ਨਾਦ ਦੇ ਦੋ ਰੂਪ ਹਨ: ਆਹਤ ਤੇ ਅਨਾਹਤ। ਆਹਤ ਦੇ ਸ਼ਬਦੀ ਅਰਥ ਕਿਸੇ ਚੀਜ਼’ਤੇ ਚੋਟ ਕਰਨ ਨਾਲ ਪੈਦਾ ਹੋਈ ਅਵਾਜ਼ ਜਾਂ ਧੁਨੀ ਹਨ। ਇਵੇਂ ਆਹਤ ਨਾਦ ਕਿਸੇ ਸੰਗੀਤਕ ਸਾਜ਼ ਜਾਂ ਵਸਤੂ ਰਾਹੀਂ ਕਿਸੇ ਵਿਅਕਤੀ ਵੱਲੋਂ ਉਤਪੰਨ ਕੀਤਾ ਜਾਂਦਾ ਹੈ। ਅਨਾਹਤ ਉਹ ਹੈ ਜੋ ਬਿਨਾਂ ਹਤ ਕੀਤੇ ਵੱਜੇ। ਇਹ ਨਾਦ ਉਹ ਹੈ ਜੋ ਸਮੁੱਚੇ ਬ੍ਰਹਿਮੰਡ ਵਿਚ ਗੂੰਜ ਰਿਹਾ ਹੈ ਅਤੇ ਇਸ ਨੂੰ ਅਨੁਭਵ ਦੀ ਪੱਧਰ ਤੇ ਅੰਤਰ-ਆਤਮੇ ਵਿਚ ਸੁਣਿਆ ਜਾਂਦਾ ਹੈ। ਇਹ ਖਾਮੋਸ਼ੀ ਦੀ ਉਹ ਆਵਾਜ਼ (the voice of silence) ਹੈ ਜੋ ਸਿਰਜਣਾ ਤੋਂ ਪਹਿਲਾਂ ਵੀ ਵਰਤ ਰਹੀ ਸੀ ਅਤੇ ਉਤਪਤੀ ਅਤੇ ਪਰਲੇ ਦੇ ਵਿਚਾਲੇ ਵੀ ਨਿਰੰਤਰ ਵਰਤ ਰਹੀ ਹੈ। ਅਨਹਦ ਵਾਜੇ ਦੇ ਰੂਪ ਵਿਚ ਇਹ ਦੇਸ਼-ਕਾਲ ਦੀਆਂ ਸੀਮਾਵਾਂ ਤੋਂ ਵੀ ਪਰੇ-ਪਰੇਰੇ ਹੈ ਅਤੇ ਧੁਨਿ ਰੂਪ ਵਿਚ ਅਨੁਭਵੀ ਪੁਰਸ਼ਾਂ ਦੇ ਹਿਰਦੇ ਅੰਦਰ ਧੁਨਕਾਰ ਦਿੰਦਾ ਹੈ। ਇਵੇਂ ‘ਅਨਹਦ ਵਾਜੇ ਧੁਨਿ ਵਜਦੇ’ ਰਾਗ-ਨਾਦ ਦੀ ਉਹ ਸਰਬ-ਵਿਆਪਕਤਾ ਅਤੇ ਸਰਬ ਨਿਰੰਤਰਤਾ ਹੈ ਜੋ ਆਪਣੇ ਕਰਤਾਰੀ ਰੂਪ ਵਿਚ ‘ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ’ ਹੈ ਅਤੇ ਨਿਸਤਾਰੀ ਰੂਪ ਵਿਚ ‘ਨਾਮ-ਧੁਨਿ’ ਹੈ। ਗੁਰਮੁਖ ਰੂਹਾਂ, ਅਨੁਭਵੀ ਪੁਰਸ਼ਾਂ ਅਤੇ ਸੰਤ-ਮਹਾਤਮਾਵਾਂ ਨੇ ਇਸ ਦੈਵੀ ਰਾਗ ਨੂੰ ਅਖੰਡ-ਕੀਰਤਨ, ਨਿਰਬਾਣ-ਕੀਰਤਨ, ਦਿੱਭ-ਧੁਨੀ, ਉਦਗੀਥ (ਉਪਰਲੇ ਮੰਡਲਾਂ ਦਾ ਗੀਤ) ਕਹਿ ਕੇ ਯਾਦ ਕੀਤਾ ਹੈ।
ਆਹਤ ਨਾਦ ਜਿਸ ਨੂੰ ਦੁਨਿਆਵੀ ਨਾਦ ਜਾਂ ਸੰਗੀਤ ਕਿਹਾ ਜਾਂਦਾ ਹੈ, ਦੀ ਸੀਮਾ ਤ੍ਰੈਗੁਣੀ ਰਚਨਾ ਤੱਕ ਹੈ। ਤ੍ਰੈਗਣੀ ਰਚਨਾ ਮਾਇਆ ਦਾ ਪਸਾਰਾ ਹੈ ਤੇ ਆਮ ਬੰਦੇ ਦੀ ਜੀਵਨ-ਲੀਲਾ ਇਹਨਾਂ ਤਿੰਨਾਂ ਗੁਣਾਂ ਵਿਚ ਹੀ ਉਸਲ-ਵੱਟੇ ਲੈਂਦੀ ਰਹਿੰਦੀ ਹੈ। ਜੋ ਜੀਵ ਇਹਨਾਂ ਤਿੰਨਾਂ ਗੁਣਾਂ (ਰਜ-ਤਮ-ਸਤ) ਨੂੰ ਉਲੰਘ ਕੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ, ਉਹ ਚਉਥੇ ਪਦ ਦੇ ਨਿਰਲੇਪ ਜੀਵਨ ਵਿਚ ਵਿਚਰਦਾ ਹੈ। ਇਸੇ ਨੂੰ ਸਹਿਜ ਅਵਸਥਾ ਕਿਹਾ ਗਿਆ ਹੈ:
ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ॥ ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ॥ ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ॥
ਹਰਿ ਜੀਉ ਤੇਰੇ ਮਨਿ ਵਸੈ ਭਾਈ ਹਰਿ ਕੇ ਗੁਣ ਗਾਇ॥
ਆਹਤ ਨਾਦ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ। ਇਸ ਦੀ ਪਹਿਲੀ ਸੰਗੀਤਕ ਸੁਰ ਰਜੋ ਗੁਣ ਦੀ ਹੈ। ਜਿਸ ਨੂੰ ਸੁਣ ਕੇ ਵਿਅਕਤੀ ਖੁਸ਼ ਹੁੰਦਾ ਹੈ। ਦੂਜੀ ਪਰਤ ਤਮੋ ਗੁਣ ਦੀ ਹੈ ਜਿਸ ਨੂੰ ਸੁਣ ਕੇ ਕਰੁਣਾ ਜਾਗਦੀ ਹੈ ਤੇ ਬੰਦਾ ਏਨਾ ਦੁਵਿਤ ਹੋ ਜਾਂਦਾ ਹੈ ਕਿ ਆਪ ਮੁਹਾਰੇ ਹੰਝੂ ਵਹਿ ਤੁਰਦੇ ਹਨ। ਤੀਜੀ ਪਰਤ ਸਤੋ ਗੁਣ ਦੀ ਹੈ ਜਿਸ ਦੀ ਸੰਗੀਤਕ ਧੁਨ ਸੁਣ ਕੇ ਬੰਦਾ ਮਸਤ-ਮਦਹੋਸ਼ ਹੋ ਜਾਂਦਾ ਹੈ। ਅਨਾਹਦ ਨਾਦ ਉਹ ਦੈਵੀ ਨਾਦ ਹੈ ਜਿਸ ਦੀ ਸੰਗੀਤਕ ਸੀਮਾਂ ਇਹਨਾ ਤਿੰਨਾ ਗੁਣਾਂ ਨੂੰ ਉਲੰਘ ਕਿ ਚੌਥੀ ਪਰਤ ਦੇ ਰੂਪ ਵਿੱਚ ਖੁੱਲਦੀ ਹੈ, ਜੋ ਪਦ ਨਿਰਵਾਣ ਵਾਲੀ ਨਿਰ-ਵਿਕਲਪ ਅਵਸਥਾ ਦੇ ਸਰੂਰ ਵਾਲੀ ਹੈ। ਇਸ ਦੀ ਸੰਗੀਤਕ ਧੁਨ ਇੱਕ ਨਿਰੰਤਰ ਸੱਦ ਹੈ, ਅੱਲਾਹ ਵੱਲੋਂ ਰੂਹ ਨੂੰ। ਇਥੇ ਮਨ-ਮਾਇਆ ਦੀਆਂ ਮਸਤੀਆਂ ਪਿੱਛੇ ਰਹਿ ਜਾਂਦੀਆਂ ਹਨ ਤੇ ਰੂਹ ਵਜਦ ਵਿਚ ਆਉਂਦੀ ਹੈ।
ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਬਾਹਰਮੁਖਤਾ ਵਿਚਲੇ ਰਾਗਾਂ
ਅਨੁਸਾਰ ਜੋ ਕੀਰਤਨ ਕੀਤਾ ਜਾਂਦਾ ਹੈ, ਕੀ ਉਸ ਨੂੰ ਦੁਨਿਆਵੀ ਸੰਗੀਤ ਨਾਲ ਜੋੜ ਕੇ ਵੇਖਿਆ ਜਾਵੇ? ਜੇ ਇਹ ਅਜਿਹਾ ਸੰਗੀਤ ਨਹੀਂ ਤਾਂ ਫੇਰ ਇਸ ਦਾ ਅਖੰਡ-ਕੀਰਤਨ ਜਾਂ ਨਿਰਬਾਣ-ਕੀਰਤਨ ਨਾਲ ਕੀ ਸਬੰਧ ਹੈ? ਇਸ ਸੰਦਰਭ ਵਿਚ ਵਿਚਾਰਨ ਵਾਲੀ ਪਹਿਲੀ ਗੱਲ ਇਹ ਹੈ ਕਿ ਗੁਰਮਤਿ ਵਿਚ ਕੀਰਤਨ ਦਾ ਸੰਕਲਪ ਜੋ ਸਾਹਮਣੇ ਆਇਆ ਹੈ, ਉਹ ਦੁਨਿਆਵੀ ਸੰਗੀਤ ਵਾਂਗ ਮਨੋਰੰਜਨ ਦਾ ਸਾਧਨ ਨਹੀਂ ਤੇ ਨਾ ਹੀ ਕੰਨ ਰਸ ਤੱਕ ਸੀਮਿਤ ਹੈ। ਇਹ ਤਾਂ ਇੱਕ ਸਾਧਨਾ ਪੱਧਤੀ ਹੈ ਜੋ ਗੁਰਸਿੱਖ ਨੂੰ ਪਰਮ ਸਤਿ ਨਾਲ ਜੋੜਨ ਦਾ ਮਾਧਿਅਮ ਬਣਦੀ ਹੈ।
ਦੂਜਾ ਬਾਹਰਮੁਖੀ ਰੂਪ ਵਿਚ ਰਾਗਾਂ ਅਨੁਸਾਰ ਗੁਰਬਾਣੀ ਦਾ ਕੀਤਾ ਜਾਂਦਾ ਗਾਇਨ (ਕੀਰਤਨ) ਪਰਮ-ਸਤਿ ਦੀ ਸਿਫਤ-ਸਲਾਹ ਹੈ, ਜਿਸ ਨੇ ਅੰਤਰ-ਮੁਖਤਾ ਨਾਲ ਜੁੜ ਕੇ ‘ਅਖੰਡ-ਕੀਰਤਨ’ ਅਤੇ ਫਿਰ ‘ਨਾਮ-ਧੁਨਿ’ ਦੀ ਨਿਰੰਤਰਤਾ ਵਿਚ ਉਜਾਗਰ ਹੋ ਜਾਣਾ ਹੁੰਦਾ ਹੈ।
ਭਾਵੇਂ ਇਹ ਕੀਰਤਨ ਆਹਤ ਨਾਦ ਦੇ ਘੇਰੇ ਵਿਚ ਆਉਂਦਾ ਹੈ, ਪਰ ਇਹ ਮਨ ਨੂੰ ਪ੍ਰਭੂ ਨਾਲ ਕੇਂਦਰਿਤ ਕਰਨ ਦਾ ਸਾਧਨ/ਮਾਧਿਅਮ ਬਣਦਾ ਹੈ। ਇਹ ਤ੍ਰੈ-ਗੁਣੀ ਰਚਨਾ ਵਿਚ ਭੱਜੇ ਫਿਰਦੇ ਅਤੇ ਭਟਕੇ ਮਨ ਨੂੰ ਸੁਣਾਇਆ ਜਾਂਦਾ ਹੈ। ਹੌਲੀ-ਹੌਲੀ ਜਦ ਮਨ ਥਿਰ ਹੋ ਜਾਂਦਾ ਹੈ ਫਿਰ ਮਨ ਹੀ ਸਾਜ ਬਣ ਜਾਂਦਾ ਹੈ ਤੇ ਇਸੇ ਨੂੰ ਅੰਤਰ-ਮੁਖਤਾ ਵਿਚ ਵਜਾਇਆ ਜਾ ਰਿਹਾ ਹੁੰਦਾ ਹੈ। ਇਵੇਂ ਬਾਹਰਮੁਖੀ ਕੀਤਰਨ ਅੰਦਰਲੇ
ਸਾਜ ਨੂੰ ਸੁਰ ਕਰਨ ਦਾ ਜ਼ਰੀਹਾ ਹੈ। ਅਜਿਹਾ ਹੋਣ ਉਪਰੰਤ ਇਹ ਸਾਜ-ਹਸਤੀ ਦਾ ਆਪਣਾ ਨਗਮਾ ਬਣ ਜਾਂਦਾ ਹੈ। ਗੁਰੂ ਨਾਨਕ ਪਾਤਿਸ਼ਾਹ ਕਹਿੰਦੇ ਹਨ-
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥ ਜਿਸ ਨੋ ਵਾਇ ਸੁਣਾਈਐ ਸੇ ਕੇਵਡ ਕਿਤੁ ਥਾਇ॥
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ॥
ਕੀਰਤਨ ਨੂੰ ਜਦ ਕਮਾਈ ਦਾ ਸਾਧਨ ਬਣਾ ਲਿਆ ਜਾਵੇ ਤਾਂ ਉਸ ਵਿਚੋਂ ਸਾਧਨਾ ਅਲੋਪ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅਜੋਕੇ ਸੰਦਰਭ ਵਿਚ ਨਾ ਉਸ ਭਾਵਨਾ ਨਾਲ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਸ ਭਾਵਨਾ ਨਾਲ ਸੁਣਿਆ ਜਾ ਰਿਹਾ ਹੈ। ਕੀਰਤਨ ਸਿਮਰਨ ਦੀ ਸਾਧਨਾ ਦੀ ਥਾਂ ਇੱਕ ਰਸਮ ਬਣ ਕੇ ਰਹਿ ਗਿਆ ਹੈ। ਕੀਰਤਨ ਦੀ ਪਰੰਪਰਾ ਦਾ ਪ੍ਰਾਰੰਭ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਰੂਪ ਵਿਚ ਕੀਤਾ ਸੀ, ਉਸ ਦਾ ਮਕਸਦ ਇਹ ਸੀ ਕਿ ਰੱਬ ਨਾਲ ਜੁੜਨ ਲਈ ਕਠਿਨ ਸਾਧਨਾ ਤੇ ਜੋਗ ਅਭਿਆਸ ਦੀ ਥਾਂ ਕੀਰਤਨ ਨੂੰ ਸਾਧਨ ਬਣਾਇਆ ਜਾਵੇ।
ਰਾਜ ਲੀਲਾ ਤੇਰੈ ਨਾਮ ਬਣਾਈ॥
ਜੋਗੁ ਬਨਿਆ ਤੇਰਾ ਕੀਰਤਨੁ ਗਾਈ॥
ਜਦੋਂ ਗੁਰੂ ਪਾਤਸ਼ਾਹ ਅੰਤਰ-ਆਤਮੇ ਨਾਲ ਇੱਕ-ਸੁਰ ਹੋ ਕੇ ਵਿਸਮਾਦ ਵਿਚ ਆਉਂਦੇ ਸਨ ਤਾਂ ਭਾਈ ਮਰਦਾਨੇ ਨੂੰ ਕਹਿੰਦੇ ਸਨ ‘ਮਰਦਾਨਿਆਂ ਰਬਾਬ ਵਜਾਇ ਬਾਣੀ ਆਈ ਹੈ।’ ਮਰਦਾਨੇ ਜੀ ਦਾ ਮਨ ਗੁਰੂ ਜੀ ਦਾ ਨੇੜ ਪ੍ਰਾਪਤ ਕਰ ਕੇ ਦੈਵੀ-ਬਖ਼ਸ਼ਿਸ਼ ਰਾਹੀਂ ਸੂਰ-ਬ੍ਰਹਮ ਨਾਲ ਵਿਭੂਸ਼ਿਤ ਹੋ ਚੁੱਕਾ ਸੀ ਤੇ ਉਹ ਅਨਾਹਤ ਦੀ ਗਤਿ ਨਾਲ ਸੁਰ ਹੋ ਕੇ ਜਦ ਰਬਾਬ ਵਜਾਉਂਦੇ ਤਾਂ ਸੰਗੀਤ ਦਾ ਚੌਥਾ ਪਰਦਾ ਖੁੱਲ੍ਹ ਜਾਂਦਾ ਸੀ। ਮਰਦਾਨਾ ਕੇਵਲ ਰਬਾਬੀ ਨਹੀਂ ਸੀ, ਉਹ ਖੁਦ ਰਬਾਬ ਸੀ। ਉਸ ਅੰਦਰਲਾ ਅਨਹਦ ਨਾਦ ਰਬਾਬ ਨੂੰ ਵਜਾਉਂਦਾ ਸੀ। ਇਸ ਗਾਇਨ ਵਿਚ ਬਾਣੀ, ਅਲਾਪ ਤੇ ਸੁਰ ਤਿੰਨੋਂ ਇੱਕ-ਮਿੱਕ ਹੋ ਕੇ ਪਰਮ-ਸਤਿ ਦੇ ਇਲਾਹੀ ਨਾਦ ਵਿਚ ਸਮਾਏ ਹੋਏ ਸਨ। ਇਹ ਕੀਰਤਨ (ਸਿਫ਼ਤਿ-ਸਲਾਹ) ਨਿਰਾ ਸੁਰਾਂ ਦਾ ਅਵਾਜ਼ਾ ਨਹੀਂ ਸੀ, ਸਗੋਂ ਇਸ ਪਰਦੇ ਹੇਠ ਤਰਬਾਂ ਸਨ ਤੇ ਤਰਬਾਂ ਦੀ ਛਾਂ ਹੇਠ ਪਰਮ-ਸਤਿ ਦੀ ਪਸਰੀ ਹੋਈ ਵਿਆਪਕ ਹੋਂਦ ਵਿਚ ਅਨਾਹਤ ਨਾਦ ਦੀ ਝੁਣਕਾਰ ਸੀ-
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ॥
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ॥ ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ॥
ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ॥
ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ॥
ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ॥
ਸੰਸਾਰ ਦੀ ਸਮੁੱਚੀ ਰਚਨਾ ਵਿਚ ਇਹੀ ਵਿਸ਼ਵਤਾਲ ਚੱਲ ਰਿਹਾ ਹੈ।
ਇਸ ਦੀ ਗਤਿ ਅਖੰਡ ਹੈ, ਲਯ ਅਟੁੱਟ ਹੈ। ਕੀਰਤਨ ਵਿਚ ਜਦ ਰੂਹ ਭਿੱਜ ਜਾਂਦੀ ਹੈ ਤਾਂ ਬਾਹਰਮੁਖੀ ਸੁਰਾਂ ਰਾਹੀਂ ਅੰਤਰਮੁਖੀ ਤਰਬਾਂ ਜਾਗ ਪੈਂਦੀਆਂ ਹਨ ਜਿਸ ਦੀ ਥਰਥਰਾਹਟ ਅਟੁੱਟ ਅਨਾਹਤ ਨਾਦ ਦਾ ਰੂਪ ਧਾਰਨ ਕਰ ਲੈਂਦੀ ਹੈ। ਇਥੇ ਹੱਥ ਵਿਚਲਾ ਸਾਜ਼ ਇੱਕ ਸੰਦ ਬਣ ਕੇ ਰਹਿ ਜਾਂਦਾ ਹੈ। ਇਵੇਂ ਬਾਹਰਮੁਖੀ ਕੀਰਤਨ ਜਦ ‘ਨਾਮ-ਧੁਨਿ’ ਬਣ ਕੇ ਗੁਰਸਿੱਖ ਦੇ ਹਿਰਦੇ ਅੰਦਰ ਨਿਰੰਤਰ ਚੱਲ ਪੈਂਦਾ ਹੈ ਤਾਂ ਇਸੇ ਨੂੰ ਅਖੰਡ ਕੀਰਤਨ ਕਿਹਾ ਜਾਂਦਾ ਹੈ। ਇਹ ਵਿਸਮਾਦੀ ਅਨੁਭਵ ਉਹਨਾਂ ਗੁਰਸਿੱਖਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਹਨਾਂ ਉਪਰ ਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ। ਫੇਰ ਜੀਵਨ ਦੀਆਂ ਚਾਹਤਾਂ ‘ਰਜ-ਤਮ-ਸਤ’ ਨਹੀਂ ਰਹਿ ਜਾਂਦੀਆਂ ਸਗੋਂ ਇਹ ਅੰਦਰੂਨੀ ਅਗੰਮੀ ਕੀਰਤਨ ਰੂਹ ਦਾ ਰੱਜ ਹੋ ਨਿਬੜਦਾ ਹੈ
ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ॥
ਕਹੁ ਨਾਨਕ ਜਿਸੁ ਸਤਿਗੁਰ ਪੂਰਾ॥
ਇਵੇਂ ਬਾਹਰਮੁਖੀ ਕੀਰਤਨ ਅੰਦਰੂਨੀ ਅਖੰਡ-ਕੀਰਤਨ ਲਈ ਪ੍ਰੇਰਕ (catalistic) ਹੈ। ਬਾਹਰਮੁਖੀ ਕੀਰਤਨ (ਆਹਤ ਨਾਦ) ਦਾ ‘ਅਨਹਦ ਵਾਜੇ ਧੁਨਿ ਵਜਦੇ’ ਨਾਲ ਸਬੰਧ ਉਹੋ ਜਿਹਾ ਹੀ ਹੈ, ਜਿਵੇਂ ਅਸੀਂ ਧਰਤੀ ਵਿਚ ਬੋਰ ਕਰ ਕੇ ਨਲਕਾ ਲਾਉਂਦੇ ਹਾਂ। ਜਦ ਮਸ਼ੀਨ ਫਿੱਟ ਕਰ ਦਿੱਤੀ ਜਾਂਦੀ ਹੈ ਤਾਂ ਪਹਿਲਾਂ ਬਾਹਰੋਂ ਪਾਣੀ ਪਾਇਆ ਜਾਂਦਾ ਹੈ ਤੇ ਨਲਕਾ ਗੇੜਿਆ ਜਾਂਦਾ ਹੈ। ਕੁੱਝ ਚਿਰ ਅਜਿਹਾ ਕਰਨ ਨਾਲ ਹੇਠੋਂ ਪਾਣੀ ਨਿਕਲ ਆਉਂਦਾ ਹੈ। ਪਹਿਲਾਂ ਇਹ ਪਾਣੀ ਗੰਧਲਾ ਹੁੰਦਾ ਹੈ ਤੇ ਫਿਰ ਸਾਫ਼ ਹੋ ਜਾਂਦਾ ਹੈ। ਬਾਹਰੀ ਕੀਰਤਨ ਤਾਂ ਬੱਸ ਜੀਵ ਰੂਪੀ ਨਲਕੇ ਵਿਚ ਬਾਹਰੋਂ ਪਾਣੀ ਪਾਉਣ ਦੇ ਸਮਾਨ ਹੈ।
ਜਦੋਂ ਪਾਣੀ ਹੇਠੋਂ ਨਿਕਲ ਆਉਂਦਾ ਹੈ ਤਾਂ ਉਹ ਸਵੱਛ, ਤਾਜ਼ਾ ਤੇ ਨਿਰੰਤਰ ਨਿਕਲਦਾ ਰਹਿੰਦਾ ਹੈ। ਇਹੀ ‘ਅਨਹਦ ਵਾਜੇ ਧੁਨਿ ਵਜਦੇ’ ਦਾ ਰਹੱਸ ਹੈ।
ਕਲਾਸਕੀ ਸੰਗੀਤ ਅਨਾਹਦ ਨਾਦ ਨੂੰ ਸੁਰ-ਬੱਧ ਕਰਨ ਦਾ ਇੱਕ ਯਤਨ ਹੈ। ਸਮੂਰਤ ਬਾਹਰੀ ਸੁਰਾਂ ਅਮੂਰਤ ਅਨੁਭਵ ਨੂੰ ਅੰਦਰ ਸਾਕਾਰ ਕਰਦੀਆਂ ਹਨ। ਜਿਸ ਨਾਲ ਅੰਦਰ ਅਨੰਦ ਦਾ ਸੰਚਾਰ ਹੁੰਦਾ ਹੈ। ਅਨਾਹਦ ਨਾਦ ਜਦ ਅੰਦਰ ਜਾਗ ਪੈਂਦਾ ਹੈ ਤਾਂ ਆਪਾ ਪਰਮ-ਸਤਿ ਨਾਲ ਇੱਕ ਸੁਰ ਹੋ ਕੇ ‘ਨਾਮ-ਧੁਨਿ’ ਦੀ ਅਨੰਤਤਾ ਵਿਚ ਸਮਾ ਜਾਂਦਾ ਹੈ। ਇਹੀ ਕਠੋਰ ਮਨ ਨੂੰ ਦ੍ਰਵਿਤ ਕਰਨ ਦੀ ਚੇਤਨਾ ਹੈ:-
ਗੁਰਬਾਣੀ ਸੁਨਤ ਮੇਰਾ ਮਨੁ ਦੁਵਿਆ ਮਨੁ ਭੀਨਾ ਨਿਜ ਘਰਿ ਆਵੈਗੋ॥
ਤਹ ਅਨਹਤ ਧੁਨਿ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ॥
ਗੁਰਮਤਿ ਵਿਚ ਕੀਰਤਨ ਦਾ ਉਦੇਸ਼ ਤੇ ਨਿਸ਼ਾਨਾ ਅੰਤਰ-ਆਤਮੇ ਨੂੰ ਜਗਾਉਣਾ ਹੈ, ਵਿਸਮਾਦ ਵਿਚ ਟਿਕਾਉਣਾ ਹੈ। ਜਦੋਂ ਰਾਗੀ ਸ਼ਬਦ ਵਿਚ ਭਿੱਜ ਕੇ ਆਪਣੇ ਬਾਹਰੀ ਅਲਾਪ ਨੂੰ ਅੰਦਰੂਨੀ ਸਾਜ (ਹਿਰਦਾ/ਅੰਤਹਕਰਣ) ਨਾਲ ਇੱਕ-ਸੁਰ ਕਰ ਕੇ ਗਾਇਨ ਕਰਦਾ ਹੈ ਤਾਂ ਇਸ ਦਾ ਕੀਰਤਨ ਕਰਤਾ ਤੇ ਸਰੋਤਾ (ਸੰਗਤ) ਦੋਹਾਂ ਨੂੰ ਅਜਿਹਾ ਰਸ ਆਉਂਦਾ ਹੈ ਕਿ ਉਹ ਇਸ ਰਾਹੀਂ ਅੰਦਰਲੇ ਸਾਜ ਅਨਾਹਤ ਦੀ ਚੁੱਪ-ਖੁਮਾਰੀ ਵਿਚ ਝੂਮ ਉਠਦੇ ਹਨ। ਇਹ ਅੰਦਰਲਾ ਸਾਜ ਮਤਿ ਤੇ ਮਨ ਦਾ ਇਕਾਗਰ ਹੋਣਾ ਹੈ। ਪਰ ਜੇਕਰ ਰਾਗੀ ਇਹ ਸਮਝੇ ਕਿ ਇਹ ਉਸ ਦੇ ਆਪੇ ਦਾ ਹੁਨਰ ਜਾਂ ਕਲਾਕਾਰੀ ਹੈ ਤਾਂ ਇਹ ਸਿਰਫ ਸਵੈਮਾਣ ਦੀ ਪ੍ਰਤਿਸ਼ਠਾ ਰਹਿ ਜਾਂਦੀ ਹੈ। ਇਸ ਵਿਚ ਨਾ ਅੰਤਰੀਵਤਾ ਹੁੰਦੀ ਹੈ, ਨਾ ਸੁੰਨਯਤਾ ਦੀ ਲੈਅ, ਬੱਸ ਖਾਲੀ ਤਾਨ ਪ੍ਰਸਤਾਰ ਦੀ ਚਮਤਕਾਰੀ ਹੁੰਦੀ ਹੈ। ਅਜਿਹਾ ਗਾਇਨ ਰੋਟੀ-ਰੋਜੀ ਦਾ ਸਾਧਨ ਤਾਂ ਹੋ ਸਕਦਾ ਹੈ ਪਰ ਪਰਮ-ਸਤਿ ਦੀ ਸਿਫਤਿ-ਸਲਾਹ ਦਾ ਕੀਰਤਨ ਨਹੀਂ-
ਇਕਿ ਗਾਵਤ ਰਹੇ ਮਨਿ ਸਾਦੁ ਨਾ ਪਾਇ॥
ਹਉਮੈ ਵਿਚਿ ਗਾਵਹਿ ਬਿਰਥਾ ਜਾਇ॥
ਪਰ ਜਦ ਰਾਗੀ ਰੂਹ ਦੀਆਂ ਗਹਿਰਾਈਆਂ ਵਿਚ ਉਤਰ ਕੇ ਗਾਇਨ ਕਰਦਾ ਹੈ ਤਾਂ ਉਸ ਦਾ ਰਾਗ ਕਈ ਰੂਪ ਬਦਲਦਾ ਸੂਖਮ ਹੁੰਦਾ ਜਾਂਦਾ ਹੈ। ਉਸ ਦੀ ਅਵਾਜ਼ ਨਿਰੀ ਹਵਾ ਦੀ ਬਰਥਰਾਹਟ ਨਹੀਂ ਰਹਿੰਦੀ, ਉਸ ਨਾਲ ਵਾਯੂਮੰਡਲ ਵਿਚ ਸੀਤਲਤਾ ਤੇ ਸਜਲਤਾ ਆ ਜਾਂਦੀ ਹੈ। ਇਹ ਤਰਾਵਤ ਤ੍ਰੈਲ ਵਰਗੀ ਹੁੰਦੀ ਹੈ ਜੋ ਬਿਨਾ ਸ਼ੋਰ ਦੇ ਚੁੱਪ ਦੇ ਰਸਤੇ ਰੂਹਾਨੀ ਖੇੜਾ ਬਖਸ਼ਦੀ ਹੈ। ਇਸ ਵਿਚ ਜਿੰਦਗੀ ਦਾ ਸਹਿਜ ਲੁਪਤ ਹੁੰਦਾ ਹੈ ਜੋ ਸਦੀਆਂ ਦੇ ਬੰਜਰ ਪਏ ਹਿਰਦਿਆਂ ਨੂੰ ਹਰਾ-ਭਰਾ ਕਰ ਦਿੰਦਾ ਹੈ। ਇਸ ਅਹਿਸਾਸ ਵਿਚ ਇਵੇਂ ਅਨੁਭਵ ਹੁੰਦਾ ਹੈ ਕਿ ਜੋ ਤਾਲ ਹਿਰਦੇ ਅੰਦਰ ਵੱਜ ਰਿਹਾ ਹੈ, ਉਹ ਕੁਦਰਤ ਦੇ ਹਰ ਵਰਤਾਰੇ ਵਿਚ ਵੱਜ ਰਿਹਾ ਹੈ।
ਕੁਦਰਤ ਦੀ ਇਸ ਧੜਕਣ ਨੂੰ ਅਨਹਤ ਨਾਦ ਦੇ ਰੂਪ ਵਿਚ ਅਨੁਭਵ ਕਰਨਾ ਅਕਲਾਂ ਬੁੱਧਾਂ ਤੋਂ ਪਰ੍ਹੇ ਦੀ ਗੱਲ ਹੈ। ਇਸ ਦਾ ਖੇਤਰ ਵਿਸਮਾਦ ਦਾ ਚੌਥਾ-ਪਦ ਹੈ। ਇਸ ਸਹਿਜ ਅਵਸਥਾ ਵਿਚ ਹੀ ਅੰਦਰਲੇ ਨੂੰ ਬਾਹਰ ਤੇ ਬਾਹਰਲੇ ਨੂੰ ਅੰਦਰ ਸੁਰਤਿ ਪ੍ਰਤੀਤ ਕਰਦੀ ਹੈ ਅਤੇ ਨਿਰਤ ਇਸ ਨਜ਼ਾਰੇ ਦੇ ਦ੍ਰਿਸ਼ ਦੇਖਦੀ ਹੈ। ਰੂਹ ਦੇ ਇਹਨਾਂ ਮਰਮ ਸਥਾਨਾਂ ਤੱਕ ਗਿਆਨ-ਇੰਦ੍ਰੀਆਂ ਦੀ ਕੋਈ ਪਹੁੰਚ ਨਹੀਂ। ਇਥੇ ਜੇ ਕੋਈ ਚੀਜ਼ ਪਹੁੰਚ ਸਕਦੀ ਹੈ ਤਾਂ ਉਹ ਅਨਹਤ ਨਾਦ ਦੀ ਧੁਨਾਂ ਤੇ ਲੈਅ ਹੀ ਹੈ।
ਸੂਫ਼ੀ ਸੰਤਾਂ ਦਾ ਵਿਚਾਰ ਹੈ ਕਿ ਰਾਗ ਨਾਲ ਉਹ ਚੇਤੇ ਜਾਗ ਪੈਂਦੇ ਹਨ ਜਿਹੜੇ ਰੱਬ ਕੋਲੋਂ ਵਿਛੜਨ ਲੱਗਿਆਂ ਰੱਬੀ ਧੁਨਾਂ ਸੁਣ ਕੇ ਰੂਹਾਂ ਨੇ ਪੱਲੇ ਬੰਨੇ ਹੁੰਦੇ ਹਨ। ਕੁਰਾਣ ਮਜੀਦ ਵਿਚ ਇਹ ਪਵਿੱਤਰ ਬਚਨ ਆਉਂਦਾ ਹੈ ਕਿ ਜਦ ਰੱਬ ਨੇ ਰੂਹਾਂ ਪੈਦਾ ਕੀਤੀਆਂ ਤਾਂ ਉਹਨਾਂ ਤੋਂ ਪੁਛਿਆ ਕਿ ਤੁਹਾਡਾ ਰੱਬ ਕਿਹੜਾ ਹੈ (ਅਲਸਤ ਬਿਰਬਿਕਮ)।
ਇਹ ਇਲਾਹੀ ਆਵਾਜਾ ਜਦ ਉਨ੍ਹਾਂ ਦੇ ਕੰਨੀ ਪਿਆ ਤਾਂ ਉਹ ਮਸਤ ਹੋ ਕੇ ਬੋਲ ਉਠੀਆਂ-‘ਕਾਲੂਬਿਲਾ’ (ਤੂੰ ਹੀ ਸਾਡਾ ਰੱਬ ਹੈਂ)। ਇਹ ਪਹਿਲਾ ਕੌਲ ਇਕਰਾਰ ਸੀ ਜੋ ਰੂਹਾਂ ਤੇ ਰੱਬ ਦੇ ਵਿਚਕਾਰ ਹੋਇਆ ਅਤੇ ਇਹ ਰਾਗ ਸੀ। ਮਾਤ-ਲੋਕ ਵਿਚ ਆ ਕੇ ਰੂਹਾਂ ਇਹ ਇਕਰਾਰ ਭੁੱਲ ਗਈਆਂ। ਉਹਨਾਂ ਦੇ ਹਿਰਦੇ ਅੰਦਰ ਇਲਾਹੀ ਸੱਦ ਤਾਂ ਨਿਰੰਤਰ ਧੁਰਧਾਮ ਤੋਂ ਆ ਰਹੀ ਹੈ ਪਰ ਰੂਹਾਂ ਉਸ ਵੱਲੋਂ ਅਵੇਸਲੀਆਂ ਹਨ।
ਅੱਲਾਹ ਵੱਲੋਂ ਪੈਗਾਮ ਲੈ ਕੇ ਪੈਗੰਬਰ ਮਾਤ-ਲੋਕ ਵਿਚ ਆ ਕੇ ਰੱਬ ਤੇ ਰੂਹਾਂ ਵਿਚਕਾਰ ਹੋਏ ਇਕਰਾਰ ਨੂੰ ਚੇਤੇ ਕਰਵਾਉਂਦਾ ਹੈ।
ਜਾਗੀਆਂ ਰੂਹਾਂ ਇਸ ਪੈਗਾਮ ਨੂੰ ਸੁਣ ਕੇ ਇਲਾਹੀ ਨਾਦ ਨੂੰ ਆਪਣੇ ਹਿਰਦੇ ਅੰਦਰ ਸੁਣਦੀਆਂ ਹਨ। ਇਹ ਦੈਵੀ ਨਾਦ ਹੀ ਸੂਫ਼ੀਆਂ ਦਾ ‘ਸਮਾਅ’ ਹੈ ਜਿਸ ਨੂੰ ਰੂਹਾਨੀ ਪੱਧਰ ‘ਤੇ ਸੁਣ ਕੇ ਅੱਲਾਹ ਵਿਚ ਅਭੇਦ ਹੋਇਆ ਜਾਂਦਾ ਹੈ। ਜੋ ਜਿਸਮਾਨੀ ਪੱਧਰ ਤੇ ਹੀ ‘ਸਮਾਅ’ ਨੂੰ ਸੁਣਦੇ ਹਨ, ਉਹ ਬੇਯਕੀਨੀ ਦੀ ਖੱਡ ਵਿਚ ਡਿੱਗ ਪੈਂਦੇ ਹਨ। ਬਾਹਰੀ ਸੰਗੀਤ ਦੀ ਰਸਾਈ ਜਿਸਮ ਤੱਕ ਹੈ। ਜਦ ਇਹ ‘ਬਾਂਗੇ-ਇਲਾਹੀ’ ਦੀ ਸੱਦ ਬਣ ਜਾਂਦਾ ਹੈ ਤਾਂ ਇਹ ਅਖੰਡ ਕੀਰਤਨ ਰੂਹ ਸੁਣ ਕੇ ਆਪਣੇ ਆਪੇ ਦੀ ਪਹਿਚਾਣ ਕਰਦੀ ਹੈ। ਇਹ ਅੰਦਰੂਨੀ ਸਹਿਜ (harmony) ਅਤੇ ਸੁਰੀਲਤਾ ਹੈ। ‘ਧੁਰ ਕੀ ਬਾਣੀ ਦਾ ਬਾਹਰਮੁਖੀ ਰੂਪ ਵਰਣਾਤਮਕ (ਅਰਥ ਧਾਰਨੀ) ਹੈ ਅਤੇ ਅੰਤਰਮੁਖੀ ਰੂਪ ਧੁਨਾਤਮਕ (ਸ੍ਵਰ ਧਾਰਨੀ) ਹੈ। ਇਸੇ ਨੂੰ ‘ਸ਼ਬਦ’ ਕਿਹਾ ਗਿਆ ਹੈ ਜੋ ਨਾਦ ਅਤੇ ਵੇਦ ਦੇ ਰੂਪ ਵਿਚ ਵਿਆਪਕ ਹੈ। ਗੁਰਮਤਿ ਦੇ ਪਰਿਪੇਖ ਵਿਚ ਸ਼ਬਦ ਦਾ ਸੰਗੀਤਕ ਸਰੂਪ ‘ਅਨਹਦ ਸ਼ਬਦ ਹੈ।
ਸੰਗੀਤਕ ਮਧੁਰਤਾ ਦੀ ਇਹ ਅਵਸਥਾ ਹਰਖ-ਸੋਗ ਤੋਂ ਰਹਿਤ, ਸਹਿਜ-ਵਿਸ਼ਵਾਸ, ਕੀਰਤਨ-ਆਧਾਰ, ਨਿਹਚਲ-ਆਸਨ, ਪੂਰਨ-ਦ੍ਰਿੜਤਾ, ਭਰਮ-ਭੈਅ ਤੋਂ ਮੁਕਤ ਅਵਸਥਾ ਸਹਿਜ ਅਨੰਦ ਦੀ ਅਵਸਥਾ ਹੈ।
ਸ਼ਬਦ ਦਾ ਅਨਹਦ ਸਰੂਪ ਕੋਈ ਸਧਾਰਣ ਧੁਨੀ ਨਹੀਂ, ਸਾਰੇ ਵਿਸ਼ਵ ਦੀ ਜਿੰਦ-ਜਾਨ ਤੇ ਰੂਹਾਨੀਅਤ ਦਾ ਅਮੁੱਲ ਨਿਸ਼ਾਨ ਹੈ। ਨਾਦ ਦੀ ਇਹ ਚੇਤਨਾ ਹੀ ਗਿਆਨ ਦਾ ਅੰਤਰ-ਪ੍ਰਕਾਸ਼ ਹੈ। ਭਾਵੇਂ ਇਸ ਦਾ ਇਲਮ ਹੋਵੇ ਜਾਂ ਨਾ ਹੋਵੇ ਪਰ ਇਹ ਨਾਦ ਹਰ ਜੀਵ ਦੇ ਅੰਦਰ ਨਿਰੰਤਰ ਚੱਲ ਰਿਹਾ ਹੈ, ਜਿਸ ਦੀ ‘ਅਨਹਦ ਸਬਦੁ ਵਜੈ ਦਿਨੁ ਰਾਤੀ’ ਰਾਹੀਂ ਪੁਸ਼ਟੀ ਹੁੰਦੀ ਹੈ।
-ਡਾ. ਗੁਲਜਾਰ ਸਿੰਘ ਕੰਗ
