ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਥਾਪਨਾ ਤੋਂ ਬਾਅਦ, ਪੰਜਾਬ ‘ਚ ਇਸ ਦੀ ਭਰਪੂਰ ਚਰਚਾ ਹੋ ਰਹੀ ਹੈ। ਬਸੰਤ ਪੰਚਮੀ ਦੇ ਦਿਨ ਸ੍ਰੀ ਅੰਮ੍ਰਿਤਸਰ ਦੀ ਧਰਤੀ ‘ਤੇ ਪਾਰਟੀ ਦੇ ਆਗੂਆਂ ਵੱਲੋਂ ਮੈਂਬਰਸ਼ਿਪ ਕੈਂਪ ਲਗਾਇਆ ਗਿਆ, ਜਿੱਥੇ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਵੱਲੋਂ ਵੱਡੀ ਗਿਣਤੀ ‘ਚ ਪਾਰਟੀ ਦੀ ਮੈਂਬਰਸ਼ਿਪ ਲਈ ਹਿੱਸਾ ਲਿਆ ਗਿਆ।
ਰਵਾਇਤੀ ਪਾਰਟੀਆਂ ਤੋਂ ਹਟਕੇ, ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੈਂਬਰਸ਼ਿਪ ਫੀਸ ਕੇਵਲ ₹20 ਰੱਖੀ ਗਈ ਹੈ। ਪਰ, ਲੋਕ ਆਪਣੀ ਖੁਸ਼ੀ ਨਾਲ ਭੇਟਾ ਦੇ ਰਹੇ ਹਨ, ਜੋ ਇਹ ਦਰਸਾਉਂਦਾ ਹੈ ਕਿ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਲੋਕ ਹੁਣ ਨਵੇਂ ਰਾਜਨੀਤਿਕ ਵਿਕਲਪ ਦੀ ਉਮੀਦ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ‘ਤੇ ਆਲੋਚਨਾ ਕਰਦੇ ਹੋਏ, ਪਾਰਟੀ ਦੇ ਆਗੂਆਂ ਨੇ ਕਿਹਾ, “ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਵਿਸ਼ਵਾਸ ਨੂੰ ਤੋੜ ਦਿੱਤਾ ਹੈ।” ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ “ਜੋ ਕਦੇ ਆਮ ਆਦਮੀ ਵਾਂਗ ਰਹਿੰਦੇ ਸਨ, ਹੁਣ ਉਹ ਹੂਟਰਾਂ ਵਾਲੀਆਂ ਗੱਡੀਆਂ ‘ਚ ਘੁੰਮ ਰਹੇ ਹਨ।”
ਪਾਰਟੀ ਦੇ ਆਗੂ ਦੱਸ ਰਹੇ ਹਨ ਕਿ ਲੋਕ ਆਪਣੀ ਮਰਜ਼ੀ ਨਾਲ ਆ ਕੇ ਮੈਂਬਰ ਬਣ ਰਹੇ ਹਨ। ਲੋਕਾਂ ਵਲੋਂ ਨਸ਼ਾ ਮੁਕਤ ਪੰਜਾਬ, ਧਾਰਮਿਕ ਜਾਗਰੂਕਤਾ ਅਤੇ ਸਮਾਜਿਕ ਸੁਧਾਰ ਦੀ ਪਾਰਟੀ ਮੁਹਿੰਮ ਦੀ ਖੁਲ੍ਹ ਕੇ ਹਮਾਇਤ ਕੀਤੀ ਜਾ ਰਹੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ 2027 ਦੀਆਂ ਚੋਣਾਂ ‘ਤੇ ਧਿਆਨ ਕੇਂਦਰਤ ਕਰਦੇ ਹੋਏ ਲੋਕਾਂ ਨੂੰ ਇੱਕ ਨਵੇਂ ਰਾਜਨੀਤਿਕ ਵਿਕਲਪ ਵਜੋਂ ਪੇਸ਼ ਕਰਨਾ ਪਾਰਟੀ ਦਾ ਮੁੱਖ ਮਕਸਦ ਹੈ। ਪਾਰਟੀ ਆਗੂਆਂ ਨੇ ਕਿਹਾ ਕਿ “ਇਹ ਸਿਰਫ਼ ਚੋਣ ਲੜਨ ਦੀ ਗੱਲ ਨਹੀਂ, ਪੰਜਾਬ ਦੀ ਭਲਾਈ ਅਤੇ ਬਦਲਾਅ ਲਈ ਸੰਘਰਸ਼ ਹੈ।”
ਆਪਣੀ ਕਾਰਗੁਜ਼ਾਰੀ ਦੌਰਾਨ, ਭਾਈ ਅੰਮ੍ਰਿਤਪਾਲ ਸਿੰਘ ਨੇ ਨਸ਼ਾ ਮੁਕਤੀ ਅਤੇ ਧਾਰਮਿਕ ਜੀਵਨ ਦੀ ਮਹੱਤਤਾ ਉੱਤੇ ਵੱਡਾ ਜ਼ੋਰ ਦਿੱਤਾ। ਉਹਨਾਂ ਦੀ ਬੇਬਾਕੀ ਅਤੇ ਗੁਰੂ ਪ੍ਰਤੀ ਪ੍ਰੇਮ ਦੇਖਦਿਆਂ, ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਨੌਜਵਾਨ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪੰਜਾਬ ‘ਚ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ। 2027 ਦੀਆਂ ਚੋਣਾਂ ‘ਚ ਇਹ ਨਵੀਂ ਲਹਿਰ ਕਿਸ ਹੱਦ ਤੱਕ ਪੁਰਾਣੀਆਂ ਪਾਰਟੀਆਂ ਨੂੰ ਚੁਣੌਤੀ ਦੇ ਸਕਦੀ ਹੈ।