
ਗੁਣ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ। ਅਵਗੁਣ ਮਨੁੱਖ ਦੀਆਂ ਕਮਜ਼ੋਰੀਆਂ ਹਨ। ਜੀਵਨ-ਸ਼ਕਤੀ ਦਾ ਦੁਰ-ਉਪਯੋਗ ਅਵਗੁਣ ਹੈ ਤੇ ਸਦ-ਉਪਯੋਗ ਗੁਣ ਹੈ। ਜੀਵਨ-ਸ਼ਕਤੀ ਦਾ ਅਗਰ ਗੁਣਾਂ ਵਿਚ ਉਪਯੋਗ ਨਾ ਕੀਤਾ ਗਿਆ ਤਾਂ ਇਸ ਸ਼ਕਤੀ ਨੇ ਸਹਿਜੇ ਹੀ ਅਵਗੁਣ ਬਣ ਜਾਣਾ ਹੈ। ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ਼ ਆਪਣੇ ਆਪ ਜਾਂਦਾ ਹੈ, ਤਿਵੇਂ ਜੀਵਨ-ਸ਼ਕਤੀ ਅਵਗੁਣ ਤਾਂ ਆਪਣੇ ਆਪ ਹੀ ਬਣ ਜਾਂਦੀ ਹੈ।
ਪ੍ਰਕਾਸ਼ ਦਾ ਕੇਂਦਰ (ਮਰਕਜ਼) ਹੈ ਪਰ ਅੰਧਕਾਰ ਦਾ ਕੋਈ ਕੇਂਦਰ ਨਹੀਂ ਹੈ। ਤਿਵੇਂ ਗੁਣਾਂ ਦਾ ਕੇਂਦਰ ਤਾਂ ਅਕਾਲ ਪੁਰਖ ਹੈ ਪਰ ਅਵਗੁਣਾਂ ਦਾ ਕੋਈ ਕੇਂਦਰ ਨਹੀਂ। ਪ੍ਰਕਾਸ਼ ਦਾ ਨਾ ਹੋਣਾ ਅੰਧਕਾਰ ਹੈ, ਗੁਣਾਂ ਦਾ ਨਾ ਹੋਣਾ ਹੀ ਅਵਗੁਣ ਹੈ।
ਗੁਣ ਤਾਂ ਸੁਗੰਧੀ ਦੀ ਤਰ੍ਹਾਂ ਨਿਰਬੋਝ ਹਨ ਪਰ ਅਵਗੁਣ ਤਾਂ ਜੀਵਨ ਨੂੰ ਅਤਿਅੰਤ ਭਾਰੂ ਬਣਾ ਦੇਂਦੇ ਹਨ ਤੇ ਇਸ ਤਰ੍ਹਾਂ ਅਵਗੁਣਾਂ ਦੇ ਭਾਰ ਥੱਲੇ ਦੱਬਿਆ ਮਨੁੱਖ ਧਰਤੀ ਦਾ ਭਾਰ ਬਣ ਜਾਂਦਾ ਹੈ। ਅਨੰਤ ਕਾਲ ਤੋਂ ਮਹਾਂ ਪੁਰਖ ਮਨੁੱਖਤਾ ਨੂੰ ਗੁਣਾਂ ਦੀ ਸੇਧ ਦੇਂਦੇ ਆਏ ਹਨ ਪਰ ਅਜੇ ਵੀ ਮਨੁੱਖ ਨੂੰ ਗੁਣਵਾਨ ਬਣਨਾ ਨਹੀਂ ਆਇਆ ਤੇ ਅਵਗੁਣਿਆਰਿਆਂ ਕਰਕੇ ਧਰਤੀ ਨਰਕ ਬਣੀ ਹੋਈ ਹੈ। ਵੈਸੇ ਤਾਂ ਅਵਗੁਣ ਅਨੰਤ ਹਨ:
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
(ਗਉੜੀ ਮ: ੧, ਅੰਗ ੧੫੬)
ਪਰ ਅਵਗੁਣ ਮੂਲ ਰੂਪ ਵਿਚ ਪੰਜ ਹਨ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਅਗਰ ਇਨ੍ਹਾਂ ਦੀ ਸਹੀ ਵਰਤੋਂ ਨਾ ਹੋਈ ਤਾਂ ਇਹ ਅਵਗੁਣ ਜੀਵਨ ਲਈ ਤੇ ਜਗਤ ਲਈ ਮਾਰੂ ਸਾਬਤ ਹੋਣਗੇ।
ਕੋਇਲਾ ਸਦੀਆਂ ਤਕ ਧਰਤੀ ਦੀ ਗਰਮ ਕੁੱਖ ਵਿਚ ਪੈ ਕੇ ਹੀਰਾ ਬਣ ਜਾਂਦਾ ਹੈ। ਹੀਰੇ ਅਕਸਰ ਕੋਇਲਿਆਂ ਦੀਆਂ ਖਾਨਾਂ ਵਿੱਚੋਂ ਮਿਲਦੇ ਹਨ। ਹੀਰੇ ਨੂੰ ਵੇਖ ਕੇ ਕੋਈ ਇਹ ਸੋਚ ਵੀ ਨਹੀਂ ਸਕੇਗਾ ਕਿ ਇਹ ਹੀਰਾ ਕੁਛ ਸਦੀਆਂ ਪਹਿਲੇ ਕੋਇਲਾ ਸੀ। ਅਵਗੁਣਾਂ ਨੂੰ ਅਗਰ ਸਤਿਸੰਗ ਰੂਪੀ ਧਰਤੀ ਮਿਲ ਜਾਵੇ ਤੇ ਜਪ ਦਾ ਤਪ ਮਿਲ ਜਾਵੇ, ਜਪ ਦੇ ਤੇਜ ਨਾਲ ਅਵਗੁਣ ਗੁਣ ਬਣ ਜਾਂਦੇ ਹਨ।
ਅਵਗੁਣਾਂ ਦੇ ਕਰੂਪ ਬੀਜਾਂ ਵਿੱਚੋਂ ਗੁਣਾਂ ਦੇ ਫੁੱਲ ਪ੍ਰਗਟ ਹੋ ਜਾਂਦੇ ਹਨ। ਸਤਿਸੰਗ ਦੀ ਧਰਤ ਤੇ ਜਪ ਦਾ ਤੇਜ ਅਵਗੁਣਾਂ ਦੇ ਕੋਇਲਿਆਂ ਨੂੰ ਗੁਣਾਂ ਦੇ ਹੀਰਿਆਂ ਵਿਚ ਬਦਲ ਦੇਂਦਾ ਹੈ।
ਕਾਮ ਲੱਜਾ ਸ਼ਰਮ ਬਣ ਜਾਂਦਾ ਹੈ । ਕ੍ਰੋਧ ਬੀਰ-ਰਸ ਦਾ ਰੂਪ ਧਾਰਨ ਕਰ ਲੈਂਦਾ ਹੈ। ਲੋਭ ਸੰਤੋਖ ਦਾ ਹੀਰਾ ਬਣ ਜਾਂਦਾ ਹੈ। ਮੋਹ ਪ੍ਰੇਮ ਦਾ ਅੰਮ੍ਰਿਤ ਬਣ ਜਾਂਦਾ ਹੈ ਤੇ ਅਹੰਕਾਰ ਅਣਖ ਗ਼ੈਰਤ ਦਾ ਰੂਪ ਧਾਰਨ ਕਰ ਲੈਂਦਾ ਹੈ। ਕਾਮੀ ਨਿਰਲੱਜ ਹੁੰਦਾ ਹੈ ਤੇ ਸਮਾਜ ਲਈ ਘਾਤਕ ਹੁੰਦਾ ਹੈ, ਪਰ ਲੱਜਾ ਸ਼ਰਮ ਵਿਚ ਰਹਿਣ ਵਾਲਾ ਏਕਾ ਨਾਰੀ ਦੇ ਬੰਧਨ ਵਿਚ ਰਹਿ ਕੇ ਆਪ ਸੁਖੀ ਤੇ ਜਗਤ ਨੂੰ ਸੁਖ ਦੇਂਦਾ ਹੈ। ਕ੍ਰੋਧ ਦੀ ਮਾਰੂ ਅਗਨ ਬੀਰ-ਰਸ ਦੇ ਸੁੱਚੇ ਮੋਤੀ ਬਣ ਕੇ ਦੇਸ਼, ਕੌਮ ਤੇ ਮਜ਼ਲੂਮ ਲਈ ਸੁੰਦਰ ਹਾਰ ਬਣ ਜਾਂਦੇ ਹਨ। ਕ੍ਰੋਧ ਜਿਥੇ ਮਜ਼ਲੂਮ ਦੇ ਗਲੇ ‘ਤੇ ਤਲਵਾਰ ਹੈ ਪਰ ਬੀਰ-ਰਸ ਤਾਂ ਗਲੇ ਦਾ ਮੋਤੀਆਂ ਦਾ ਹਾਰ ਹੈ।
ਲੋਭ ਦੀ ਬੇਹੋਸ਼ੀ ਤੇ ਪਾਗਲ ਕੁੱਤੇ ਵਾਲੀ ਘਾਤਕ ਦ੍ਰਿਸ਼ਟੀ ਹੁਣ ਸੰਤੋਖ ਦਾ ਰੂਪ ਧਾਰਨ ਕਰ, ਪਰਮ ਹੋਸ਼ ਵਿਚ ਆ ਜਾਂਦੀ ਹੈ। ਮੋਹ ਦਾ ਜ਼ਹਿਰ ਪ੍ਰੇਮ ਦਾ ਅੰਮ੍ਰਿਤ ਬਣ ਜਗਤ ਲਈ ਵੀ ਅੰਮ੍ਰਿਤ ਬਣ ਜਾਂਦਾ ਹੈ। ਹਰ ਵਕਤ ਮੈਂ-ਭਾਵ ਵਿਚ ਜੀਵਨ ਵਾਲੀ ਅਹੰਕਾਰੀ ਬ੍ਰਿਤੀ ਹੁਣ ਅਣਖ ਖ਼ੁਦ-ਦਾਰੀ ਦਾ ਰੂਪ ਧਾਰਨ ਕਰ, ਸਮਾਜ ਦੇ ਕੰਮ ਦੇ ਉਸਾਰੂ ਕੰਮਾਂ ਵਿਚ ਜੁੱਟ ਜਾਂਦੀ ਹੈ। ਸਤਿਸੰਗ ਰੂਪੀ ਧਰਤ ਨਾ ਮਿਲੇ, ਜਪ ਤਪ ਦਾ ਤੇਜ ਨਾ ਹੋਵੇ ਤਾਂ ਜੀਵਨ ਅਵਗੁਣਾਂ ਦਾ ਢੇਰ ਬਣ ਜਾਂਦਾ ਹੈ, ਮਾਨੋ ਕੋਇਲਿਆਂ ਦੀ ਖਾਨ ਹੋਵੇ। ਇਹੀ ਕੋਇਲਿਆਂ ਦੀ ਖਾਨ ਹੀਰਿਆਂ ਦੀ ਖਾਨ ਬਣ ਸਕਦੀ ਹੈ, ਅਗਰ ਇਨ੍ਹਾਂ ਔਗੁਣਾਂ ਨੂੰ ਸਹੀ ਧਰਤੀ ਮਿਲ ਜਾਵੇ। ਜਿਵੇਂ ਕੋਇਲਿਆਂ ਦੀਆਂ ਖਾਨਾਂ ਬਹੁਤ ਹਨ ਤੇ ਕੋਇਲਿਆਂ ਦੇ ਢੇਰ ਵੀ ਹਰ ਪਾਸੇ ਲੱਗੇ ਪਏ ਹਨ, ਤਿਵੇਂ ਹੀਰੇ ਤਾਂ ਕਿਧਰੇ ਕਿਸੇ ਤਾਜ ਵਿਚ ਯਾ ਜੌਹਰੀ ਕੋਲ ਹੁੰਦੇ ਹਨ।
ਜਗਤ ਦੇ ਜੀਵਨ ਵਿਚ ਕਾਲਖ਼ ਕੋਇਲੇ ਤਾਂ ਬਹੁਤ ਹਨ, ਪਰ ਇਹ ਕੋਇਲੇ ਹੀਰੇ ਬਣ ਗਏ ਹੋਣ, ਬਹੁਤ ਘੱਟ ਦਿਖਾਈ ਦੇਂਦੇ ਹਨ।
ਗਿਆਨੀ ਸੰਤ ਸਿੰਘ ਜੀ ਮਸਕੀਨ