ਅਮਰੀਕਾ ਦੇ ਵਾਸ਼ਿੰਗਟਨ ਰਾਜ ਵੱਲੋਂ 13 ਅਪ੍ਰੈਲ ਨੂੰ ‘ਵਿਸਾਖੀ ਅਤੇ ਖ਼ਾਲਸਾ ਦਿਵਸ’ ਵਜੋਂ ਮਾਨਤਾ

ਸਿੱਖ ਕੌਮ ਲਈ ਅਹਿਮ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਅਮਰੀਕੀ ਰਾਜ ਵਾਸ਼ਿੰਗਟਨ ਦੇ ਗਵਰਨਰ ਬਾਬ ਫਰਗੂਸਨ ਨੇ 13 ਅਪ੍ਰੈਲ, 2025 ਨੂੰ ‘ਵਿਸਾਖੀ ਅਤੇ ਖ਼ਾਲਸਾ ਦਿਵਸ’ ਵਜੋਂ ਅਧਿਕਾਰਿਕ ਤੌਰ ‘ਤੇ ਮਨਾਉਣ ਦੀ ਘੋਸ਼ਣਾ ਕੀਤੀ ਹੈ। ਇਸ ਪ੍ਰੋਕਲੇਮੇਸ਼ਨ ਰਾਹੀਂ ਸਿੱਖ ਇਤਿਹਾਸ, ਸੰਸਕਾਰਾਂ ਅਤੇ ਸਮਾਜਿਕ ਯੋਗਦਾਨਾਂ ਨੂੰ ਮਨੁੱਖਤਾ ਦੇ ਪੱਧਰ ’ਤੇ ਮਾਨਤਾ ਦਿੱਤੀ ਗਈ ਹੈ।

ਗਵਰਨਰ ਵੱਲੋਂ ਜਾਰੀ ਪ੍ਰੋਕਲੇਮੇਸ਼ਨ ਵਿੱਚ ਦਰਸਾਇਆ ਗਿਆ ਕਿ ਵਿਸਾਖੀ ਸਿਰਫ਼ ਇਕ ਖੇਤੀਬਾੜੀ ਤਿਉਹਾਰ ਨਹੀਂ, ਬਲਕਿ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਪਵਿੱਤਰ ਦਿਨ ਵੀ ਹੈ, ਇਹ ਦਿਨ ਸਿੱਖ ਕੌਮ ਦੀ ਆਤਮਗੌਰਵ, ਇਨਸਾਫ ਅਤੇ ਭਗਤੀ ਦੀ ਰੂਹਾਨੀ ਝਲਕ ਹੈ।

ਗਵਰਨਰ ਨੇ ਲਿਖਿਆ ਕਿ ਖ਼ਾਲਸਾ ਪੰਥ ਦੀ ਸਿਰਜਣਾ ਸੱਚਾਈ, ਬਰਾਬਰੀ ਅਤੇ ਦਬੇ-ਕੁਚਲੇ ਲੋਕਾਂ ਦੀ ਰਾਖੀ ਲਈ ਇੱਕ ਸੰਕਲਪ ਸੀ। ਉਨ੍ਹਾਂ ਅੱਗੇ ਕਿਹਾ ਕਿ ਵਾਸ਼ਿੰਗਟਨ ਸੂਬੇ ‘ਚ ਰਹਿ ਰਹੇ ਸਿੱਖ ਵੀ ਇਸ ਦਿਨ ਨੂੰ ਭਰਪੂਰ ਆਸਥਾ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਇਹ ਦਿਨ ਸਿੱਖਾਂ ਲਈ ਆਪਣੇ ਧਾਰਮਿਕ ਸਿਧਾਂਤਾਂ, ਨਿਸ਼ਕਾਮਤਾ, ਹਿੰਮਤ ਅਤੇ ਸੇਵਾ ਵੱਲ ਫੇਰ ਵਾਪਸ ਮੋੜਨ ਦਾ ਦਿਨ ਹੈ। ਪ੍ਰੋਕਲੇਮੇਸ਼ਨ ਵਿੱਚ ਇਹ ਵੀ ਉੱਲੇਖ ਹੈ ਕਿ ਵਿਸਾਖੀ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਸਿੱਖ ਭਾਈਚਾਰੇ ਨੇ ਇਤਿਹਾਸਕ ਤੌਰ ‘ਤੇ ਆਪਣੀ ਪਛਾਣ, ਵਿਸ਼ਵਾਸ ਅਤੇ ਧਰਮ ਦੀ ਰਾਖੀ ਲਈ ਕਈ ਬਲੀਦਾਨ ਦਿੱਤੇ ਹਨ।

ਆਖ਼ਰ ਵਿੱਚ, ਗਵਰਨਰ ਨੇ ਸਾਰੇ ਵਾਸ਼ਿੰਗਟਨ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਦਿਨ ਦੀ ਸ਼ਨਾਖ਼ਤ ਕਰਨ, ਸਿੱਖ ਇਤਿਹਾਸ ਬਾਰੇ ਜਾਣੂ ਹੋਣ, ਸਮੁਦਾਇਕ ਸਮਾਗਮਾਂ ਵਿੱਚ ਭਾਗ ਲੈਣ ਅਤੇ ਵੱਖ-ਵੱਖ ਸਭਿਆਚਾਰਾਂ ਪ੍ਰਤੀ ਸਨਮਾਨ ਅਤੇ ਸਮਝ ਵਿਕਸਤ ਕਰਨ।