ਪੱਤੇ ਕਿਰਦੇ ਹਨ, ਬਿਨਾਂ ਜਤਨ, ਪੂਰਨ ਸ੍ਵਤੰਤਰਤਾ ਨਾਲ, ਹਵਾ ਜਿੱਧਰ ਲੈ ਜਾਏ, ਚਲੇ ਜਾਂਦੇ ਹਨ । ਉਹ ਆਪਣਾ ਕੋਈ ਪੰਧ ਮੁਕੱਰਰ ਨਹੀਂ ਕਰਦੇ।
ਸੱਚ ਅਧਿਆਤਮਕ ਜੀਵਨ ਦਾ ਬੀਜ ਹੈ। ਸਾਰੀ ਉਪਜ ਸੱਚ ਤੋਂ ਸੰਭਵ ਹੈ। ਸੱਚ ਹੀ ਸਿਰਜਣਾ ਤੋਂ ਪਹਿਲਾਂ ਮੌਜੂਦ ਸੀ, ਸਿਰਜਣਾ ਵੇਲੋ ਵੀ ਇਹ ਕਾਇਮ ਸੀ, ਹੁਣ ਵੀ ਵਰਤ ਰਿਹਾ ਹੈ ਤੇ ਸਦਾ ਸਦਾ ਇਸ ਨੇ ਬਣੇ ਰਹਿਣਾ ਹੈ:
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ {ਅੰਗ,੧}
ਜੇਕਰ ਇਸ ਬੀਜ ਉਪਰ ਅਵਿਰਲ ਧਿਆਨ ਦੀ ਫੁਹਾਰ ਪੈਂਦੀ ਰਹੇ ਤਾਂ ਇਸ ਬੀਜ ਵਿੱਚੋਂ ਫੁਟਾਓ ਉਠਦਾ ਹੈ। ਇਹ ਫੁਟਾਓ ਸੰਜਮ ਤੇ ਸੰਤੋਖ ਦਾ ਹੁੰਦਾ ਹੈ, ਜਿਸ ਨਾਲ ਜ਼ਿੰਦਗੀ ਸੰਭਲਦੀ ਹੈ। ਇਸ ਫੁਟਾਓ ਨੂੰ ਫਿਰ ਸ਼ਾਂਤੀ ਦੇ ਫੁੱਲ ਪੈਂਦੇ ਹਨ। ਇਹ ਸ਼ਾਂਤੀ ਪੈਦਾ ਤਾਂ ਸਾਧਕ ਦੇ ਅੰਦਰੋਂ ਹੁੰਦੀ ਹੈ, ਪਰ ਇਸ ਦੀ ਸੁਗੰਧ ਸਾਧਕ ਦੀ ਹੋਂਦ ਵਿੱਚੋਂ ਇਉਂ ਫੁੱਟ ਫੁੱਟ ਕੇ ਚਾਰ ਚੁਫੇਰੇ ਨੂੰ ਸੁਗੰਧਿਤ ਕਰਦੀ ਹੈ, ਜਿਵੇਂ ਹਿਰਨ ਦੇ ਨਾਫ਼ੇ ਵਿੱਚੋਂ ਕਸਤੂਰੀ ਦੀ ਖ਼ੁਸ਼ਬੂ ਫੁੱਟ ਕੇ ਚੁਵੱਲੇ ਫੈਲਦੀ ਹੈ। ਇਸ ਫੁੱਲ ਵਿੱਚੋਂ ਹੀ ਫਿਰ ਮੁਕਤੀ ਦਾ ਫਲ ਪਨਪਦਾ ਹੈ।
ਇਸ ਲਈ ਸੱਚ ਦੇ ਵਪਾਰੀ ਹੋ ਕੇ ਸੱਚ ਵਿਹਾਜੀਏ :
ਸਚੇ ਕਾ ਵਾਪਾਰੀ ਹੋਵੈ
ਸਚੋ ਸਉਦਾ ਪਾਇਦਾ
{ਅੰਗ,੧੦੩੬}
ਇਹ ਅਧਿਆਤਮਕਤਾ ਦਾ ਪਹਿਲਾ ਕਦਮ ਹੈ। ਸੱਚ ਨੂੰ ਜ਼ਿੰਦਗੀ ਵਿਚ ਜੂਰਨ, ਭਾਵ ਜਜ਼ਬ ਹੋਣ ਦੇਵੀਏ, ਪ੍ਰਾਣਾਂ ਵਿਚ ਵਿਚਰਨ ਦੇਵੀਏ। ਕੇਵਲ ਸੱਚ ਬੋਲਣਾ ਹੀ ਕਾਫ਼ੀ ਨਹੀਂ, ਵਿਹਾਰ ਵਿਚ ਵੀ ਤੇ ਸੋਚਾਂ ਵਿਚ ਵੀ ਸਚਿਆਰਤਾ ਦਾ ਵਰਤਾਰਾ ਲੋੜੀਏ। ਵਿਹਾਰ ਵਿਚ ਸਚਿਆਰਤਾ ਤਦੇ ਹੀ ਵਰਤਦੀ ਹੈ, ਜੇ ਸੱਚੇ ਦਾ ਸਿਮਰਨ ਕਰੀਏ, ਉਸ ਉਪਰ ਧਿਆਨ ਜੋੜੀਏ। ਜਦੋਂ ਧਿਆਨ ਜੁੜਨ ਲੱਗਦਾ ਹੈ। ਤਾਂ ਇਕ ਸ਼ਾਂਤੀ, ਇਕ ਖੇੜਾ ਅੰਦਰ ਪ੍ਰਤੀਤ ਹੋਣ ਲੱਗਦਾ ਹੈ। ਇਹ ਸ਼ਾਂਤੀ ਵਿਆਪਕ ਹੋ ਜਾਂਦੀ ਹੈ—ਕੇਵਲ ਆਪਣੇ ਅੰਦਰ ਹੀ ਨਹੀਂ, ਸਭ ਥਾਈਂ ਪਸਰੀ ਹੋਈ ਪ੍ਰਤੀਤ ਹੁੰਦੀ ਹੈ। ਤਦ ਸਾਰੇ ਬੰਧਨ ਸਮਾਪਤ ਹੋ ਜਾਂਦੇ ਹਨ, ਕੋਈ ਬਾਕੀ ਨਹੀਂ ਰਹਿੰਦਾ। ਇਉਂ ਜਦ ਬੰਧਨ ਨਿਬੜ ਜਾਂਦੇ ਹਨ ਤਾਂ ਮੋਖ ਅਥਵਾ ਮੁਕਤੀ ਦੀ ਸਹਿਜ ਪ੍ਰਾਪਤੀ ਹੋ ਜਾਂਦੀ ਹੈ:
ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ॥ {ਅੰਗ ੮੮੧}
ਇਹੋ ਅਧਿਆਤਮਕ ਜੀਵਨ ਦੀ ਸਿਖਰ ਪ੍ਰਾਪਤੀ ਹੈ।
ਡਾ. ਜਸਵੰਤ ਸਿੰਘ ਨੇਕੀ
(ਗੁਰਮਤਿ ਮਨੋਵਿਗਿਆਨ ਵਿੱਚੋਂ)
