ਬੰਦੇ ਲਈ ਅਰਦਾਸ ਇਕ ਜ਼ਰੂਰੀ ਵਸਤੂ ਹੈ। ਕਈ ਮੌਕੇ ਆਉਂਦੇ ਹਨ, ਜਦੋਂ ਕਿ ਵੱਡੇ ਤੋਂ ਵੱਡੇ ਰਾਠ ਮਨੁੱਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇਕ ਅਰਦਾਸ ਦੇ।
ਸਭ ਤੋਂ ਸਿਆਣਾ ਆਦਮੀ ਸੁਕਰਾਤ ਗਿਣਿਆ ਜਾਂਦਾ ਹੈ, ਇਹ ਮੌਤ ਤੋਂ ਬੇਪ੍ਰਵਾਹ ਸੀ। ਜ਼ਹਿਰ ਦਾ ਪਿਆਲਾ ਏਸ ਨੇ ਸ਼ਰਬਤ ਵਾਕਣ ਪੀ ਲੀਤਾ ਸੀ। ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ। ਇਕ ਥਾਵੇਂ ਉਸ ਨੇ ਕਿਹਾ ਹੈ:
O, beloved Pan and all ye other Gods of this place, grant to me that I be made beautiful in my soul within, and that all external possessions be in harmony with my inner man.
(Phaedrus)
ਇਸ ਦਾ ਮਤਲਬ ਹੈ:-
ਓ ਪਿਆਰੇ ਪੈਨ ਦੇਵਤਾ ਤੇ ਹੋਰ ਸਾਰੇ ਏਸ ਥਾਂ ਦੇ ਦੇਵਤਿਓ! ਮੇਰੀ ਇਹ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਤੇ ਬਾਹਰਲੀਆਂ ਮੇਰੀਆਂ ਸਾਰੀਆਂ ਵਸਤਾਂ ਏਸ ਅੰਦਰਲੇ ਜੀਵ ਆਤਮਾ ਦੇ ਨਾਲ ਇਕ ਸੁਰ ਹੋ ਜਾਣ।
ਸਿੱਖ ਧਰਮ ਵਿਚ ਅਰਦਾਸ ਦੀ ਇਕ ਖਾਸ ਅਹਿਮੀਅਤ ਹੈ। ਸਾਰੀਆਂ ਰੀਤਾਂ-ਰਸਮਾਂ ਦੀ ਥਾਵੇਂ ਸਿੱਖ ਦੀ ਇਕ ਅਰਦਾਸ ਕਾਫੀ ਹੈ। ਸਾਰੇ ਪਰਮਾਰਥਕ ਸਾਧਨਾਂ ਦੀ ਜਗ੍ਹਾ ਇਕ ਲਗਾਤਾਰ ਅਰਦਾਸ ਹੀ ਲੋੜੀਂਦੀ ਵਸਤੂ ਹੈ। ਅਰਦਾਸ ਦੀ ਜ਼ਰੂਰਤ ਹਰ ਸੰਸਾਰਕ ਮੌਕੇ ਉੱਪਰ ਹੈ। ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਜੰਗ ਵੇਲੇ। ਕੋਈ ਅਵਸਰ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਵੇ।
ਸੰਨ 1893 ਵਿਚ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਬੱਝਦਾ ਹੈ। ਇਹ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪ੍ਰਯਤਨ ਦਾ ਸਿੱਟਾ ਹੈ। ਇਸ ਦਾ ਪਹਿਲਾ ਟ੍ਰੈਕਟ ਜੋ ਛਪਿਆ ਉਸ ਦਾ ਨਾਮ “ਪ੍ਰਾਥਨਾ” ਹੈ। ਇਸ ਵਿਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ, ਪ੍ਰੰਤੂ ਸੰਕੇਤਕ ਤੌਰ ‘ਤੇ ਇਹ ਦੱਸਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ। ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਏਸ ਅਰਦਾਸ ਤੋਂ ਹੀ ਹੁੰਦਾ ਹੈ।
ਪੜ੍ਹੇ-ਲਿਖੇ ਨੌਜਵਾਨ ਪੁੱਛਦੇ ਹਨ: “ਕੀ ਅਰਦਾਸ ਸੁਣੀ ਜਾਂਦੀ ਹੈ ? ਕੀ ਅਰਦਾਸ ਦਾ ਉੱਤਰ ਮਿਲਦਾ ਹੈ ?”
ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਨਹੀਂ। ਅਰਦਾਸ ਫ਼ਰਜ਼ ਹੈ, ਉੱਤਰ ਗੈਰ-ਜ਼ਰੂਰੀ ਹੈ। ਔਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ-
Prayer must never be answered. If it is, it ceases to be prayer and becomes a correspondence.
ਇਸ ਦਾ ਅਰਥ ਹੈ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ : ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਉਹ ਖਤੋ-ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ।
ਏਸ ਲਿਹਾਜ਼ ਵਿਚ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਚੀਜ਼ ਹੈ ! ਇਹ ਅਰਦਾਸ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਹੋ ਜਾਂਦੀ ਹੈ, ਕਿਉਂਕਿ ਇਹ ਖ਼ਤਮ ਸਰਬੱਤ ਦੇ ਭਲੇ ਦੀ ਮੰਗ ਵਿਚ ਹੁੰਦੀ ਹੈ। ਸਿੱਖ ਦੀ ਅਰਦਾਸ ਤਦੇ ਹੀ ਸਫ਼ਲ ਹੈ ਜੇ ਉਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਠ ਕੇ ਸਰਬੱਤ ਦੇ ਵੱਡੇ ਭਲੇ ਵਿਚ ਲੀਨ ਹੋ ਜਾਵੇ। ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿਚ ਫਲ ਸਰੂਪ ਹੈ।
ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿ ਸੁਭਾ ਦਾ ਯਤਨ ਹੈ। ਅਰਦਾਸ ਦਵਾਰਾ ਵੱਡੇ ਹੁੰਦਿਆਂ ਹੀ, ਜਾਂ ਐਉਂ ਕਹੋ ਕਿ ਸਰਬੱਤ ਦੇ ਭਾਵ ਵਿਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਰਕੇ ਹਨ। ਸਾਡਾ ਨਿਕਾਰਾਪਨ, ਸਾਡਾ ਕਮੀਨਾਪਨ ਸਾਡਾ ਛੁਟਦਿਲਾਪਨ, ਸਾਡਾ ਵੱਖਰਾਪਨ, ਇਨ੍ਹਾਂ ਸਭਨਾਂ ਤੋਂ ਐਸ ਤਰ੍ਹਾਂ ਖਹਿੜਾ ਛੁਟ ਜਾਂਦਾ ਹੈ ਤੇ ਮਨੁੱਖ ਐਉਂ ਇਨ੍ਹਾਂ ਤੋਂ ਉਪਰ ਹੋ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਗਏ ਸਨ। ਇਸੇ ਦਾ ਨਾਮ ਚੜ੍ਹਦੀ ਕਲਾ ਹੈ ਜੋ ਸਰਬੱਤ ਦੇ ਭਲੇ ਦੀ ਭਾਵਲੀਨਤਾ ਤੋਂ ਤਤਖਿਣ ਪ੍ਰਾਪਤ ਹੁੰਦੀ ਹੈ। ਮਾਯਾ ਦੇ ਪਾਪ ਲੀੜੇ ਦਾ ਛੋਟਾ ਰਹਿ ਜਾਣਾ ਤੇ ਮਨੁੱਖ ਦਾ ਇਕ ਸਰਬੱਤੀ ਪੁਰਖ ਹੋ ਕੇ ਨਿਸ਼ਪਾਪ ਉੱਚਾ ਉਠ ਜਾਣਾ, ਇਸ ਦਾ ਨਾਮ ਚੜ੍ਹਦੀ ਕਲਾ ਹੈ। ਏਸ ਅਵੱਸਥਾ ਦੀ ਪੂਰਣਤਾ ਹੀ ਸਿੱਖ ਅਰਦਾਸ ਦੀ ਕਰਾਮਾਤ ਹੈ।
ਡਾ. ਬਲਬੀਰ ਸਿੰਘ
(ਲੰਮੀ ਨਦਰ ‘ਚੋਂ ਧੰਨਵਾਦ ਸਹਿਤ)
