-ਡਾ. ਜਸਵੰਤ ਸਿੰਘ ਨੇਕੀ
ਮੈਂ ਓਦੋਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਡਾਕਟਰ ਸਾਂ। ਬੱਚਿਆਂ ਦੇ ਵਾਰਡ ਵਿੱਚ ਮੇਰੀ ਫੇਰੀ ਸੀ। ਇਕ ਬੱਚਾ ਗੰਗਾ ਰਾਮ ਉੱਥੇ ਦਾਖ਼ਲ ਹੋਇਆ- ਹੋਇਆ ਸੀ ਜਿਸ ਦੇ ਦਿਲ ਵਿੱਚ ਕੁਥਾਵੇਂ ਇਕ ਮੋਰੀ ਸੀ। ਉਸ ਦਾ ਓਪਰੇਸ਼ਨ ਹੋਣਾ ਸੀ। ਉਸ ਦੀ ਮਾਤਾ ਉਸ ਦੇ ਕੋਲ ਬੈਠੀ ਹੋਈ ਸੀ। ਪਹਿਲਾਂ ਉਹ ਉਸ ਦੇ ਕੋਲ ਬੈਠੀ ਰੋਂਦੀ ਰਹਿੰਦੀ ਸੀ। ਦੋ ਦਿਨ ਤੋਂ ਉਹ ਬੱਚੇ ਦਾ ਹੱਥ ਪਕੜ ਕੇ ਤੇ ਅੱਖਾਂ ਮੀਟ ਕੇ ਬੈਠੀ ਰਹਿੰਦੀ ਸੀ। ਡਾਕਟਰ ਨੇ ਸੋਚਿਆ ਉਸ ਨੂੰ ਉਦਾਸੀ ਰੋਗ ਹੋ ਗਿਆ ਹੈ ਤੇ ਉਸਨੂੰ ਵੇਖਣ ਲਈ ਮੈਨੂੰ ਬੁਲਾਇਆ ਗਿਆ ਸੀ।
ਮੈਂ ਆਇਆ ਤੇ ਵੇਖਿਆ ਉਸ ਅੱਖਾਂ ਮੀਟੀਆਂ ਤੇ ਬਿਲਕੁਲ ਅਹਿੱਲ ਬੈਠੀ ਸੀ। ਬੱਚੇ ਦਾ ਹੱਥ ਉਸਨੇ ਆਪਣੇ ਹੱਥ ਵਿੱਚ ਲਿਆ ਹੋਇਆ ਸੀ। ਮੇਰੇ ਉਸ ਕੋਲ ਪਹੁੰਚਣ ‘ਤੇ ਵੀ ਉਸ ਅੱਖ ਨਹੀਂ ਖੋਲ੍ਹੀ। ਉਸ ਵਾਰਡ ਦੇ ਡਾਕਟਰ ਨੇ ਮੈਨੂੰ ਉਸ ਬਾਰੇ ਉਸ ਦੇ ਕੋਲ ਖੜ੍ਹਿਆਂ ਹੀ ਉਸ ਦਾ ਹਾਲ ਦੱਸਿਆ ਸੀ, ਪਰ ਉਸ ਨੇ ਅੱਖ ਨਹੀਂ ਖੋਲ੍ਹੀ।
ਮੈਂ “ਵਾਹਿਗੁਰੂ” ਆਖ ਕੇ ਉਸ ਦੇ ਮੋਢੇ ‘ਤੇ ਹੱਥ ਰੱਖਿਆ ਤੇ ਕਿਹਾ, “ਬੱਚੀਏ, ਆਪਣੇ ਬੱਚੇ ਦੀ ਜ਼ਿੰਦਗੀ ਵਾਸਤੇ ਅਰਦਾਸ ਕਰ ਰਹੀ ਏਂ ?” ਉਸ ਨੇ ਅੱਖਾਂ ਖੋਲ੍ਹੀਆਂ ਤੇ ਕਿਹਾ, “ਪਹਿਲੇ ਦਿਨ ਮੈਂ ਏਹੋ ਅਰਦਾਸ ਕੀਤੀ ਸੀ, ਅੱਜ ਨਹੀਂ।”
“ਅੱਜ ਕੀ ਅਰਦਾਸ ਕਰ ਰਹੀ ਏਂ ?” ਪਹਿਲੇ ਦਿਨ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰੀ ਅਰਦਾਸ ਖੁਦਗ਼ਰਜ਼ੀ ਨਾਲ ਲਿਬੜੀ ਹੋਈ ਹੈ, ਕਿਉਂਕਿ ਮੈਂ ਵੇਖਿਆ ਮੇਰੇ ਬੱਚੇ ਦੇ ਸੱਜੇ ਵੀ, ਖੱਬੇ ਵੀ ਹੋਰ ਬੱਚੇ ਪਏ ਹੋਏ ਹਨ, ਜਿਨ੍ਹਾਂ ਦਾ ਓਪਰੇਸ਼ਨ ਹੋਣਾ ਸੀ। ਸੋ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੇਵਲ ਆਪਣੇ ਬੱਚੇ ਦੀ ਸਿਹਤਯਾਬੀ ਲਈ ਅਰਦਾਸ ਕਰਾਂ। ਤਦ ਤੋਂ ਮੈਂ ਰੱਬ ਨੂੰ ਇਹ ਕਹਿਣ ਲੱਗੀ, “ਸੱਚੇ ਪਾਤਸ਼ਾਹ, ਏਥੋਂ ਦੇ ਡਾਕਟਰਾਂ ਦੇ ਹੱਥ ਵਿੱਚ ਸਫ਼ਾ ਬਖ਼ਸ਼ੀਂ ਕਿ ਉਹ ਜਿਸ ਬੱਚੇ ਦਾ ਵੀ ਇਲਾਜ ਕਰਨ ਉਹ ਰਾਜ਼ੀ ਹੋ ਜਾਵੇ।”
ਪਰ ਇਸ ਅਰਦਾਸ ਵਿੱਚ ਵੀ ਮੈਨੂੰ ਸਵਾਰਥ ਨਜ਼ਰ ਆਉਣ ਲੱਗਾ। ਕੱਲ੍ਹ ਦੀ ਮੈਂ ਇਹ ਅਰਦਾਸ ਕਰ ਰਹੀ ਹਾਂ, ‘ਸੱਚੇ ਪਾਤਸ਼ਾਹ, ਸੰਸਾਰ ਦੇ ਸਭ ਡਾਕਟਰਾਂ ਦੇ ਹੱਥ ਵਿੱਚ ਸਫਾ ਬਖ਼ਸ਼ੀਂ ਤਾਂ ਜੁ ਕਿਸੇ ਮਾਂ ਦਾ ਕੋਈ ਵੀ ਰੋਗੀ ਬੱਚਾ ਤੇਰੀ ਰਹਿਮਤ ਤੋਂ ਵਾਂਝਾ ਨਾ ਰਹੇ।”
ਮੈਂ ਉਸ ਦੇ ਸਿਰ ‘ਤੇ ਹੱਥ ਰੱਖਿਆ ਤੇ ਕਿਹਾ, “ਬੱਚੀਏ, ਤੂੰ ਅੱਜ ਮੈਨੂੰ ਵੀ ਸਹੀ ਅਰਦਾਸ ਕਰਨੀ ਸਿਖਾ ਦਿੱਤੀ ਏ।”
ਉਸ ਦੀਆਂ ਅੱਖਾਂ ਫਿਰ ਤੋਂ ਮੁੰਦ ਗਈਆਂ।
