
ਕਹਿੰਦੇ ਹਨ ਖ਼ੂਨ ਨੂੰ ਵਿਆਜ ਬਹੁਤ ਲੱਗਿਆ ਕਰਦਾ ਹੈ। ਸ਼ਹੀਦ ਦੀ ਮੌਤ ਕਦੀ ਅੰਞਾਈਂ ਨਹੀਂ ਜਾਂਦੀ। ਸ਼ਹਾਦਤ ਦੇ ਪ੍ਰਭਾਵ ਵੀ ਬਹੁਤ ਦੂਰ-ਰਸ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪੰਜਾਬ ਦੀ ਤਾਰੀਖ਼ ਉੱਤੇ ਇਕ ਨਾ ਮਿਟਣ ਵਾਲਾ ਅਸਰ ਛੱਡਿਆ ਹੈ। ਇਤਿਹਾਸ ਵਿਚ ਕਈ ਨਵੇਂ ਕਾਂਡ ਦਾ ਵਾਧਾ ਹੋਇਆ ਹੈ। ਇਹੀ ਕਾਰਨ ਲੱਗਦਾ ਹੈ ਕਿ ਟਰੰਪ ਅਤੇ ਹੋਰ ਲਿਖਾਰੀਆਂ ਨੇ ਇਸ ਸ਼ਹਾਦਤ ਨੂੰ ਸਿੱਖ ਇਤਿਹਾਸ ਵਿਚ ‘ਮੋੜ’ ਟਰਨਿੰਗ ਪੁਆਇੰਟ ਨਾਲ ਤੁਲਨਾ ਦਿੱਤੀ ਹੈ, ਪਰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦੇਖਿਆਂ ਇਹ ਸਪੱਸ਼ਟ ਹੋਵੇਗਾ ਕਿ ਮੋੜ ਵਰਗੀ ਕੋਈ ਚੀਜ਼ ਇਤਿਹਾਸ ਵਿਚ ਨਹੀਂ ਆਈ। ਸਿਰਫ਼ ਛੁਪੀਆਂ ਹੋਈਆਂ ਤਾਕਤਾਂ ਨੂੰ ਆਉਣ ਵਾਲੇ ਗੁਰੂਆਂ ਨੇ ਪ੍ਰਗਟ ਕਰ ਦਿੱਤਾ। ਉਸੇ ਸੜਕ ਉਤੇ ਹੌਲੀ ਹੌਲੀ ਚੱਲ ਰਹੀ ਗੱਡੀ ਨੂੰ ਤੇਜ਼ ਕਰ ਦਿੱਤਾ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਵੱਡਿਆਂ ਦੇ ਪਾਏ ਪੂਰਨਿਆਂ ਉਤੇ ਹੀ ਟੁਰਦੇ ਰਹੇ। ਇਸ ਸ਼ਹਾਦਤ ਨੇ ਉਤਸ਼ਾਹ ਤੇ ਜਜ਼ਬਾ ਭਰਿਆ। ਸਿੱਖ ਇਤਿਹਾਸ ਉਤੇ ਮੋਟੇ-ਮੋਟੇ ਪ੍ਰਭਾਵ ਜੋ ਇਸ ਸ਼ਹਾਦਤ ਨੇ ਪਾਏ, ਇਸ ਪ੍ਰਕਾਰ ਹਨ :
(੧) ਫ਼ੌਜੀ ਤਾਕਤ ਬਣਾਉਣੀ ਜ਼ਰੂਰੀ ਹੋ ਗਈ:-
ਇਸ ਸ਼ਹਾਦਤ ਨੇ ਪ੍ਰਗਟ ਕਰ ਦਿੱਤਾ ਕਿ ਧਰਮ ਬਚਾਉਣ ਲਈ ਸ਼ਸਤਰਾਂ ਦੀ ਹੋਂਦ ਜ਼ਰੂਰੀ ਹੈ। ‘ਗੁਰੂ ਅਰਜਨ ਦੇਵ ਸਾਹਿਬ ਨੇ’ ਸੀ.ਐਚ.ਪੇਨ. ਕਹਿੰਦਾ ਹੈ, ਦੇਖ ਲਿਆ ਸੀ
ਕਿ ਸਿੱਖ ਸੇਵਕਾਂ ਦਾ ਬਗੈਰ ਸ਼ਸਤਰ ਅਪਣਾਏ ਬਚਣਾ ਮੁਸ਼ਕਲ ਹੈ। ਲਾਹੌਰ ਜਾਂਦੇ ਵੇਲੇ ਇਸੇ ਭਾਵ ਦੀ ਸਿੱਖਿਆ ਗੁਰੂ ਅਰਜਨ ਦੇਵ ਜੀ ਨੇ ਆਪਣੇ ਬੇਟੇ (ਗੁਰੂ) ਹਰਿਗੋਬਿੰਦ ਜੀ ਨੂੰ ਦਿੱਤੀ ਸੀ। ‘ਬੇਟਾ ! ਕਰੜੇ ਸਮੇਂ ਆ ਰਹੇ ਹਨ। ਬਦੀ ਦੀਆਂ ਤਾਕਤਾਂ ਮੁੱਢਲੇ ਮਨੁੱਖੀ ਹੱਕਾਂ ਦੀ ਜੜ੍ਹ ਵੱਢਣ ਦੇ ਆਹਰ ਵਿਚ ਲੱਗੀਆਂ ਹੋਈਆਂ ਹਨ। ਗੁਰੂ ਨਾਨਕ ਦਾ ਘਰ ਮੁੱਢ ਤੋਂ ਹੀ ਸੱਚ, ਪ੍ਰੇਮ, ਅਣਖ ਤੇ ਆਜ਼ਾਦੀ ਦਾ ਰਾਖਾ ਰਿਹਾ ਹੈ। ਜਨਤਾ ਨੂੰ ਬੰਧਨਾਂ ਤੋਂ ਛੁਡਾਉਣ ਦਾ ਇਹ ਕੰਮ ਅਸਾਂ ਪੂਰੇ ਅਮਨ ਅਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਹੈ, ਪਰ ਹੁਣ ਸਮੇਂ ਹੋਰ ਆ ਗਏ ਹਨ। ਆਪਣੇ ਕੀਤੇ ਹੋਏ ਅੱਤਿਆਚਾਰਾਂ ਨੂੰ ਵੇਖ-ਵੇਖ ਕੇ ਮੁਗਲਾਂ ਦੀ ਆਤਮਾ ਮਨੁੱਖੀ ਸਰੂਪ ਤੇ ਸੁਭਾਅ ਗਵਾ ਬੈਠੀ ਹੈ। ਹੋ ਸਕਦਾ ਹੈ ਕਿ ਇਸ ਨੂੰ ਜਗਾਇਆ ਜਾ ਸਕੇ ਅਤੇ ਇਸ ਦੇ ਦਬਾਦਬ ਉੱਡ-ਪੁੱਡ ਰਹੇ ਮਨੁੱਖੀ ਸੁਭਾਅ ਨੂੰ ਫਿਰ ਕਾਇਮ ਤੇ ਪੱਕਿਆਂ ਕੀਤਾ ਜਾ ਸਕੇ। ਇਨ੍ਹਾਂ ਮੁਗਲਾਂ ਦੀ ਆਤਮਾ ਪਸ਼ੂਆਂ ਵਾਂਗਰ ਹੋ ਗਈ ਹੈ। ਸ਼ਾਇਦ ਅਜੇ ਵੀ ਇਨਸਾਨਾਂ ਵਾਂਗਰ ਬਣ ਸਕੇ। ਮੈਂ ਜਾਂਦਾ ਹਾਂ ਅਤੇ ਜਾ ਕੇ ਜਹਾਂਗੀਰ ਨੂੰ ਜਾ ਕੇ ਦੱਸਦਾ ਹਾਂ ਕਿ ਉਸ ਦੇ ਹੁਕਮ ਨਾਲ ਕੀ ਕੀ ਅੱਤਿਆਚਾਰ ਹੋ ਸਕਦੇ ਹਨ ਅਤੇ ਦੂਜੇ ਪਾਸੇ ਰੱਬ ਤੇ ਰੱਬ ਦੇ ਬੰਦਿਆਂ ਦੇ ਪਿਆਰ ਦੀ ਖ਼ਾਤਰ ਕੀ ਕੀ ਝੱਲਿਆ ਜਾ ਸਕਦਾ ਹੈ, ਸ਼ਾਇਦ ਆਪਣੀ ਕੀਤੀ ਦਾ ਨਜ਼ਾਰਾ ਦੇਖ ਕੇ ਉਸਦੀ ਆਤਮਾ ਜਾਗ ਪਵੇ, ਪਰ ਜੇ ਸ਼ਾਂਤਮਈ ਰਹਿ ਕੇ ਸਰੀਰਕ ਦੁੱਖ ਝੱਲਣ ਦਾ ਤਰੀਕਾ ਕਾਮਯਾਬ ਨਾ ਹੋਇਆ ਤਾਂ ਸਮਝ ਲੈਣਾ ਕਿ ਮੁਗਲਾਂ ਦੀ ਆਤਮਾ ਮਨੁੱਖੀ ਸੁਭਾਅ ਸੋਲਾਂ ਆਨੇ ਤਿਆਗ ਚੁੱਕੀ ਹੈ ਤੇ ਪਸ਼ੂ ਸੁਭਾਅ ਧਾਰਨ ਕਰ ਚੁੱਕੀ ਹੈ ਫੇਰ ਇਨ੍ਹਾਂ ਦੀ ਆਤਮਾ ਨੂੰ ਮਨੁੱਖੀ ਸੁਭਾਅ ਵਿਚ ਬਦਲਣ ਦੀ ਖ਼ਾਤਰ ਦੁੱਖ ਝੇਲਣੇ ਇਤਨੇ ਬੇਅਰਥ ਹੋਵਣਗੇ ਜਿਤਨੇ ਕੇ ਸਿੰਗਾਂ ਵਾਲੇ ਜੰਗਲੀ ਜਾਨਵਰ ਅੱਗੇ ਲੰਮੇ ਪੈ ਕੇ ਉਸ ਦਾ ਪਸ਼ੂ ਸੁਭਾਅ ਵਟਾਉਣ ਦਾ ਯਤਨ ਬੇਅਰਥ ਹੁੰਦਾ ਹੈ। ਸਮਾਂ ਆ ਰਿਹਾ ਹੈ ਕਿ ਭਲਾਈ ਤੇ ਬਦੀ ਦੀਆਂ ਤਾਕਤਾਂ ਦੀ ਮੁੱਠ ਭੇੜ ਹੋਵੇਗੀ। ਇਸ ਲਈ ਤਿਆਰ ਹੋ ਜਾਓ। ਆਪ ਸ਼ਸਤਰ ਪਹਿਨੋ ਅਤੇ ਸਿੱਖਾਂ ਨੂੰ ਭੀ ਐਸਾ ਕਰਨ ਦੀ ਪ੍ਰੇਰਨਾ ਕਰੋ। ਜ਼ਾਲਮਾਂ ਨਾਲ ਡਟ ਕੇ ਲੜੋ ਅਤੇ ਤਦ ਤੀਕ ਡਟੇ ਰਹੋ ਜਦ ਤੀਕ ਸੁਧਰ ਨਾ ਜਾਣ ਜਾਂ ਮੁੱਕ ਨਾ ਜਾਣ।” ਗੁਰੂ ਅਰਜਨ ਦੇਵ ਜੀ ਨੇ ਸਾਫ਼ ਸਾਫ਼ ਦੇਖ ਲਿਆ ਸੀ ਕਿ ਸ਼ਸਤਰਾਂ ਦੀ ਮਦਦ ਬਗੈਰ ਇਨ੍ਹਾਂ ਦੇ ਸਿੱਖਾਂ ਸੇਵਕਾਂ ਦਾ ਬਚਣਾ ਅਸੰਭਵ ਸੀ ਅਤੇ ਆਪਣੇ ਸਪੁੱਤਰ ਜਾਨਸ਼ੀਨ (ਗੁਰੂ) ਹਰਿਗੋਬਿੰਦ ਜੀ ਨੂੰ ਇਨ੍ਹਾਂ ਅਖੀਰੀ ਸਿੱਖਿਆ ਦਿੱਤੀ ਸੀ ਕਿ ਆਪ ਸ਼ਸਤਰ ਸਜਾ ਕੇ ਗੱਦੀ ‘ਤੇ ਬੈਠਣ ਅਤੇ ਜਿਤਨੀ ਵੱਡੀ ਤੋਂ ਵੱਡੀ ਫ਼ੌਜ ਹੋ ਸਕੇ ਤਿਆਰ ਕਰਨ। ਦੋ ਸਮਕਾਲੀ ਢਾਡੀ ਮੀਰ ਨੱਥੂ ਮੱਲ ਤੇ ਅਬਦੁੱਲਾ ਵੀ ਗਵਾਹੀ ਭਰਦੇ ਹਨ ਕਿ ਗੁਰੂ ਹਰਿਗੋਬਿੰਦ ਜੀ ਨੇ ਹੁਕਮ ਅਨੁਸਾਰ ਦੋ ਕ੍ਰਿਪਾਨਾਂ ਪਹਿਨੀਆਂ। ਉਹ ਲਿਖਦੇ ਹਨ:
“ਦੋ ਤਲਵਾਰੀ ਬਧੀਆਂ,
ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ,
ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਜੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ, ਕੀ ਜਹਾਂਗੀਰ ਦੀ।”
(੨) ਸਿੱਖਾਂ ਵਿਚ ਵਿਰੋਧੀ ਜਜ਼ਬੇ ਦਾ ਜਨਮ-
ਭਾਵੇਂ ਜਨਮ ਤੋਂ ਹੀ ਸਿੱਖ ਧਰਮ ਹਕੂਮਤ ਦੇ ਕੀਤੇ ਮਾੜੇ ਕੰਮਾਂ ਨੂੰ ਨਿੰਦਦਾ ਰਿਹਾ ਸੀ, ਪਰ ਇਸ ਸ਼ਹਾਦਤ ਨੇ ਤਾਂ ਜਜ਼ਬਾ ਭੜਕਾ ਦਿੱਤਾ। ਗਾਰਡਨ ਦੇ ਲਫ਼ਜ਼ਾਂ ਵਿਚ ਸਿੱਖਾਂ ਦੇ ਪੁਰਅਮਨ ਜਜ਼ਬਿਆਂ ਨੂੰ ਇਸ ਸ਼ਹਾਦਤ ਨੇ ਅੱਗ ਲਗਾ ਦਿੱਤੀ। ਲਤੀਫ ਇਸ ਬਾਰੇ ਲਿਖਦਾ ਹੈ ਕਿ ਇਸ ਸ਼ਹਾਦਤ ਨੇ ਸਿੱਖਾਂ ਉਤੇ ਡੂੰਘਾ ਅਸਰ ਪਾਇਆ। ਉਹਨਾਂ ਦੇ ਧਾਰਮਿਕ ਜਜ਼ਬੇ ਭੜਕਾ ਦਿੱਤੇ। ਉਸ ਸਮੇਂ ਤੋਂ ਹੀ ਸਿੱਖਾਂ ਦੇ ਮਨਾਂ ਵਿਚ ਮੁਸਲਮਾਨਾਂ ਲਈ ਨਫ਼ਰਤ ਦੇ ਬੀਜ ਬੀਜੇ ਗਏ। ਉਹ ਬੀਜ ਹੌਲੇ ਹੌਲੇ ਨਾਨਕ ਦੇ ਸਿੱਖਾਂ ਵਿਚ ਡੂੰਘੇ ਹੋ ਗਏ। ਭਾਵੇਂ ਪੂਰੀ ਤਰ੍ਹਾਂ ਤਾਂ ਲਤੀਫ਼ ਦੇ ਖ਼ਿਆਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਇਤਨੀ ਸਚਾਈ ਮੰਨਣੀ ਪਵੇਗੀ ਕਿ ਮੁਸਲਮਾਨਾਂ ਵਿਰੁੱਧ ਜੇ ਨਹੀਂ ਤਾਂ ਹਕੂਮਤ ਵਿਰੁੱਧ ਨਫ਼ਰਤ ਦਾ ਇਕ ਜਜ਼ਬਾ ਸਿੱਖਾਂ ਵਿਚ ਪੈਦਾ ਹੋ ਗਿਆ। ਮੇਜਰ ਜਨਰਲ ਸਕਾਟ ਆਪਣੀ ਪੁਸਤਕ ‘ਦੀ ਸਿਖਸ’ ਵਿਚ ਲਿਖਦਾ ਹੈ, ‘ਸੋ ਇਕ ਵਾਹਿਗੁਰੂ ਦੇ ਪੁਜਾਰੀਆਂ ਨੂੰ ਧਾਰਮਿਕ ਗ੍ਰੰਥ, ਕੇਂਦਰੀ ਧਾਰਮਿਕ ਅਸਥਾਨ, ਮਰਯਾਦਾ ਦਿੱਤੀ ਗਈ ਤੇ ਹੁਣ (ਗੁਰੂ ਅਰਜਨ ਦੀ ਸ਼ਹਾਦਤ ਵਿਚ) ਸ਼ਹੀਦ ਹੋਣ ਅਤੇ ਦੁਸ਼ਮਣ ਦਾ ਟਾਕਰਾ ਕਰਨ ਦਾ ਜਜ਼ਬਾ ਵੀ ਮਿਲਿਆ।
(੩) ਦੁੱਖਾਂ ਤੇ ਤਸੀਹਿਆਂ ਦੇ ਕਾਂਡ ਦਾ ਆਰੰਭ-
ਗੋਕਲ ਚੰਦ ਨਾਰੰਗ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ ਲਿਖਦਾ ਹੈ “ਸਿੱਖਾਂ ਉਤੇ ਜ਼ੁਲਮਾਂ ਦੇ ਤਸੀਹਿਆਂ ਦਾ ਕਾਂਡ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਨਿਰੇ ਪਹਿਲੇ ਜਥੇਬੰਦ ਕਰਨ ਵਾਲੇ ਹੀ ਨਹੀਂ ਸਨ, ਸਗੋਂ ਸਭ ਤੋਂ ਪਹਿਲਾਂ ਜਥੇਬੰਦੀ ਦੀ ਮਜ਼ਬੂਤੀ ਲਈ ਸ਼ਹਾਦਤ ਦਾ ਜਾਮ ਵੀ ਪੀਣ ਵਾਲੇ ਸਨ।” ਇਸ ਸ਼ਹਾਦਤ ਨੇ ਸਿੱਖ ਜਥੇਬੰਦੀ ਨੂੰ ਨਿਰਾ ਤਕੜਿਆਂ ਹੀ ਨਾ ਕੀਤਾ ਬਲਕਿ ਨਵੀਂ ਰੂਹ ਫੂਕੀ। ਤਸੀਹਿਆਂ ਦਾ ਇਤਿਹਾਸ ਇਹ ਪ੍ਰਗਟ ਕਰਦਾ ਹੈ ਕਿ ਮਨਮਾਨੀ ਕਰਨ ਵਾਲੀ ਇਕ ਹਕੂਮਤ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕੀ-ਕੀ ਤਰੀਕੇ ਅਪਣਾਉਂਦੀ ਹੈ। ਗੁਰੂ ਅਰਜਨ ਦੇਵ ਜੀ ਦੇ ਬਾਅਦ ਅਸੀਂ ਸਿੱਖ ਇਤਿਹਾਸ ਵਿਚ ਹਕੂਮਤ ਵੱਲੋਂ ਡਰਾਵਿਆਂ, ਜੁਰਮਾਨਿਆਂ, ਗ੍ਰਿਫ਼ਤਾਰੀਆਂ, ਜਲਾਵਤਨ ਕਰਨਾ, ਘਰ-ਘਾਟ ਜ਼ਬਤ ਕਰਨਾ, ਮੁਕੱਦਮੇ ਚਲਾਉਣੇ, ਤਸੀਹੇ ਦੇਣੇ, ਫਾਂਸੀਆਂ ਦੇਣੀਆਂ, ਕੌਮ ਦੇ ਬਾਗ਼ੀ ਹੋਣ ਦਾ ਐਲਾਨ ਕਰਨਾ ਅਤੇ ਕਤਲੇਆਮ ਦਾ ਹਾਲ ਪੜ੍ਹਦੇ ਹਾਂ। ਇਹ ਸਭ ਇਸ ਲਈ ਕੀਤਾ ਗਿਆ ਕਿ ਸਿੱਖ ਜਥੇਬੰਦੀ ਖ਼ਤਮ ਹੋ ਜਾਏ।
੪) ਸਿੱਖਾਂ ਵਿਚ ਕੁਰਬਾਨੀ ਦੇ ਜਜ਼ਬੇ ਦਾ ਜਨਮ –
ਜੇ ਹਕੂਮਤ ਨੇ ਤਸੀਹੇ ਦੇਣ ਦਾ ਪ੍ਰੋਗਰਾਮ ਬਣਾਇਆ ਤਾਂ ਇਸ ਪਾਸੇ ਉਹਨਾਂ ਤਕਲੀਫ਼ਾਂ ਨੂੰ ਸਹਾਰਨ ਲਈ ਵੀ ਕੌਮ ਤਿਆਰ ਹੋ ਗਈ। ਕੁਰਬਾਨੀ ਦਾ ਜਜ਼ਬਾ ਸਿੱਖਾਂ ਵਿਚ ਉਭਰ ਪਿਆ। ਜਿਵੇਂ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਵਿਚ ਹੁਕਮ ਮੰਨਣ, ਗੁਰੂ ਅਮਰਦਾਸ ਜੀ ਦੀ ਏਕਤਾ ਤੇ ਬਰਾਬਰੀ ਤੇ ਗੁਰੂ ਰਾਮਦਾਸ ਜੀ ਨੇ ਸੇਵਾ ਤੇ ਭਾਵ ਭਰੇ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਵਿਚ ਕੁਰਬਾਨੀ ਦਾ ਜਜ਼ਬਾ ਭਰਿਆ। ਦੁਨੀਆਂ ਦੀਆਂ ਚੰਗਿਆਈਆਂ ਦੀ ਨੀਂਹ ਕੁਰਬਨੀ ਹੀ ਰੱਖ ਸਕਦੀ ਹੈ। ਮਾਂ ਆਪਣੀ ਸੁੰਦਰਤਾ ਕੁਰਬਾਨ ਕਰਦੀ ਹੈ ਤਾਂ ਕਿ ਬੱਚੇ ਨੂੰ ਜਨਮ ਦੇ ਸਕੇ । ਗੁਰੂ ਜੀ ਵੀ ਲਿਖਦੇ ਹਨ “ਫਲ ਕਾਰਨ ਫੂਲੀ ਬਨਰਾਇ॥” (੧੧੧੭) ਫੁੱਲ ਖਿੜਦਾ ਹੈ ਤਾਂ ਕਿ ‘ਫਲ ਲੱਗਣ। ਜਦ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਫੁੱਲ ਮੁਰਝਾ ਕੇ ਡਿੱਗ ਪੈਂਦੇ ਹਨ। ਗੁਰੂ ਜੀ ਦਾ ਇਕ ਹੋਰ ਖ਼ਿਆਲ ਵੀ ਸੀ ਕਿ ਜਿਸ ਆਦਮੀ ਨੇ ਦਰਦ ਕਦੀ ਸਹਾਰਿਆ ਹੀ ਨਹੀਂ ਉਹ ਦੂਜੇ ਦੇ ਦਰਦ ਨੂੰ ਕਿਵੇਂ ਮਹਿਸੂਸ ਕਰ ਸਕਦਾ ਹੈ। ਸੋ ਉਹਨਾਂ ਆਪ ਕੁਰਬਾਨੀ ਦੇ ਕੇ ਸਿੱਖਾਂ ਲਈ ਪੂਰਨੇ ਪਾਏ ਤਾਂ ਕਿ ਆਉਣ ਵਾਲੀਆਂ ਨਸਲਾਂ ਉਹਨਾਂ ਦੇ ਪੂਰਨਿਆਂ ਉੱਤੇ ਚੱਲ ਸਕਣ। ਜੇ ਗੁਰੂ ਜੀ ਸ਼ਹਾਦਤ ਨਾ ਦੇਂਦੇ ਤਾਂ ਸ਼ਾਇਦ ਉਸ ਉਤਸ਼ਾਹ ਨਾਲ ਸਿੱਖ ਸ਼ਹਾਦਤਾਂ ਪੇਸ਼ ਨਾ ਕਰਦੇ ਜਿਸ ਨਾਲ ਉਹਨਾਂ ਸ਼ਹਾਦਤਾਂ ਦਿੱਤੀਆਂ। ਜੇ ਸਿੱਖ ਆਚਰਨ ਨੇ ਦੁਨੀਆਂ ਦੇ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ ਤਾਂ ਇਸ ਦਾ ਵੱਡਾ ਕਾਰਨ ਗੁਰੂ ਜੀ ਦੀ ਸ਼ਹਾਦਤ ਸੀ ਜਿਸ ਨੇ ਅਜਿਹੀ ਨੀਂਹ ਰੱਖੀ ਕਿ ਜਿਸ ਉਤੇ ਉਸਰਿਆ ਮਹੱਲ ਸੁੰਦਰ ਬਣਿਆਂ। ਗੁਰੂ ਅਰਜਨ ਦੇਵ ਜੀ ਨੇ ਪਹਿਲੀ ਸ਼ਰਤ ਆਪਣੇ ਸਿੱਖ ਲਈ ਇਹ ਰੱਖੀ ਸੀ ਕਿ ਪਹਿਲਾਂ ਮਰਨ ਕਬੂਲ ਕਰੇ ਫਿਰ ਸਿੱਖੀ ਦੇ ਦਾਇਰੇ ਵਿਚ ਆਏ। ਗੁਰੂ ਜੀ ਨੇ ਆਪ ਤੱਤੀਆਂ ਤਵੀਆਂ ਉੱਤੇ ਬੈਠ ਕੇ, ਦੇਗ ਵਿਚ ਉਬਾਲੇ ਖਾ ਕੇ ਇਸ ਦੀ ਵਿਆਖਿਆ ਕੀਤੀ। ਇਸ ਕੁਰਬਾਨੀ ਨੇ ਦੁੱਖੜੇ ਝੱਲਣ ਲਈ ਕੌਮ ਨੂੰ ਤਿਆਰ ਕੀਤਾ। ਇਹ ਸ਼ਹਾਦਤ ਤਾਂ ਆਪਣੀ ਜਥੇਬੰਦੀ ਲਈ ਹੀ ਸੀ, ਪਰ ਉਪਰੰਤ ਦੂਜਿਆਂ ਲਈ ਮਰਨ ਦਾ ਜਜ਼ਬਾ ਵੀ ਜਾਗਿਆ ਤੇ ਬਹੁਤੀਆਂ ਸ਼ਹਾਦਤਾਂ ਦੂਜਿਆਂ ਨੂੰ ਬਚਾਉਣ ਲਈ ਹੀ ਦਿੱਤੀਆਂ। ਮੁਹਸਨ ਫ਼ਾਨੀ ਵੀ ਜ਼ਿਕਰ ਕਰਦਾ ਹੈ, “ਸੱਚ ਲਈ ਤਾਕਤ ਜਥੇਬੰਦ ਹੋਣੀ ਸ਼ੁਰੂ ਹੋਈ ਤੇ ਉਸੇ ਤਾਕਤ ਨੇ ਬੁਰਾਈਆਂ ਦਾ ਟਾਕਰਾ ਕੀਤਾ। ਕਮਜ਼ੋਰ ਨੂੰ ਲਤਾੜਿਆ ਜਾਂਦਾ ਦੇਖ ਕੇ ਸਿੱਖਾਂ ਦੇ ਜਜ਼ਬੇ ਜਾਗ ਪੈਂਦੇ ਸਨ ਤੇ ਸਿੱਖ ਨਿਆਸਰਿਆਂ ਨੂੰ ਆਸਰਾ ਦੇਣ ਲਈ ਬਲਦੀ ਅੱਗ ਵਿਚ ਵੀ ਕੁੱਦ ਪੈਂਦੇ ਸਨ।” ਇਸ ਕੁਰਬਾਨੀ ਸਦਕਾ ਕੋਈ ਕਿਸੇ ਨੂੰ ਲਤਾੜ ਨਾ ਸਕੇਗਾ, ਸਗੋਂ ਸੁਖਾਂ ਦਾ ਰਾਜ ਸਥਾਪਨ ਹੋਵੇਗਾ, ਇਹ ਹੀ ਗੁਰੂ ਜੀ ਨੇ ਅਨੁਭਵ ਕੀਤਾ ਸੀ-
ਹੁਣਿ ਹੁਕਮ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
(੫) ਸ਼ਹੀਦ ਦਾ ਖ਼ੂਨ ਧਰਮ ਦਾ ਬੀਜ ਹੈ—
ਇੰਗਲਸ੍ਤਾਨ ਵਿਚ ਇਕ ਥਾਂ ਹੈ ਜਿਸ ਨੂੰ ਬਰੀ ਸੇਂਟ ਐਡਮੰਡ ਕਹਿੰਦੇ ਹਨ। ਉਥੇ ਇਕ ਯਾਦਗਾਰ ਬਣੀ ਹੋਈ ਹੈ। ਉਸ ਯਾਦਗਾਰ ਅੰਦਰ ਸੰਤ ਬਾਦਸ਼ਾਹ ਐਡਮੰਡ ਦੇ ਸਿਰ ਦੀ ਕਬਰ ਹੈ। ਬਾਦਸ਼ਾਹ ਐਡਮੰਡ ਨੂੰ ਧਰਮ ਨਾ ਤਬਦੀਲ ਕਰਨ ਕਰਕੇ ਸ਼ਹੀਦ ਕੀਤਾ ਗਿਆ ਅਤੇ ਉਸ ਦੀ ਸ਼ਹਾਦਤ ਨਾਲ ਵਿਦੇਸ਼ੀ ਜ਼ੁਲਮ ਘਟਣੇ ਸ਼ੁਰੂ ਹੋਏ। ਇਸ ਦੀ ਯਾਦ ਵਿਚ ਕਈ ਗਿਰਜੇ ਬਣਾਏ ਗਏ ਅਤੇ ਇਹ ਲਫ਼ਜ਼ ਉਕਰੇ ਗਏ “The blood of martyrs is the seed of the Church” ਸ਼ਹੀਦਾਂ ਦਾ ਖ਼ੂਨ ਧਰਮ ਦਾ ਬੀਜ ਹੈ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਇਸ ਪਹਿਲੀ ਸ਼ਹਾਦਤ ਨੇ ਧਰਮ ਦਾ ਬੀਜ ਪਾ ਦਿੱਤਾ ਅਤੇ ਇਹ ਇਕ ਸਚਾਈ ਹੈ ਕਿ ਸਿੱਖੀ ਦੀ ਫੁਲਵਾੜੀ ਸ਼ਹੀਦਾਂ ਦੇ ਬੀਜ ਤੋਂ ਹੀ ਤਿਆਰ ਹੋਈ ਹੈ।”
ਪ੍ਰਿੰਸੀਪਲ ਸਤਿਬੀਰ ਸਿੰਘ