105 views 6 secs 0 comments

ਅਹੰਕਾਰ

ਲੇਖ
June 28, 2025

ਜੋ ਆਦਮੀ ਆਪਣੇ ਆਪ ਨੂੰ ਸਭਨਾਂ ਨਾਲੋਂ ਚੰਗਾ ਸਮਝਦਾ ਹੈ ਤੇ ਦੂਸਰਿਆਂ ਨੂੰ ਮਾੜੇ ਸਮਝਦਾ ਹੈ ਤੇ ਸਦਾ ਆਪਣੀ ਮਗਰੂਰੀ ਵਿਚ ਰਹਿੰਦਾ ਹੈ ਐਸੇ ਖਿਆਲ ਨੂੰ ਮਨ ਵਿਚ ਰੱਖਣ ਦਾ ਨਾਮ ‘ਅਹੰਕਾਰ’ ਹੈ ।
ਇਹ ਅਹੰਕਾਰ ਬੁਰੀ ਬਲਾ ਹੈ, ਜਿਸ ਦੇ ਦਿਲ ਵਿਚ ਆ ਵਸੇ, ਉਹ ਪੁਰਸ਼ ਆਪਣੇ ਆਪ ਨੂੰ ਪਰਬਤ ਸਮਝਦਾ ਹੈ ਤੇ ਦੂਸਰਿਆਂ ਨੂੰ ਰਾਈ ਸਮਾਨ ਸਮਝਦਾ ਹੈ । ਜੇਹੜਾ ਆਦਮੀ ਨੇਕ ਕੰਮ ਕਰ ਕੇ ਯਾ ਬੰਦਗੀ ਕਰ ਕੇ ਮਾਨ ਪ੍ਰਤਿਸ਼ਟਾ ਸੰਯੁਕਤ ਹੋ ਜਾਂਦਾ ਹੈ, ਜੇ ਕਦੇ ਉਸ ਦੇ ਦਿਲ ਵਿਚ ਅਹੰਕਾਰ ਹੋ ਜਾਵੇ, ਤਾਂ ਮਾਨ ਪ੍ਰਤਿਸ਼ਟਾ ਉਸ ਦੀ ਨਜ਼ਰ ਨਹੀਂ ਆਂਵਦੀ। ਤਾਂ ਤੇ ਮਲੂਮ ਹੋਇਆ ਕਿ ਅਹੰਕਾਰ ਜੀਵ ਨੂੰ ਉਚੀ ਪਦਵੀ ਤੋਂ ਡੇਗ ਕੇ, ਨੀਵੇਂ ਤਾਂ ਸੁਟ ਦੇਂਦਾ ਹੈ, ਕਿਉਂਕਿ ਮਹਾਰਾਜ ਜੀ ਦਸਦੇ ਹਨ-
ਹਰਿ ਜੀਉਂ ਅਹੰਕਾਰੁ ਨ ਭਾਵਈ ਵੇਦ ਕੂਕ ਸੁਣਾਵਹਿ॥
(ਮਾਰੂ ਵਾਰ ੧ ਮ: ੩, ਅੰਗ: ੧੦੮੯)
ਗੁਰੂ ਨਿਰੰਕਾਰ ਨੂੰ ਵੀ ਅਹੰਕਾਰ ਚੰਗਾ ਨਹੀਂ ਲਗਦਾ ਕਿਉਂਕਿ ਮਹਾਰਾਜ ਜੀ ਕਹਿੰਦੇ ਹਨ –
ਊਚਾ ਚੜੈ ਸੁ ਪਵੈ ਪਇਆਲਾ ॥
ਧਰਨਿ ਪੜੇ ਤਿਸੁ ਲਗੈ ਨ ਕਾਲਾ ॥(ਆਸਾ ਮ: ੫ ਅੰਗ ੩੭੪)

ਮਹਾਰਾਜ ਜੀ ਦਸਦੇ ਹਨ, ਕਿ ਜੇਹੜਾ ਅਹੰਕਾਰ ਕਰ ਕੇ ਬਹੁਤਾ (ਆਪਣੇ ਆਪ) ਵਡਾ ਹੋ ਜਾਂਦਾ ਹੈ, ਉਹ ਪਤਾਲ ਵਿਚ ਭਾਵ ਨੀਚੇ ਗਿਰ ਪੈਂਦਾ ਹੈ ਤੇ ਗਿਰਦਿਆਂ ਰਤਾ ਜਿੰਨੀ ਵੀ ਦੇਰ ਨਹੀਂ ਲਗਦੀ । (ਦੇਖੋ ਪੁਰਾਣੇ ਇਤਿਹਾਸ ਤੇ ਗੁਰਬਾਣੀ ਦਸਦੀ ਹੈ ਕਿ ਜਦ ਬ੍ਰਾਹਮਣਾਂ ਨੇ ਕਬੀਰ ਸਾਹਿਬ ਜੀ ਨੂੰ ਸ਼ੂਦਰ ਸਮਝ ਕੇ, ਤੇ ਆਪਣੇ ਆਪ ਨੂੰ ਉਚਾ ਸਮਝ ਕੇ ਸ੍ਰੀ ਕਬੀਰ ਜੀ ਦੀ ਬਦਨਾਮੀ ਕਰਨ ਲਈ ਕਬੀਰ ਸਾਹਿਬ ਦੇ ਨਾਮ ਤੇ ਆਪੇ ਚਿਠੀਆਂ ਲਿਖ ਦਿਤੀਆਂ ਜੈਸਾ ਕਿ ਪਿਛੇ ਦਸਿਆ ਹੈ ਕਿ ਮੇਰੇ ਘਰ ਜੱਗ ਹੈ, ਤੁਸੀਂ ਦਰਸ਼ਨ ਦੇਵੋ । ਸੋ ਵਾਹਿਗੁਰੂ ਨੇ ਕਬੀਰ ਜੀ ਦਾ ਜੱਗ ਆਪ ਪੂਰਾ ਕੀਤਾ ਤੇ ਅਹੰਕਾਰੀ ਦੇਖਕੇ ਸ਼ਰਮਿੰਦੇ ਹੋਏ) ।
40 ਇਸੀ ਤਰ੍ਹਾਂ ਬ੍ਰਾਹਮਣਾਂ ਨੇ ਸ੍ਰੀ ਨਾਮਦੇਵ ਜੀ ਨੂੰ ਦੇਹੁਰੇ ਦੇ ਬੂਹੇ ਅਗੇ ਭਗਤੀ ਕਰਦਿਆਂ ਨੂੰ ਧੱਕੇ ਮਾਰ ਕੇ ਪਿਛੇ ਸੁਟ ਦਿਤਾ-

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮ ਦੇਉ ਮੁਖਿ ਲਾਇਆ ॥
(ਆਸਾ ਮ: ੪ ਛੰਤ ਅੰਗ ੪੫੧)

ਵਾਹਿਗੁਰੂ ਨੇ ਅਹੰਕਾਰੀਆਂ ਵਲ ਪਿੱਠ ਕਰ ਕੇ ਨਾਮਦੇਵ ਵਲ ਦੇਹੁਰੇ ਦਾ ਮੁਖ ਕਰ ਦਿਤਾ । ਉਸ ਵੇਲੇ ਦਾ ਪ੍ਰਸੰਗ ਸ੍ਰੀ ਨਾਮਦੇਵ ਜੀ ਆਪਣੀ ਬਾਣੀ ਵਿਚ ਐਉਂ ਲਿਖਦੇ ਹਨ :-

ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਭਗਤਿ ਕਰਤ ਨਾਮਾ ਪਕਰਿ ਉਠਾਇਆ ॥ ੧॥
ਹੀਨੜੀ ਜਾਤ ਮੇਰੀ ਜਾਦਿਮ ਰਾਇਆ ॥
ਛੀਪੇ ਕੇ ਜਨਮ ਕਾਹੇ ਕਉ ਆਇਆ ॥ ੧ ॥ ਰਹਾਉ ॥
ਦੇਹੁਰੈ ਪਾਛੈ ਬੈਠਾ ਜਾਇ ॥੨॥
ਲੈ ਕਮਲੀ ਚਲਿਓ ਪਲਟਾਇ ॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥

ਭਗਤ ਜਨਾਂ ਕਉ ਦੇਹੁਰਾ ਫਿਰੈ ॥ ਭੈਰਉ ਨਾਮਦੇਵ ਜੀ ਪੰ:੧੧੬੪
ਸੋ ਪ੍ਰਤੱਖ ਦਰਸਨ ਦੇ ਕੇ ਨਿਹਾਲ ਕੀਤਾ ਤੇ ਦੁਨੀਆਂ ਨੂੰ ਪ੍ਰਗਟ ਕਰ ਦਿਤਾ, ਕਿ ਵਾਹਿਗੁਰੂ ਇਸ ਪ੍ਰਕਾਰ ਅਹੰਕਾਰੀਆਂ ਨੂੰ ਪਿਠ ਦੇ ਕੇ, ਭਗਤਾਂ ਦੀ ਸਹਾਇਤਾ ਕਰਦਾ ਹੈ ।
ਸੋ ਇਹਨਾਂ ਸਾਖੀਆਂ ਤੋਂ ਪਤਾ ਚਲਦਾ ਹੈ ਕਿ ਵਾਹਿਗੁਰੂ ਨੂੰ ਅਹੰਕਾਰੀ ਪੁਰਸ਼ ਕਦੇ ਵੀ ਪਿਆਰੇ ਨਹੀਂ ਲਗਦੇ । ਏਸੇ ਵਾਸਤੇ ਗੁਰੂ ਜੀ ਨੇ ਅਹੰਕਾਰ ਨੂੰ ਜਨਮ ਮਰਨ ਦੇ ਗੇੜ ਵਿਚ ਪਾਉਣ ਵਾਲਾ ਦਸਿਆ ਹੈ ਤੇ ਕਿਹਾ ਹੈ, ਹੇ ਅਹੰਕਾਰ ! ਤੇਰੇ ਨਾਲ ਸਾਥ ਕਰਨ ਕਰਕੇ ਪੁਰਖ ਅਧੋਗਤੀ ਨੂੰ ਪ੍ਰਾਪਤ ਹੁੰਦਾ ਹੈ ਤੇ ਵਾਹਿਗੁਰੂ ਨਿਰੰਕਾਰ ਤੇਰੇ ਤੋਂ ਬਚਾਈ ਰੱਖੇ ਯਥਾ ਗੁਰਵਾਕ-
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥
ਮਿਤ੍ਰ ਤਜੰਤਿ ਸਤ੍ਰ ਦ੍ਰਿੜੰਤਿ ਅਨਿਕ ਮਾਯਾ ਬਿਸਤੀਰਨਹ ॥
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥
(ਸਲੋਕ ਸਹੰਸਕ੍ਰਿਤੀ ਮ: ੫ ਅੰਗ ੧੩੫੮)

ਤੇ ਸਾਨੂੰ ਇਸ ਤੋਂ ਬਚਣ ਦਾ ਉਪਦੇਸ਼ ਦੇਂਦੇ ਹਨ-
ਮੇਰੇ ਮਨਿ ਤਜਿ ਨਿੰਦਾ ਹਉਮੈ ਅਹੰਕਾਰੁ ॥
(ਸ੍ਰੀ ਰਾਗ ਮ: ੩ ਅੰਗ: ੨੯)
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
(ਸ੍ਰੀ ਰਾਗ ਮ: ੩ ਅੰਗ ੩੯ )

ਅਗੇ ਸਾਹਿਬ ਦਸਦੇ ਹਨ, ਕਿ ਜਿਨ੍ਹਾਂ ਅਹੰਕਾਰ ਨੂੰ ਮਾਰ ਲਿਆ ਹੈ, ਉਹੋ ਹੀ ਬਹਾਦਰ ਹਨ ਤੇ ਐਸੇ ਜੀਵਾਂ ਦੇ ਹਿਰਦੇ ਵਿਚ ਵਾਹਿਗੁਰੂ ਦਾ ਨਾਮ ਪ੍ਰਗਟ ਹੁੰਦਾ ਹੈ । ਯਥਾ ਗੁਰਵਾਕ-
ਨਾਨਕ ਸੋ ਸੂਰਾ ਵਰੀਆਮੁ
ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
(ਸ੍ਰੀ ਰਾਗ ਕੀ ਵਾਰ ਮ: ੩ ਅੰਗ ੮੬)

ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ॥
(ਮਾਝ ਮ: ੫ ਅੰਗ ੧੦੪)

ਇਤਿਆਦਿਕ ਬੇਅੰਤ ਸ਼ਬਦਾਂ ਦਵਾਰਾ ਅਹੰਕਾਰ ਤਿਆਗਣ ਦਾ ਉਪਦੇਸ਼ ਗੁਰੂ ਜੀ ਦਸਦੇ ਹਨ, ਸੋ ਜੀਵ ਚਾਹੀਏ ਕਿ ਅਹੰਕਾਰ ਤੋਂ ਸਦਾ ਹੀ ਬਚ ਕੇ ਨਿੰਮ੍ਰਤਾ ਭਾਵ ਹਿਰਦੇ ਵਿਚ ਸਦਾ ਹੀ ਧਾਰਨ ਕਰੇ ਤੇ ਲੋਕ ਪਰਲੋਕ ਵਿਚ ਸੁਖ ਪਾਵੇ ।

ਕਬਿਤ
ਸਭ ਤੋਂ ਵਡੇਰਾ ਰੋਗ ਹੈਗਾ ਹੈ ਹੰਕਾਰ ਸੰਦਾ,
ਸਤਿਗੁਰ ਬਾਣੀ ਵਿਚ ਆਪ ਫੁਰਮਾਂਵਦੇ।
ਸ਼ਬਦ ਇਲਾਜ ਏਹਦਾ ਦਸਦੇ ਨੇ ਗੁਰੂ ਆਪ,
ਕਮਾਂਵਦੇ ਨੇ ਜੇਹੜੇ ਸੋਈ ਜਗ ਤਰ ਜਾਂਵਦੇ ।
ਰਖਦੇ ਨੇ ਦਿਲ ਵਿਚ ਜੇਹੜੇ ਮਗਰੂਰੀ ਸਦਾ,
ਜਨਮ ਮਰਨ ਵਿਚ ਸਦਾ ਦੁਖ ਪਾਂਵਦੇ ।
ਤਾਂ ਤੇ ਅਹੰਕਾਰ ਸੰਦਾ ਕਰੋ ਨਾ ਪਿਆਰ ਦਿਲ,
ਤਿਆਗਿਆ ‘ਭਗਤ’ ਜਿਨ੍ਹਾਂ ਸਦਾ ਸੁਖ ਪਾਂਵਦੇ।

 

ਗਿਆਨੀ ਭਗਤ ਸਿੰਘ