1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਦ ਕਲਗੀਧਰ ਪਿਤਾ ਨੇ ਵੀ ਜੁਲਮ ਵਿਰੁਧ ਓਦਾਂ ਈ ਸ਼ਸਤਰ ਚੁੱਕੇ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਦ ਦਾਦਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਚੁੱਕੇ ਸੀ। ਜਿਸ ਕਰਕੇ ਕਲਗੀਧਰ ਪਿਤਾ ਨੂੰ ਜੁਲਮ ਵਿਰੁਧ ਕਈ ਧਰਮ ਯੁਧ ਲੜਣੇ ਪਏ। ਕੁਝ ਖ਼ਾਲਸਾ ਸਾਜਣ ਤੋਂ ਪਹਿਲਾਂ ਤੇ ਕੁਝ ਬਾਦ ‘ਚ।
ਏਹ ਸਾਰੀਆਂ ਜੰਗਾਂ ਨਫ਼ਰਤ ਤੇ ਈਰਖਾ ਦੀ ਅੱਗ ‘ਚ ਸੜਦੇ 22 ਧਾਰਾਂ ਦੇ ਹਿੰਦੂ ਪਹਾੜੀ ਰਾਜੇ ਅਤੇ ਹਕੂਮਤ ਦੇ ਨਸ਼ੇ ‘ਚ ਅੰਨ੍ਹੇ ਹੋਏ ਜ਼ਾਲਮ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਸੀ।
ਹਰ ਜੰਗ ‘ਚ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜ ਨੂੰ ਮੂੰਹ ਦੀ ਖਾਣੀ ਪਈ। ਕਈ ਵਾਰ ਅਚਣਚੇਤ ਹਮਲੇ ਕੀਤੇ। ਕਈ ਵਾਰ ਮਿਲ ਕੇ ਦੋ ਦੋ ਮਹੀਨੇ ਘੇਰਾ ਪਾਇਆ। ਪਰ ਕੁਝ ਨਾ ਬਣਿਆ। ਅਖੀਰ ਥੱਕ ਹਾਰ ਕੇ ਰਾਜਿਆਂ ਨੇ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਸਮਕਾਲੀ ਕਵੀ ਸੈਨਾਪਤਿ ਕਹਿੰਦੇ ਰਾਜੇ ਖੁਦ ਤੁਰਕ ਕੋਲ ਗਏ ਜਾ ਕੇ ਆਪਣਾ ਦੁਖੜਾ ਰੋਇਆ, ਕਿਹਾ ਸਾਡੇ ਤੋਂ ਨਹੀਂ ਹਥ ਆਉਂਦਾ! ਹੁਣ ਤੁਸੀਂ ਅਨੰਦਪੁਰ ਵਾਲੇ ਗੁਰੂ ਦਾ ਕੋਈ ਪੱਕਾ ਹਲ ਕਰੋ।
ਰਾਜੇ ਭਾਜਿ ਤੁਰਕ ਪੈ ਆਏ।
ਸਭ ਤੁਰਕਨ ਕੌ ਭੇਦ ਬਤਾਏ।
ਅਬ ਹਮਰੋ ਉਪਰਾਲੋ ਕੀਜੈ।
ਔਰੰਗਜ਼ੇਬ ਰਾਜਿਆਂ ਦੇ ਕਹੇ ਪਹਿਲਾਂ ਵੀ ਕਈ ਵਾਰ ਫੌਜ ਭੇਜ ਚੁਕਾ ਸੀ। ਜੋ ਹਾਰ ਕੇ ਮੁੜਦੀ ਰਹੀ।
ਇਸ ਵਾਰ ਪੱਕੇ ਪੈਰੀਂ ਤੁਰਦਿਆਂ ਔਰੰਗੇ ਨੇ ਸਰਹਿੰਦ ਦੇ ਨਵਾਬ ਵਜੀਰ ਖਾਂ ਨੂੰ ਖਾਸ ਫੁਰਮਾਨ ਭੇਜਿਆ
ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ,
ਬਾਦਸ਼ਾਹ ਨੇ ਕਿਹਾ, “ਜੇ ਗੁਰੂ ਨੂੰ ਜਿਉਂਦਿਆਂ ਨ ਫੜਿਆ ਜਾਵੇ ਤਾਂ ਸਿਰ ਵੱਢ ਕੇ ਮੇਰੇ ਕੋਲ ਭੇਜਿਆ ਜਾਵੇ।
ਏਸ ਕੰਮ ‘ਚ ਹੁਣ ਰੱਤਾ ਲਾ-ਪਰਵਾਹੀ ਨ ਕੀਤੀ ਜਾਵੇ”
ਹੁਕਮ ਸੁਣ ਸਰਹਿੰਦ ਦਾ ਨਵਾਬ ਵਜੀਰ ਖਾਂ ਸਰਗਰਮ ਹੋਇਆ।
ਹਿੰਦੂ ਰਾਜੇ ਮਦਦ ਲਈ ਪਹਿਲਾ ਤਿਆਰ ਸੀ। ਲਾਹੌਰ ਦੀ ਫ਼ੌਜ ਨਵਾਬ ਜਬਰਦਸਤ ਖਾਂ ਲਿਆਇਆ ਨਾਲ ਮੁਲਤਾਨ ਦਾ ਨਵਾਬ, ਕਸੂਰ ਦਾ ਨਵਾਬ, ਜੰਮੂ ਦਾ ਨਵਾਬ, ਜਲੰਧਰ ਦਾ ਨਵਾਬ, ਮਲੇਰਕੋਟਲੇ ਦਾ ਨਵਾਬ, ਹੋਰ ਕਈ ਛੋਟੇ ਮੋਟੇ ਨਵਾਬ ਗੁਜਰ ਰੰਘੜਾਂ ਸਭ ਮਿਲਕੇ ਆਏ ਸਮਕਾਲੀ ਲੇਖਕ ਕਵੀ ਸੈਨਾਪਤਿ ਦੱਸਦੇ ਹਨ:
ਬਹੁਤ ਮੁਗਲ ਅਰ ਘਨੇ ਪਠਾਨ।
ਚੜੇ ਸਾਜ਼ ਦਲ ਚਾਬੈਂ ਪਾਨ।
ਗੁਜਰ ਰੰਘੜ ਬਹੁਤ ਅਪਾਰ।
ਬਡੇ ਬਡੇ ਯੋਧਾ ਅਪਾਰ।
ਸੀਰੰਦ ਵਾਲੇ ਹੈਂ ਹਮਰਾਹੀ।
ਗੜ ਲਾਹੌਰ ਤੇ ਫਉਜ ਮੰਗਾਹੀ।
ਦੋਹਰਾ
ਬਹੁਤ ਫੌਜ ਕਰਿ ਏਕਠੀ ਜੰਮੂ ਸੰਗ ਮਿਲਾਇ।
ਸਭ ਰਾਜਾ ਦਲ ਜੋਰਿ ਕੈ ਫੇਰ ਪਹੁੰਚੇ ਆਏ।
ਕਵੀ ਸੈਨਾਪਤਿ ਦਸਦੇ ਹਨ: ਜਦੋਂ ਕਾਰਨ ਕਰਨ ਸਤਿਗੁਰੂ ਨੂੰ ਖ਼ਬਰ ਮਿਲੀ ਉਹਨਾਂ ਖਾਲਸੇ ਨੂੰ ਫੁਰਮਾਨ ਕੀਤਾ ਤੇ ਸਿੰਘਾਂ ਨੇ ਥਾਂ ਥਾਂ ਮੋਰਚੇ ਬਣਾ ਲੈ:
ਦੋਹਰਾ
ਖ਼ਬਰ ਸੁਨੀ ਕਾਰਨ ਕਰਨ ਫੇਰ ਕੀਓ ਫੁਰਮਾਨ।
ਠਉਰ ਠਉਰ ਧਰ ਮੋਰਚੇ ਬੈਠਿ ਰਹੇ ਤਿਹ ਥਾਨ।
ਬੜੀ ਭਾਰੀ ਜੰਗ ਹੋਈ ਖਾਲਸੇ ਨੇ ਮੁਗਲ ਫੌਜ ਦੀ ਏਨੀ ਕੱਟਾ ਵੱਢ ਕੀਤੀ ਕੇ ਕੁਝ ਦਿਨਾਂ ਦੇ ਯੁਧ ਤੋਂ ਬਾਅਦ ਰਾਜੇ ਤੇ ਨਵਾਬ ਸਿਰ ਜੋੜ ਸੋਚਣ ਲਾ’ਤੇ
“ਜੇ ਏਦਾ ਹੀ ਚਲਦਾ ਗਿਆ ਤਾਂ ਸਾਰੀ ਫ਼ੌਜ ਮਰਵਾ ਕੇ ਵੀ ਅਨੰਦਪੁਰ ਜਿੱਤ ਨੀਂ ਹੋਣਾ ਇਸ ਲਈ ਚੰਗਾ ਹੈ ਰਣਨੀਤੀ ਵਰਤੋ, ਜੰਗ ਨਾਲੋਂ ਅਨੰਦਪੁਰ ਨੂੰ ਘੇਰਾ ਪਾ ਲਈਏ।”
ਤੀਰਾਂ ਤੋਪਾਂ ਦੀ ਰੇੰਜ ਤੋ ਬਾਹਰ ਹੋ ਕੇ ਦੂਰ ਤੋਂ ਅਨੰਦਪੁਰ ਘੇਰ ਲਿਆ, ਖਾਣ-ਪੀਣ ਦੇ ਰਾਹ ਬੰਦ ਕਰਤੇ। ਜਿੱਥੋਂ ਸਿੰਘਾਂ ਨੂੰ ਪਾਣੀ ਮਿਲਦਾ ਸੀ ਉਸ ਸੂਏ (ਕੱਸੀ) ਦਾ ਮੁੰਹ ਮੋੜ ਦਿੱਤਾ ਸਮੇ ਨਾਲ ਕਿਲ੍ਹੇ ਅੰਦਰ ਖਾਣ ਪੀਣ ਦੀ ਤੋਟ ਅਉਣ ਲੱਗੀ।
ਪਾਣੀ ਲੀ ਤਾਂ ਬਉਲੀ ਸੀ ਪਰ ਲੰਗਰ ਦਾ ਔਖਾ ਹੁੰਦਾ ਗਿਆ, ਗੁਰੂ ਨਗਰੀ ‘ਚ ਜਿਥੇ ਕਦੇ ਕੋਈ ਜਨਵਰ ਵੀ ਭੁਖਾ ਨੀ ਰਿਹਾ, ਜਿਥੇ ਭਾਈ ਘਨੱਈਆ ਜੀ ਵਰਗੇ ਦੁਸ਼ਮਣ ਨੂੰ ਵੀ ਪਾਣੀ ਪਿਆਉਦੇ ਸੀ ਅੱਜ ਉਥੇ ਸਿੰਘ ਫਾਕੇ ਕੱਟਦੇ ਆ। ਕਈ ਵਾਰ ਰਾਸ਼ਨ ਲਈ ਚਾਰ ਸਿੰਘ ਕਿਲ੍ਹੇ ‘ਚੋ ਬਾਹਰ ਅਉਦੇ ਦੋ ਜੂਝ ਜਾਂਦੇ- ਦੋ ਰਸਦ ਲੈ ਜਾਂਦੇ। ਪਰ ਇੰਨੇ ਨਾਲ ਕੀ ਬਣਦਾ ਸੀ। ….ਦੁਸ਼ਮਣ ਨੇ ਘੇਰਾ ਹੋਰ ਪੱਕਾ ਕਰ ਦਿੱਤਾ ਪੈਹਰੇ ਸਖਤ ਕਰ’ਤੇ। ਬਾਹਰੋਂ ਰਾਸ਼ਨ ਬਿਲਕੁਲ ਬੰਦ ਹੋ ਗਿਆ, ਜਿਥੇ ਸਦਾ ਲੰਗਰ ਚਲਦੇ ਸੀ। ਉਸ ਅਨੰਦ ਦੀ ਪੁਰੀ ‘ਚ , ਹੁਣ ਰੋਜ ਸਿਰਫ ਇੱਕ ਇੱਕ ਮੁਠ ਛੋਲਿਆਂ ਦੀ ਵਰਤਦ। ਫੇਰ ਉਹ ਵੀ ਇੱਕ ਦਿਨ ਛੱਡ ਕੇ ਵਰਤਣ ਲੱਗੀ
ਇੱਕ ਇੱਕ ਮੁੱਠੀ ਛੋਲੇ ਮਿਲੇਂ ਹੈ
ਆਠ ਪਹਿਰ ਸੋ ਭੀ ਨ ਥੈਂ ਹੈ
ਇੱਥੋਂ ਤਕ ਸਤਿਗੁਰਾਂ ਦਾ ਪਿਆਰਾ ਪ੍ਰਸਾਦੀ ਹਾਥੀ ਤੇ ਦਲ ਵਿਡਾਰ ਘੋੜਾ ਭੁੱਖ ਕਰਕੇ ਚੜ੍ਹਾਈ ਕਰ ਗਏ ਇਸ ਤਰ੍ਹਾਂ ਹੋਰ ਬਹੁਤ ਸਾਰੇ ਕੀਮਤੀ ਜਾਨਵਰ ਮਰੇ। ਢਿੱਡ ਦੀ ਅੱਗ ਬੁਝਉਣ ਲਈ ਸਿੰਘਾਂ ਨੇ ਰੁੱਖਾਂ ਦੇ ਪੱਤੇ, ਸੱਕ ਵੀ ਲਾਹ ਲਾਹ ਕੇ ਖਾਅ ਲਈਏ। ਜਦ ਉਹ ਵੀ ਮੁਕ ‘ਗੇ ਤਾਂ ਪਿਆਰ ਵਾਲੇ ਨਾਮ ਆਸਰੇ ਦਿਨ ਕਟਦੇ ਜਿਵੇਂ ਗੁਰੂ ਬਚਨ:
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥
ਉੱਧਰ ਬਾਹਰ ਘੇਰਾ ਪਾਈ ਬੈਠੀ ਸ਼ਾਹੀ ਫੌਜ ਵੀ ਕੋਈ ਸੌਖੀ ਨਹੀ ਸੀ ਉਹ ਸਗੋਂ ਅੰਦਰ ਨਾਲੋਂ ਵੀ ਵੱਧ ਤੰਗ ਸੀ। ਪਹਿਲਾਂ ਜੇਠ ਹਾੜ੍ਹ ਦੀਆਂ ਗਰਮੀਆਂ ਫਿਰ ਸਾਉਣ ਭਾਦੋਂ ਦੇ ਮੀਂਹ ਨ੍ਹੇਰੀਆਂ ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਹੁਣ ਠੰਢ ਆ ਗਈ ਪੋਹ ਦਾ ਮਹੀਨਾ। ਆਨੰਦਪੁਰ ਪਹਾੜੀ ਇਲਾਕਾ ਹੱਡ ਚੀਰਵੀ ਠੰਡੀ ਹਵਾ ਦੂਰ ਦੂਰ ਤੱਕ ਘਾਹ ਪੱਠੇ ਤੇ ਫੌਜ ‘ਲੀ ਅਨਾਜ ਲਭਣਾ ਔਖਾ ਹੋ ਗਿਆ, ਫੌਜ ਬਾਗੀ ਹੋਣ ਨੂੰ ਤਿਆਰ ਸੀ। ਸਭ ਹਲਾਤਾਂ ਨੂੰ ਵੇਖ ਕੇ ਰਾਜਿਆਂ ਤੇ ਨਵਾਬਾਂ ਨੇ ਆਪਸ ‘ਚ ਸਲਾਹ ਕਰਕੇ ਹਿੰਦੂਆਂ ਵੱਲੋ ਆਟੇ ਦੀ ਗਾਂ ਬਣਾ ਕੇ ਤੇ ਮੁਗਲਾਂ ਵਲੋ ਕੁਰਾਨ ਸ਼ਰੀਫ ਥਾਲ ‘ਚ ਰੱਖ ਕੇ ਦੂਤ ਕਿਲ੍ਹੇ ਚ ਭੇਜੇ ਸਭ ਨੇ ਕਸਮਾਂ ਖਾਧੀਆ ਕਿਹਾ
“ਤੁਸੀ ਅਨੰਦਪੁਰ ਛੱਡ ਜਾਓ ਅਸੀ ਕਸਮ ਖਾਂਦੇ ਹਾਂ ਕਿ ਤੁਹਾਨੂੰ ਕੋਈ ਨੀ ਰੋਕਦਾ। ਏਦਾਂ ਸਾਡੀ ਇਜਤ ਬਣੀ ਰਹੂ। ਜੇ ਅਸੀਂ ਮੁੜ ਗਏ ਸਾਡੀ ਬਦਨਾਮੀ ਹੋਊ, ਕਿ ਕਈ ਮਹੀਨੇ ਘੇਰਾ ਪਾ ਇਕ ਫਕੀਰ ਨੀ ਫੜਿਆ ਗਿਆ। ”
ਯੁਧ ਨੀਤੀ ਕੇ ਮਹਾਨ ਗਿਆਤਾ ਅੰਤਰਜਾਮੀ ਕਲਗੀਧਰ ਪਿਤਾ ਦੁਸ਼ਮਣ ਦੇ ਇਸ ਛੱਲ ਫ਼ਰੇਬ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਪਰ ਸਿੰਘ ਸਮਝਦੇ ਨਹੀ ਸੀ। ਗੁਰੂ ਪਿਤਾ ਨੇ ਝੂਠ ਤੋਂ ਪਰਦਾ ਲਉਣ ਲੀ ਕਿਹਾ, ਠੀਕ ਹੈ ਪਰ ਪਹਿਲਾਂ ਸਾਡਾ ਖ਼ਜ਼ਾਨਾ ਜਾਊ। ਇਸ ਲਈ ਬਾਹਰੋਂ ਕੁਝ ਗੱਡੇ ਤੇ ਬਲਦ ਭੇਜੋ। ਮੁਗਲਾਂ ਨੇ ਗੱਡੇ ਬਲਦ ਭੇਜੇ। ਗੁਰੂ ਹੁਕਮ ਨਾਲ ਸਿੰਘਾਂ ਨੇ ਸਭ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਚੰਮ ਕੂੜਾ-ਕਰਕਟ ਇੱਟਾਂ -ਠੀਕਰਾਂ ਆਦਿ ਲੱਦ ਕੇ ਉੱਪਰ ਸਾਫ਼ ਕੀਮਤੀ ਕੱਪੜੇ ਪਾ, ਢੱਕ ਕੇ ਕਿਲ੍ਹੇ ਤੋਂ ਬਾਹਰ ਤੋਰ ਦਿੱਤਾ। ਨਾਲ ਜਾਣ ਵਾਲੇ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ। ਗੱਡੇ ਅਜੇ ਕਿਲੇ ਤੋਂ ਥੋੜ੍ਹੀ ਹੀ ਦੂਰ ਗਏ ਸੀ ਕਿ ਪਹਾੜੀ ਤੇ ਮੁਗਲ ਫੌਜਾਂ ਨੇ ਗੁਰੂ ਕਾ ਖ਼ਜ਼ਾਨਾ ਸਮਝ ਕੇ ਹਮਲਾ ਕਰ ਦਿੱਤਾ। ਸਭ ਕੁਝ ਲੁੱਟ ਕੇ ਲੈ ਗਏ ਜਾਂ ਖੋਲ੍ਹ ਕੇ ਦੇਖਿਆ ਤਾਂ ਕੂੜਾ ਕਰਕਟ, ਟੁੱਟ ਭੱਜ, ਗੰਦ ਮੰਦ ਦੇਖ ਬੜੇ ਸ਼ਰਮਿੰਦੇ ਹੋਏ। ਆ ਕੀ ਬਣਿਆ ਹਾਡੀ ਚਾਲ ਉਲਟੀ ਪੈ ਗਈ। ਉਧਰ ਸਿੰਘਾਂ ਨੂੰ ਸਮਝ ਆਈ ਕਿ ਸਭ ਧੋਖੇਬਾਜ ਨੇ। ਕਸਮਾਂ ਖਾ ਮੁਕਰ ਗਏ। ਗੁਰੂ ਪਿਤਾ ਸਹੀ ਕਹਿੰਦੇ ਸੀ, ਗੁਰੂ ਸਾਹਿਬ ਨੇ ਵੀ ਸੰਗਤ ਨੂੰ ਇੱਕਤਰ ਕਰਕੇ ਕਿਹਾ, ਦਸੋ ਹੁਣ ਤੇ ਯਕੀਨ ਹੋਇਆ ਤੁਹਾਨੂੰ ਜਾਂ ਨਹੀਂ!! ਜੇ ਬਾਹਰ ਜਾਂਦੇ, ਮਜਬੂਰ ਹੋ ਕੇ ਲੜਣਾ ਪੈਂਦਾ ਤੇ ਸਿੰਘਾਂ ਦਾ ਸਾਰਾ ਦਲ ਜੂਝ ਜਾਂਦਾ। ਅਸੀਂ ਨਹੀਂ ਚਾਹੁੰਦੇ ਤੁਹਾਨੂੰ ਅਜਾਂਈ ਮੌਤ ਦੇ ਮੁੰਹ ਚ ਸੁੱਟੀਏ!!
ਹੋਤ ਲਚਾਰੀ ਹਮ ਕੌ ਤਬੈ
ਜੂਝ ਜਾਤਿ ਦਲ ਸਿੰਘਨਿ ਤਬੈ
ਅਬਿ ਤੌ ਸਭ ਕੌ ਭਈ ਪ੍ਰਤੀਤ
ਦੁਰਜਨ ਕਰਤ ਦਗਾ ਛਲ ਚੀਤ (ਸੂਰਜ ਪ੍ਰਕਾਸ਼)
ਸਿੰਘਾਂ ਗਲਤੀ ਵੀ ਮਾਫੀ ਮੰਗੀ ਏਦਾ ਭੁਖਣ ਭਾਣੇ ਔਖੇ ਸੌਖੇ ਕੁਝ ਦਿਨ ਹੋਰ ਲੰਘ ਗਏ…
ਚਲਦਾ…
ਨੋਟ: ਇਹ ਫੋਟੋ 30 ਮਈ 1934 ਨੂੰ ਸਰਦਾਰ ਧੰਨਾ ਸਿੰਘ ਸਾਇਕਲ ਯਾਤਰਾ ਵਾਲਿਆਂ ਨੇ ਕੈਮਰੇ ਨਾਲ ਖਿੱਚੀ ਸੀ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਣਵਾਏ ਪੰਜਾਂ ਕਿਲਿਆਂ ‘ਚੋਂ ਕਿਲ੍ਹਾ ਅਨੰਦਗੜ ਸਾਹਿਬ ਦੀ ਹੈ।
ਮੇਜਰ ਸਿੰਘ , ਉਪ ਸੰਪਾਦਕ, ਖ਼ਾਲਸਾ ਅਖ਼ਬਾਰ
ਗੁਰੂ ਕਿਰਪਾ ਕਰੇ!
