਂ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਹੋ ਸਕਣ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੈਂਤੀ ਪੜ੍ਹਾਉਣ ਲਈ ਇਕ ਬਾਲ-ਬੋਧ ਵੀ ਲਿਖਿਆ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੈਂਤੀ ਅੱਖਰਾਂ ਦੀ ਕਾਢ ਕੀਤੀ ਪਰ ਗੁਰਬਾਣੀ ਦੀ ਰੋਸ਼ਨੀ ਵਿਚ ਇਹ ਵਿਚਾਰ ਠੀਕ ਨਹੀਂ ਜਾਪਦਾ, ਕਿਉਂਕਿ ਭਗਤ ਕਬੀਰ ਜੀ ਨੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਤੋਂ ਪਹਿਲਾਂ ਆਪਣੀ ਬਾਣੀ ‘ਗਉੜੀ ਬਾਵਨ ਅੱਖਰੀ’ ਅਤੇ ਆਸਾ ਰਾਗ ਵਿਚ ਰਚਿਤ ਬਾਣੀ ‘ਪਟੀ’ ਲਿਖੀ ਜਿਸ ਵਿਚ ਗੁਰਮੁਖੀ ਵਰਣ-ਮਾਲਾ ਦੇ ਅੱਖਰਾਂ ਦਾ ਵਰਣਨ ਉਚਾਰਨ ਸਹਿਤ ਦਿੱਤਾ ਹੈ, ਜਿਵੇਂ ਭਗਤ ਕਬੀਰ ਜੀ ਦਾ ਕਥਨ ਹੈ:

੧. ਕਕਾ ਕਿਰਣਿ ਕਮਲ ਮਹਿ ਪਾਵਾ॥

੨. ਖਖਾ ਇਹੈ ਖੋੜਿ ਮਨ ਆਵਾ॥

੩. ਗਗਾ ਗੁਰ ਕੇ ਬਚਨ ਪਛਾਨਾ॥

(ਅੰਗ ੩੪੦)

ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਪਟੀ’ ਵਿਚ ਪੈਂਤੀ ਅੱਖਰਾਂ ਦਾ ਉਲੇਖ ਉਚਾਰਨ ਸਹਿਤ ਵਰਣਨ ਇਸ ਤਰ੍ਹਾਂ ਮਿਲਦਾ ਹੈ:

੧. ਉੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ॥

੨. ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ॥

੩. ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥

(ਅੰਗ ੪੩੨)

ਅਸਲ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਪੈਂਤੀ ਅੱਖਰਾਂ ਦੀ ਕਾਢ ਨਹੀਂ ਕੱਢੀ, ਸਗੋਂ ਇਨ੍ਹਾਂ ਨੂੰ ਲੋਕਾਂ ਵਿਚ ਪ੍ਰਚਲਤ ਕੀਤਾ। ‘ਗੁਰਮੁਖੀ ਲਿੱਪੀ ਦਾ ਵਿਕਾਸ’ ਪੁਸਤਕ ਦੇ ਕਰਤਾ ਡਾ· ਲਾਇਟਨਰ ਦਾ ਵਿਚਾਰ ਹੈ ਕਿ ‘ਸ੍ਰੀ ਗੁਰੂ ਅੰਗਦ ਦੇਵ ਜੀ ਨੇ
ਪ੍ਰੋ. ਹਕਸਲੇ ਵਾਂਗ ਬੱਚਿਆਂ ਲਈ ਬਾਲਬੋਧ ਦੇ ਕਾਇਦੇ ਲਿਖੇ। ਨਾਲ ਹੀ ਉਨ੍ਹਾਂ ਨੇ ਵਰਣ-ਮਾਲਾ ਅਨੁਸਾਰ ਅਨੇਕਾਂ ਸਿਖਿਆਦਾਇਕ ਸਦਾਚਾਰਕ ਮਾਟੋ ਵੀ ਲਿਖੇ । ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਜਿਹੇ ਉਪਰਾਲੇ ਨੇ ਗੁਰਮਤਿ ਦੇ ਸਾਹਿਤ ਨੂੰ ਸੰਸਕ੍ਰਿਤ ਤੇ ਉਸ ਦੇ ਸੋਮਿਆਂ ਵੇਦਾਂ ਤੋਂ ਅੱਡ ਕਰ ਦਿੱਤਾ। ਗੁਰਮੁਖੀ ਸਿੱਖਾਂ ਨੂੰ ਹਮੇਸ਼ਾ ਇਹ ਯਾਦ ਕਰਵਾਉਂਦੀ ਰਹਿੰਦੀ ਸੀ ਕਿ ਜੋ ਗੁਰੂ ਦੇ ਮੁਖ ਤੋਂ ਨਿਕਲਿਆ ਹੈ, ਉਹ ਸ਼ਬਦ ਹੈ, ਬਾਣੀ ਹੈ ਤੇ ਬਾਕੀ ਸਭ ਕੁਝ ਕੱਚੀ ਤੇ ਕੁੜੀ ਬਾਣੀ ਹੈ। ਗੁਰੂ ਸਾਹਿਬ ਦੇ ਅਜਿਹੇ
ਉਪਰਾਲੇ ਦੇ ਸਦਕਾ ਉਸ ਸਮੇਂ ਤੋਂ ਹੀ ਗੁਰਬਾਣੀ ਦੇ ਗੁਟਕੇ ਲਿਖ ਕੇ ਵੰਡਣ ਦਾ ਰਿਵਾਜ਼ ਪਿਆ ਤੇ ਅੱਗੇ ਜਾ ਕੇ ਇਹ ਰਹਿਤਨਾਮਿਆਂ ਦਾ ਇਕ ਜ਼ਰੂਰੀ ਅੰਗ ਬਣ ਗਿਆ ਕਿ ਹਰੇਕ ਸਿੱਖ ਜ਼ਿੰਦਗੀ ਵਿਚ ਘੱਟੋ-ਘੱਟ ਇਕ ਗੁਟਕਾ ਲਿਖੇ ਤੇ ਲਿਖਵਾ ਕੇ ਵੰਡੇ। ‘

ਅਸਲੀਅਤ ਇਹ ਹੈ ਕਿ ਇੰਜ ਸਿੱਖੀ ਦੀ ਜੜ੍ਹ ਇੰਨੀ ਮਜ਼ਬੂਤ ਹੋ ਗਈ ਕਿ ਕੋਈ ਇਸ ਨੂੰ ਹਿਲਾ ਨਾ ਸਕਿਆ। ਉਸ ਸਮੇਂ ਜਦੋਂ ਕਿ ਹਿੰਦੂ ਸਮਾਜ ਦੀ ਪ੍ਰਮਾਣੀਕ ਧਾਰਮਿਕ ਭਾਸ਼ਾ ਸੰਸਕ੍ਰਿਤ ਤੇ ਲਿੱਪੀ ਦੇਵਨਾਗਰੀ ਸੀ ਅਤੇ ਮੁਸਲਿਮ ਸਮਾਜ ਦੀ ਰਾਜ ਭਾਸ਼ਾ ਫ਼ਾਰਸੀ ਸੀ, ਉਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਵਿਚ ਸਿੱਖ ਸਿਧਾਂਤਾਂ ਤੇ ਗੁਰ-ਇਤਿਹਾਸ ਦਾ ਮੁੱਢ ਬੰਨ੍ਹਣਾ ਇਕ ਮਹਾਨ ਕਾਰਜ ਸੀ, ਜਿਸ ਨੇ ਆਉਣ ਵਾਲੇ ਸਮੇਂ ਵਿਚ ਸਿੱਖਾਂ ਨੂੰ ਇਕ ਵੱਖਰੀ ਧਾਰਮਕ ਤੇ ਸਭਿਆਚਾਰਕ ਪਛਾਣ ਦਿੱਤੀ।

ਇਸ ਨਾਲ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ ਉਪਰਾਲੇ ਸਦਕਾ ਬ੍ਰਾਹਮਣ ਜਗਤ ਨੂੰ ਇਕ ਤਕੜੀ ਸੱਟ ਵੱਜੀ। ਇਸ ਤੋਂ ਪਹਿਲਾਂ ਜਿਥੇ ਧਾਰਮਿਕ ਗਿਆਨ ਸੰਸਕ੍ਰਿਤ ਜਾਣਨ ਵਾਲਿਆਂ ਤਕ ਹੀ ਸੀਮਿਤ ਸੀ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕ੍ਰਿਪਾ ਨਾਲ ਲੋਕਾਂ ਦੀ ਆਪਣੀ ਬੋਲੀ ਅਤੇ ਆਪਣੀ ਲਿਪੀ ਵਿਚ ਪ੍ਰਾਪਤ ਹੋਣਾ ਸੰਭਵ ਹੋਇਆ। ਸੋ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਤੀ ਕੀਤੇ ਉਪਰਾਲੇ ਸਦਕਾ ਸਿੱਖ ਜਿਥੇ ਸਭਿਆਚਾਰਕ ਤੌਰ ‘ਤੇ ਵਿਲੱਖਣ ਪਛਾਣ ਵਾਲੇ ਹੋਏ, ਉਥੇ ਉਨ੍ਹਾਂ ਨੂੰ ਆਪਣੇ ਗੁਰੂ ਦਾ ਗਿਆਨ ਆਪਣੀ ਬੋਲੀ ਵਿਚ ਉਪਲਬਧ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਦਕਾ ਹੀ ਲੋਕਾਂ ਨੂੰ ਪਹਿਲੀ ਵਾਰ ਆਪਣੀ ਬੋਲੀ ਤੇ ਆਪਣੀ ਲਿਪੀ ਵਿਚ ਧਰਮ ਦਾ ਗਿਆਨ ਪ੍ਰਾਪਤ ਹੋਇਆ। ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਉਪਰੋਕਤ ਉਪਰਾਲਿਆਂ ਨੇ ਇਕ ਸਭਿਆਚਾਰਕ ਕ੍ਰਾਂਤੀ ਦੀ ਨੀਂਹ ਰੱਖੀ।

ਪ੍ਰਿੰ. ਸਵਰਨਜੀਤ ਸਿੰਘ