-ਮਾਸਟਰ ਜਸਵੰਤ ਸਿੰਘ ਘਰਿੰਡਾ
‘ਬਾਬਾ” ਸ਼ਬਦ ਬੜਾ ਪਵਿੱਤਰ ਹੈ ਜਿਸ ਨੂੰ ਸੁਣ ਕੇ ਮਨ ਵਿਚ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਇਕ ਵਾਰ ਬਸ ਵਿਚ ਸਫ਼ਰ ਕਰਦਿਆਂ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਮੈਨੂੰ ਮਿਲ ਪਏ। ਮੈਂ ਉਨ੍ਹਾਂ ਨੂੰ ਸਵਾਲ ਕੀਤਾ, “ਬਾਬਾ ਜੀ! ਜਦੋਂ ਤੁਸੀਂ ਦੇਸ਼ ਨੂੰ ਅਜ਼ਾਦ ਕਰਾਉਣ ਵਾਸਤੇ ਗ਼ਦਰ ਪਾਰਟੀ ਬਣਾਈ, ਤੁਸੀਂ ਉਸ ਵਕਤ ਜਵਾਨ ਸੀ, ਫਿਰ ਲੋਕ ਤੁਹਾਨੂੰ ਬਾਬੇ ਕਿਉਂ ਕਹਿਣ ਲੱਗ ਪਏ?” ਉਨ੍ਹਾਂ ਦਾ ਜਵਾਬ ਸੀ, “ਬਰਖ਼ੁਰਦਾਰ ! ਸਾਡੀਆਂ ਦਾੜ੍ਹੀਆਂ ਬੇਸ਼ਕ ਕਾਲੀਆਂ ਸਨ, ਪਰ ਸਾਡੀ ਸੋਚ ਪਰੋਢ ਬਾਬਿਆਂ ਵਾਲੀ ਸੀ। ਇਸ ਲਈ ਲੋਕ ਬਾਬੇ ਕਹਿਣ ਲੱਗ ਪਏ।” ਇਹ ਉਹ ਬਾਬੇ ਸਨ— ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਵਾਸਤੇ ਕਾਲੇ ਪਾਣੀ ਦੇ ਕੁੰਭੀ ਨਰਕ ਕੱਟੇ ਅਤੇ ਫ਼ਾਂਸੀਆਂ ਦੇ ਰੱਸੇ ਚੁੰਮੇ ਤਾਂ ਕਿ ਦੇਸ਼ ਦੇ ਲੋਕ-ਖੁਸ਼ਹਾਲ ਜ਼ਿੰਦਗੀ ਜੀ ਸਕਣ।
ਅੱਜਕਲ੍ਹ ਵੀ ਅਖੌਤੀ ਬਾਬੇ ਪ੍ਰਿੰਟ ਅਤੇ ਬਿਜਲਈ ਮੀਡੀਆਂ ਦੀਆਂ ਸੁਰਖ਼ੀਆਂ ਬਣੇ ਹੋਏ ਹਨ। ਇਨ੍ਹਾਂ ਅਖੌਤੀ ਬਾਬਿਆਂ ਦੀਆਂ ਕਰਤੂਤਾਂ ਤੋਂ ਲੋਕ ਹੁਣ ਭਲੀ-ਭਾਂਤ ਜਾਣੂ ਹੋ ਚੁਕੇ ਹਨ। ਲਿਬਾਸ ਬਾਹਰੋਂ ‘ਬਾਬਿਆਂ’ ਵਾਲੇ ਤੇ ਅੰਦਰੋਂ ਕਰਤੂਤ ਬਦਮਾਸ਼ਾਂ ਵਾਲੀ। ਚੋਰਾਂ ਨੇ ਅੱਜ ਪਾ ਲਏ ਸਾਧਾਂ ਦੇ ਬਾਣੇ। ਅੱਜ ਬਾਬੇ ਸ਼ਬਦ ਆਪਣੇ ਨਾਂ ਨਾਲ ਲਾਉਣ ਵਾਲਿਆਂ ਨੇ ਇਸ ਸ਼ਬਦ ਦੀ ਮਿੱਟੀ ਪਲੀਤ ਕਰ ਦਿੱਤੀ ਹੈ। ਅਨਪੜ੍ਹ, ਦਾਰੂ, ਭੰਗ ਤੇ ਚਿਲਮਾਂ ਦੇ ਨਸ਼ੇ ‘ਚ ਚੂਰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ ਤੇ ਜਾਦੂ-ਟੂਣੇ ਵਿਚ ਯਕੀਨ ਰੱਖਣ ਵਾਲੇ ਦੰਭੀ ਤੇ ਅਖੌਤੀ ਬਾਬੇ ਲੋਕਾਂ ਦਾ ਪਾਰ ਉਤਾਰਾ ਕਰਨ ਦਾ ਭਰਮ ਫੈਲਾ ਰਹੇ ਹਨ। ਸਿਆਸੀ ਲੀਡਰਾਂ ਦਾ ਵੋਟਾਂ ਖਾਤਰ ਇਨ੍ਹਾਂ ਦੇ ਦਰਬਾਰ ਵਿਚ ਹਾਜ਼ਰ ਹੋਣ ‘ਤੇ ਭੁੰਜੇ ਦਰੀਆਂ ‘ਤੇ ਬੈਠ ਕੇ ਬਾਬਿਆਂ ਦੇ ਚੇਲਿਆਂ ਤੋਂ ਵੋਟਾਂ ਪਵਾਉਣ ਲਈ ਅਰਜੋਈਆਂ ਕਰਨ ਨਾਲ ਅੰਧ-ਵਿਸ਼ਵਾਸ ਫੈਲਾਉਣ ਵਾਲੇ ਬਾਬਿਆਂ ਦਾ ਅਨਪੜ੍ਹ ਸ਼ਰਧਾਲੂਆਂ ਦੇ ਮਨਾਂ ਵਿਚ ਹੋਰ ਰੋਅਬ-ਦਾਅਬ ਬਣਦਾ ਹੈ। ਅਖੌਤੀ ਬਾਬਾਵਾਦ ਪੈਦਾ ਕਰਨ ਵਿਚ ਰਾਜਨੀਤਿਕ ਪਾਰਟੀ ਦੇ ਲੀਡਰਾਂ ਦਾ ਵੱਡਾ ਹੱਥ ਹੈ, ਕਿਉਂਕਿ ਅਖੌਤੀ ਬਾਬਿਆਂ ਦੇ ਡੇਰਿਆਂ ਤੋਂ ਉਨ੍ਹਾਂ ਨੂੰ ਥੋਕ ਵਿਚ ਵੋਟਾਂ ਮਿਲ ਜਾਂਦੀਆਂ ਹਨ। ਕੁਰਸੀ ਤੇ ਮਾਇਆ ਦੇ ਭੁੱਖੇ ਲੀਡਰਾਂ ਨੇ ਲੋਕਾਂ ਦੇ ਹਿੱਤਾਂ ਨੂੰ ਆਪਣੇ ਏਜੰਡੇ ‘ਚੋਂ ਖ਼ਾਰਜ ਕਰ ਦਿੱਤਾ ਹੈ।
ਅਖੌਤੀ ਬਾਬਾ ਵਾਦ ਪੈਦਾ ਕਰਨ ਲਈ ਸਾਡਾ ਸਮਾਜ ਵੀ ਜ਼ਿੰਮੇਵਾਰ ਹੈ। ਮਨੋਵਿਗਿਆਨੀਆਂ ਅਨੁਸਾਰ ਮਨੁੱਖ ਆਲੇ-ਦੁਆਲੇ ਦੀ ਉਪਜ ਹੈ। ਉਸ ਨੂੰ ਜਿਹੋ ਜਿਹਾ ਵਾਤਾਵਰਨ ਮਿਲੇਗਾ, ਉਹ ਉਹੋ ਜਿਹਾ ਬਣਦਾ ਜਾਏਗਾ। ਜੇਹੀ ਸੰਗਤ-ਤੇਹੀ ਰੰਗਤ। ਪੰਜਾਬ ਦੇ ਜ਼ਿਆਦਾ ਲੋਕ ਖੇਤੀ-ਬਾੜੀ ਨਾਲ ਸੰਬੰਧਿਤ ਹਨ। ਕਿਸਾਨ ਵੀਰ ਜਾਣਦੇ ਹਨ ਕਿ ਹਰੇ ਪੱਠਿਆਂ ਦਾ ਟਿੱਡਾ ਹਰਿਆ ਅਤੇ ਸੁੱਕੇ ਪੱਠਿਆਂ ਦਾ ਟਿੱਡਾ ਭੂਸਲੇ ਰੰਗ ਦਾ ਹੁੰਦਾ ਹੈ। ਇਹ ਸਭ ਵਾਤਾਵਰਨ ਦਾ ਅਸਰ ਹੈ।
ਬਚਪਨ ਤੋਂ ਲੈ ਕੇ ਅੱਜ ਤਕ ਜੋ ਕੁਝ ਵੀ ਆਲੇ-ਦੁਆਲੇ ਤੋਂ ਗ੍ਰਹਿਣ ਕੀਤਾ ਹੈ ਜਾਂ ਕੁਝ ਘਟਨਾਵਾਂ ਅੱਖੀਂ ਵੇਖੀਆਂ ਤੇ ਹੰਢਾਈਆਂ ਹਨ, ਉਨ੍ਹਾਂ ਦਾ ਜ਼ਿਕਰ ਅੱਗੇ ਕਰਾਂਗਾ। ਬਚਪਨ ਵਿਚ ਹੀ ਸਾਨੂੰ ਵਰ ਤੇ ਸਰਾਪਾਂ, ਕਰਾਮਾਤਾਂ ਅਤੇ ਕਲਪਿਤ ਕਹਾਣੀਆਂ ਸੁਣਾ-ਸੁਣਾ ਕੇ ਵਹਿਮੀ ਅਤੇ ਅੰਧਵਿਸ਼ਵਾਸੀ ਬਣਾ ਦਿੰਦੇ ਨੇ। ਬਚਪਨ ਵਿਚ ਸੁਣੀਆਂ ਚੰਗੀਆਂ-ਮਾੜੀਆਂ ਕਹਾਣੀਆਂ ਸਾਡੀ ਸੋਚ ਦਾ ਸਦੀਵੀ ਅੰਗ ਬਣ ਜਾਂਦੀਆਂ ਹਨ।
ਸਾਡੇ ਪਿੰਡ ਫਕੀਰ ਸ਼ਾਹ ਸੁਲੇਮਾਨ ਦੀ ਜਗ੍ਹਾ ਹੈ। ਜਿਸ ਬਾਰੇ ਬਚਪਨ ਵਿਚ ਬਜ਼ੁਰਗਾਂ ਤੋਂ ਸੁਣਿਆ ਕਿ ਜੇ ਕੋਈ ਚੋਰ ਪਿੰਡ ਵਿੱਚੋਂ ਚੋਰੀ ਕਰ ਕੇ ਪਿੰਡ ਦੀ ਹੱਦ ਪਾਰ ਕਰਦਾ ਹੈ ਤਾਂ ਅੰਨ੍ਹਾ ਹੋ ਜਾਂਦਾ ਹੈ। ਬਾਬੇ ਦੀ ਕਬਰ ਛੇ ਫੁੱਟ ਉੱਚੀ ਮਿੱਟੀ ਦੀ ਬਣੀ ਹੋਈ ਹੈ, ਜਿੱਥੇ ਅੰਧ-ਵਿਸ਼ਵਾਸੀ ਲੋਕ ਹਰ ਵੀਰਵਾਰ ਵਾਲੇ ਦਿਨ ਦੀਵਾ (ਚਿਰਾਗ) ਜਗਾਉਂਦੇ ਹਨ। ਕੱਚੀ ਕਬਰ ਵਿਚ ਦੀਵਾ ਰੱਖਣ ਲਈ ਦਵਾਖਾ ਵੀ ਬਣਿਆ ਹੋਇਆ ਸੀ। ਸ਼ਰਧਾਲੂ ਦੀਵਾ ਜਗਾ ਕੇ ਬਾਬੇ ਦੀ ਜਗ੍ਹਾ ਤੋਂ ਅਜੇ ਬਾਹਰ ਵੀ ਨਾ ਨਿਕਲਦਾ ਕਿ ਕੁੱਤਾ ਓਕੜੂ ਲਾ ਕੇ ਦੀਵਾ ਥੱਲੇ ਸੁੱਟ ਵੱਟੀ-ਤੇਲ ਚੱਟ ਕੇ ਰਾਹ ਪੈਂਦਾ। ਚੋਰ ਦੇ ਅੰਨ੍ਹੇ ਹੋਣ ਦੀ ਗੱਲ ਉਦੋਂ ਝੂਠ ਹੋ ਗਈ ਜਦੋਂ ਬਾਬੇ ਦੀ ਕਬਰ ਦਾ ਡੈੱਕ ਚੋਰੀ ਹੋ ਗਿਆ ਜੋ ਹਰ ਰੋਜ਼ ਅਵਾਜ਼ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੇ ਕੰਨ ਤੱਤੇ ਕਰਦਾ ਸੀ।
੧੯੬੪ ਵਿਚ ਮੈਂ ਅਧਿਆਪਕ ਬਣ ਕੇ ਇਕ ਪਿੰਡ ਗਿਆ। ਜਨਵਰੀ ਤੋਂ ਮਾਰਚ ਤਕ ਛੇ ਸਾਲ ਦੇ ਪਿੰਡ ਦੇ ਬੱਚਿਆਂ ਦੀ ਲਿਸਟ ਬਣਾਉਣੀ ਹੁੰਦੀ ਹੈ ਜਿਨ੍ਹਾਂ ਨੂੰ ਲਾਜ਼ਮੀ ਵਿੱਦਿਆ ਦੇ ਕਾਨੂੰਨ ਅਨੁਸਾਰ ਅਪ੍ਰੈਲ ਵਿਚ ਦਾਖ਼ਲ ਕਰਨਾ ਹੁੰਦਾ ਹੈ। ਬੱਚਿਆਂ ਦੀ ਸੂਚੀ ਲਿਖਦਾ ਲਿਖਦਾ ਮੈਂ ਇਕ ਘਰ ਗਿਆ ਤੇ ਉਸ ਘਰ ਦੇ ਮੁਖੀ ਨੂੰ ਕਿਹਾ ਕਿ, “ਆਪਣੇ ਛੇ ਸਾਲ ਦੇ ਮੁੰਡੇ ਦਾ ਨਾਂ ਲਿਖਾਓ।” ਮਾਯੂਸ ਚਿਹਰੇ ਵਾਲੇ ਮੁਖੀ ਨੇ ਕਿਹਾ, “ਮਾਸਟਰ ਜੀ ! ਮੇਰੇ ਘਰ ਤਾਂ ਛੇ ਲੜਕੀਆਂ ਹਨ, ਲੜਕਾ ਕੋਈ ਨਹੀਂ।” ਮੈਂ ਸਹਿਵਨ ਹੀ ਕਹਿ ਦਿੱਤਾ, “ਕੋਈ ਗੱਲ ਨਹੀਂ ਵਾਹਿਗੁਰੂ ਲੜਕਾ ਵੀ ਦੇਵੇਗਾ।” ਕੁਦਰਤੀ ਉਸ ਦੇ ਘਰ ਲੜਕਾ ਹੋਇਆ। ਲੜਕਾ ਹੋਣ ਪਿੱਛੋਂ ਉਹ ਵਿਅਕਤੀ ਝੱਟ ਮੇਰੇ ਕੋਲ ਸਕੂਲ ਆ ਗਿਆ ਤੇ ਮੇਰੇ ਪੈਰੀਂ ਹੱਥ ਲਾਈ ਜਾਵੇ। ਮੈਂ ਕਿਹਾ, “ਵੀਰ ਜੀ ਕੀ ਗੱਲ ਹੋ ਗਈ, ਤੁਸੀਂ ਮੇਰੇ ਪੈਰੀ ਹੱਥ ਲਾਈ ਜਾਂਦੇ ਹੋ? ਉਸ ਨੇ ਲੜਕਾ ਹੋਣ ਦੀ ਗੱਲ ਦੱਸੀ ਕਿ ਤੁਹਾਡੇ ਆਸ਼ੀਰਵਾਦ ਨਾਲ ਮੇਰੇ ਘਰ ਲੜਕਾ ਹੋਇਆ ਹੈ। ਮੈਂ ਤੁਹਾਡੀ ਸੇਵਾ ਕਰਨੀ ਹੈ। ਮੈਂ ਕਿਹਾ, “ਵੀਰ! ਮੈਂ ਤਾਂ ਐਵੇਂ ਸ਼ੁਭ ਇੱਛਾ ਵਜੋਂ ਸਹਿਵਨ ਹੀ ਕਹਿ ਦਿੱਤਾ ਸੀ। ਮੈਂ ਕਿਹੜਾ ਕੋਈ ਕਰਾਮਾਤੀ ਬਾਬਾ ਹਾਂ। ਇਹ ਤਾਂ ਉਸ ਵਾਹਿਗੁਰੂ ਦੀ ਬਖ਼ਸ਼ਿਸ਼ ਹੈ, ਪਰ ਉਸ ਨੇ ਬਦੋਬਦੀ ਸਾਰੇ ਸਟਾਫ਼ ਨੂੰ ਘਰ ਬੁਲਾ ਕੇ ਚਾਹ-ਪਾਣੀ ਨਾਲ ਸੇਵਾ ਕੀਤੀ। ਮੈਨੂੰ ਤਾਂ ਉਸ ਨੇ ਆਪਣੇ ਲੜਕੇ ਦੇ ਮੰਗਣੇ ਅਤੇ ਵਿਆਹ ’ਤੇ ਵੀ ਸੱਦਿਆ। ਇੰਜ ਬਣਦੇ ਨੇ ਬਾਬੇ।
ਇਹ ਗੱਲ ੧੯੫੮-੫੯ ਈ. ਦੀ ਹੈ। ਸਾਡੇ ਇਲਾਕੇ ਦੇ ਇਕ ਗਰਾਮ-ਸੇਵਕ ਦੀ ਸ਼ਾਦੀ ਹੋਈ। ਉਸ ਦੇ ਸਹੁਰਿਆਂ ਨੇ ਤਿੰਨ ਤੋਲੇ ਦਾ ਕੜਾ ਤੇ ਇਕ ਤੋਲੇ ਦੀ ਛਾਪ (ਮੁੰਦਰੀ) ਪਾਈ। ਪਿੰਡ ਭਕਨਾ ਦੇ ਬਾਹਰ ਵਾਰ ਨਿੱਕੀ ਇੱਟ ਦੀਆਂ ਬਣੀਆਂ ਪੁਰਾਣੀਆਂ ਸਮਾਧਾਂ ’ਤੇ ਇਕ ਅਖੌਤੀ ‘ਬਾਬਾ’ ਰਹਿੰਦਾ ਸੀ। ਗਰਾਮ-ਸੇਵਕ ਉਸ ਦਾ ਸ਼ਰਧਾਲੂ ਬਣ ਗਿਆ। ਉਸ ਦਾ ਮੋਟਾ ਕੜਾ ਤੇ ਮੁੰਦਰੀ ਵੇਖ ਕੇ ਅਖੌਤੀ ਬਾਬੇ ਦੇ ਮਨ ਵਿਚ ਲਾਲਚ ਆ ਗਿਆ। ਉਸ ਨੇ ਗਰਾਮ-ਸੇਵਕ ਨੂੰ ਕਿਹਾ, “ਮੈਂ ਤੇਰਾ ਸੋਨਾ ਦੁਗਣਾ ਕਰ ਸਕਦਾ ਹਾਂ। ਦੁਗਣੇ ਸੋਨੇ ਦੇ ਲਾਲਚ ਵਿਚ ਗਰਾਮ-ਸੇਵਕ ਨੇ ਕੜਾ ਤੇ ਛਾਪ ਬਾਬੇ ਨੂੰ ਦੇ ਦਿੱਤੇ। ਗਰਾਮ-ਸੇਵਕ ਨੂੰ ਅਖੌਤੀ ਬਾਬੇ ਨੇ ਅੱਠ ਦਿਨਾਂ ਬਾਅਦ ਦੁਗਣਾ ਸੋਨਾ ਲੈ ਜਾਣ ਲਈ ਕਿਹਾ। ਅੱਠ ਦਿਨ ਬਾਅਦ ਗਰਾਮ-ਸੇਵਕ ਆਇਆ ਤਾਂ ਸੋਨਾ ‘ਦੁਗਣਾ’ ਹੋਣ ਦੀ ਖੁਸ਼ੀ ਵਿਚ ਉਸ ਨੂੰ ਖੁਆ-ਪਿਆ ਕੇ ਮਾਰ ਦਿੱਤਾ ਤੇ ਪਹਿਲਾਂ ਤੋਂ ਹੀ ਜ਼ਮੀਨ ਪੁੱਟੇ ਹੋਏ ਟੋਏ ਵਿਚ ਦੱਬ ਕੇ ਉੱਤੇ ਫੁੱਲ ਬੂਟੇ ਲਗਾ ਦਿੱਤੇ। ਗਰਾਮ-ਸੇਵਕ ਜਦੋਂ ਘਰ ਨਾ ਮੁੜਿਆ ਤਾਂ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਪਾਸ ਪਤਾ ਕਰਨ ਤੇ ਜਦ ਕਿਤਿਓਂ ਨਾ ਲੱਭਾ ਤਾਂ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ। ਘਰ ਵਾਲਿਆਂ ਨੇ ਪੁੱਤਰ ਦੇ ਜਿਉਂਦੇ ਹੋਣ ਦੀ ਆਸ ਛੱਡ ਦਿੱਤੀ।
ਚਾਰ ਪੰਜ ਮਹੀਨੇ ਬਾਅਦ ਅਖੌਤੀ ਬਾਬਾ ਗੱਲ ਰਫ਼ਾ-ਦਫ਼ਾ ਹੋਈ ਸਮਝ ਕੇ ਕੜਾ ਤੇ ਛਾਪ ਕੁਦਰਤੀ ਉਸੇ ਸੁਨਿਆਰੇ ਕੋਲ ਵੇਚਣ ਚਲਾ ਗਿਆ, ਜਿੱਥੋਂ ਗਰਾਮ-ਸੇਵਕ ਦੇ ਸਹੁਰਿਆਂ ਨੇ ਬਣਵਾਏ ਸਨ। ਸੁਨਿਆਰੇ ਨੇ ਬਾਬੇ ਕੋਲੋਂ ਕੜਾ ਤੇ ਛਾਪ ਲੈ ਕੇ ਅਗਲੇ ਦਿਨ ਪੈਸੇ ਲੈ ਜਾਣ ਦਾ ਇਕਰਾਰ ਕੀਤਾ ਤੇ ਨਾਲ ਹੀ ਗਰਾਮ-ਸੇਵਕ ਦੇ ਸਹੁਰਿਆਂ ਨੂੰ ਦੱਸ ਦਿੱਤਾ। ਉਨ੍ਹਾਂ ਪੁਲਿਸ ਨਾਲ ਲੈ ਕੇ ਉਸ ਅਖੌਤੀ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਤੇ ਗਰਾਮ-ਸੇਵਕ ਦੀ ਗਲੀ-ਸੜੀ ਲਾਸ਼ ਕਢਾਈ ਅਤੇ ਥਾਣੇ ਹਵਾਲਾਤ ਵਿਚ ਬੰਦ ਕਰ ਦਿੱਤਾ। ਅਖੌਤੀ ‘ਬਾਬਾ’ ਉਸੇ ਰਾਤ ਕੁਝ ਖਾ ਕੇ ਖ਼ੁਦਕੁਸ਼ੀ ਕਰ ਗਿਆ।
੧੯੬੯ ਈ. ਵਿਚ ਪਿਤਾ ਜੀ ਗੁਜਰ ਜਾਣ ਤੋਂ ਬਾਅਦ ਸਭ ਤੋਂ ਵੱਡਾ ਹੋਣ ਕਰਕੇ ਦੋ ਨਬਾਲਗ ਭਰਾਵਾਂ, ਇਕ ਭੈਣ ਅਤੇ ਮੇਰੇ ਪਰਵਾਰ ਦੀ ਜ਼ਿੰਮੇਵਾਰੀ ਮੇਰੇ ਸਿਰ ਆ ਪਿਆ। ਇਹ ਜ਼ਿੰਮੇਵਾਰੀ ਚੁੱਕਣ ਲਈ ਮੈਨੂੰ ਬੜੀ ਸਖ਼ਤ ਮਿਹਨਤ ਕਰਨੀ ਪਈ। ਦਿਨ ਵੇਲੇ ਸਕੂਲ ਜਾਣਾ ਤੇ ਰਾਤ ਨੂੰ ਕਣਕ ਕੱਢਣ ਲਈ ਕਾਮਿਆਂ ਨੂੰ ਨਾਲ ਲੈ ਕੇ ਸਾਰੀ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਥਰੈਸ਼ਰ (ਕਣਕ ਕੱਢਣ ਵਾਲੀ ਮਸ਼ੀਨ) ਚਲਾਉਣਾ। ਰਾਤ ਨੂੰ ਦੋ ਵਾਰ ਕਾਮਿਆਂ ਨੂੰ ਚਾਹ ਪਿਆ ਕੇ ਉਨ੍ਹਾਂ ਨੂੰ ਚੇਤਨ ਕਰਨਾ ਕਿ ਨੀਂਦਰੇ ਵਿਚ ਕਿਤੇ ਥਰੈਸ਼ਰ ਵਿਚ ਹੱਥ ਨਾ ਦੇ ਬਹਿਣ।
ਇਕ ਦਿਨ ਸਵੇਰੇ ਅੱਠ ਵਜੇ ਬਿਜਲੀ ਚਲੀ ਜਾਣ ਕਰਕੇ ਕਾਮਿਆਂ ਸਮੇਤ ਚਾਹ ਪੀ ਰਿਹਾ ਸੀ ਤਾਂ ਇਕ ਹੱਟਾ-ਕੱਟਾ ਅਖੌਤੀ ਬਾਬਾ ਖੁਰਜੀਆਂ ਸਮੇਤ ਭਗਵੇਂ ਕੱਪੜੇ ਪਹਿਨੀਂ ਆਣ ਹਾਜ਼ਰ ਹੋਇਆ ਤੇ ਖੁਰਜੀਆਂ ਵਿੱਚੋਂ ਸਵਾ ਮਣ ਦਾਣੇ ਪੈ ਜਾਣ ਵਾਲਾ ਬਾਲਟਾ ਕੱਢ ਕੇ ਕਣਕ ਦੇ ਦਾਨ ਦੀ ਮੰਗ ਕੀਤੀ। ਨਾਲ ਹੀ ਇਕ ਗਿੱਦੜ-ਸਿੰਙੀ ਮੈਨੂੰ ਦਿੱਤੀ ਕਿ ਤੇਰੇ ਸਾਰੇ ਕੰਮ ਹੋ ਜਾਇਆ ਕਰਨਗੇ। ਮੈਂ ਕਿਹਾ, “ਬਾਬਾ ! । ਤਨਖ਼ਾਹ ਤੇ ਖੇਤੀ ਦੀ ਆਮਦਨ ਤੋਂ ਬਗ਼ੈਰ ਇਸ ਗਿੱਦੜ-ਸਿੰਙੀ ਨਾਲ ਮੈਨੂੰ ਕੋਈ ਵਾਧੂ ਆਮਦਨ ਹੋ ਗਈ ਤਾਂ ਅੱਧ ਤੇਰਾ, ਅੱਧ ਮੇਰਾ। ਪਰ ਬਾਬਾ ਮੈਥੋਂ ਬਾਲਟਾ ਭਰ ਕੇ ਦਾਣੇ ਮੰਗੇ। ਮੈਂ ਕਿਹਾ, ਬਾਬਾ! ਆਹ ਚਾਰ ਕਾਮੇ ਸਾਰੀ ਰਾਤ ਜਾਗ ਕੇ ਮੇਰੇ ਨਾਲ ਕਣਕ ਕੱਢ ਰਹੇ ਨੇ ਤੇ ਮੈਂ ਆਪ ਜਾਗ ਕੇ ਇਨ੍ਹਾਂ ਨਾਲ ਕੰਮ ਕਰ ਰਿਹਾ ਹਾਂ। ਮੈਂ ਇਨ੍ਹਾਂ ਨੂੰ ਰੋਟੀ-ਚਾਹ ਸਮੇਤ ਸਾਰੀ ਰਾਤ ਦਾ ਇੱਕ ਪੀਪਾ ਕਣਕ ਦੇਣੀ ਹੈ। ਤੂੰ ਰਾਤ ਖਾ-ਪੀ ਕੇ ਸੁੱਤਾ ਰਿਹਾ ਹੋਵੇਂਗਾ ਤੇ ਹੁਣ ਮੰਗਣ ਆ ਗਿਐਂ। ਮੈਂ ਤੈਨੂੰ ਵਿਹਲੜ ਠੱਗ ਨੂੰ ਥਾਣੇ ਫੜਾਉਂਦਾ ਹਾਂ। ਨਾਲ ਹੀ ਮੈਂ ਆਪਣੇ ਕਾਕੇ ਨੂੰ ਸਕੂਟਰ ਲਿਆਉਣ ਨੂੰ ਕਿਹਾ, ਤਾਂਕਿ ਠੱਗ ਬਾਬੇ ਨੂੰ ਸਕੂਟਰ ’ਤੇ ਬਿਠਾ ਕੇ ਥਾਣੇ ਫੜਾਇਆ ਜਾਵੇ। ਸਾਡੇ ਪਿੰਡ ਦਾ ਥਾਣਾ ਵੀ ਇੱਕ ਕਿਲੋਮੀਟਰ ਦੀ ਵਿੱਥ ‘ਤੇ ਦਿਸ ਰਿਹਾ ਸੀ। ਡਰਦਾ ਮਾਰਾ ਠੱਗ ਬਾਬਾ ਮੁਆਫੀ ਮੰਗ ਕੇ ਛੁੱਟਾ।
ਸਾਡਾ ਅੰਧਵਿਸ਼ਵਾਸੀ ਸਮਾਜ ਰੂਪੀ ਸਰੀਰ ਇਕ ਜ਼ਖ਼ਮ ਬਣ ਚੁੱਕਾ ਹੈ, ਜਿਸ ਵਿਚ ਇਹ ਪਖੰਡੀ ਸਾਧ ਰੂਪੀ ਕੀੜੇ ਪਲ ਰਹੇ ਨੇ। ਜਿੰਨਾ ਚਿਰ ਇਸ ਅੰਧ-ਵਿਸ਼ਵਾਸੀ ਸਮਾਜ ਗੁਰਬਾਣੀ ਦੇ ਪ੍ਰਚਾਰ ਰਾਹੀਂ ਵਿਗਿਆਨਕ ਸੋਚ ’ਤੇ ਵਿੱਦਿਆ ਤੇ ਬੁਧ-ਬਿਬੇਕ ਪੈਦਾ ਨਾ ਕੀਤੀ ਤਾਂ ਓਨਾ ਚਿਰ ਸਮਾਜ ਰੂਪੀ ਜ਼ਖ਼ਮ ਵਿਚ ਵਿਹਲੜ ਪਖੰਡੀ-ਬਾਬੇ ਰੂਪੀ ਕੀੜੇ ਪਲਦੇ ਹੀ ਰਹਿਣਗੇ।
ਸਾਡੇ ਦੁੱਖਾਂ, ਮੁਸੀਬਤਾਂ ਦਾ ਹੱਲ ਕਿਸੇ ਅਖੌਤੀ ਬਾਬੇ ਕੋਲ ਨਹੀਂ, ਬਲਕਿ ਸਾਡੇ ਰੋਸ਼ਨ-ਦਿਮਾਗ ਦੀ ਤਾਕਤ ਅਤੇ ਹੱਥੀਂ ਕੀਤੀ ਕਮਾਈ ਦੀ ਤਾਕਤ ਰਾਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ ਦਾ ਮਹਾਨ ਫ਼ਲਸਫ਼ਾ ਦਿੱਤਾ ਹੈ। ਇਸ ਵਿਚ ਕਿਰਤ ਕਰਨ ਵਾਲਾ ਸੁਨਹਿਰੀ ਅਸੂਲ ਹੈ। ਜੇ ਕਿਰਤ ਕਰਾਂਗੇ ਤਾਂ ਹੀ ਲੋੜਵੰਦਾਂ ਨੂੰ ਦਸਵੰਧ ਦੇ ਸਕਾਂਗੇ; ਵਿਹਲੇ ਪਖੰਡੀ ਤੇ ਵਿਭਚਾਰੀ ਬਦਮਾਸ਼ ਬਾਬਿਆਂ ਨੂੰ ਖ਼ੂਨ-ਪਸੀਨੇ ਦੀ ਕਮਾਈ ਲੁਟਾ ਕੇ ਨਹੀਂ।
ਗੁਰੂ ਸਾਹਿਬਾਨ ਨੇ ਸਾਨੂੰ ਕਿਰਤ ਕਰਨ ਤੇ ਬੁੱਧ-ਬਿਬੇਕ ਦੇ ਲੜ ਲਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦੀ ਇਨਸਾਨੀਅਤ ਵਾਸਤੇ ਚਾਨਣ-ਮੁਨਾਰਾ ਹਨ। ਸਾਰੀ ਦੁਨੀਆ ਦਾ ਕਲਿਆਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵਿਚ ਵਿਦਮਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੀ ਇਨਸਾਨੀਅਤ ਨੂੰ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਸਨ, ਤਾਂ ਕਿ ਅਸੀਂ ਦੇਹਧਾਰੀ ਪਖੰਡੀ ਬਾਬਿਆਂ ਤੋਂ ਬਚੇ ਰਹੀਏ। ਦਸ ਗੁਰੂ ਸਾਹਿਬਾਨ ਸਾਰੀ ਮਨੁੱਖਤਾ ਦੇ ਗੁਰੂ ਹਨ। ਗੁਰੂ ਸਾਹਿਬਾਨ ਬੜੇ ਵੱਡੇ ਮਨੋਵਿਗਿਆਨੀ ਸਨ। ਉਨ੍ਹਾਂ ਨੇ ਲੋਕਾਈ ਨੂੰ ਦੱਸਿਆ ਕਿ ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਅਤੇ ਔਰਤ ਈਮਾਨ ਹੈ। ਇਸੇ ਲਈ ਸਿੱਖ ਧਰਮ ਵਿਚ ਗ੍ਰਹਿਸਥ ਨੂੰ ਵੱਡਾ ਦਰਜਾ ਦਿੱਤਾ ਗਿਆ ਹੈ। ਇਸਤਰੀ ਤੋਂ ਬਗ਼ੈਰ ਆਦਮੀ ਦਾ ਮਨ ਡੋਲਣੋਂ ਨਹੀਂ ਰਹਿ ਸਕਦਾ। ਇਸੇ ਕਰਕੇ ਅਖੌਤੀ ‘ਬ੍ਰਹਮਚਾਰੀ ਬਾਬੇ’ ਅੱਜ ਬਲਾਤਕਾਰੀ ਦੇ ਰੂਪ ਵਿਚ ਜ਼ਾਹਰ ਹੋ ਰਹੇ ਨੇ।
ਇਨ੍ਹਾਂ ਅਖੌਤੀ ‘ਬਾਬਿਆਂ ਦੀ ਗ੍ਰਿਫ਼ਤ ਵਿੱਚੋਂ ਭੋਲੀ-ਭਾਲੀ ਜਨਤਾ ਨੂੰ ਕੱਢਣ ਦਾ ਇੱਕੋ ਹੀ ਤਰੀਕਾ ਹੈ ਕਿ ਲੋਕਾਂ ਨੂੰ ਗੁਰਬਾਣੀ ਰਾਹੀਂ ਬਿਬੇਕ-ਬੁੱਧ ਦੇ ਧਾਰਨੀ ਬਣਾਇਆ ਜਾਵੇ। ਇਸ ਤਰ੍ਹਾਂ ਇਹ ਵਰ-ਸਰਾਪ ਦੇਣ ਵਾਲੇ ਤੇ ਅਖੌਤੀ ਕਰਾਮਾਤੀ ਬਾਬੇ ਆਪਣੇ ਆਪ ਖ਼ਤਮ ਹੋ ਜਾਣਗੇ। ਸਿੱਖ ਧਰਮ ਵਿਚ ਵਰ-ਸਰਾਪ ਤੇ ਕਰਾਮਾਤ ਦੀ ਕੋਈ ਜਗ੍ਹਾ ਨਹੀਂ ਹੈ। ਪਹਿਲਾਂ ਮਾਪੇ, ਅਧਿਆਪਕ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਲੀਡਰ ਆਪ ਅੰਧ-ਵਿਸ਼ਵਾਸਾਂ, ਗੱਦੀ ਦੀ ਭੁੱਖ ’ਤੇ ਮਾਇਆ ਦੇ ਮਕੱੜ-ਜਾਲ ਵਿੱਚੋਂ ਆਪ ਨਿਕਲ ਕੇ ਆਉਣ ਵਾਲੀ ਪੀੜ੍ਹੀ ਨੂੰ ਯੋਗ ਅਗਵਾਈ ਦੇਣ, ਪਿੰਡ ਵਿਚ ਗਰੀਬ ਲੋਕਾਂ ਦੇ ਬੱਚਿਆਂ ਲਈ ਮੁਫ਼ਤ ਸਕੂਲ ਕਾਲਜ ਖੋਲੇ ਜਾਣ। ਗਰੀਬਾਂ ਵਾਸਤੇ ਮੁਫ਼ਤ ਇਲਾਜ ਲਈ ਹਸਪਤਾਲ ਖੋਲ੍ਹ ਕੇ ਡਾਕਟਰ ਗ਼ਰੀਬ ਲੋਕਾਂ ਨੂੰ ਦੱਸਣ ਕਿ ਤੁਹਾਡੇ ਸਰੀਰ ਦਾ ਇਲਾਜ ਡਾਕਟਰੀ ਹੈ, ਨਾ ਕਿ ਅਖੌਤੀ ਝੂਠੇ ਕਰਾਮਾਤੀ ਬਾਬਿਆਂ ਦੇ ਜਾਦੂ ਟੂਣਿਆਂ ਵਿਚ।
ਜਿਸ ਇਸਤਰੀ ਦੀ ਔਲਾਦ ਨਾ ਹੋਵੇ ਅਖੌਤੀ ‘ਬਾਬੇ’ ਉਸ ਨੂੰ ਪੀਰਾਂ ਦੀਆਂ ਕਬਰਾਂ ‘ਤੇ ਚੂਰਮੇ ਚੜਾਉਣ, ਨਾਰੀਅਲ ਨੂੰ ਕਾਲੇ ਕੱਪੜੇ ਵਿਚ ਲਪੇਟ ਕੇ ਮੌਲੀ ਨਾਲ ਬੰਨ੍ਹ ਕੇ ਸਵਾ ਰੁਪਿਆ ਰੱਖਣ ਆਦਿ ਜਾਦੂ-ਟੂਣੇ ਲਈ ਕਹਿੰਦੇ ਹਨ। ਇਕ ਵਾਰ ਦੀ ਗੱਲ ਹੈ ਕਿ ਕੋਈ ਸਾਡੀ ਬੰਬੀ ‘ਤੇ ਅੱਧਾ ਗਜ ਕਾਲਾ ਕੱਪੜਾ, ਨਾਰੀਅਲ ਤੇ ਸਵਾ ਰੁਪਿਆ ਰੱਖ ਕੇ ਟੂਣਾ ਕਰ ਗਿਆ। ਮੈਂ ਤੇ ਮੇਰਾ ਛੋਟਾ ਭਰਾ ਸਵੇਰੇ-ਸਵੱਖਤੇ ਬੰਬੀ ’ਤੇ ਗਏ। ਇਹ ਸਾਰੀਆਂ ਚੀਜਾਂ ਅਤੇ ਸਵਾ ਰੁਪਿਆ ਘਰ ਲੈ ਆਏ। ਨਾਰੀਅਲ ਨੂੰ ਚੰਗੀ ਤਰ੍ਹਾਂ ਚੈੱਕ ਕਰ ਕੇ ਛਿੱਲ ਕੇ ਤੇ ਭੰਨ ਕੇ ਸਾਰੇ ਟੱਬਰ ਨੇ ਖਾਧਾ ਅਤੇ ਕਾਲੇ ਕੱਪੜੇ ਦੀਆਂ ਫਿਫਟੀਆਂ ਬਣਾ ਲਈਆਂ। ਸਵਾ ਰੁਪਏ ਦੀ ਮੁੰਗਫਲੀ ਮੰਗਵਾ ਕੇ ਖਾਧੀ। ਅੱਜ ਅੱਸੀ ਸਾਲ ਦੀ ਉਮਰ ਵਿਚ ਵੀ ਮੈਂ ਤੰਦਰੁਸਤ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹਾਂ। ਕਹਿਣ ਦਾ ਭਾਵ ਇਹ ਕਿ ਜਾਦੂ-ਟੂਣੇ ਸਿਰਫ ਪਖੰਡ ਹੈ। ਬਲਵਾਨ ਮਾਨਸਿਕਤਾ ਉੱਪਰ ਇਸ ਦਾ ਕੋਈ ਅਸਰ ਨਹੀਂ।
ਸਿੱਖ ਧਰਮ ਵਿਚ ਵਰ-ਸਰਾਪ, ਕਰਾਮਾਤਾਂ, ਕਬਰਾਂ ਤੇ ਦੇਹਧਾਰੀ ਪਖੰਡੀ ਬਾਬਿਆਂ ਨੂੰ ਪੂਜਣ ਦੀ ਥਾਂ ਨਹੀਂ। ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਚੱਲ ਕੇ ਵਿੱਦਿਆ ਤੇ ਵਿਗਿਆਨਿਕ ਸੋਚ ਦਾ ਪ੍ਰਚਾਰ ਕਰ ਕੇ ਇਨ੍ਹਾਂ ਵਿਰੁੱਧ ਡਟ ਜਾਣਾ ਚਾਹੀਦਾ ਹੈ।
