
ਵਿਦੇਸ਼ਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਹੋਰ ਤੇਜ਼ ਕਰਨ ਦੇ ਲਈ ਲਗਾਤਾਰ ਹੀ ਸਿੱਖ ਸੰਸਥਾਵਾਂ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ‘ਤੇ ਚਲਦੇ ਕੈਲੀਫੋਰਨੀਆ ਦੀ ਇੱਕ ਜਥੇਬੰਦੀ ਵੱਲੋਂ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਤੇਜ਼ ਕਰਨ ਲਈ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈ।
ਅਮਰੀਕਾ ਵਿੱਚ ਯੂਨੀਵਰਸਿਟੀ ਆਫ ਖਾਲਸਾ ਖੋਲ੍ਹਣ ਬਾਰੇ ਜਥੇਬੰਦੀ ਵੱਲੋਂ 28 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ ਗਈ।ਜਿਸ ਦੇ ਚਲਦੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਸਕੱਤਰ ਵਿਜੈ ਸਿੰਘ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ।
ਡਾ. ਸਰਪ੍ਰੀਤ ਸਿੰਘ ਕੈਲੀਫੋਰਨੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ। ਉਨਾਂ ਕਿਹਾ ਕਿ ਇਸ ਦੇ ਵਾਈਸ ਚਾਂਸਲਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਹੋਣਗੇ।ਡਾ. ਸਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਅਮਰੀਕਾ ਵਿੱਚ ਵੀ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲੀ ਜਾਵੇ ਅਤੇ ਉੱਥੇ ਵੀ ਸਿੱਖਾਂ ਦਾ ਇੱਕ ਬੋਰਡ ਬਣਾਇਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਕੈਨੇਡਾ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਗੁਰੂਘਰ ਹਨ।ਉਹ ਨਿੱਜੀ ਤੌਰ ‘ਤੇ ਨਿੱਜੀ ਕਮੇਟੀਆਂ ਵੱਲੋਂ ਬਣਾਏ ਗਏ ਹਨ।ਉਨ੍ਹਾਂ ਦੀ ਆਪਣੀ ਮਰਿਯਾਦਾ ਹੈ ਅਤੇ ਉਨਾਂ ਵਿੱਚੋਂ ਜ਼ਿਆਦਾਤਰ ਗੁਰਦੁਆਰਾ ਸਾਹਿਬਾਨ ਮਰਿਯਾਦਾ ਵਿੱਚ ਕਾਫੀ ਢਿੱਲ ਵੀ ਵਰਤਦੇ ਹਨ। ਇਸ ਲਈ ਯੂਨੀਵਰਸਿਟੀ ਆਫ ਖਾਲਸਾ ਅਸੀਂ ਅਮਰੀਕਾ ਵਿੱਚ ਬਣਾਉਣ ਜਾ ਰਹੇ ਹਾਂ। ਜਿਸ ਦੇ ਵਾਈਸ ਚਾਂਸਲਰ ਸਿੱਧੇ ਤੌਰ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੋਣਗੇ।ਇਸ ਨਾਲ ਅਮਰੀਕਾ ਵਿੱਚ ਸਿੱਖਾਂ ਨਾਲ ਸਬੰਧਿਤ ਸਮੇਂ-ਸਮੇਂ ‘ਤੇ ਉਠਦੇ ਕਾਫੀ ਮੁੱਦੇ ਵੀ ਹੱਲ ਹੋ ਜਾਣਗੇ ਅਤੇ ਗੁਰਮਤਿ ਸਿੱਖਿਆ ਲਈ ਇੱਕ ਵਧੀਆ ਪਲੇਟਫਾਰਮ ਵੀ ਤਿਆਰ ਹੋ ਜਾਵੇਗਾ।