ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਿਲੀ ਅਧਿਕਾਰਿਤ ਮਾਨਤਾ

ਸਾਕਾ ਨਕੋਦਰ (1986) ਵਿਚ ਨਿਹੱਥੇ ਗੁਰਸਿੱਖ ਵਿਦਿਆਰਥੀਆਂ ਦੀ ਸ਼ਹਾਦਤ ਨੂੰ ਅਮਰੀਕੀ ਕਾਂਗਰਸ ਨੇ ਅਧਿਕਾਰਿਤ ਤੌਰ ’ਤੇ ਮਾਨਤਾ ਦਿੰਦਿਆਂ ਇਕ ਇਤਿਹਾਸਕ ਮਤਾ ਪਾਸ ਕੀਤਾ ਹੈ। ਇਹ ਮਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸੈਨ ਹੋਜ਼ੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਾਂਗਰਸਮੈਨ ਜਿੰਮੀ ਪਾਨੇਟਾ ਵੱਲੋਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਬਾਪੂ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ ਨੂੰ ਭੇਟ ਕੀਤਾ ਗਿਆ। ਇਹ ਮਤਾ ਹਾਲਾਂਕਿ 6 ਫਰਵਰੀ ਨੂੰ ਹੀ ਪਾਸ ਹੋਇਆ ਸੀ, ਪਰ ਇਸ ਦੀ ਕਾਪੀ ਵਿਸਾਖੀ ਸਮਾਗਮ ਦੌਰਾਨ ਪੰਥਕ ਰੂਪ ਵਿੱਚ ਸ਼ਰਧਾਂਜਲੀ ਦੇ ਤੌਰ ‘ਤੇ ਸੌਂਪੀ ਗਈ।

ਮਤੇ ਵਿਚ ਉਹ ਚਾਰ ਗੁਰੂਸਿਖ ਨੌਜਵਾਨ — ਭਾਈ ਰਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ ਅਤੇ ਭਾਈ ਬਲਧੀਰ ਸਿੰਘ — ਜਿਨ੍ਹਾਂ ਨੇ ਬੇਅਦਬੀ ਦਾ ਸ਼ਾਂਤੀਪੂਰਨ ਵਿਰੋਧ ਕਰਦਿਆਂ 4 ਫਰਵਰੀ 1986 ਨੂੰ ਆਪਣੀ ਜਾਨ ਕੁਰਬਾਨ ਕੀਤੀ, ਉਨ੍ਹਾਂ ਨੂੰ ਨਮਨ ਕੀਤਾ ਗਿਆ। ਦੁੱਖ ਦੀ ਗੱਲ ਇਹ ਰਹੀ ਕਿ ਤਿੰਨ ਹੋਰ ਸ਼ਹੀਦ ਨੌਜਵਾਨਾਂ ਦੇ ਮਾਪੇ ਆਪਣਿਆਂ ਪੁੱਤਰਾਂ ਨੂੰ ਇਨਸਾਫ਼ ਮਿਲਣ ਦੀ ਉਡੀਕ ਵਿੱਚ ਹੀ ਅਕਾਲ ਚਲਾਣਾ ਕਰ ਗਏ। ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਦੀ ਸ਼ਹਾਦਤ ‘ਤੇ ਸ਼ਰਧਾਂਜਲੀ ਤਾਂ ਦਿੱਤੀ ਗਈ ਸੀ, ਪਰ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਕਦੇ ਵੀ ਸਦਨ ਵਿੱਚ ਪੇਸ਼ ਨਹੀਂ ਕੀਤੀ ਗਈ। ਕਾਂਗਰਸਮੈਨ ਪਾਨੇਟਾ ਨੇ ਮਤਾ ਪੇਸ਼ ਕਰਦਿਆਂ ਦੱਸਿਆ ਕਿ 4 ਫਰਵਰੀ ਨੂੰ ਅਮਰੀਕੀ ਸਦਨ ਵੱਲੋਂ ‘ਸਾਕਾ ਨਕੋਦਰ ਦਿਵਸ’ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਭਾਰਤ ਦੇ ਸਿੱਖਾਂ ਲਈ ਨਹੀਂ, ਸਗੋਂ ਦੁਨੀਆਂ ਭਰ ਦੇ ਖ਼ਾਲਸਿਆਂ ਲਈ ਇੱਕ ਕਾਲਾ ਦਿਨ ਹੈ — ਜਦ ਗੁਰੂ ਦੀ ਬੇਅਦਬੀ ਦੇ ਖਿਲਾਫ ਖੜ੍ਹੇ ਹੋਏ ਨੌਜਵਾਨਾਂ ਨੂੰ ਗੋਲੀਆਂ ਨਾਲ ਚੁੱਪ ਕਰਵਾ ਦਿੱਤਾ ਗਿਆ।

ਬਾਪੂ ਬਲਦੇਵ ਸਿੰਘ ਨੇ ਕਾਂਗਰਸਮੈਨ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਕਿਹਾ, “ਸਾਨੂੰ ਭਾਰਤ ਸਰਕਾਰ ਦੀ ਕਿਸੇ ਵੀ ਸੰਸਥਾ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ। ਪਰ ਇਹ ਮਤਾ ਸਾਨੂੰ ਦੱਸਦਾ ਹੈ ਕਿ ਪੰਥ ਦੀ ਆਵਾਜ਼ ਅਜੇ ਵੀ ਸੰਸਾਰ ਵਿਚ ਗੂੰਜ ਰਹੀ ਹੈ।”