76 views 2 secs 0 comments

ਅਭਾਖਿਆ

ਲੇਖ
April 16, 2025

-ਗਿਆਨੀ ਗੁਰਜੀਤ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ “ਅਭਾਖਿਆ” ਸ਼ਬਦ ਇਕੋ ਵਾਰ “ਆਸਾ ਕੀ ਵਾਰ” ਦੇ ਵਿੱਚ ਆਇਆ  ਹੈ। ਸ੍ਰੀ ਗੁਰੂ ਨਾਨਕ ਦੇਵ  ਜੀ ਬ੍ਰਾਹਮਣ ਦੇ ਪਰਥਾਏ ਉਪਦੇਸ਼ ਉਚਾਰਨ ਕਰਦਿਆਂ ਇਸ ਸ਼ਬਦ ਦੀ ਵਰਤੋਂ ਕਰਦੇ  ਫੁਰਮਾਉਂਦੇ ਹਨ:

” ਅਭਾਖਿਆ ਕਾ ਕੁਠਾ ਬਕਰਾ ਖਾਣਾ ”
( ਸ੍ਰੀ ਗੁਰੂ ਗ੍ਰੰਥ ਸਾਹਿਬ, 472 ਅੰਗ )

ਆਮ ਬੋਲ ਚਾਲ ਦੇ ਵਿੱਚ ਸਿੱਖ ਇਸ ਸ਼ਬਦ ਦੀ ਵਰਤੋਂ ਕਦੇ ਵੀ ਨਹੀਂ ਕਰਦੇ, ਇਸ ਸ਼ਬਦ ਨੂੰ ਸਮਝਣ ਵਾਸਤੇ ਜਦੋਂ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ‘ਮਹਾਨ ਕੋਸ਼’   ਪੜ੍ਹਦੇ ਹਾਂ ਤਾਂ ਉਹ ਅਭਾਖਿਆ ਨੂੰ ਸੰਗਿਆ ਲਿਖ ਕੇ ਅਰਥ ਨਾ ਬੋਲਣ ਯੋਗ ਭਾਸ਼ਾ ਕਰਦੇ ਹਨ, ਤੇ ਨਾਲ ਹੀ ਉਹ ਵਿਸਥਾਰ ਕਰਦਿਆਂ ਲਿਖਦੇ ਹਨ ਕਿ ਹਿੰਦੂ ਮੱਤ ਵਿੱਚ ਯੂਨਾਨੀ ਅਰਬੀ ਆਦਿ ਬੋਲੀਆਂ ਨੂੰ ਮਲੇਛ  ਕਹਿ ਕੇ ਆਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਦੇ ਵੀ  ਯਾਵਨੀ ਭਾਸ਼ਾਵਾਂ ਨਾ ਬੋਲਣ, ਪਰ ਨਾਲ ਹੀ ਭਾਈ ਕਾਨ੍ਹ ਸਿੰਘ ਲਿਖਦੇ ਨੇ ਕਿ ਗੁਰੂ ਸਾਹਿਬ ਕਿਸੇ ਵੀ ਬੋਲੀ ਨੂੰ ਮਲੇਛ ਭਾਸ਼ਾ ਨਹੀਂ ਮੰਨਦੇ ਕੇਵਲ ਇੱਕ ਪਖੰਡੀ ਬ੍ਰਾਹਮਣ ਨੂੰ ਸਿੱਖਿਆ ਦੇਣ ਹਿਤ ਅਭਾਖਿਆ ਸ਼ਬਦ ਵਰਤਦੇ ਹਨ, ਜੇ ਸਤਿਗੁਰ ਅਰਬੀ- ਫਾਰਸੀ ਆਦਿਕ ਬੋਲੀਆਂ ਨੂੰ ਮਲੇਛ ਭਾਸ਼ਾ ਮੰਨਦੇ ਤਾਂ ਗੁਰਬਾਣੀ ਵਿੱਚ ਇਹਨਾਂ ਬੋਲੀਆਂ ਦੇ ਸ਼ਬਦਾਂ ਦੀ ਵਰਤੋਂ ਨਾ ਕਰਦੇ। ਭਾਈ ਕਾਨ੍ਹ ਸਿੰਘ ਨਾਭਾ ਦੇ ਅਭਾਖਿਆ ਦੀ ਵਿਆਖਿਆ ਨੂੰ  ਪੜ੍ਹ ਕੇ ਕੁਝ ਵੀ ਪੱਲੇ ਨਹੀਂ ਪੈਂਦਾ ਕਿ ਉਹ ਕੀ ਕਹਿਣਾ ਚਾਹੁੰਦੇ ਹਨ।

ਸਤਿਕਾਰਯੋਗ ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਵਿੱਚ ਇਸ ਦੇ ਅਰਥ ਬੁਰੀ ਭਾਖਾ ਭਾਵ ਅਰਬੀ ਭਾਸ਼ਾ ਕਰਦੇ ਨੇ। ਜਿਸ ਨੂੰ ਯਵਨ ਭਾਸ਼ਾ ਕਹਿ ਕੇ ਤ੍ਰਿਸਕਾਰਿਆ ਜਾਂਦਾ ਸੀ।
ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਅਭਾਖਿਆ ਦੇ ਅਰਥ ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਕਰਦੇ ਹਨ।

ਸਤਿਗੁਰੂ ਤਾਂ ਆਪ  ਤਿਲੰਗ ਰਾਗ ਦੇ ਵਿੱਚ ਫਾਰਸੀ ਦੇ ਵਿੱਚ ਸਾਰਾ ਸ਼ਬਦ ਉਚਾਰਦੇ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ।।
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ।।
( ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 721)

ਗੁਰੂ ਸਾਹਿਬ ਕਿਸੇ ਭਾਸ਼ਾ ਨੂੰ ਕਿਵੇਂ ਮਾੜਾ ਮੰਨ ਸਕਦੇ ਹਨ, ਇਹ ਸੰਖੇਪ ਸ਼ੈਲੀ ਦਾ ਸ਼ਬਦ ਹੈ, ਸਤਿਗੁਰੂ ਇਸਲਾਮਿਕ ਮੱਤ ਦੇ ਅਹਿਲਕਾਰਾਂ ਦੇ ਘਰ ਸਨਾਤਨ ਮੱਤ ਦੇ ਬ੍ਰਾਹਮਣ ਦੇ ਪੂਰੇ ਨਾਦ ਦਾ ਜ਼ਿਕਰ ਕਰ ਰਹੇ ਹਨ।ਮੁਸਲਮਾਨ ਮੱਤ ਦੀ ਮੂਲ ਭਾਸ਼ਾ ਅਰਬੀ ਹੈ। ਮੁਸਲਮਾਨ ਬੱਕਰੇ ਨੂੰ ਕੁਠਾ ਕਰਨ ਵੇਲੇ ਅਰਬੀ ਵਿਚ  ਕਲਮ ਪੜ੍ਹਦੇ ਹਨ।

ਅਭਾਖਿਆ ਸ਼ਬਦ: ਅਰਬੀ+ ਭਾਖਿਆ ਤੋਂ ਬਣਿਆ ਹੈ। ਜੇਕਰ ਹੋਰ ਇਸ ਨੂੰ ਹੋਰ ਖੋਲ੍ਹ ਕੇ ਸਮਝਿਆ ਜਾਵੇ ਤਾਂ ਸਰਲ ਅਰਥ ਇੰਜ ਬਣਨਗੇ:
“ਅਰਬੀ ਭਾਸ਼ਾ ਵਿਚ ਆਖਿਆ ਕਲਮਾ।”