
ਗਿਆਨੀ ਹਰਪ੍ਰੀਤ ਸਿੰਘ ਦੀ ਕੇਂਦਰ ਸਰਕਾਰ ਨੂੰ ਅਪੀਲ – ਰਕਮ ਸਿੱਧੀ ਪੀੜਤਾਂ ਦੇ ਖਾਤਿਆਂ ਵਿੱਚ ਪਾਈ ਜਾਵੇ
ਅਕਾਲੀ ਆਗੂ ਰਖੜਾ ਸਾਹਿਬ ਵੱਲੋਂ 10 ਕਰੋੜ ਦੀ ਸਹਾਇਤਾ ਦਾ ਐਲਾਨ, ਪਾਰਟੀ ਲਗਾ ਰਹੀ ਰਾਹਤ ਕੈਂਪ
ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵੱਲੋਂ ਅੰਮ੍ਰਿਤਸਰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ‘ਮਜ਼ਾਕ’ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਕੁੱਲ 1.5 ਪ੍ਰਤੀਸ਼ਤ ਜ਼ਮੀਨ ਦੇ ਬਾਵਜੂਦ ਅਨਾਜ ਦਾ 14 ਪ੍ਰਤੀਸ਼ਤ ਹਿੱਸਾ ਮੁਹੱਈਆ ਕਰਵਾਇਆ ਹੈ। ਇਸ ਹਿਸਾਬ ਨਾਲ ਪੰਜਾਬ ਦਾ ਹਿੱਸਾ 68 ਹਜ਼ਾਰ 320 ਕਰੋੜ ਰੁਪਏ ਬਣਦਾ ਹੈ। ਪਰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ 1600 ਕਰੋੜ ਰੁਪਏ ਬਹੁਤ ਨਿਗੁਣੀ ਰਕਮ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਆ ਕੇ ਜੇਹਾ ‘ਮਜ਼ਾਕ’ ਕਰਦੇ ਹਨ, ਇਹ ਬੜੀ ਵੱਡੀ ਧੱਕੇਸ਼ਾਹੀ ਹੈ। ਇਹ ਮਜ਼ਾਕ ਤਾਂ ਦਿੱਲੀ ਬੈਠੇ ਵੀ ਕੀਤਾ ਜਾ ਸਕਦਾ ਸੀ, ਪੰਜਾਬ ਆ ਕੇ ਇਸ ਤਰ੍ਹਾਂ ਦਾ ਐਲਾਨ ਕਰਨਾ ਦੁੱਖਦਾਈ ਹੈ,
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਨਿਰਾਸ਼ ਕੀਤਾ ਹੈ, ਉੱਥੇ ਪੰਜਾਬ ਦੇ ਲੋਕਾਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਖੁੱਲ੍ਹ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਇਹ ਭਾਵਨਾ ਵੱਡੀ ਖੁਸ਼ੀ ਦੀ ਗੱਲ ਹੈ।
ਉਹਨਾਂ ਦੱਸਿਆ ਕਿ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੀ ਵੱਖ-ਵੱਖ ਥਾਵਾਂ ‘ਤੇ ਰਾਹਤ ਕੈਂਪ ਲਗਾਏ ਜਾ ਰਹੇ ਹਨ। ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਹਰੀਕੇ ਤੋਂ ਇਲਾਵਾ ਹੁਣ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਵਿੱਚ ਵੀ ਰਾਹਤ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਵਿੱਚ 830 ਪਰਿਵਾਰਾਂ ਦੇ ਡਾਟਾ ਇਕੱਠੇ ਹੋ ਚੁੱਕੇ ਹਨ ਅਤੇ ਉਹਨਾਂ ਦੀ ਨਿਰੰਤਰ ਮਦਦ ਕੀਤੀ ਜਾਵੇਗੀ।
ਇਸ ਮੌਕੇ ਤੇ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਨੇ 10 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ। ਇਹ ਰਕਮ ਪਾਰਟੀ ਦੇ ਵਰਕਰਾਂ ਅਤੇ ਸਹਿਯੋਗੀ ਜਥੇਬੰਦੀਆਂ ਦੇ ਜ਼ਰੀਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਣ ਦੀ ਗੱਲ ਕੀਤੀ ਗਈ। ਇਸ ਤੋਂ ਇਲਾਵਾ, ਇੱਕ ਲੱਖ ਲੀਟਰ ਡੀਜ਼ਲ ਵੀ ਮੁਹੱਈਆ ਕਰਵਾਇਆ ਜਾਵੇਗਾ ਕਿਉਂਕਿ ਰੇਤ ਹਟਾਉਣ ਅਤੇ ਹੋਰ ਕਾਰਜਾਂ ਲਈ ਇਸਦੀ ਲੋੜ ਪਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਿਨਾ ਜਾਤ ਪਾਤ ਜਾਂ ਧਰਮ ਦੇਖੇ, ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ। ਅਸੀਂ ਕੋਈ ਰਾਜੇ ਜਾਂ ਮਾਲਕ ਨਹੀਂ, ਸਿਰਫ ਅਕਾਲ ਪੁਰਖ ਦੇ ਸੇਵਾਦਾਰ ਹਾਂ
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ ਸਾਢੇ ਚਾਰ ਲੱਖ ਏਕੜ ਫਸਲ ਖਰਾਬ ਹੋਈ ਹੈ ਜਿਸਦਾ ਮੁਆਵਜ਼ਾ ਹੀ 22 ਹਜ਼ਾਰ ਕਰੋੜ ਰੁਪਏ ਬਣਦਾ ਹੈ। ਇਸ ਤੋਂ ਇਲਾਵਾ ਸੜਕਾਂ, ਸਕੂਲ, ਘਰਾਂ, ਦੁਕਾਨਾਂ ਅਤੇ ਪਸ਼ੂ-ਪੰਛੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਛੋਟੇ ਦੁਕਾਨਦਾਰਾਂ ਦੇ ਘਰਾਂ-ਦੁਕਾਨਾਂ ਦਾ ਸਾਰਾ ਸਮਾਨ ਰੁੜ ਗਿਆ ਹੈ। ਇਸ ਲਈ ਕੇਂਦਰ ਸਰਕਾਰ ਨੂੰ ਵੱਡਾ ਰਾਹਤ ਪੈਕੇਜ ਜਾਰੀ ਕਰਨਾ ਚਾਹੀਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕੁਦਰਤੀ ਆਫਤਾਂ ਦੇ ਪਿੱਛੇ ਮਨੁੱਖੀ ਗਲਤੀਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਗੈਰ ਕਾਨੂੰਨੀ ਇਮਾਰਤਾਂ, ਪਹਾੜਾਂ ਦੀ ਕਟਾਈ ਅਤੇ ਬਿਨਾ ਨਿਯਮਾਂ ਦੇ ਸੁਰੰਗਾਂ ਬਣਾਉਣ ਕਾਰਨ ਬਦਲ ਫਟਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸਦਾ ਸਿੱਧਾ ਨੁਕਸਾਨ ਪੰਜਾਬ ਨੂੰ ਭੁਗਤਣਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕਿ ਇੱਕ ਉੱਚ ਪੱਧਰੀ ਕਮਿਸ਼ਨ ਬਣਾਇਆ ਜਾਵੇ ਜਿਸ ਵਿੱਚ ਪੰਜਾਬ ਦੇ ਮੈਂਬਰ ਵੀ ਸ਼ਾਮਲ ਹੋਣ। ਇਸ ਕਮਿਸ਼ਨ ਵੱਲੋਂ ਭਾਰਤੀ ਬਿਜਲੀ ਬੋਰਡ (BBMB) ਦੇ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਵੱਲੋਂ ਨਦੀਆਂ ਵਿੱਚ ਪਾਣੀ ਛੱਡਣ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।
ਸੁਖਬੀਰ ਬਾਦਲ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਗੁਰਬਾਣੀ ਨੂੰ ਵੇਚ ਕੇ ਪੈਸਾ ਇਕੱਠਾ ਕੀਤਾ। “ਜੇ ਇਹਨਾਂ ਕੋਲ ਪੈਸਾ ਹੈ ਤਾਂ ਹੜ੍ਹ ਪੀੜਤਾਂ ‘ਤੇ ਖਰਚਣਾ ਚਾਹੀਦਾ ਹੈ, ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ਆਪਣਾ ਯੋਗਦਾਨ ਪਾਉਣ। ਉਹਨਾਂ ਨੇ ਐਨਆਰਆਈਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਪੰਜਾਬ ਦੇ ਮੁੜ ਨਿਰਮਾਣ ਵਿੱਚ ਆਪਣੀ ਸਹਾਇਤਾ ਪਹੁੰਚਾਉਣ। ਅੰਤ ਵਿੱਚ ਉਹਨਾਂ ਨੇ ਡੀਸੀ ਅੰਮ੍ਰਿਤਸਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਚੰਗਾ ਕੰਮ ਕਰ ਰਹੀ ਹੈ, ਪਰ ਉਸਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਣੀ ਚਾਹੀਦੀ ਹੈ।