-ਡਾ. ਬਲਵੰਤ ਸਿੰਘ
ਸਿੱਖ ਪੰਥ ਦੀ ਯੁੱਧ-ਨੀਤੀ ਤੇ ਜੰਗੀ ਵਿਵਹਾਰ ਸਿੱਖ ਗੁਰੂ ਸਾਹਿਬਾਨ ਦੇ ਅਧਿਆਤਮਕ ਚਿੰਤਨ ਤੇ ਵਿਵਹਾਰਕ ਤਜਰਬੇ ਉੱਪਰ ਆਧਾਰਿਤ ਸੀ। ਬਾਬਰ ਦੇ ਭਾਰਤ ਉੱਪਰ ਹਮਲਿਆਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀਕਰਮ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਖ਼ੂਨ-ਖਰਾਬੇ ਤੇ ਜੰਗ ਨੂੰ ਨਾ-ਪਸੰਦ ਕਰਦੇ ਸਨ। ਬੇਸ਼ਕ ਉਹ ਸਮਾਜ ਵਿਚ ਅਮਨ-ਸ਼ਾਂਤੀ, ਪ੍ਰੇਮ-ਪਿਆਰ ਤੇ ਸਦਭਾਵਨਾ ਦੇ ਹਮਾਇਤੀ ਸਨ ਪਰ ਇਸ ਦਾ ਇਹ ਭਾਵ ਹਰਗਿਜ਼ ਨਹੀਂ ਕਿ ਉਹ ਬਦੀ ਦੀਆਂ ਤਾਕਤਾਂ ਨਾਲ ਸਮਝੌਤਾਵਾਦੀ ਰੁਚੀ ਅਧੀਨ ਜ਼ਬਰ, ਜ਼ੁਲਮ, ਅੱਤਿਆਚਾਰ ਤੇ ਬੇ-ਇਨਸਾਫੀ ਨੂੰ ਚੁੱਪ-ਚਾਪ ਸਹਿਣ ਕਰਨ ਦੀ ਸਿੱਖਿਆ ਦਿੰਦੇ ਸਨ। ਉਹ ਮਨੁੱਖ ਨੂੰ ਅਣਖ ਤੇ ਸਵੈਮਾਣ ਨਾਲ ਜੀਵਨ ਬਸਰ ਕਰਨ ਦਾ ਸਬਕ ਦਿੰਦੇ ਸਨ। ਇਸ ਮਕਸਦ ਲਈ ਉਹ ਬਦੀ ਨਾਲ ਸਮਝੌਤਾ ਨਹੀਂ ਬਲਕਿ ਸੰਘਰਸ਼ ਦੇ ਮੁਦਈ ਸਨ। ਉਨ੍ਹਾਂ ਹਾਕਮ ਸ਼੍ਰੇਣੀ ਦੇ ਪਰਜਾ ਉੱਪਰ ਅੱਤਿਆਚਾਰਾਂ ਵਿਰੁੱਧ ਅਵਾਜ਼ ਵੀ ਬੁਲੰਦ ਕੀਤੀ ਅਤੇ ਸਮਾਜ ਦੇ ਕਲਿਆਣ ਤੇ ਮਾਨਵੀ ਕਦਰਾਂ-ਕੀਮਤਾਂ ਦੀ ਰਾਖੀ ਹਿਤ ਆਪਾ ਕੁਰਬਾਨ ਕਰਨ ਨੂੰ ਜਾਇਜ਼ ਠਹਿਰਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦ ਸਿੱਖ ਪੰਥ ਨੂੰ ਸੈਨਿਕ ਸ਼ਕਤੀ ਵਿਚ ਸੰਗਠਿਤ ਕੀਤਾ ਤਾਂ ਇਸ ਦਾ ਮੁੱਖ ਉਦੇਸ਼ ‘ਸ਼ਸਤਰ ਰੱਖਿਆ ਜਰਵਾਣੇ ਦੀ ਭੱਖਿਆ’ ਨਿਸ਼ਚਿਤ ਕੀਤਾ ਸੀ। ਭਾਵ ਸਵੈ-ਰੱਖਿਆ ਲਈ ਅਤੇ ਰਾਜਨੀਤਿਕ ਮਾਹੌਲ ਵਿਚ ਭਾਈ ਗੁਰਦਾਸ ਜੀ ਨੇ ਸਪੱਸ਼ਟ ਕੀਤਾ ਕਿ ਹਮੇਸ਼ਾਂ ਲਈ ਅਹਿੰਸਾਵਾਦੀ ਪਹੁੰਚ ਮਨੁੱਖ ਤੇ ਸਮਾਜ ਲਈ ਕਲਿਆਣਕਾਰੀ ਨਹੀਂ ਹੁੰਦੀ। ਭਾਰਤੀ ਸਮਾਜ ਦੀ ਜਾਤ-ਪਾਤ ਉੱਪਰ ਆਧਾਰਿਤ ਵੰਡ ਨਾਲ ਸਿਪਾਹੀਆਨਾ ਪੇਸ਼ਾ ਸਿਰਫ ਕਸ਼ੱਤਰੀਆਂ ਦਾ ਹੀ ਏਕਾਧਿਕਾਰ ਸੀ। ਪਰ ਸਿੱਖ ਚਿੰਤਨ ਕਿਸੇ ਖਾਸ ਜਾਤ ਜਾਂ ਨਸਲ ਨੂੰ ਅਜਿਹੇ ਅਧਿਕਾਰ ਨਹੀਂ ਸੌਂਪਦਾ। ਏਥੇ ਦੇਸ਼ ਕੌਮ ਦੀ ਰੱਖਿਆ ਲਈ ਸਾਰੇ ਸ਼ਹਿਰੀ ਇੱਕੋ ਜਿਹੇ ਭਾਈਵਾਲ ਹਨ। ਖਾਲਸੇ ਦੀ ਸਥਾਪਨਾ ਉਪਰੰਤ ਸ਼ਸਤਰ ਧਾਰਨ ਕਰਨਾ ਸਿੱਖ ਰਹਿਤ ਦਾ ਇਕ ਅਨਿੱਖੜ੍ਹ ਅੰਗ ਬਣ ਗਿਆ। ਦੂਜੇ ਸ਼ਬਦਾਂ ਵਿਚ ਸਵੈ-ਰੱਖਿਆ ਤੇ ਪੰਥਕ ਹਿਤਾਂ ਲਈ ਸੈਨਿਕ ਸ਼ਕਤੀ ਦੇ ਪ੍ਰਯੋਗ ਨੂੰ ਧਾਰਮਿਕ ਤੌਰ ’ਤੇ ਜਾਇਜ਼ਕਰਾਰੀ ਮਿਲ ਗਈ। ਇਉਂ ਮਨੁੱਖਤਾ ਤੇ ਸਮਾਜ ਦੇ ਭਲੇ ਹਿਤ ਜਾਂ ਦੂਜੇ ਸ਼ਬਦਾਂ ਵਿਚ ਜਰਵਾਣਿਆਂ ਵਿਰੁੱਧ ਸੈਨਿਕ ਸੰਘਰਸ਼ ਵਿਚ ਸ਼ਾਮਲ ਹੋਣ ਲਈ ਸਿੱਖਾਂ ਉੱਪਰ ਧਾਰਮਿਕ ਪਾਬੰਦੀ ਨਹੀਂ ਸੀ। ਏਸੇ ਕਰ ਕੇ ਸਿੱਖ ਧਰਮ ਭਗਤੀ ਤੇ ਸ਼ਕਤੀ, ਸ਼ਸਤਰ ਤੇ ਸ਼ਾਸਤਰ ਅਤੇ ਸੰਤ ਤੇ ਸਿਪਾਹੀ ਦੀਆਂ ਰਵਾਇਤਾਂ ਵਿਚਕਾਰ ਸੁਮੇਲ ਲਈ ਪ੍ਰਸਿੱਧ ਹੈ। ਅਮਨ ਤੇ ਜੰਗ ਦੋਵੇਂ ਭਾਵੇਂ ਕੋਈ ਵੀ ਸਥਿਤੀ ਹੋਵੇ ਸਿੱਖ ਪੰਥ ਦਾ ਸੰਤ ਸਿਪਾਹੀ ਆਪਣੀਆਂ ਉੱਚੀਆਂ ਧਾਰਮਿਕ ਤੇ ਇਖਲਾਕੀ ਕਦਰਾਂ-ਕੀਮਤਾਂ ਨੂੰ ਕਦੇ ਵੀ ਦਰ-ਕਿਨਾਰ ਨਹੀਂ ਕਰਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੁਗ਼ਲ ਸੈਨਿਕਾਂ ਦੇ ਪਰਜਾ ਨਾਲ ਅਮਾਨਵੀ ਵਿਹਾਰ ਉੱਪਰ ਬਹੁਤ ਪਸ਼ੇਮਾਨ ਸਨ। ਉਨ੍ਹਾਂ ਅਨੁਸਾਰ ਕਿਸੇ ਸੈਨਿਕ ਦਾ ਵਿਰੋਧੀ ਸੈਨਿਕ ਉੱਪਰ ਸ਼ਸਤਰ ਹਮਲਾ ਕੋਈ ਗੈਰ- ਮਾਮੂਲੀ ਘਟਨਾ ਨਹੀਂ ਪਰ ਜੰਗ ਵਿਚ ਨਿਹੱਥੇ ਨਾਗਰਿਕਾਂ ਦਾ ਕਤਲ-ਏ-ਆਮ, ਉਨ੍ਹਾਂ ਦੇ ਘਰ-ਘਾਟ ਦੀ ਬਰਬਾਦੀ, ਧਨ-ਮਾਲ ਦੀ ਲੁੱਟ ਅਤੇ ਇਸਤਰੀਆਂ ਦੀ ਬੇ-ਪਤੀ ਕਦਾਚਿਤ ਵੀ ਉੱਚਿਤ ਨਹੀਂ। ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਮੁਗ਼ਲਾਂ ਵਿਰੁੱਧ ਸੈਨਿਕ ਸੰਘਰਸ਼ ਦਾ ਬਿਗਲ ਵਜਾਇਆ ਤਾਂ ਸਿੱਖ ਸੈਨਿਕਾਂ ਨੂੰ ਆਦੇਸ਼ ਦਿੱਤਾ:
ਦੋਹਰਾ-ਨਿੱਤ ਨਕੀਬ ਬੁਲਾਇ ਸੋ ਇਤ ਬਿਧ ਹੋਕਾ ਦਾਇ।
ਇਤਨੇ ਕਰੋ ਨਾ ਕੰਮ ਤੁਮ ਸੋ ਮੈਂ ਦਿਓ ਬਤਾਇ॥੩੨॥
ਚੌਪਈ-ਇਸਤ੍ਰੀ ਤਨ ਜੋ ਗਹਿਣਾ ਹੋਈ, ਤਾਂਕੋ ਹਾਥ ਨ ਲਾਓ ਕੋਈ।
ਪੁਰਸ਼ ਪੁਸ਼ਾਕ ਔ ਸਿਰ ਕੀ ਪਾਗ, ਇਨ ਭੀ ਕੋਈ ਹੱਥ ਨ ਲਾਗ॥੩੩॥
ਭਾਵ ਜੰਗ ਦੇ ਦੌਰਾਨ ਸਿੱਖ ਸੈਨਿਕਾਂ ਨੂੰ ਕਿਸੇ ਇਸਤਰੀ ਜਾਂ ਉਸ ਦੇ ਗਹਿਣੇ ਨੂੰ ਹੱਥ ਲਗਾਉਣ ਦੀ ਮਨਾਹੀ ਸੀ ਤੇ ਨਾ ਹੀ ਕਿਸੇ ਨਾਗਰਿਕ ਨੂੰ ਨਿਰ-ਵਸਤਰ ਕਰਨ ਜਾਂ ਉਸ ਦੀ ਪਗੜੀ ਉਤਰਵਾ ਕੇ ਅਪਮਾਨਿਤ ਕਰਨ ਦੀ ਇਜਾਜ਼ਤ ਸੀ। ਸ. ਰਤਨ ਸਿੰਘ (ਭੰਗੂ) ਅਨੁਸਾਰ ਮੈਦਾਨ-ਏ-ਜੰਗ ਵਿੱਚੋਂ ਭੱਜੇ ਜਾਂ ਜ਼ਖ਼ਮੀ ਹੋਏ ਮੁਗ਼ਲ/ਅਫ਼ਗਾਨ ਸੈਨਿਕਾਂ ਉੱਪਰ ਵੀ ਸਿੱਖ ਹਮਲਾ ਨਹੀਂ ਸਨ ਕਰਦੇ।
ਅਕਤੂਬਰ ੧੭੬੨ ਈ: ਵਿਚ ਅਹਿਮਦ ਸ਼ਾਹ ਅਬਦਾਲੀ ਸ੍ਰੀ ਅੰਮ੍ਰਿਤਸਰ ਵਿਚ ਸਿੱਖਾਂ ਉੱਪਰ ਚੜ੍ਹ ਕੇ ਆਇਆ ਪਰ ਜਿੱਤ ਵਜੋਂ ਨਿਰਾਸ਼ ਹੋ ਕੇ ਵਾਪਸ ਲਾਹੌਰ ਪਰਤ ਗਿਆ। ਇਸ ਮੌਕੇ ਬਹੁਤ ਸਾਰੇ ਅਫਗਾਨ ਸੈਨਿਕ ਸਿੱਖਾਂ ਨੇ ਜੰਗੀ ਕੈਦੀ ਬਣਾ ਲਏ। ਯੂਰਪੀਨ ਲਿਖਾਰੀ ਲਿਖਦੇ ਹਨ ਕਿ ਸਿੱਖਾਂ ਨੇ ਉਨ੍ਹਾਂ ਤੋਂ ਅੰਮ੍ਰਿਤ ਸਰੋਵਰ ਜੋ ਅਹਿਮਦ ਸ਼ਾਹ ਨੇ ਮਿੱਟੀ-ਘੱਟੇ ਨਾਲ ਪੂਰ ਦਿੱਤਾ ਸੀ, ਦੀ ਸਾਰੀ ਕਾਰ ਤਾਂ ਕਰਵਾਈ ਪਰ ਸਿੱਖਾਂ ਨੇ ਕਿਸੇ ਵੀ ਪਠਾਨ ਕੈਦੀ ਦਾ ਨਿਰਦੈਤਾ ਨਾਲ ਕਤਲ ਨਹੀਂ ਸੀ ਕੀਤਾ। ਸਿੱਖਾਂ ਦੇ ਉਪਰੋਕਤ ਜੰਗੀ ਵਿਹਾਰ ਦੀ ਪੁਸ਼ਟੀ ਕਾਜ਼ੀ ਨੂਰ ਮੁਹੰਮਦ ਨੇ ਆਪਣੇ ‘ਜੰਗ ਨਾਮੇ’ ਵਿਚ ਵੀ ਕੀਤੀ ਹੈ। ਉਹ ਲਿਖਦਾ ਹੈ ਕਿ ਸਿੱਖਾਂ ਦੀ ਲੜਾਈ ਤੋਂ ਇਲਾਵਾ “ਇਕ ਹੋਰ ਗੱਲ ਇਹ ਵੀ ਹੈ, ਜਿਸ ਵਿਚ ਇਹ ਹੋਰਨਾਂ ਸੂਰਮਿਆਂ ਨਾਲੋਂ ਬਹੁਤ ਵਧੇ ਹੋਏ ਹਨ। ਇਹ ਨਾਮਰਦ ਨੂੰ (ਜੋ ਲੜਾਈ ਵਿਚ ਹਥਿਆਰ ਰੱਖ ਦੇਵੇ) ਕਦੇ ਵੀ ਨਹੀਂ ਮਾਰਦੇ, ਨਾ ਹੀ ਨੱਸੇ ਜਾਂਦੇ ਨੂੰ ਵਲਦੇ ਹਨ। ਨਾ ਹੀ ਕਿਸੇ ਤ੍ਰੀਮਤ ਦਾ ਗਹਿਣਾ ਜਾਂ ਰੁਪਿਆ ਲੁੱਟਦੇ ਹਨ, ਭਾਵੇਂ ਉਹ ਸਵਾਣੀ ਹੋਵੇ ਜਾਂ ਗੋਲੀ ਬਾਂਦੀ। ਇਨ੍ਹਾਂ ਵਿਚ ਵਿਭਚਾਰ ਵੀ ਨਹੀਂ, ਨਾ ਹੀ ਇਹ ਚੋਰੀ ਕਰਦੇ ਹਨ। ਤ੍ਰੀਮਤ ਭਾਵੇਂ ਜਵਾਨ ਹੋਵੇ, ਭਾਵੇਂ ਬੁੱਢੀ ਇਹ ਉਸ ਨੂੰ ਬੁੱਢੀ ਹੀ ਆਖਦੇ ਹਨ। ਹਿੰਦੀ ਵਿਚ ਬੁੱਢੀ ਦੇ ਅਰਥ ਹਨ ਵੱਡੀ ਉਮਰ ਵਾਲੀ ਤ੍ਰੀਮਤ। ਇਹ ਨਾ ਚੋਰੀ ਕਰਦੇ ਹਨ ਨਾ ਸੰਨ੍ਹ ਮਾਰਦੇ ਹਨ ਅਤੇ ਨਾ ਹੀ ਚੋਰ ਜਾਂ ਸੰਨ੍ਹ ਮਾਰਨ ਵਾਲੇ ਨੂੰ ਮਿੱਤਰ ਬਣਾਉਂਦੇ ਹਨ।” ਉਪਰੋਕਤ ਗਵਾਹੀਆਂ ਤੋਂ ਸਪੱਸ਼ਟ ਹੈ ਕਿ ਅਠਾਰਵੀਂ ਸਦੀ ਦੇ ਸਿੱਖ ਸੈਨਿਕ ਉੱਚ-ਇਖਲਾਕੀ ਕਦਰਾਂ-ਕੀਮਤਾਂ ਦੇ ਧਾਰਨੀ ਸਨ ਅਤੇ ਦੁਸ਼ਮਣ ਨਾਲ ਜੰਗ ਦੇ ਦੌਰਾਨ ਰੋਹ ਜਾਂ ਗੁੱਸੇ ਵਿਚ ਵੀ ਇਨ੍ਹਾਂ ਦਾ ਤਿਆਗ ਨਹੀਂ ਸਨ ਕਰਦੇ।
ਅਠਾਰਵੀਂ ਸਦੀ ਵਿਚ ਰਾਜ-ਸੱਤਾ ਗ੍ਰਹਿਣ ਕਰ ਕੇ ਸਿੱਖ ਪੰਥ ਨੇ ਜੋ ਸਿੱਕਾ ਤੇ ਮੋਹਰ ਜਾਰੀ ਕੀਤੀ ਸੀ ਉਨ੍ਹਾਂ ਉੱਪਰ ਉਕਰੇ ਸ਼ਬਦ:-
“ਦੇਗੋ ਤੇਗ਼ ਫਤਹਿ ਓ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ”
ਸਿੱਧ ਕਰਦੇ ਹਨ ਕਿ ਦੁਸ਼ਮਣ ਵਿਰੁੱਧ ਜੰਗ ਵਿਚ ਫਤਿਹ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸਰਦਾਰ ਦੀ ਪ੍ਰਾਪਤੀ ਨਹੀਂ ਬਲਕਿ ਅਕਾਲ ਪੁਰਖ ਦੀ ਬਖ਼ਸ਼ਿਸ਼ ਦਾ ਨਤੀਜਾ ਸਮਝੀ ਜਾਂਦੀ ਸੀ। ਜਦ ਰਾਜ-ਸੱਤਾ ਗ੍ਰਹਿਣ ਕੀਤੀ ਤਾਂ ਇਸ ਦਾ ਸਿਹਰਾ ਵੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਨੂੰ ਦਿੱਤਾ ਗਿਆ। ਜੰਗ ਵਿਚ ਦੁਸ਼ਮਣ ਹੱਥੋਂ ਜਾਨੀ ਨੁਕਸਾਨ ਹੋ ਜਾਣ ਸੂਰਤ ਵਿਚ ਨਿਰਾਸਤਾ ਨਹੀਂ ਬਲਕਿ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਭਾਅ ਬਣਾ ਲਿਆ ਸੀ। ਇਸ ਦਾ ਪ੍ਰਯੋਗ ਦੱਸਦਾ ਹੈ ਕਿ ਉਹ ਬੇਅੰਤ ਔਕੜਾਂ ਤੇ ਮੁਸੀਬਤਾਂ ਨੂੰ ਵੀ ਹੱਸ-ਹੱਸ ਕੇ ਠੱਠੇ-ਮਖੌਲ ਵਿਚ ਲੰਘਾ ਦਿੰਦੇ ਸਨ। ਜੂਨ ੧੭੪੬ ਈ: ਵਿਚ ਜਦ ਲਖਪਤ ਰਾਇ ਨੇ ਕਾਹਨੂੰਵਾਨ ਦੇ ਛੋਟੇ ਘੱਲੂਘਾਰੇ ਵਿਚ ਖਾਲਸਾ ਦਲ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਤਾਂ ਸ. ਰਤਨ ਸਿੰਘ (ਭੰਗੂ) ਅਨੁਸਾਰ ਸਿੱਖਾਂ ਦਾ ਇਸ ਬਾਰੇ ਪ੍ਰਤੀਕਰਮ ਸੀ ਕਿ:
ਜੋ ਪੱਕੇ ਥੇ ਸੋ ਰਹੇ, ਕਚੇ ਗਏ ਸੁ ਭਾਜ।
ਮਰੇ ਗਏ ਸਭ ਸੁਰਗ ਨੋ, ਜੀਏ ਕਰਯੋ ਤਿਨ ਰਾਜ॥੩੭॥
ਏਸੇ ਹੀ ਤਰ੍ਹਾਂ ਫਰਵਰੀ ੧੭੩੯ ਈ: ਵਿਚ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਬੇਅੰਤ ਧਨ-ਦੌਲਤ ਤੇ ਕੀਮਤੀ ਸਾਮਾਨ ਸਹਿਤ ਵਾਪਸ ਈਰਾਨ ਨੂੰ ਜਾ ਰਿਹਾ ਸੀ ਤਾਂ ਨਵਾਬ ਕਪੂਰ ਸਿੰਘ ਦੀ ਜਥੇਦਾਰੀ ਹੇਠ ਸਿੱਖਾਂ ਨੇ ਉਸ ਨੂੰ ਕਾਫ਼ੀ ਪਰੇਸ਼ਾਨ ਕੀਤਾ ਤੇ ਉਸ ਦੇ ਲੁੱਟ ਦੇ ਮਾਲ ਦਾ ਭਾਰ ਵੀ ਹਲਕਾ ਕਰ ਦਿੱਤਾ। ਲਾਹੌਰ ਪਹੁੰਚ ਕੇ ਉਸ ਨੇ ਪੰਜਾਬ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪ੍ਰਸ਼ਨ ਕੀਤਾ ਕਿ ਉਸ ਦੇ ਮਾਲ ਨੂੰ ਰਸਤੇ ਵਿਚ ਲੁੱਟਣ ਵਾਲੇ ਲੋਕ ਕੌਣ ਹਨ? ਇਸ ਦਾ ਖਾਨ ਬਹਾਦਰ ਨੇ ਜੋ ਜਵਾਬ ਦਿੱਤਾ, ਉਹ ਸਿੱਖਾਂ ਦੇ ਜੰਗੀ-ਵਿਹਾਰ ਨੂੰ ਬਾਖੂਬੀ ਚਿਤਰਦਾ ਹੈ:
ਪੂਛਯੋ ਨਾਦਰ ਨੇ ਖਾਨੂ ਆਇ, ਹਮ ਕੋ ਲੁੱਟਨਹਾਰ ਬਤਾਇ,
ਜਿਨ ਲੁਟ ਖਾਯੋ ਹਮਰੋ ਰਾਹੁ, ਮੁਲਕ ਉਸੈ ਕੀ ਉਡਾ ਦਯੋਂ ਸਾਹਿ॥੩॥
ਤਬ ਖਾਨੂੰ ਨੇ ਐਸ ਬਖਾਨੀ, ਮੁਲਕ ਉਸੈ ਕੋ ਨਾਂਹਿ ਨਿਸ਼ਾਨੀ।
ਖੜੇ ਸੋਵੈਂ ਔ ਚਲਤੇ ਖਾਂਹਿ, ਨਹਿ ਬੈਠੇ ਵੈ ਕਿਤੇ ਗਿਰਾਰਿ।
ਨੂਨ ਘਿਰਤ ਕੋ ਸ੍ਵਾਦ ਨ ਜਾਨੈਂ, ਹਮ ਦੁਖ ਦੇਵੋਂ ਵੈ ਸੁਖ ਮਾਨੈ॥
ਹਾੜ ਨ ਦਿਨ ਭਰ ਪੀਵੈ ਪਾਨੀ, ਸਯਾਲੇ ਰਖੈ ਨ ਅਗਨ ਨਿਸ਼ਾਨੀ।
ਨਹਿਂ ਖਾਵੈਂ ਵੈ ਪੀਸਯੋ ਨਾਜ, ਲੜੀਂ ਬਹੁਤ ਵੇ ਕਰਕੇ ਭਾਜ
ਏਕੁ ਹੋਇ ਤੋ ਸੌ ਸੌ ਲਰੈਂ, ਮਰਨੇ ਤੇ ਵੈ ਮੂਲ ਨ ਡਰੈਂ॥
ਸਿੱਖ ਪੰਥ ਦੀ ਸੈਨਿਕ ਸ਼ਕਤੀ ਦਾ ਸੰਗਠਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਰੰਭਿਆ ਸੀ। ਸਮਕਾਲੀ ਸ੍ਰੋਤਾਂ ਅਨੁਸਾਰ ਉਨ੍ਹਾਂ ਪਾਸ ਤਬੇਲੇ ਵਿਚ ਸੱਤ ਸੌ ਘੋੜੇ, ਤਿੰਨ ਸੌ ਸਵਾਰ ਤੇ ਸੱਠ ਤੋਪਚੀ ਹਰ ਵੇਲੇ ਮੌਜੂਦ ਰਹਿੰਦੇ ਸਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਪ੍ਰਬੰਧ ਅੱਗੋਂ ਬਾਦਸਤੂਰ ਕਾਇਮ ਰਿਹਾ। ਸਿੱਖ ਸੈਨਿਕ ਸ਼ਕਤੀ ਦਾ ਮੁੱਖ ਆਧਾਰ ਘੋੜ ਸਵਾਰ ਸਨ। ਭਾਵੇਂ ਸਿੱਖ ਢਾਲ-ਕਿਰਪਾਨ, ਤੀਰ-ਕਮਾਨ, ਨੇਜ਼ੇ, ਸਫਾਜੰਗ, ਸੰਜੋਅ, ਛੁਰੀ-ਕਟਾਰੀ ਆਦਿ ਹਥਿਆਰਾਂ ਨਾਲ ਲੈਸ ਹੁੰਦੇ ਸਨ ਪਰ ਉਨ੍ਹਾਂ ਦਾ ਸਭ ਤੋਂ ਭਰੋਸੇਯੋਗ ਹਥਿਆਰ ਕਿਰਪਾਨ ਸੀ ਜਿਸ ਨੂੰ ਉਹ ਬੜੀ ਕੁਸ਼ਲਤਾ ਨਾਲ ਵਰਤਦੇ ਸਨ। ਅਠਾਰਵੀਂ ਸਦੀ ਦੇ ਸਿੱਖਾਂ ਨੇ ਬੇਅੰਤ ਕਿਸਮ ਦੀਆਂ ਔਕੜਾਂ ਨੂੰ ਆਪਣੇ ਪਿੰਡੇ ਉੱਪਰ ਹੰਢਾਇਆ ਸੀ। ਗਰਮੀ-ਸਰਦੀ, ਭੁੱਖ-ਤੇਹ ਨੂੰ ਬਰਦਾਸ਼ਤ ਕਰਨ ਅਤੇ ਜੰਗਲ-ਬੇਲਿਆਂ, ਪਹਾੜਾਂ, ਖੱਡਾਂ ਤੇ ਮਾਰੂਥਲਾਂ ਵਿਚ ਰਹਿਣ ਦੇ ਉਹ ਆਦੀ ਹੋ ਚੁੱਕੇ ਸਨ। ਸਰੀਰ ਉੱਪਰ ਪਹਿਨੇ ਕੱਪੜਿਆਂ ‘ਤੇ ਧਾਰਨ ਕੀਤੇ ਸ਼ਸਤਰਾਂ ਤੋਂ ਇਲਾਵਾ ਸਿੱਖ ਘੋੜ ਸਵਾਰ ਪਾਸ ਭੁੱਜੇ ਛੋਲਿਆਂ ‘ਤੇ ਗੁੜ ‘ ਦੀ ਕੁਝ ਮਾਤਰਾ ਤੇ ਦੋ ਖੇਸ ਹੁੰਦੇ ਸਨ ਜੋ ਉਸ ਦਾ ਬਿਸਤਰ ਮੀਂਹ ਤੇ ਸਰਦੀ ਦੇ ਬਚਾਉ ਤੋਂ ਕੰਮ ਆਉਂਦੇ ਸਨ। ਸਰੀਰ ਨੂੰ ਚੁਸਤ- ਫੁਰਤ, ਰਿਸ਼ਟ-ਪੁਸ਼ਟ ਰੱਖਣ ਲਈ ਕਸਰਤ ਖਾਸ ਕਰਕੇ ਕੁਸ਼ਤੀ ਤੇ ਸੌਂਚੀ ਦੀਆਂ ਖੇਡਾਂ ਤੋਂ ਬਿਨਾਂ ਸ਼ਿਕਾਰ ਦੀ ਖੇਡ ਵੀ ਪ੍ਰਚਲਿਤ ਸੀ। ਕਾਜ਼ੀ ਨੂਰ ਮੁਹੰਮਦ ਕਹਿੰਦਾ ਹੈ ਕਿ “ਇਨ੍ਹਾਂ ਦਾ ਸਰੀਰ ਵੇਖੋ ਤਾਂ ਹਰ ਪਾਸਿਓ ਇਉਂ ਜਾਪਦਾ ਹੈ ਜੀਕੂੰ ਕਿਸੇ ‘ ਪਹਾੜੀ ਦਾ ਟਿੱਲਾ ਅਤੇ ਡੀਲ-ਡੌਲ ਵਿਚ ਇਕ-ਇਕ ਜਣਾ ਪੰਜਾਹ ਮਰਦਾਂ ਤੋਂ ਵਧੀਕ ਹੈ। ਸ਼ਸਤਰ ਵਿੱਦਿਆ ਤੇ ਅਭਿਆਸ ਲਈ ਅਖਾੜੇ ਰਚੇ ਜਾਂਦੇ ਸਨ। ਬੰਦੂਕ ਦੀ ਮਾਰ ਨੂੰ ਪਰਖਣ ਤੇ ਸ਼ਿਸਤ ਲਾਉਣ ਲਈ ਖਾਕ-ਤੋਦਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹਥਿਆਰਾਂ ਨੂੰ ਤਿੱਖੇ ਕਰਨ ਲਈ ਦਲ ਦੇ ਵਿਚ ਘਾੜੂ ਵੀ ਹੁੰਦੇ ਸਨ। ਦਲ ਲਈ ਲੰਗਰ ਦੀ ਤਿਆਰੀ ਲਈ ਕਿਸੇ ਤਜਰਬੇਕਾਰ ਸਿੱਖ ਨੂੰ ਸੇਵਾ ਸੌਂਪੀ ਜਾਂਦੀ ਸੀ। ਵੈਰੀ ਦੀ ਨਕਲੋ-ਹਰਕਤ ਉੱਪਰ ਨਿਗਰਾਨੀ ਰੱਖੀ ਜਾਂਦੀ ਸੀ। ਕਿਸੇ ਉੱਚੀ ਥਾਂ ਜਾਂ ਦਰੱਖਤ ਉੱਤੇ ਦੂਰੋਂ ਆਉਂਦੇ ਦੁਸ਼ਮਣ ਨੂੰ ਦੇਖ ਕੇ ਖ਼ਬਰ ਦੇਣ ਲਈ ਕਿਸੇ ਸਿੰਘ ਨੂੰ ਟਾਂਗੂ ਬਣਾ ਦਿੱਤਾ ਜਾਂਦਾ ਸੀ।
ਸਿੱਖ ਤੇਗ ਦੇ ਬੜੇ ਵੱਡੇ ਖਿਡਾਰੀ ਸਨ। ਕਾਜ਼ੀ ਨੂਰ ਮੁਹੰਮਦ ਲਿਖਦਾ ਹੈ ਕਿ ਸਿੱਖ ਜੰਗ ਵਿਚ ਸ਼ੇਰਾਂ ਵਾਂਗ ਬੁੱਕਦੇ ਸਨ। “ਜੇਕਰ ਕਿਸੇ ਨੇ ਲੜਾਈ ਦਾ ਕਸਬ ਸਿੱਖਣਾ ਹੈ ਤਾਂ ਇਨ੍ਹਾਂ ਤੋਂ ਸਿੱਖੇ। ਹੇ ਤਲਵਾਰੀਏ ! ਜੇਕਰ ਤੈਨੂੰ ਜੰਗ ਦਾ ਹੁਨਰ ਸਿੱਖਣ ਦੀ ਚਾਹ ਹੈ ਤਾਂ ਇਨ੍ਹਾਂ ਪਾਸੋਂ ਸਿੱਖ ਕਿ ਕਿਸ ਤਰ੍ਹਾਂ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਲੜਾਈ ਵਿਚ ਆਪਣੇ ਆਪ ਨੂੰ ਸਾਫ ਬਚਾ ਲਿਜਾਣਾ ਚਾਹੀਦਾ ਹੈ… ਜਦ ਇਹ ਤੇਗ ਫੜਦੇ ਹਨ ਤਾਂ ਸਿੰਧ ਤੀਕ ਮਾਰੋ-ਮਾਰ ਕਰਦੇ ਚਲੇ ਜਾਂਦੇ ਹਨ। ਕੋਈ ਆਦਮੀ ਇਨ੍ਹਾਂ ਦੇ ਸਾਹਮਣੇ ਅੜ ਨਹੀਂ ਸਕਦਾ ਭਾਵੇਂ ਉਹ ਕਿੱਡਾ ਵੀ ਜਰਵਾਣਾ ਕਿਉਂ ਨਾ ਹੋਵੇ। ਜਦ ਇਹ ਹੱਥ ਵਿਚ ਨੇਜ਼ਾ ਫੜਦੇ ਹਨ ਤਾਂ ਵੈਰੀ ਦੀ ਸੈਨਾ ਵਿਚ ਭਾਂਜ ਪਾ ਦਿੰਦੇ ਹਨ। ਜਦ ਉਹ ਨੇਜ਼ੇ ਦੀ ਅਣੀ ਉਤਾਂਹ ਨੂੰ ਚੁੱਕਦੇ ਹਨ ਤਾਂ ਅੱਗੇ ਭਾਵੇਂ ਕੋਹ-ਕਾਫ ਹੋਵੇ, ਇਹ ਉਸ ਨੂੰ ਵੀ ਲੀਰਾਂ ਕਰ ਦਿੰਦੇ ਹਨ। ਜਦ ਇਹ ਕਮਾਨ ਦਾ ਚਿਲ੍ਹਾ ਚਾੜਦੇ ਹਨ ਤੇ ਉਸ ਵਿਚ ਵੈਰੀ ਦੀ ਜਾਨ ਲੈਣ ਵਾਲਾ ਤੀਰ ਰੱਖਦੇ ਹਨ ਤੇ ਫਿਰ ਚਿਲ੍ਹੇ ਖਿੱਚ ਕੇ ਕੰਨ ਤੀਕ ਲੈ ਜਾਂਦੇ ਹਨ ਤਾਂ ਵੈਰੀ ਦਾ ਸਰੀਰ ਥਰ-ਥਰ ਕੰਬਣ ਲੱਗ ਪੈਂਦਾ ਹੈ। ਜਦ ਇਨ੍ਹਾਂ ਦਾ ਤਬਰ (ਤੇਜ ਗੰਡਾਸਾ) ਚਿਲ੍ਹਤ (ਕੁੜਤੇ ਦੀ ਸ਼ਕਲ ਦੀ ਲੋਹ-ਪੁਸ਼ਾਕ) ਉੱਤੇ ਪੈਂਦਾ ਹੈ ਤਾਂ ਵੈਰੀ ਲਈ ਉਹ ਚਿਲ੍ਹਤ ਹੀ ਖੱਫਣ ਬਣ ਜਾਂਦਾ ਹੈ।
ਸਿੱਖਾਂ ਦਾ ਸਭ ਤੋਂ ਕਾਰਗਰ ਤੇ ਮਾਰੂ ਹਥਿਆਰ ਤੋੜੇਦਾਰ ਬੰਦੂਕ ਸੀ। ਇਸ ਨੂੰ ਉਹ ਰਾਮਜੰਗਾ ਕਹਿੰਦੇ ਸਨ। ਸਿੱਖਾਂ ਦੁਆਰਾ ਬੰਦੂਕ ਦੀ ਵਰਤੋਂ ਤੋਂ ਅਫ਼ਗਾਨ ਬੜਾ ਖ਼ੌਫ਼ ਖਾਂਦੇ ਸਨ। ਕਾਜ਼ੀ ਨੂਰ ਮੁਹੰਮਦ ਅਨੁਸਾਰ “ਲੜਾਈ ਦੇ ਸਮੇਂ ਜਦ ਇਹ ਬੰਦੂਕ ਫੜਦੇ ਹਨ ਤਾਂ ਸ਼ੇਰਾਂ ਵਾਂਗੂ ਬੁੱਕਦੇ ਤੇ ਪੈਲਾਂ ਪਾਉਂਦੇ ਰਣਭੂਮੀ ਵਿਚ ਆਉਂਦੇ ਹੀ ਕਈਆਂ ਦੇ ਸੀਨੇ ਚੀਰ ਘੱਤਦੇ ਹਨ ਤੇ ਕਈਆਂ ਦਾ ਲਹੂ ਮਿੱਟੀ ਵਿਚ ਮਿਲਾਉਂਦੇ ਹਨ। ਇਉਂ ਸਮਝੋ ਕਿ ਇਹ ਬੰਦੂਕ ਪਿਛਲੇ ਸਮੇਂ ਵਿਚ ਇਨ੍ਹਾਂ ਨੇ ਹੀ ਬਣਾਈ ਹੋਵੇਗੀ, ਲੁਕਮਾਨ ਨੇ ਨਹੀਂ ਬਣਾਈ ਹੋਵੇਗੀ। ਭਾਵੇਂ ਬੰਦੂਕਾਂ ਤਾਂ ਹਰ ਕਿਸੇ ਪਾਸੇ ਬਥੇਰੀਆਂ ਹਨ ਪਰ ਇਨ੍ਹਾਂ ਨਾਲੋਂ ਵਧ ਕੇ ਇਸ ਦਾ ਜਾਨਣ ਵਾਲਾ ਹੋਰ ਕੋਈ ਨਹੀਂ। ਇਹ ਸੱਜੇ-ਖੱਬੇ, ਅੱਗੇ-ਪਿੱਛੇ ਲਗਾਤਾਰ ਗੋਲੀਆਂ ਦਾਗੀ ਜਾਂਦੇ ਹਨ।” ਰਤਨ ਸਿੰਘ (ਭੰਗੂ) ਅਨੁਸਾਰ ਅਫ਼ਗਾਨ ਤਾਂ ਸ਼ਿਸਤ ਲਾਉਂਦੇ ਹੀ ਰਹਿ ਜਾਂਦੇ ਸਨ ਪਰ ਸਿੱਖ ਉਨ੍ਹਾਂ ਨੂੰ ਪਹਿਲੋਂ ਹੀ ਆਪਣੇ ਨਿਸ਼ਾਨੇ ਨਾਲ ਫੁੰਡ ਦਿੰਦੇ ਸਨ। ਇਸ ਤੋਂ ਇਲਾਵਾ ਚੱਕਰ ਰਾਹੀਂ ਅਚੂਕ ਨਿਸ਼ਾਨਾ ਲਾਉਣ ਵਿਚ ਵੀ ਉਨ੍ਹਾਂ ਨੂੰ ਬੜੀ ਮੁਹਾਰਤ ਸੀ।
ਖਾਲਸਾ ਦਲ ਦੇ ਮੁੱਖ ਤੌਰ ‘ਤੇ ਦੋ ਹਿੱਸੇ ਸਨ- ਬੁੱਢਾ ਦਲ ਤੇ ਤਰੁਨਾ ਦਲ। ੧੭੩੪ ਈ: ਵਿਚ ਨਵਾਬ ਕਪੂਰ ਸਿੰਘ ਨੇ ਖਾਲਸਾ ਦਲ ਨੂੰ ਨਿਮਨਲਿਖਤ ਪੰਜ ਜਥਿਆਂ ਵਿਚ ਸੰਗਠਿਤ ਕੀਤਾ:
੧. ਪਹਿਲਾ ਜਥਾ ਬਾਬਾ ਦੀਪ ਸਿੰਘ ਜੀ ਸ਼ਹੀਦ
੨. ਦੂਜਾ ਜਥਾ ਕਰਮ ਸਿੰਘ ਤੇ ਧਰਮ ਸਿੰਘ
੩. ਤੀਜਾ ਜਥਾ ਕਾਹਨ ਸਿੰਘ ਤੇ ਬਿਨੋਦ ਸਿੰਘ
੪. ਚੌਥਾ ਜਥਾ ਦਸੌਂਧਾਂ ਸਿੰਘ ਕੋਟ ਬੁੱਢਾ
੫. ਪੰਜਵਾ ਜਥਾ ਵੀਰ ਸਿੰਘ ਤੇ ਜੀਵਨ ਸਿੰਘ ਰੰਗਰੇਟੇ ਸਿੰਘ
ਇਨ੍ਹਾਂ ਪੰਜ ਜਥਿਆਂ ਦੇ ਜਥੇਦਾਰ ਥਾਪਣ ਤੋਂ ਇਲਾਵਾ, ਇਨ੍ਹਾਂ ਦੇ ਟਿਕਾਣੇ ਲਈ ਸ੍ਰੀ ਅੰਮ੍ਰਿਤਸਰ ਵਿਚ ਪੰਜ ਸਥਾਨ- ਰਾਮਸਰ ਸਾਹਿਬ, ਬਿਬੇਕਸਰ ਸਾਹਿਬ, ਲਛਮਣਸਰ ਸਾਹਿਬ, ਕੌਲਸਰ ਸਾਹਿਬ, ਤੇ ਸੰਤੋਖਸਰ ਸਾਹਿਬ ਨਿਸਚਿਤ ਕੀਤੇ ਗਏ। ਜਥੇਦਾਰ ਤੋਂ ਇਲਾਵਾ ਹਰੇਕ ਜਥੇ ਦਾ ਆਪੋ-ਆਪਣਾ ਧੌਂਸਾ/ਨਗਾਰਾ ਤੇ ਨਿਸ਼ਾਨ ਸਾਹਿਬ ਸੀ। ੧੭੪੮ ਈ. ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਨ੍ਹਾਂ ਪੰਜ ਜਥਿਆਂ ਨੂੰ ਅੱਗੋਂ ੧੨ ਮਿਸਲਾਂ ਵਿਚ ਸੰਗਠਿਤ ਕੀਤਾ ਤਾਂ ਕਿ ਆਪਸੀ ਮੱਤਭੇਦ ਖਤਮ ਕਰ ਕੇ ਬਿਹਤਰ ਤਾਲਮੇਲ ਪੈਦਾ ਕੀਤਾ ਜਾ ਸਕੇ। ਇਹ ਮਿਸਲਾਂ ਆਪਣੇ ਅੰਦਰੂਨੀ ਪ੍ਰਬੰਧ ਲਈ ਖ਼ੁਦਮੁਖਤਾਰ ਸਨ ਪਰ ਸਰਬੱਤ ਖਾਲਸਾ ਵਿਚ ਪਾਸ ਹੋਏ ਗੁਰਮਤੇ ਅਨੁਸਾਰ ਪੰਥ ਦੀ ਸਮੁੱਚੀ ਸੈਨਿਕ ਸ਼ਕਤੀ ਦਾ ਅੰਗ ਸਨ। ਜਥਿਆਂ ਜਾਂ ਮਿਸਲਾਂ ਨੂੰ ਅੱਗੋਂ ਦੋ-ਦੋ ਸੌ ਦੇ ਜਥਿਆਂ ਵਿਚ ਵੰਡਿਆ ਗਿਆ ਸੀ ਤੇ ਇਨ੍ਹਾਂ ਦੇ ਉੱਤੇ ਵੀ ਇਕ-ਇਕ ਜਥੇਦਾਰ/ਤੁੰਮਦਾਰ ਹੋਇਆ ਕਰਦਾ ਸੀ। ਵੱਖੋ-ਵੱਖਰੇ ਜਥਿਆਂ/ਮਿਸਲਾਂ ਦੇ ਸਿੱਖ ਸੈਨਿਕ ਪਛਾਣ-ਹਿਤ ਆਪਣੇ ਬੈਰਕ (ਛੋਟਾ ਝੰਡਾ/ਨਿਸ਼ਾਨ ਸਾਹਿਬ) ਲੈ ਕੇ ਚੱਲਦੇ ਸਨ। ਦੀਵਾਲੀ ਜਾਂ ਵੈਸਾਖੀ ਉੱਪਰ ਦਲ ਖਾਲਸਾ ਸ੍ਰੀ ਅੰਮ੍ਰਿਤਸਰ ਵਿਚ ਅਕਾਲ ਤਖਤ ਉਪਰ ਇਕੱਠ ਕਰਦਾ ਸੀ। ਇਸ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ। ਇਸ ਵਿਚ ਗੁਰਮਤਾ ਪਾਸ ਕਰ ਕੇ ਸਾਲਾਨਾ ਸੈਨਿਕ ਮੁਹਿੰਮ ਲਈ ਕਿਸੇ ਸਿੱਖ ਸਰਦਾਰ ਨੂੰ ਖਾਲਸਾ ਦਲ ਦਾ ਸੁਪਰੀਮ ਕਮਾਂਡਰ ਨਾਮਜ਼ਦ ਕੀਤਾ ਜਾਂਦਾ ਸੀ। ਦਲ ਖਾਲਸਾ ਦੇ ਮੁਹਰਲੇ ਹਿੱਸੇ ਭਾਵ ਅੱਗੇ ਵਧ ਕੇ ਲੜਨ ਵਾਲੇ ਜਥੇ ਨੂੰ ਹਰਾਵਲ/ਹਰੌਲ ਦਸਤਾ ਕਿਹਾ ਜਾਂਦਾ ਸੀ। ਟੱਬਰ-ਟੀਰ, ਮਾਲ-ਅਸਬਾਬ, ਨੌਕਰ-ਚਾਕਰ ਤੇ ਡੇਰੇ ਵਿਚਲੇ ਭਾਰ-ਬਰਦਾਰੀ ਲਈ ਡੰਗਰਾਂ ਨੂੰ ਵਹੀਰ ਕਿਹਾ ਜਾਂਦਾ ਸੀ। ਇਸ ਦੀ ਰਾਖੀ ਲਈ ਵੀ ਇਕ ਸੈਨਿਕ ਟੁੱਕੜੀ ਤਾਇਨਾਤ ਕੀਤੀ ਜਾਂਦੀ ਸੀ ਜਿਸ ਨੂੰ ਥਿਤਾ ਕਿਹਾ ਜਾਂਦਾ ਸੀ।
ਅਠਾਰਵੀਂ ਸਦੀ ਦੇ ਸਿੱਖਾਂ ਨੇ ਆਪਣੇ ਅਨੁਭਵ ਦੇ ਆਧਾਰ ‘ਤੇ ਵਿਸ਼ੇਸ਼ ਕਿਸਮ ਦੀ ਜੰਗੀ-ਕਲਾ ਵਿਚ ਮੁਹਾਰਤ ਗ੍ਰਹਿਣ ਕਰ ਲਈ ਸੀ। ਇਹ ਕਈ ਪੱਖਾਂ ਤੋਂ ਬੜੀ ਵਿਸ਼ੇਸ਼ ਸੀ। ਦੁਸ਼ਮਣ ਨਾਲ ਆਹਮੋ-ਸਾਹਮਣੇ ਦੀ ਗਹਿਗੱਚ ਲੜਾਈ ਦੀ ਥਾਂ ਸਿੱਖਾਂ ਨੇ ਗੁਰੀਲਾ ਯੁੱਧ-ਨੀਤੀ ਅਪਣਾਈ ਕਿਉਂ ਕਿ ਉਨ੍ਹਾਂ ਦੇ ਮੁਗ਼ਲਾਂ/ਅਫ਼ਗਾਨਾਂ ਦੇ ਮੁਕਾਬਲੇ ਸੈਨਿਕ ਵਸੀਲੇ ਬੜੇ ਸੀਮਤ ਸਨ। ਸਿੱਖਾਂ ਦੀ ਇਹ ਜੰਗੀ-ਕਲਾ, ਢਾਈ-ਫੱਟ ਕਰਕੇ ਪ੍ਰਸਿੱਧ ਸੀ। ਯੁੱਧ ਦੇ ਇਸ ਤਰੀਕੇ ਬਾਰੇ ਸ. ਰਤਨ ਸਿੰਘ ਭੰਗੂ ਲਿਖਦਾ ਹੈ:
ਸਯਾਨਨ ਨੇ ਯੌ ਬਾਤ ਸੁਨਾਈ, ਲੜਾਈ ਕੇ ਫੱਟ ਕਹੈ ਸੁ ਢਾਈ ।
ਮਿਲਨ ਭਜਨ ਇਹ ਸਾਰ ਦੋਇ, ਲੜ ਮਰ ਮੁੱਕਣ ਆਧਾ ਸੋਇ॥੪੧॥
ਭਾਵ ਦੁਸ਼ਮਣ ਉੱਪਰ ਹਮਲਾ, ਲੜਨਾ ਤੇ ਮਾਰਨਾ, ਅਤੇ ਦੁਸ਼ਮਣ ਦੇ ਘੇਰੇ ਵਿੱਚੋਂ ਜਾਨ ਬਚਾ ਕੇ ਨਿਕਲ ਜਾਣਾ, ਇਹ ਪੂਰੀਆਂ ਦੋ ਜੰਗੀ-ਚਾਲਾਂ ਸਮਝੀਆਂ ਜਾਂਦੀਆਂ ਸਨ। ਦੁਸ਼ਮਣ ਨਾਲ ਗਹਿਗੱਚ ਲੜਾਈ ਵਿਚ ਲੜ ਕੇ ਸ਼ਹੀਦ ਹੋ ਜਾਣ ਨੂੰ ਅੱਧੀ ਜੰਗੀ-ਚਾਲ ਦੇ ਬਰਾਬਰ ਹਾਸਲ ਸੀ। ਇਤਿਹਾਸ ਵਿਚ ਅਜਿਹੀਆਂ ਮਿਸਾਲਾਂ ਵੀ ਆਉਂਦੀਆਂ ਹਨ ਜਦ ਸਿੱਖਾਂ ਨੇ ਹਾਰ-ਜਿੱਤ ਦੀ ਪਰਵਾਹ ਕੀਤੇ ਬਗੈਰ ਦੁਸ਼ਮਣ ਨਾਲ ਲੜ ਕੇ ਮਰ-ਮੁੱਕ ਜਾਣ ਦੇ ਜੌਹਰ ਵੀ ਦਿਖਾਏ। ਦੁਸ਼ਮਣ ਦੁਆਰਾ ਘਿਰ ਜਾਣ ਦੀ ਸੂਰਤ ਵਿਚ ਚਾਰੋਂ ਪਾਸੇ ਭੱਜ ਜਾਣ ਦੀ ਤਰਕੀਬ ਅਪਣਾਉਂਦੇ ਸਨ ਤਾਂ ਕਿ ਘੇਰੇ ਨੂੰ ਤੋੜ ਕੇ ਨਿਕਲਿਆ ਜਾ ਸਕੇ ਤੇ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ। ਵਿਰੋਧੀ ਨੂੰ ਕਈ ਵਾਰ ਪਹਿਲੋਂ ਵਾਰ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਸੀ। ਕਈ ਵਾਰ ਦੋ ਚੋਣਵੇਂ ਸੂਰਮਿਆਂ ਵਿਚਕਾਰ ਲੜਾਈ ਜਾਂ ਦੰਗਲ ਕਰਵਾ ਕੇ ਜਿੱਤ-ਹਾਰ ਦਾ ਫੈਸਲਾ ਕਰ ਲਿਆ ਜਾਂਦਾ ਸੀ। ਦੁਸ਼ਮਣ ਦੀ ਫੌਜ ਨੂੰ ਹਰਾ ਦੇਣ ਉਪਰੰਤ ਉਸ ਨੂੰ ਮਾਰਨ ਦੀ ਬਜਾਇ ਭਜਾ ਦੇਣਾ ਜ਼ਿਆਦਾ ਅਕਲਮੰਦੀ ਸੀ ਕਿਉਂਕਿ ਕਈ ਵਾਰ ਭੱਜੀ ਜਾਂਦੀ ਫੌਜ ਵੀ ਗੰਭੀਰ ਨੁਕਸਾਨ ਕਰ ਦਿੰਦੀ ਹੈ:
ਫੌਜ ਨਠੇ ਨਹਿ ਗੋਲ ਦਬੱਯੇ॥ ਚੁਪੈ ਚੋਰ ਤੇ ਸਟ ਨਾ ਖੱਯੇ
ਨਠੀ ਜਾਤ ਫੌਜ ਭੀ ਕਰਤ ਜੀਅ ਪੈ ਖੇਲ।
ਜਾਇ ਮਰੈ ਕੋਈ ਸੂਰਮਾ ਫਿਰ ਕਬ ਹੋਵੈ ਮੇਲੁ॥
ਅਚਾਨਕ ਤੇ ਫੁਰਤੀ ਨਾਲ ਦੁਸ਼ਮਣ ਉੱਪਰ ਵਾਰ ਕਰਨਾ ਸਿੱਖ ਜੰਗੀ ਕਾਲ ਦੀ ਖਾਸ ਵਿਸ਼ੇਸ਼ਤਾ ਸੀ। ਹਮਲੇ ਦਾ ਵਕਤ ਦੁਸ਼ਮਣ ਦੇ ਸੁਭਾਅ, ਜੰਗੀ ਚਾਲ ਤੇ ਮੌਸਮ ਨੂੰ ਵਿਚਾਰ ਕੇ ਨਿਸ਼ਚਿਤ ਕੀਤਾ ਜਾਂਦਾ ਸੀ। ਕਈ ਵਾਰ ਵੈਰੀ ਨੂੰ ਚਿਤ ਚੇਤੇ ਵੀ ਨਹੀਂ ਸੀ ਹੁੰਦਾ ਕਿ ਅਚਾਨਕ ਸਿੱਖ ਉਸ ਉੱਪਰ ਝਪਟ ਪੈਂਦੇ ਸਨ। ਇਸ ਮਕਸਦ ਲਈ ਕਈ ਵਾਰ ਰਾਤੋਂ-ਰਾਤ ਲੰਮੇ ਪੈਂਡੇ ਵੀ ਮਾਰਨੇ ਪੈਂਦੇ ਸਨ। ੧੭੧੩ ਈ: ਵਿਚ ਬਾਜ ਸਿੰਘ ਨੇ ਦੁਆਬੇ ਦੇ ਫੌਜਦਾਰ ਸ਼ਮਸਥਾਨ ਨੂੰ ਅਜਿਹਾ ਘੇਰਿਆ ਕਿ ਉਸ ਨੂੰ ਭੱਜਣ ਦਾ ਮੌਕਾ ਹੀ ਨਾ ਦਿੱਤਾ:
ਤਉ ਰਾਤ ਕੋ ਕੀਨੀ ਧਾਈ॥ ਸਿਖਰ ਦੁਪਹਿਰੇ ਪਹੁੰਚਯੋ ਜਾਈ॥
ਅਚਾਣਚੱਕ ਤਿਸ ਪਰ ਜਾ ਪੜਾ॥ ਪਾਰ ਲੀਯੋ ਵਹ ਡੇਰੇ ਖੜਾ॥
ਅਪ੍ਰੈਲ ੧੭੬੩ ਈ: ਵਿਚ ਸ. ਹਰੀ ਸਿੰਘ ਭੰਗੀ ਦੀ ਅਗਵਾਈ ਹੇਠ ਕਸੂਰ ਨੂੰ ਫਤਿਹ ਕਰਨ ਲਈ ਦੁਪਹਿਰ ਦਾ ਵਕਤ ਚੁਣਿਆ ਗਿਆ ਜਦ ਉੱਥੋਂ ਦੇ ਪਠਾਨ ਗਰਮੀ ਤੋਂ ਬਚਣ ਲਈ ਭੋਰਿਆਂ ਵਿਚ ਆਰਾਮ ਨਾਲ ਸੁਸਤਾ ਰਹੇ ਸਨ। ਦੁਸ਼ਮਣ ਦੀ ਨਕਲੋ-ਹਰਕਤ ਉੱਤੇ ਗਹਿਰੀ ਨਜ਼ਰ ਰੱਖੀ ਜਾਂਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਦੁਆਬੇ ਦੇ ਫੌਜਦਾਰ ਬਾਜੀਦ ਖਾਨ ਨੂੰ ਰਸਤੇ ਵਿਚ ਉਸ ਵੇਲੇ ਘੇਰਿਆ ਜਦ ਉਹ ਕਸੂਰ ਨੂੰ ਜਾ ਰਿਹਾ ਸੀ। ਏਸੇ ਤਰ੍ਹਾਂ ੧੭੬੪ ਈ: ਵਿਚ ਸਰਹਿੰਦ ਦਾ ਸੂਬੇਦਾਰ ਜੈਨ ਖਾਨ ਜਦ ਸ਼ਹਿਰ ਤੋਂ ਬਾਹਰ ਮਾਲੀਆ ਉਗਰਾਹ ਰਿਹਾ ਸੀ ਤਾਂ ਸਿੱਖਾਂ ਨੇ ਉਸ ਨੂੰ ਸਰਹਿੰਦ ਤੋਂ ਬਾਹਰ ਘੇਰ ਲਿਆ ਸੀ। ਕਈ ਵਾਰ ਦੁਸ਼ਮਣ ਨੂੰ ਚਕਮਾ ਵੀ ਦਿੱਤਾ ਜਾਂਦਾ ਸੀ। ੧੭੬੪ ਈ: ਵਿਚ ਸਰਦਾਰ ਚੜ੍ਹਤ ਸਿੰਘ ਨੇ ਰੋਹਤਾਸ ਦੇ ਕਿਲ੍ਹੇ ਵਿਚ ਸਰਬੁਲੰਦ ਖਾਨ ਨੂੰ ਜਾ ਘੇਰਿਆ ਪਰ ਸਫਲਤਾ ਨਾ ਮਿਲੀ। ਸਰਦਾਰ ਚੜ੍ਹਤ ਸਿੰਘ ਨੇ ਚਾਰ ਮਹੀਨਿਆਂ ਬਾਅਦ ਘੇਰਾ ਉਠਾ ਲਿਆ। ਸਰ ਬੁਲੰਦ ਖਾਨ ਨੇ ਸਮਝਿਆ ਕਿ ਸਿੱਖ ਵਾਪਸ ਪਰਤ ਗਏ ਹਨ। ਪਰ ਸਰਦਾਰ ਚੜ੍ਹਤ ਸਿੰਘ ਦੁਬਾਰਾ ਦਰਿਆ ਪਾਰ ਕਰ ਕੇ ਅਜਿਹੀ ਫੁਰਤੀ ਨਾਲ ਵਾਪਸ ਮੁੜਿਆ ਕਿ ਅਫਗਾਨਾਂ ਨੂੰ ਉਦੋਂ ਖ਼ਬਰ ਹੋਈ ਜਦੋਂ ਸਿੱਖਾਂ ਦੀ ਫੌਜ ਨੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ ਸੀ।
ਸਿੱਖ ਯੁੱਧ-ਕਲਾ ਦੀ ਇਹ ਵਿਸ਼ੇਸ਼ਤਾ ਵੀ ਸੀ ਕਿ ਉਹ ਦੁਸ਼ਮਣ ਫੌਜ ਨੂੰ ਅਜਿਹਾ ਜਿੱਚ ਤੇ ਬੇ-ਆਰਾਮ ਕਰਦੇ ਸਨ ਕਿ ਵਿਰੋਧੀ ਸੈਨਿਕ ਥਕਾਵਟ ਕਾਰਨ ਪਰੇਸ਼ਾਨ ਹੋ ਜਾਂਦੇ ਸਨ। ਇਸੇ ਢੰਗ ਨਾਲ ਉਨ੍ਹਾਂ ਨੇ ਆਪਣੇ ਤੋਂ ਕਿਤੇ ਵਧੇਰੇ ਸ਼ਕਤੀਸ਼ਾਲੀ ਅਹਿਮਦ ਸ਼ਾਹ ਅਬਦਾਲੀ ਵਰਗੇ ਜਰਵਾਣਿਆਂ ਦੇ ਛੱਕੇ ਛੁਡਵਾ ਦਿੱਤੇ ਸਨ। ੧੭੬੫ ਈ: ਵਿਚ ਜਦ ਅਹਿਮਦ ਸ਼ਾਹ ਅਬਦਾਲੀ ਕੁੰਜਪੁਰੇ ਤੋਂ ਮੁੜ ਕੇ ਲਾਹੌਰ ਦੇ ਰਾਹ ਪਿਆ ਤਾਂ ਸਿੱਖਾਂ ਨੇ ਉਸ ਦੀ ਸੈਨਾ ਉੱਪਰ ਅਜਿਹੀਆਂ ਝਪਟਾਂ ਮਾਰੀਆਂ ਕੇ ਉਸ ਦਾ ਨੱਕ ਵਿਚ ਦਮ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਨੇ ਸਤਲੁਜ ਪਾਰ ਕਰ ਕੇ ਲਾਹੌਰ ਵੱਲ ਕੂਚ ਕੀਤਾ ਤਾਂ ਸਿੱਖ ਘੋੜ- ਸਵਾਰ ਦਸਤੇ ਉਸ ਆਸ ਪਾਸ ਮੰਡਰਾਉਂਦੇ ਰਹਿੰਦੇ। ਜਦ ਮੌਕਾ ਮਿਲਦਾ ਬੰਦੂਕਾਂ ਦੀ ਛਲਕ ਕਰ ਕੇ ਅਫਗਾਨਾਂ ਨੂੰ ਮਾਰ ਗਿਰਾਉਂਦੇ। ਅਹਿਮਦ ਸ਼ਾਹ ਥੋੜ੍ਹਾ ਜਿਹਾ ਪੈਂਡਾ ਮਾਰ ਕੇ ਸ਼ਾਮ ਤੋਂ ਪਹਿਲੇ ਮੋਰਚੇ ਮੱਲ ਕੇ ਆਪਣੇ ਬਚਾਉ ਦਾ ਉਪਾਉ ਕਰਦਾ। ਸਵੇਰ ਸਾਰ ਫਿਰ ਕੂਚ ਕਰਦਾ ਪਰ ਦਿਨ ਚੜ੍ਹੇ ਨੂੰ ਸਿੱਖ ਫਿਰ ਪਠਾਨਾਂ ਦੇ ਆ ਦੁਆਲੇ ਹੁੰਦੇ। ਸਤਲੁਜ ਤੇ ਬਿਆਸ ਦਰਮਿਆਨ ਦਾ ਪੈਂਡਾ ਮਾਰਨ ਲਈ ਉਸ ਨੂੰ ਸੱਤ ਦਿਨ ਲੱਗੇ ਤੇ ਸੱਤੇ ਦਿਨ ਸਿੱਖਾਂ ਨਾਲ ਝਪਟਾਂ ਹੁੰਦੀਆਂ ਰਹੀਆਂ। ਜੇਕਰ ਅਫਗਾਨ ਹੌਸਲਾ ਕਰ ਕੇ ਸਿੱਖਾਂ ਨੂੰ ਮਾਰਨ ਲਈ ਅੱਗੇ ਵਧਦੇ ਤਾਂ ਸਿੱਖ ਪਿਛਾਂਹ ਭੱਜ ਜਾਂਦੇ ਕਿਉਂਕਿ ਭੱਜ ਜਾਣਾ ਵੀ ਉਨ੍ਹਾਂ ਦੀ ਜੰਗੀ-ਕਲਾ ਦਾ ਇਕ ਢੰਗ ਸੀ। ਜਦ ਪਿੱਛਾ ਕਰਨ ਵਾਲੀ ਅਫਗਾਨ ਸੈਨਿਕ ਟੁੱਕੜੀ ਮੁੱਖ ਸੈਨਾ ਤੋਂ ਪੰਜ-ਛੇ ਕੋਹ ਦੀ ਵਿਥ ਉੱਤੇ ਆ ਜਾਂਦੀ ਤਾਂ ਸਿੱਖ ਘੋੜ-ਸਵਾਰ ਦੋ ਤਰਫਾਂ ਨੂੰ ਖੱਬੇ-ਸੱਜੇ ਖਿੰਡ ਕੇ ਤੇ ਚੱਕਰ ਲਾ ਕੇ ਪਲਟ ਵਾਰ ਕਰ ਦਿੰਦੇ ਸਨ। ਸਿੱਖ ਘੋੜ-ਸਵਾਰਾਂ ਦਾ ਇਕ ਦਸਤਾ ਬੰਦੂਕਾਂ ਦਾਗ ਕੇ ਪਿਛਾਂਹ ਹਟ ਜਾਂਦਾ ਸੀ ਤੇ ਦੂਜਾ ਤੋੜੇ ਚਾੜ੍ਹ ਕੇ ਆਪਣੀ ਵਾਰੀ ਲੈਣ ਲਈ ਆ ਜਾਂਦਾ ਸੀ। ਸ. ਰਤਨ ਸਿੰਘ (ਭੰਗੂ) ਲਿਖਦਾ ਹੈ ਕਿ ਇਸ ਤਰ੍ਹਾਂ ਦੀ ਜੰਗੀ-ਕਲਾ ਦਾ ਸੁਆਦ ਸਿੱਖਾਂ ਨੇ ਮਰਹੱਟਿਆਂ ਨੂੰ ਵੀ ਚਖਾਇਆ ਸੀ। ਕਾਜ਼ੀ ਨੂਰ ਮੁਹੰਮਦ ਲਿਖਦਾ ਹੈ ਕਿ ਜੇਕਰ ਸਿੱਖ ਲੜਾਈ ਵਿੱਚੋਂ ਨੱਸ ਜਾਣ ਤਾਂ ਇਸ ਨੂੰ ਉਨ੍ਹਾਂ ਦੀ ਭਾਜ ਨ ਸਮਝੋ ਕਿਉਂ ਕਿ ਇਹ ਵੀ ਉਨ੍ਹਾਂ ਦੀ ਲੜਾਈ ਦਾ ਇਕ ਢੰਗ ਹੈ। ਉਹ ਪਠਾਨ ਫੌਜੀਆਂ ਨੂੰ ਚਿਤਾਵਨੀ ਦਿੰਦਾ ਹੈ ਕਿ “ਵੇਖੀਂ ਇਨ੍ਹਾਂ ਦੀ ਇਸ ਫਾਹੀ ਵਿਚ ਨਾ ਫਸੀਂ। ਇਹ ਢੰਗ ਇਸ ਲਈ ਕੀਤਾ ਜਾਂਦਾ ਹੈ ਕਿ ਵੈਰੀ ਤਕੜਾ ਹੋ ਕੇ ਇਨ੍ਹਾਂ ਦੇ ਮਗਰ ਪੈਂਦਾ ਹੈ ਅਤੇ ਲਸ਼ਕਰ ਤੋਂ ਅੱਡ ਹੋ ਕੇ ਸਹਾਇਤਾ ਤੋਂ ਦੂਰ ਚਲਿਆ ਜਾਂਦਾ ਹੈ। ਤਦ ਇਹ ਪਿੱਛੇ ਮੁੜ ਪੈਂਦੇ ਹਨ ਅਤੇ ਫਿਰ ਪਾਣੀ ਵਿਚ ਅੱਗ ਲਾ ਦਿੰਦੇ ਹਨ।”
ਕਈ ਵਾਰ ਸਿੱਖ ਆਪਣੀ ਚੜ੍ਹਾਈ ਦੇ ਰਵਾਇਤੀ ਅੰਦਾਜ਼ ਨੂੰ ਸੈਨਿਕ ਉਦੇਸ਼ ਦੀ ਪ੍ਰਾਪਤੀ ਹਿਤ ਅਸਲ ਵਿਚ ਨਹੀਂ ਸਨ ਲਿਆਉਂਦੇ। ਅਜਿਹੇ ਮੌਕੇ ਸੈਨਿਕ ਕਾਰਵਾਈ ਬੜੇ ਗੁਪਤ ਢੰਗ ਨਾਲ ਭੇਸ ਵਟਾ ਕੇ ਕੀਤੀ ਜਾਂਦੀ ਸੀ। ਜਦ ਸਿੱਖਾਂ ਨੇ ਕਸੂਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਫੈਸਲਾ ਕੀਤਾ ਕਿ ਬਿਨਾਂ ਕਿਸੇ ਖੜਕੇ-ਦੜਕੇ ਦੇ ਚੁੱਪ-ਚਾਪ ਕਸੂਰ ਵਿਚ ਦਾਖ਼ਲ ਹੋਇਆ ਜਾਵੇ। ਨਾ ਕੋਈ ਨਿਸ਼ਾਨ ਸਾਹਿਬ ਝੁਲਾਇਆ ਨਾ ਕੋਈ ਧੋਸੇ ਉੱਤੇ ਚੋਟ ਮਾਰੀ। ਸਿੱਖ ਵਪਾਰੀਆਂ ਦੇ ਭੇਸ ਵਿਚ ਇਕ-ਇਕ, ਦੋ-ਦੋ ਕਰਕੇ ਸ਼ਹਿਰ ਵਿਚ ਵੜ ਗਏ। ਕਈ ਸੌਦਾ ਖਰੀਦਣ ਦੇ ਬਹਾਨੇ ਦੁਕਾਨਾਂ ਵਿਚ ਜਾ ਉੱਤਰੇ ਤੇ ਕਈ ਚੌਕਾਂ ਵਿਚ ਖੜੇ ਹੋਏ। ਕਸੂਰ ਦੇ ਪਠਾਨ ਹਾਕਮਾਂ ਨੂੰ ਉਦੋਂ ਖ਼ਬਰ ਹੋਈ ਜਦੋਂ ਸਿੱਖ ਚੁਪ-ਚੁਪੀਤੇ ਗੜ੍ਹੀ ਵਿਚ ਜਾ ਵੜੇ।
ਉਪਰੋਕਤ ਤੋਂ ਸਪੱਸ਼ਟ ਹੈ ਕਿ ੧੮ ਵੀਂ ਸਦੀ ਦਾ ਸਿੱਖ ਸੰਘਰਸ਼ ਉਨ੍ਹਾਂ ਦੇ ਜ਼ਿੰਦਗੀ ਮੌਤ ਨਾਲ ਹੋਏ ਘੋਲ ਦੀ ਬੇ-ਮਿਸਾਲ ਗਾਥਾ ਹੈ। ਸਿੱਖ ਇਤਿਹਾਸ ਵਿਚ ਇਹ ਉਹ ਸਮਾਂ ਹੈ ਜਦੋਂ ਸਿੱਖੀ ਸਪਿਰਟ-ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਅਧਿਆਤਮਿਕ ਦ੍ਰਿਸ਼ਟੀ ਤੋਂ ਆਪਣੇ ਪੂਰੇ ਜੋਬਨ ’ਤੇ ਸੀ। ਸੈਨਿਕ ਸ਼ਕਤੀ ਭਾਵੇਂ ਸੀਮਤ ਸੀ, ਕਿਸੇ ਕਿਲ੍ਹੇ ਜਾਂ ਪਹਾੜ ਦੀ ਓਟ ਵੀ ਨਹੀਂ ਸੀ, ਤੋਪਖਾਨੇ ਵਰਗੇ ਵੱਡੇ ਹਥਿਆਰ ਵੀ ਨਹੀਂ ਸਨ ਅਤੇ ਨਾ ਹੀ ਕਿਸੇ ਬਾਹਰਲੀ ਸੈਨਿਕ ਸ਼ਕਤੀ ਦੀ ਹਮਾਇਤ ਹਾਸਲ ਸੀ ਪਰ ਸਿੱਖਾਂ ਨੇ ਆਪਣੀ ਵਿਸ਼ੇਸ਼ ਪ੍ਰਕਾਰ ਦੀ ਯੁੱਧ-ਕਲਾ ਤੇ ਜੰਗੀ ਵਿਵਹਾਰ ਦੇ ਸਦਕੇ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਤੇ ਬਾਅਦ ਵਿਚ ਅਹਿਮਦ ਸ਼ਾਹ ਅਬਦਾਲੀ ਤੇ ਉਸ ਦੇ ਉਤਰਾਧਿਕਾਰੀਆਂ ਨੂੰ ਲਾਚਾਰ ਕਰ ਦਿੱਤਾ ਸੀ। ਫਲਸਰੂਪ ਉਨ੍ਹਾਂ ਨੇ ਉੱਤਰ-ਪੱਛਮ ਵਿਚ ਅਟਕ ਤੇ ਪੂਰਬ ਵਿਚ ਦਰਿਆ ਜਮੁਨਾ ਤਕ ਖੁਦ-ਮੁਖਤਾਰ ਸਿੱਖ ਰਾਜ ਸਥਾਪਿਤ ਕਰ ਲਿਆ ਸੀ।