
-ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ
ਨਾ ਇਸ ਤਲਖ਼ ਹਵਾ ਦਾ ਗ਼ਰੂਰ ਜਾਣਾ ਏ।
ਨਾ ਉਡਦੇ ਰਹਿਣ ਦਾ ਮੇਰਾ ਫਤੂਰ ਜਾਣਾ ਏ।
ਅੰਮ੍ਰਿਤਪਾਲ ਸਿੰਘ ਉੱਤੇ ਲੱਗੀ ਐਨਐਸਏ ਨੂੰ ਹੋਰ ਇਕ ਸਾਲ ਵਧਾਉਣ ਦੀ ਖਬਰ ਨੂੰ ਆਪਾਂ ਇੱਕ ਹੋਰ ਨਜ਼ਰੀਏ ਤੋਂ ਵੀ ਵੇਖਣ ਦੀ ਕੋਸ਼ਿਸ਼ ਕਰੀਏ।ਇਤਿਹਾਸ ਦੇ ਗੂੜੇ ਭੇਤਾਂ ਤੇ ਰੰਗਾਂ ਨੂੰ ਸਮਝਣ ਲਈ ਇਹੋ ਜਿਹੇ ਰੌਣਕ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ।ਇਹਨਾਂ ਮੇਲਿਆਂ ਤੋਂ ਸਿੱਖਣ ਸਿਖਾਉਣ ਨੂੰ ਬਹੁਤ ਕੁਝ ਮਿਲਦਾ ਹੈ।
ਹੁਣ ਇਕ ਹਕੀਕਤ ਮਾਨਸਰੋਵਰ ਦੇ ਨਿਰਮਲ ਪਾਣੀਆਂ ਦੀ ਝੀਲ ਵਾਂਗ ਦੋਸਤ ਤੇ ਦੁਸ਼ਮਣ ਦੋਵਾਂ ਦੀਆਂ ਜ਼ਮੀਰਾਂ ਨੂੰ ਹੀ ਸਾਫ ਤੇ ਸਪਸ਼ਟ ਨਜ਼ਰ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਦਿਲਾਂ ਦਾ ਮਹਿਰਮ ਹੈ।ਫਰਕ ਇਨਾ ਹੈ ਕਿ ਦੁਸ਼ਮਣ ਆਪਣਾ ਸੱਚ ਐਨਐਸਏ ਲਾ ਕੇ ਲਾਗੂ ਕਰ ਰਿਹਾ ਹੈ ਜਦਕਿ ਜਾਗਦੇ ਦੋਸਤਾਂ ਦਾ ਸੱਚ ਇਹ ਕਹਿ ਰਿਹਾ ਹੈ ਕਿ ਦੁਸ਼ਮਣ ਨੇ ਅੰਮ੍ਰਿਤਪਾਲ ਨੂੰ ਨਹੀਂ ਪੰਜਾਬ ਨੂੰ ਨਜ਼ਰਬੰਦ ਕੀਤਾ ਹੋਇਆ ਹੈ।
ਦੋਸਤੋ,ਮੈਂ ਪਹਿਲਾਂ ਵੀ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਤਾਂ ਇੱਕ ਪਾਸੇ ਰਹੀ,ਜੇ ਅੰਮ੍ਰਿਤ ਪਾਲ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਵੀ ਤਬਦੀਲ ਕਰ ਦਿੱਤਾ ਗਿਆ ਤਾਂ ਵੀ ਪੰਜਾਬ ਤੇ ਅੰਮ੍ਰਿਤਪਾਲ ਇੱਕ ਹੋ ਜਾਣਗੇ। ਐਨ ਐਸ ਏ ਨੂੰ ਵਧਾਉਣਾ ਤੇ ਬਾਕੀ ਸਾਰਿਆਂ ਤੋਂ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨਾ ਪਰ ਅੰਮ੍ਰਿਤਪਾਲ ਨੂੰ ਇਕੱਲਿਆਂ ਹੀ ਡਿਬਰੂਗੜ ਜੇਲ ਵਿੱਚ ਸੁੱਟਣਾ ਤੁਹਾਡੀ ਸਮਝ ਵਿੱਚ ਕਿਉਂ ਨਹੀਂ ਆ ਰਿਹਾ? ਇਸਦਾ ਇੱਕੋ ਹੀ ਜਵਾਬ ਹੈ ਕਿ ਪੰਜਾਬ ਅੰਮ੍ਰਿਤਪਾਲ ਹੈ ਤੇ ਅੰਮ੍ਰਿਤਪਾਲ ਪੰਜਾਬ ਹੈ।ਘੱਟੋ ਘੱਟ ਅੱਜ ਦਾ ਸੱਚ ਤਾਂ ਇਹੋ ਹੈ ਮੇਰੇ ਦੋਸਤੋ। ਸੱਤਾ ਦੇ ਬਰਾਂਡਿਆਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਡਰ ਹਰ ਕੋਈ ਮਹਿਸੂਸ ਕਰ ਰਿਹਾ ਹੈ।ਡਰ ਵੀ ਅਜੀਬ ਚੀਜ਼ ਹੈ ਕਿ ਰਾਤਾਂ ਦੀਆਂ ਨੀਂਦਰਾਂ ਉੜਾ ਦਿੰਦਾ ਹੈ।ਤੁਸੀਂ ਸੁੱਤੇ ਹੋਏ ਵੀ ਜਾਗਦੇ ਰਹਿੰਦੇ ਹੋ।
ਦੋਸਤੋ, ਚੰਦ ਇਕ ਮਹੀਨਿਆਂ ਵਿੱਚ ਹੀ ਅੰਮ੍ਰਿਤਪਾਲ ਪੰਜਾਬ ਵਿੱਚ ਕੁਝ ਇਸ ਤਰ੍ਹਾਂ ਕਰ ਗਿਆ ਸੀ,ਕੁਝ ਇਸ ਅੰਦਾਜ਼ ਵਿੱਚ ਉਹ ਗੱਲਾਂ ਕਹਿ ਗਿਆ ਸੀ ਕਿ ਉਸ ਦੀ ਹਰ ਗੱਲ ਦਿਲ ਨੂੰ ਪਹਿਲਾਂ ਛੂੰਹਦੀ ਸੀ ਤੇ ਦਿਮਾਗ ਦੀ ਵਾਰੀ ਪਿੱਛੋਂ ਆਉਂਦੀ ਸੀ। ਉਹ ਸਾਡੀ ਰੂਹ ਤੱਕ ਉਤਰ ਗਿਆ ਸੀ ।ਮੈਂ ਇਹ ਨਹੀਂ ਕਹਿੰਦਾ ਕਿ ਉਹ ਸੰਪੂਰਨ ਹੈ ਜਾਂ ਉਸ ਵਿੱਚ ਕੋਈ ਨੁਕਸ ਨਹੀਂ ਜਾਂ ਉਹ ਕਦੇ ਕਦੇ ਮਨਮਰਜ਼ੀ ਦੇ ਫੈਸਲੇ ਵੀ ਕਰ ਲੈਂਦਾ ਹੈ ਪਰ ਕੌਮ ਨੇ ਸਭ ਨੁਕਸਾਂ ਨੂੰ ਅਣਗੌਲਿਆਂ ਕਰਕੇ ਉਸ ਨੂੰ ਪਲਕਾਂ ਤੇ ਬਿਠਾ ਲਿਆ ਸੀ।ਕਿਸੇ ਸਮੇਂ ਇਹ ਮਾਣ ਦੀਪ ਸਿੱਧੂ ਨੂੰ ਮਿਲਿਆ,ਜੁਝਾਰੂ ਲਹਿਰ ਦੇ ਯੋਧਿਆਂ ਨੂੰ ਮਿਲਿਆ, ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਤੇ ਫਿਰ ਸੰਤ ਜਰਨੈਲ ਸਿੰਘ ਨੂੰ ਮਿਲਿਆ। ਕਲਚਰ ਦੇ ਮੁਹਾਜ਼ ਤੇ ਸਿੱਧੂ ਮੂਸੇ ਵਾਲਾ ਨੇ ਵੀ ਇਹ ਮਾਣ ਹਾਸਲ ਕੀਤਾ। ਇਹ ਮਨੋਵਿਗਿਆਨਿਕ ਰਾਜ਼ ਬਹੁਤਿਆਂ ਨੂੰ ਸਮਝ ਵਿੱਚ ਨਹੀਂ ਆਉਂਦੇ। ਪੰਚਮ ਪਾਤਸ਼ਾਹ ਨੇ ਇਹ ਕਿਹਾ ਸੀ ਕਿ ਇਹ ਗਾਥਾ ਬਹੁਤ ਗੂੜੀ ਤੇ ਅਪਰ ਅਪਾਰ ਹੈ ਇਹ ਵਿਰਲਿਆਂ ਨੂੰ ਹੀ ਸਮਝ ਲੱਗੇਗੀ।ਗੁੱਸਾ ਨਾ ਕਰਿਓ ਮੈਂ ਵਰਤਮਾਨ ਇਤਿਹਾਸ ਦੀ ਗੁਫਤਾਰ ਤੇ ਰਫਤਾਰ ਨੂੰ ਕੁਝ ਇਸ ਤਰ੍ਹਾਂ ਹੀ ਲੜੀ ਵਿੱਚ ਦੇਖਿਆ,ਸਮਝਿਆ ਤੇ ਮਹਿਸੂਸ ਕੀਤਾ ਹੈ।
ਅੰਮ੍ਰਿਤਪਾਲ ਨੇ ਛੱਪੜ ਦੇ ਖਲੋਤੇ ਪਾਣੀਆਂ ਵਿੱਚ ਹੀ ਕੰਕਰਾਂ ਨਹੀਂ ਮਾਰੀਆਂ ਪਰ ਉਹ ਵਗਦੇ ਦਰਿਆਵਾਂ ਦਾ ਹਾਣੀ ਹੈ।ਜਦੋਂ ਵੀ ਉਹ ਬੋਲਿਆ ਤਾਂ ਖਾਲਸਾ ਪੰਥ ਵਿਰੁੱਧ ਜਿੰਨੇ ਬਿਰਤਾਂਤ ਸਰਕਾਰਾਂ ਤੇ ਦੁਸ਼ਮਣਾਂ ਨੇ ਹੁਣ ਤੱਕ ਸਿਰਜੇ ਹੋਏ ਸਨ,ਉਹ ਇੱਕ ਇੱਕ ਕਰਕੇ ਭੰਨੇ ਗਏ-ਕੋਈ ਇਧਰ ਗਿਰਾ ਕੋਈ ਉਧਰ ਗਿਰਾ।ਉਹ ਫਿਕਸ਼ਨ (fiction)ਨਹੀਂ ਸੀ ਬਲਕਿ ਫੈਕਟ (fact)ਦੀ ਸਾਕਾਰ ਤਸਵੀਰ ਸੀ।ਪਰ ਕੌਮ ਨੇ ਉਸ ਨੂੰ ਅਜੇ ਰੂਹ ਤੱਕ ਨਹੀਂ ਜਾਣਿਆ। ਇਸੇ ਤਰ੍ਹਾਂ ਦੀਪ ਨੂੰ ਵੀ ਅਸੀਂ ਨਹੀਂ ਸੀ ਜਾਣ ਸਕੇ।ਪਤਾ ਹੀ ਨਹੀਂ ਲੱਗਾ ਕਿ ਉਸਦੇ ਖੇਡਣ ਦਾ ਦਾਇਰਾ ਪੰਜਾਬ ਤੇ ਭਾਰਤ ਤੋਂ ਬਾਹਰ ਨਿਕਲ ਕੇ ਕਦੋਂ ਤੇ ਕਿਵੇਂ ਵਿਦੇਸ਼ਾਂ ਤੱਕ ਫੈਲ ਗਿਆ ਸੀ। ਸੱਚ ਪੁੱਛੋ ਤਾਂ ਹਰ ਕਿਸੇ ਨੂੰ ਉਹ ਰੀਅਲ ਮੀ(real me) ਮਹਿਸੂਸ ਹੋਣ ਲੱਗਾ। ਉਹ ਸਿੱਖ ਮਸਲਿਆਂ ਨੂੰ ਆਪਣੀ ਆਭਾ (aura) ਚਮਕ ਤੇ ਤਰਕਸ਼ੀਲ ਗਰਜ ਤੇ ਲਲਕਾਰ ਨਾਲ ਇਸ ਤਰਾਂ ਪੇਸ਼ ਕਰ ਦਿੰਦਾ ਰਿਹਾ ਕਿ ਸੱਤਾ ਦੇ ਬਰਾਂਡਿਆਂ ਵਿੱਚ ਇੱਕ ਵਾਰ ਤਾਂ “ਚਿੰਤਾ ਦਾ ਮਠ”ਉਸਨੇ ਖੜਾ ਕਰ ਹੀ ਦਿੱਤਾ ਸੀ ਕਿ ਸਭ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ ਕਿ ਕੌਣ ਆ ਗਿਆ ਹੈ ਜਿਸ ਨੇ ਸਾਡੇ ਸਾਰੇ ਬਿਰਤਾਂਤ ਇੱਕ ਇੱਕ ਕਰਕੇ ਚਕਨਾਚੂਰ ਕਰ ਦਿੱਤੇ ਹਨ?
ਦੋਸਤੋ,ਜਿਵੇਂ ਭਗਵੰਤ ਮਾਨ ਜ਼ਮੀਨ ਤੋਂ ਉੱਠ ਕੇ ਮੁੱਖ ਮੰਤਰੀ ਦੇ ਉੱਚੇ ਪਦ ਤੱਕ ਪਹੁੰਚਿਆ ਸੀ ਤਾਂ ਇਹ ਉਮੀਦ ਸੀ ਕਿ ਉਸਦੀ ਕਲਾਕਾਰ-ਰੂਹ ਅੰਮ੍ਰਿਤਪਾਲ ਦੀ ਪਹੁੰਚ,ਉਸਦੀ ਪ੍ਰਸਿੱਧੀ ਤੇ ਹਰਮਨਪਿਆਰਤਾ ਨੂੰ ਸੱਤਾ ਤੇ ਤਾਕਤ ਤੋਂ ਅਲੱਗ ਹੋ ਕੇ ਵੇਖਣ ਦਾ ਹੌਸਲਾ ਤੇ ਖੁੱਲ ਦਿਲੀ ਵਿਖਾਏਗੀ ਤੇ ਅੰਮ੍ਰਿਤਪਾਲ ਨੂੰ ਉਹ ਜਨਤਾ ਵਿੱਚ ਆਪਣੀ ਗੱਲ ਕਰਨ ਦੀ ਖੁੱਲ ਦੇਵੇਗਾ,ਜਿਸ ਨੇ ਉਸ ਨੂੰ ਕਾਨੂੰਨ ਤੇ ਸੰਵਿਧਾਨ ਮੁਤਾਬਕ ਵੀ ਭਾਰੀ ਬਹੁਮਤ ਨਾਲ ਚੁਣਿਆ ਸੀ।
ਦੋਸਤੋ,ਵਿਰੋਧੀਆਂ ਤੇ ਦੁਸ਼ਮਣਾਂ ਨੂੰ ਉਹਨਾਂ ਦੀ ਦੁਸ਼ਮਣੀ ਤੋਂ ਪਾਸੇ ਰੱਖ ਕੇ ਕਿਵੇਂ ਵੇਖਣਾ ਹੈ,ਉਸ ਦੀ ਇਕ ਇਤਿਹਾਸਿਕ ਮਿਸਾਲ ਅੱਜ ਦੇਣਾ ਚਾਹੁੰਦਾ ਹਾਂ ।60ਵਿਆਂ ਦੇ ਅਖੀਰ ਵਿੱਚ ਜਦੋਂ ਫਰਾਂਸ ਅੰਦਰ ਵਿਦਿਆਰਥੀਆਂ ਦੇ ਸੰਘਰਸ਼ ਨੇ ਜਿਸ ਦੀ ਅਗਵਾਈ ਮਹਾਨ ਫਿਲਾਸਫਰ ਯਾ ਪਾਲ ਸਾਰਤਰ ਕਰ ਰਿਹਾ ਸੀ ਅਤੇ ਜਦੋਂ ਰਾਸ਼ਟਰਪਤੀ ਡੇਗਾਲ ਦਾ ਤਖਤਾ ਕਰੀਬ ਕਰੀਬ ਹਿਲਣ ਹੀ ਵਾਲਾ ਸੀ ਤਾਂ ਗੁੱਸੇ ਤੇ ਰੋਹ ਵਿੱਚ ਉਸਦੀ ਆਪਣੀ ਕੈਬਨਿਟ ਤੇ ਸੰਸਦ ਮੈਂਬਰਾਂ ਨੇ ਡੇਗਾਲ ਨੂੰ ਮੋਢਿਆਂ ਤੋਂ ਝੰਜੋੜ ਕੇ ਸਵਾਲ ਕੀਤਾ ਕਿ ਸਾਰਤਰ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦਾ?, ਪਰ ਦੋਸਤੋ, ਸੈਂਕੜੇ ਬੰਦੂਕਾਂ ਦੀ ਛਾਂ ਵਿੱਚ ਘਿਰੇ ਹੋਏ ਵੀ ਪਰ ਇਤਿਹਾਸ ਦੀ ਚਾਲ ਨੂੰ ਸਮਝਦੇ ਹੋਏ ਵੀ ਉਸ ਦਾ ਜਵਾਬ ਹਰ ਦੌਰ ਦੇ ਹਾਕਮਾਂ ਲਈ ਵੱਡਾ ਸਬਕ ਹੈ। ਉਸ ਦਾ ਉੱਤਰ ਸਵਾਲ ਵਰਗਾ ਸੀ: ਤੁਸੀਂ ਦੱਸੋ ਭਲਾ “ਫਰਾਂਸ” ਨੂੰ ਕਿਵੇਂ ਗਿਰਫਤਾਰ ਕਰਾਂ ?ਇਸ ਦਾ ਮਤਲਬ ਸੀ ਕਿ ਦੂਰ ਤੱਕ ਵੇਖਣ ਵਾਲੀ ਦੀ ਉਸ ਦੀ ਨਜ਼ਰ ਵਿੱਚ ਸਾਰਤਰ ਦੀ ਇੱਜ਼ਤ ਤੇ ਸਤਿਕਾਰ ਇਸ ਹੱਦ ਤੱਕ ਵਧ ਚੁੱਕਾ ਸੀ ਕਿ ਸਾਰਤਰ ਤੇ ਫਰਾਂਸ ਡੇਗਾਲ ਦੀਆਂ ਨਜ਼ਰਾਂ ਵਿੱਚ ਇੱਕਮਿਕ ਹੋ ਗਏ ਸਨ। ਇਹ ਜਵਾਬ ਇਤਿਹਾਸ ਦੇ ਪੰਨਿਆਂ ਤੇ ਦਰਜ ਹੋ ਗਿਆ। ਪਰ ਸੱਤਾ ਦੀ ਚਹਿਲ ਪਹਿਲ ਵਿੱਚ ਇਥੇ ਨਾ ਤਾਂ ਭਗਵੰਤ ਮਾਨ ਨੂੰ ਕਿਸੇ ਨੇ ਸਲਾਹ ਦਿੱਤੀ ਤੇ ਨਾ ਹੀ ਕਿਸੇ ਨੇ ਡੇਗਾਲ ਨੂੰ ਯਾਦ ਕਰਾਇਆ ਕਿ ਅੱਜ ਦਾ ਸੱਚ ਕੀ ਹੈ? ਕੀ ਭਗਵੰਤ ਮਾਨ ਦੀ ਮਾਨਸਿਕ ਹਾਲਤ ਕਿਸੇ ਸ਼ਾਇਰ ਦੀਆਂ ਨਜ਼ਰਾਂ ਵਿੱਚ ਕੁਝ ਇਸ ਤਰ੍ਹਾਂ ਨਹੀਂ ਲਗਦੀ:
ਰਾਹ “ਝੂਠ” ਕੋਲੋਂ ਪੁੱਛ ਰਿਹੈ ਅੱਜ ਕੱਲ,
ਘਰੋਂ ਜੋ ਤੁਰਿਆ ਸੀ “ਸੱਚ” ਦੀ ਭਾਲ ਵਿੱਚ।
ਇਹ ਤਸਵੀਰ ਉਸ ਸਮੇਂ ਦੀ ਯਾਦ ਹੈ ਜਦੋਂ ਵਿਸ਼ਵ ਦੇ ਪ੍ਰਸਿੱਧ ਤੇ ਭਰੋਸੇਯੋਗ ਅਖਬਾਰ “ਵਾਲ ਸਟਰੀਟ ਜਰਨਲ” ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਪਹਿਲੇ ਪੰਨੇ ਉੱਤੇ ਛਾਪੀ ਸੀ।