
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦੇ ਹੋਏ ਦੋ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਉਨ੍ਹਾਂ ‘ਤੇ ਭਾਜਪਾ ਨਾਲ ਸੰਬੰਧ ਹੋਣ ਦੇ ਆਰੋਪ ਲਗਾਉਂਦਾ ਆਇਆ ਹੈ ਪਰ ਹਕੀਕਤ ਇਹ ਹੈ ਕਿ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਵਿੱਚ ਭਾਜਪਾ ਦੇ ਚੋਟੀ ਦੇ ਨੇਤਾ ਹਾਜ਼ਰ ਸਨ। ਉਨ੍ਹਾਂ ਪੁੱਛਿਆ ਕਿ ਜੇਕਰ ਉਹ ਕਿਸੇ ਦੋ ਭਾਜਪਾ ਆਗੂਆਂ ਨੂੰ ਮਿਲੇ ਤਾਂ ਉਨ੍ਹਾਂ ‘ਤੇ ਇਲਜ਼ਾਮ ਕਿਉਂ, ਪਰ ਬਾਦਲ ਪਰਿਵਾਰ ਦੇ ਵਿਆਹ ਵਿੱਚ ਭਾਜਪਾ ਦੇ ਆਗੂਆਂ ਦੀ ਮੌਜੂਦਗੀ ‘ਤੇ ਚੁੱਪ ਕਿਉਂ?
ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਵੱਲੋਂ 35 ਲੱਖ ਮੈਂਬਰ ਬਣਾਉਣ ਦੇ ਦਾਅਵੇ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਜਦ 2019 ਦੀ ਲੋਕ ਸਭਾ ਚੋਣ ਵਿੱਚ ਉਨ੍ਹਾਂ ਨੂੰ 18 ਲੱਖ ਵੋਟਾਂ ਮਿਲੀਆਂ, ਤਾਂ ਹੁਣ ਮੈਂਬਰਸ਼ਿਪ ਕਿਵੇਂ 35 ਲੱਖ ਹੋ ਸਕਦੀ ਹੈ?
ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਆਉਂਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਤਰੀਕੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ ਜੋ ਕਿ ਨਿੰਦਣਯੋਗ ਹੈ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਜੇਕਰ ਕਿਸੇ ਵੀ ਤਖ਼ਤ ਦੇ ਜਥੇਦਾਰ ‘ਤੇ ਕੋਈ ਦੋਸ਼ ਹੋਣ ਤਾਂ ਉਸ ਦੀ ਜਾਂਚ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਕਰ ਸਕਦਾ ਹੈ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸਿਆਸੀ ਤਾਕਤ।
ਇਹ ਸਾਰਾ ਵਿਵਾਦ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਰਾਜਨੀਤਕ ਦਖ਼ਲ ਅੰਦਾਜ਼ੀ ਨੂੰ ਹੋਰ ਮਜ਼ਬੂਤ ਕਰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਪੁਰਖ ਦੀ ਅਦਾਲਤ ‘ਤੇ ਭਰੋਸਾ ਜਤਾਉਂਦੇ ਹੋਏ ਆਖਿਆ ਕਿ ਉਹ ਸੱਚ ਦੀ ਰਾਅ ‘ਤੇ ਹਨ ਅਤੇ ਉਨ੍ਹਾਂ ਦੀ ਲੜਾਈ ਨਾ ਧਾਰਮਿਕ ਹੈ, ਨਾ ਰਾਜਨੀਤਕ ਬਲਕਿ ਨਿਆਂ ਅਤੇ ਸਿੱਖ ਅਧਿਕਾਰਾਂ ਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਚੁੱਕੇ ਗਏ ਇਹ ਸਵਾਲ ਸਿੱਖ ਸੰਸਥਾਵਾਂ ਵਿੱਚ ਰਾਜਨੀਤਕ ਦਖ਼ਲ, ਅਕਾਲੀ ਦਲ ਦੀ ਭਾਜਪਾ ਨਾਲ ਨਜ਼ਦੀਕੀ ਅਤੇ ਅਦਾਰਿਆਂ ਵਲੋਂ ਚਲਾਏ ਦੀਆਂ ਖ਼ਬਰਾਂ ਦੀ ਅਸਲ ਸਚਾਈ ਹੋਣ ‘ਤੇ ਗੰਭੀਰ ਚਿੰਤਾਵਾਂ ਖੜੀਆਂ ਕਰਦੀਆਂ ਹਨ।
ਸਿੱਖ ਇਤਿਹਾਸ ਵਿੱਚ ਧਾਰਮਿਕ ਸੰਸਥਾਵਾਂ ਦੀ ਪ੍ਰਭੂਸੱਤਾ ਹਮੇਸ਼ਾ ਮਹੱਤਵਪੂਰਨ ਰਹੀ ਹੈ ਪਰ ਜਦੋਂ ਰਾਜਨੀਤਕ ਹਿਸੇਦਾਰ ਉਨ੍ਹਾਂ ਨੂੰ ਆਪਣੇ ਫ਼ਾਇਦੇ ਲਈ ਵਰਤਣ ਲੱਗਣ, ਤਾਂ ਇਹ ਪੰਥਕ ਪਰਿਵਾਰ ਵਿਚ ਸੰਕਟ ਖੜੇ ਕਰ ਸਕਦਾ ਹੈ।
ਇਸੇ ਕਰਕੇ ਸਭ ਤੋਂ ਵੱਡਾ ਸਵਾਲ ਇਹ ਹੈ – ਕੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ‘ਚ ਆਪਣੇ ਗਿਰਦੇ ਵੁਜੂਦ ਨੂੰ ਬਚਾਉਣ ਲਈ ਧਾਰਮਿਕ ਸੰਸਥਾਵਾਂ ਦੀ ਵਰਤੋਂ ਕਰ ਰਿਹਾ ਹੈ?