ਆਤਮ ਮਾਰਗ ‘ਤੇ ਚਲਦਿਆਂ ਕਿਸੇ ਚੰਗੇ ਜੀਵਨ ਪੱਧਰ ਤੇ ਪਹੁੰਚਣ ਲਈ, ਗੁਰੂ ਦੇ ਉਪਦੇਸ਼ ਅਗੇ ਮਥੇ ਵੀ ਟੇਕਣੇ ਚਾਹੀਦੇ ਹਨ ਪਰ ਇਸ ਤੋਂ ਅਗੇ ਗੁਰੂ ਉਪਦੇਸ਼ ਨੂੰ ਸਮਝਣਾ ਵੀ ਚਾਹੀਦਾ ਹੈ। ਮਥੇ ਟੇਕੇ ਵੀ ਕਬੂਲ ਤਦ ਹੁੰਦੇ ਹਨ, ਜਦ ਜਿਸ ਦੇ ਅਗੇ ਮਥੇ ਟੇਕੇ ਹੋਣ, ਉਸ ਦੀ ਬਾਤ ਨੂੰ ਚੰਗੀ ਤਰ੍ਹਾਂ ਸਮਝਿਆ ਵੀ ਹੋਵੇ। ਗੁਰੂ ਉਪਦੇਸ਼ ਸਮਝਿਆਂ ਹੀ ਗੁਰ ਉਪਦੇਸ਼ ਦੀ ਕਮਾਈ ਹੋ ਸਕਦੀ ਹੈ ਅਤੇ ਕਮਾਈ ਕੀਤਿਆਂ ਹੀ ਕਿਤੇ ਅਪੜ ਸਕੀਦਾ ਹੈ।
ਗੁਰਬਾਣੀ ਵਿਚ ਸਾਫ ਅਖਰਾਂ ਵਿਚ ਲਿਖਿਆ ਹੈ ਕਿ ‘ਕਾਇਆ ਮਿਟੀ ਅੰਧੁ ਹੈ’ (body is blind dust) ਸਰੀਰ ਬੇਜਾਨ-ਬੇ-ਹਿਸ-ਜੜ ਹੁੰਦੇ ਹਨ। ਸਰੀਰ ਵਿਚ ਹਰਕਤ, ਚੱਲਣ ਫਿਰਨ, ਬੀਮਾਰ ਜਾਂ ਰਾਜ਼ੀ ਰਹਿਣ ਦੀ ਕਿਰਿਆ ਕੇਵਲ ਮਨ ਕਰਕੇ ਹੈ। ਸਰੀਰ ਵਿਚ ਜਦ ਤਕ ਸਾਡਾ ਮਨ ਹੈ, ਸਰੀਰ ਜੀਉਂਦਾ, ਜਾਗਦਾ, ਤੁਰਦਾ ਫਿਰਦਾ, ਉਠਦਾ ਬੈਠਦਾ, ਨਜ਼ਰ ਆਵੇਗਾ। ਮਨ ਦੇ ਸਰੀਰ ਵਿਚ ਹੋਣ ਕਰਕੇ ਹੀ ਸਰੀਰ ਨੂੰ ਦੁਖ, ਪੀੜ, ਰੋਗ ਸੋਗ ਭਾਸਦੇ ਹਨ। ਜਦ ਮਨ ਗੂੜ੍ਹੀ ਨੀਂਦਰ ਵਿਚ ਚਲਿਆ ਜਾਵੇ, ਤਾਂ ਸਾਰੀ ਦੁਨੀਆਂ ਅਲੋਪ ਹੋ ਜਾਂਦੀ ਹੈ, ਦੁਖ ਸੁਖ, ਮੋਹ ਮਾਇਆ, ਸੰਸਾਰ, ਸਭ ਅਲੋਪ ਹੈ ਜਾਂਦਾ ਹੈ। ਜਦ ਮਨ ਨੂੰ ਹੋਰ ਵਧੇਰੇ ਬੇਹੋਸ਼ ਕੀਤਾ ਜਾਵੇ ਤਾਂ ਹਸਪਤਾਲ ਵਿਚ ਉਪਰੇਸ਼ਨ ਵੇਲੇ, ਸਰੀਰ ਨੂੰ ਕਟਿਆਂ, ਚੀਰਿਆਂ ਫਾੜਿਆਂ ਕੁਝ ਪਤਾ ਨਹੀਂ ਲਗਦਾ, ਕੁਝ ਪੀੜ ਨਹੀਂ ਹੁੰਦੀ। ਇਸ ਤੋਂ ਵਿਚਾਰਵਾਨ ਨੂੰ ਯਕੀਨ ਆ ਜਾਵੇਗਾ ਕਿ ਮਹਿਸੂਸ ਸ਼ਕਤੀ-ਚੇਤਨਤਾ ਸਰੀਰ ਵਿਚ ਬਿਲਕੁਲ ਨਹੀਂ, ਸਗੋਂ ਸਰੀਰ ਵਿਚ ਰਹਿਣ ਵਾਲੇ ਮਨ ਵਿਚ ਹੈ।
ਜਦ ਕੋਈ ਮਰ ਜਾਂਦਾ ਹੈ ਤਾਂ ਉਸ ਦਾ ਸਰੀਰ ਤਾਂ ਸਭ ਦੇ ਸਾਹਮਣੇ ਪਿਆ ਹੁੰਦਾ ਹੈ। ਪਰ ਸਾਰੇ ਏਹੋ ਕਿਉਂ ਕਹੀ ਜਾਂਦੇ ਹਨ ਕਿ ਉਹ ਤੇ ਮਰ ਗਏ ਹਨ? ਇਸ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਰੀਰ ਵਿਚ ਰਹਿਣ ਵਾਲਾ ਆਪ ਸਰੀਰ ਨਹੀਂ ਹੁੰਦਾ।
ਪਤਾ ਲਗਣ ਮਗਰੋਂ ਜਦ ਸਾਨੂੰ ਯਕੀਨ ਹੋ ਜਾਵੇ ਕਿ ਅਸੀਂ ਸਰੀਰ ਨਹੀਂ ਹਾਂ ਸਗੋਂ ਸਰੀਰ ਵਿਚ ਰਹਿਣ ਵਾਲੇ ਹਾਂ ਅਤੇ ਇਸ ਵਿਸ਼ਵਾਸ ਦਾ ਅਭਿਆਸ ਹੋ ਜਾਵੇ, ਹਰ ਵਕਤ ਸਾਡੇ ਮਨ ਅੰਦਰ ਏਹੋ ਖਿਆਲ ਆਉਣ ਲਗ ਜਾਵੇ ਕਿ ਅਸੀਂ ਸਰੀਰ ਨਹੀਂ, ਸਰੀਰ ਵਿਚ ਰਹਿਣ ਵਾਲੇ ਹਾਂ ਤਾਂ ਪਹਿਲੇ ਕਦੀ ਕਦੀ ਅਤੇ ਅਭਿਆਸ ਵਧਣ ਨਾਲ ਹਰ ਵੇਲੇ ਮਹਿਸੂਸ ਕਰਨ ਲਗ ਜਾਵਾਂਗੇ, ਕਿ ਅਸੀਂ ਵਖਰੇ ਹਾਂ ਤੇ ਸਾਡਾ ਸਰੀਰ ਸਾਥੋਂ ਵਖਰਾ ਹੈ।
ਰਘਬੀਰ ਸਿੰਘ ਬੀਰ
