ਅੰਮ੍ਰਿਤਸਰ-ਅਗਸਤ 2025 ਵਿੱਚ ਅਜਨਾਲਾ ਇਲਾਕੇ ਦੀ ਦਰਿਆਈ ਪੱਟੀ ਵਿੱਚ ਆਈ ਭਿਆਨਕ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਮਨੁੱਖਤਾ ਦੇ ਨਾਤੇ ਕੁੱਲ ₹20,04,829.90/- (ਵੀਹ ਲੱਖ ਚਾਰ ਹਜ਼ਾਰ ਅੱਠ ਸੌ ਉਣੱਤੀ ਰੁਪਏ ਨੱਬੇ ਪੈਸੇ) ਜਾਰੀ ਕੀਤੇ ਗਏ ਹਨ। ਇਹ ਰਕਮ 10 ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਦੁੱਖਦਾਈ ਹੜ੍ਹ ਘਟਨਾ ਵਿੱਚ ਮੌਤ ਹੋ ਗਈ ਸੀ। ਹਰ ਪਰਿਵਾਰ ਨੂੰ ₹2,00,482.99/- (ਦੋ ਲੱਖ ਚਾਰ ਸੌ ਬਿਆਸੀ ਰੁਪਏ ਨੰਵੇਂ ਪੈਸੇ) ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਇਹ ਰਕਮ ਸੈਸ਼ਨ ਡਿਵਿਜ਼ਨ ਅੰਮ੍ਰਿਤਸਰ ਦੇ ਸਾਰੇ ਨਿਆਂਇਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਵੈਛਿਕ ਯੋਗਦਾਨ ਦੇ ਰੂਪ ਵਿੱਚ ਇਕੱਠੀ ਕੀਤੀ ਗਈ। ਇਕੱਠੀ ਕੀਤੀ ਗਈ ਰਕਮ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਨੂੰ ਭੇਜੀ ਗਈ, ਤਾਂ ਜੋ ਮ੍ਰਿਤਕਾਂ ਦੇ ਕਾਨੂੰਨੀ ਵਾਰਸਾਂ ਵਿੱਚ ਇਸ ਦੀ ਵੰਡ ਕੀਤੀ ਜਾ ਸਕੇ।
ਹਰ ਯੋਗ ਪਰਿਵਾਰ ਨੂੰ ਇਹ ਆਰਥਿਕ ਸਹਾਇਤਾ ਉਨ੍ਹਾਂ ਦੇ ਨੁਕਸਾਨ ਤੋਂ ਉਬਰਣ ਅਤੇ ਉਨ੍ਹਾਂ ਦੀ ਤੁਰੰਤ ਜ਼ਰੂਰਤਾਂ ਅਤੇ ਪੁਨਰਵਾਸ ਲਈ ਪ੍ਰਦਾਨ ਕੀਤੀ ਗਈ ਹੈ। ਆਰਥਿਕ ਸਹਾਇਤਾ ਤੋਂ ਇਲਾਵਾ, ਹੜ੍ਹ ਦੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕਰਕੇ ਸੁੱਕਾ ਰਾਸ਼ਨ, ਪਸ਼ੂਆਂ ਲਈ ਚਾਰਾ, ਮੈਡੀਕਲ ਕਿੱਟਾਂ ਅਤੇ ਹੋਰ ਜ਼ਰੂਰੀ ਸਾਮਾਨ ਵੀ ਵੰਡਿਆ ਗਿਆ।
ਇਹ ਸਮਾਗਮ ਮਾਣਯੋਗ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜੀ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਐਗਜ਼ਿਕਿਊਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਅਤੇ ਮਾਣਯੋਗ ਜਸਟਿਸ ਰੋਹਿਤ ਕਪੂਰ ਜੀ, ਪ੍ਰਸ਼ਾਸਕੀ ਜੱਜ, ਸੈਸ਼ਨ ਡਿਵਿਜ਼ਨ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ।
ਇਸ ਮੌਕੇ ਚੈਕਾਂ ਦੀ ਵੰਡ ਮਿਸ ਜਤੀੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਵੱਲੋਂ ਕੀਤੀ ਗਈ। ਇਸ ਮੌਕੇ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਅਧਿਕਾਰੀ ਵੀ ਮੌਜੂਦ ਸਨ। ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਯਤਨਾਂ ਦੀ ਵਿਸ਼ੇਸ਼ ਸਰਾਹਨਾ ਕੀਤੀ ਗਈ, ਜਿਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਕਰਕੇ ਸਮੇਂ ਸਿਰ ਮਦਦ ਰਕਮ ਵੰਡਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਇਹ ਦੁਹਰਾਇਆ ਗਿਆ ਕਿ ਸੰਕਟ ਦੇ ਸਮੇਂ ਉਹ ਹਮੇਸ਼ਾਂ ਪ੍ਰਭਾਵਿਤ ਅਤੇ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਵਚਨਬੱਧ ਰਹਿਣਗੇ।
