ਅਕਾਲੀ ਕੌਰ ਸਿੰਘ ਦਾ ਜਨਮ 16 ਹਾੜ 1943 ਬਿ. (1886 ਈ.) ਨੂੰ ਪਿੰਡ ਪੱਧਰ (ਚਕਾਰ, ਕਸ਼ਮੀਰ) ਭਾਈ ਮਹਾਂ ਸਿੰਘ, ਮਾਤਾ ਕਰਮ ਕੌਰ ਦੇ ਘਰ ਹੋਇਆ। ਅਕਾਲੀ ਜੀ ਚੌਹਾਂ ਧੀਆਂ ਅਤੇ ਪੰਜ ਪੁੱਤਰਾਂ ਵਿਚੋਂ ਸਭ ਤੋਂ ਵੱਡੇ ਸਨ। ਬਾਲਕ ਅਕਾਲੀ ਜੀ ਦਾ ਨਾਮ ਪੂਰਨ ਸਿੰਘ ਰੱਖਿਆ ਗਿਆ। ਇਸ ਬਾਲਕ ਨੇ ਮੁੱਢਲੀ ਅੱਖਰ ਵਿਦਿਆ ਪਿੰਡ ਦੇ ਅਧਿਆਪਕ ਪੰਡਤ ਛਹਿਬਰ ਜੀ ਪਾਸੋਂ ਪ੍ਰਾਪਤ ਕੀਤੀ । ਬਾਅਦ ਵਿਚ ਇਨ੍ਹਾਂ ਨੂੰ ਪ੍ਰਸਿੱਧ ਵਿਦਵਾਨ ਬਾਵਾ ਮਹਾ ਸਿੰਘ ਬੇਦੀ ਦੁਪੱਟਾ ਕਸ਼ਮੀਰ ਨਿਵਾਸੀ ਪਾਸ ਭੇਜ ਦਿੱਤਾ । ਬਾਵਾ ਜੀ ਨੇ ਇਥੇ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਪੜ੍ਹਾਈ ਅਤੇ ਚਕਿਤਸਾ ਦਾ ਗਿਆਨ ਦਿੱਤਾ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਸੰਥਿਆ ਕਰਵਾਈ।
ਅਕਾਲੀ ਜੀ ਦੇ ਵਿਆਹ ਦੀ ਘਟਨਾ ਵੀ ਬੜੀ ਵਚਿਤਰ ਹੈ। ਜਦ ਅਕਾਲੀ ਜੀ ਸਤਾਰਾਂ ਕੁ ਵਰ੍ਹੇ ਦੇ ਹੋਏ ਤਾਂ ਪਿਤਾ ਨੇ ਪਿੰਡ ਬਾਸਮਾ ਵਾਸੀ ਸ. ਕਲਿਆਣ ਸਿੰਘ ਸੋਹੰਗੀ ਦੇ ਘਰ ਰਿਸ਼ਤਾ ਕਰ ਦਿੱਤਾ। ਅਕਾਲੀ ਜੀ ਜੀਵਨ ਵਿਚ ਕੁਝ ਹੋਰ ਕਰਨਾ ਚਾਹੁੰਦੇ ਸਨ। ਵਿਆਹ ਦੀ ਤਾਰੀਖ਼ 1959 ਬਿ. ਮੱਘਰ ਮਹੀਨੇ ਦੀ ਰੱਖੀ ਪਰ ਅਕਾਲੀ ਜੀ ਘਰੋਂ ਭੱਜ ਗਏ। ਦੋ ਵਾਰ ਵਿਆਹ ਨਿਯਤ ਹੋਇਆ ਤੇ ਦੋਵੇਂ ਵਾਰ ਹੀ ਘਰੋਂ ਭੱਜ ਗਏ। ਆਖ਼ਰ 1960 ਬਿ. ਨੂੰ ਅਕਾਲੀ ਜੀ ਦਾ ਵਿਆਹ ਤਾਂ ਪਰਿਵਾਰ ਨੇ ਜ਼ਬਰਦਸਤੀ ਕਰ ਦਿੱਤਾ ਪਰ ਅਕਾਲੀ ਜੀ ਤੀਜੀ ਰਾਤ ਚੁਪ ਚਾਪ ਉਠੇ, ਘਰ ਪਰਿਵਾਰ ਦੇ ਬੰਧਨਾਂ ਨੂੰ ਤਿਆਗ ਕੇ ਅਰਦਾਸਾ ਸੋਧਿਆ ਤੇ ਘਰੋਂ ਨਿਕਲ ਤੁਰੇ। ਅਕਾਲੀ 1904 ਈ. ਵਿਚ ਪਿਸ਼ਾਵਰ ਰੁਕੇ। ਇਥੇ ਗਿਆਨੀ ਬਾਘ ਸਿੰਘ ਨਾਲ ਮੁਲਾਕਾਤ ਹੋਈ। ਅਕਾਲੀ ਜੀ ਨੇ ਗਿ. ਬਾਘ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਿੱਖੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਬਾਣੀ ਭਾਈ ਗੁਰਦਾਸ ਜੀ ਨੂੰ ਅਰਥਾਂ ਸਮੇਤ ਪੜ੍ਹਿਆ, ਵਿਚਾਰਿਆ। ਇਸ ਤੋਂ ਇਲਾਵਾ ਹੋਰ ਇਤਿਹਾਸ ਦੇ ਗ੍ਰੰਥ ਵੀ ਪੜ੍ਹੇ।
ਅਕਾਲੀ ਜੀ ਨੇ ਬਾਣੀ ਏਨੇ ਪਿਆਰ ਨਾਲ ਪੜ੍ਹੀ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਜ਼ਬਾਨੀ ਯਾਦ ਹੋ ਗਏ ਸਨ। ਪਿਸ਼ਾਵਰ ਤੋਂ ਅਕਾਲੀ ਜੀ ਨੇ ਮਾਤਾ ਪਿਤਾ ਨੂੰ ਚਿੱਠੀ ਲਿਖੀ ਕਿ ਮੇਰੇ ਅੰਦਰ ਕੁਝ ਗ੍ਰਹਿਣ ਕਰਨ ਦੀ ਰੁਚੀ ਪ੍ਰਬਲ ਹੈ ਸੋ ਮੈਂ ਸ਼ਾਦੀ ਦੇ ਬੰਧਨ ਨਹੀਂ ਸਹਾਰ ਸਕਦਾ। ਸੋ ਚੰਗਾ ਇਹੀ ਹੈ ਕਿ ਸੱਜ ਵਿਆਹੀ ਦੀ ਸ਼ਾਦੀ ਮੇਰੇ ਛੋਟੇ ਭਰਾ ਕਾਲਾ ਸਿੰਘ ਨਾਲ ਕਰ ਦਿੱਤੀ ਜਾਵੇ। ਲੜਕੀ ਨੂੰ ਕਾਲਾ ਸਿੰਘ ਨਾਲ ਵਿਆਹ ਦਿੱਤਾ ਗਿਆ। 1906 ਈ. ਵਿਚ ਅਕਾਲੀ ਜੀ ਹਜੂਰ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਪੂਰਨ ਸਿੰਘ ਤੋਂ ਅਕਾਲੀ ਕੌਰ ਸਿੰਘ ਨਿਹੰਗ ਬਣ ਗਏ। ਨਿਹੰਗ ਸਜਣ ਤੋਂ ਪਿਛੋਂ ਅਕਾਲੀ ਜੀ ਨੇ ਗੁਰਮਤਿ ਪ੍ਰਚਾਰ ਦੀ ਸੇਵਾ ਸ੍ਰੀ ਹਜੂਰ ਸਾਹਿਬ ਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ। ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਲਾਇਬਰੇਰੀ ਕਾਇਮ ਕੀਤੀ। ਅਕਾਲੀ ਜੀ ਨੇ ਫਿਰ ਬੰਗਾਲ, ਅਸਾਮ, ਬਿਹਾਰ, ਯੂ.ਪੀ., ਨੇਪਾਲ ਤੱਕ ਪ੍ਰਚਾਰ ਕੀਤਾ। ਸੰਤ ਅਤਰ ਸਿੰਘ ਜੀਂ ਤੋਂ ਬਾਅਦ ਅਕਾਲੀ ਜੀ ਦੂਜੇ ਵਿਅਕਤੀ ਸਨ, ਜਿਨ੍ਹਾਂ ਨੇ ਦੂਰ-ਦੂਰ ਤੱਕ ਪ੍ਰਚਾਰ ਕੀਤਾ। ਆਰੀਆ ਸਮਾਜੀ ਲਹਿਰ ਸਮੇਂ ਸਿੱਖਾਂ ਤੇ ਆਰੀਆ ਸਮਾਜੀਆਂ ਦੀਆ ਬਹੁਤ ਬਹਿਸਾਂ ਹੁੰਦੀਆਂ ਸਨ। ਬਹਿਸਾਂ ਸਮੇਂ ਗੁਰਬਾਣੀ ਦੇ ਦ੍ਰਿਸ਼ਟਾਂਤ ਲੱਭਣੇ ਔਖੇ ਜਾਣ ਕੇ ਅਕਾਲੀ ਕੌਰ ਸਿੰਘ ਨੇ ‘ਸ੍ਰੀ ਗੁਰੂ ਸ਼ਬਦ ਰਤਨ ਪ੍ਰਕਾਸ਼’ ਤਿਆਰ ਕਰਨਾ ਸ਼ੁਰੂ ਕੀਤਾ।
ਬੰਗਾਲ (ਢਾਕੇ) ਵਿਖੇ 1907 ਈ. ਵਿਚ ਇਹ ਤਤਕਰਾ ਅੱਖਰਵਾਰ ਕ੍ਰਮ ਅਨੁਸਾਰ ਲਿਖਣਾ ਆਰੰਭ ਕੀਤਾ। ਇਸ ਦੀ ਸਮਾਪਤੀ 1920 ਈ. ਵਿਚ ਹੋਈ। ਕੋਈ 13 ਸਾਲ ਲਗਾਤਾਰ ਕੰਮ ਕਰਕੇ ਅਕਾਲੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਤਿਆਰ ਕੀਤਾ। ਇਹ ਅਕਾਲੀ ਜੀ ਦੀ ਬੜੀ ਵੱਡੀ ਘਾਲਣਾ ਸੀ। ਅਕਾਲੀ ਜੀ ਨੇ ਚਕਾਰ ਵਿਖੇ ਗੁਰੂ ਨਾਨਕ ਆਸ਼ਰਮ ਬਣਾਇਆ। ਇਸ ਆਸ਼ਰਮ ਦਾ ਟੱਕ 1 ਹਾੜ 1985 ਬਿ (1928 ਈ.) ਨੂੰ ਲਾਇਆ ਗਿਆ। ਅਕਾਲੀ ਜੀ ਨੇ ਇਥੇ ਲਾਇਬਰੇਰੀ ਨੂੰ ਅਮੀਰ ਬਣਾਉਣ ਲਈ ਕਾਫੀ ਪੁਸਤਕਾਂ ਮੁੱਲ ਖ਼ਰੀਦੀਆਂ। ਇਸ ਤੋਂ ਇਲਾਵਾ ਬਾਹਰ ਘੁੰਮਦਿਆਂ ਪੁਰਾਤਨ ਹੱਥ ਲਿਖਤਾਂ ਵੀ ਇੱਕਠੀਆਂ ਕਰ ਕੇ ਲਾਇਬਰੇਰੀ ਵਿਚ ਰੱਖੀਆਂ। ਇਸ ਤਰ੍ਹਾਂ ਮਿਹਨਤ ਮੁਸ਼ਕਤ ਕਰਕੇ 7 ਹਜ਼ਾਰ ਦੇ ਕਰੀਬ ਪੁਸਤਕਾਂ, ਪੁਰਾਤਨ ਤੇ ਨਵੀਨ ਗ੍ਰੰਥ ਇਕੱਤਰ ਕੀਤੇ।
ਕੋਈ 20 ਸਾਲ ਦੇ ਕਰੀਬ ਅਕਾਲੀ ਜੀ ਨੇ ਸਖਤ-ਘਾਲਣਾ ਘਾਲ ਕੇ ਲਾਇਬਰੇਰੀ ਬਣਾਈ ਪਰ ਅਫਸੋਸ 1947 ਈ. ਦੀ ਫਿਰਕੂ ਹਨੇਰੀ ਸਮੇਂ ਅਕਾਲੀ ਜੀ ਦੀ ਸਾਰੀ ਲਾਇਬਰੇਰੀ ਅਗਨ ਭੇਟ ਕਰ ਕੇ ਇਹ ਕੀਮਤੀ ਖ਼ਜ਼ਾਨਾ ਸਦਾ ਲਈ ਅਲੋਪ ਕਰ ਦਿੱਤਾ ਗਿਆ। ਅਕਾਲੀ ਜੀ ਅੰਤ ਸਮੇਂ ਤੱਕ ਲੋਕ ਭਲਾਈ ਕਰਦੇ ਰਹੇ। ਆਖ਼ਰ 23 ਜਨਵਰੀ 1953 ਈ. ਦੀ ਰਾਤ 8 ਵਜ ਕੇ 10 ਮਿੰਟ ‘ਤੇ ਅਧਰੰਗ ਦੇ ਦੌਰੇ ਨਾਲ ਪੰਜ ਭੌਤਿਕ ਸਰੀਰ ਤਿਆਗ ਗਏ। ਅਕਾਲੀ ਕੌਰ ਸਿੰਘ ਦੀਆਂ ਕੋਈ ਦਸ ਰਚਨਾਵਾਂ ਲਿਖੀਆਂ ਮਿਲਦੀਆਂ ਹਨ।
– ਡਾ. ਗੁਰਪ੍ਰੀਤ ਸਿੰਘ
