ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਹਵਾਈ ਉਡਾਣ ਸ਼ੁਰੂ

ਅੰਮ੍ਰਿਤਸਰ -ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਲਈ ਹੁਣ ਟੋਰਾਂਟੋ ਜਾਣ ਦਾ ਹਵਾਈ ਸਫਰ ਹੋਰ ਵੀ ਸੁਖਾਲਾ ਹੋ ਗਿਆ ਹੈ। ਪ੍ਰਸਿੱਧ ਏਅਰਲਾਈਨ ਕਤਰ ਏਅਰਵੇਜ਼ ਨੇ ਅੱਜ 26 ਅਕਤੂਬਰ ਤੋਂ ਆਪਣੀ ਦੋਹਾ- ਟੋਰਾਂਟੋ ਉਡਾਣਾਂ ਦਾ ਸੰਚਾਲਣ ਰੋਜ਼ਾਨਾ ਕਰ ਦਿੱਤਾ ਹੈ, ਜਿਸ ਨਾਲ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਕੈਨੇਡਾ ਜਾਣ ਲਈ ਹਵਾਈ ਉਡਾਣਾਂ ਵਿਚ ਹੋਰ

ਵਾਧਾ ਹੋ ਗਿਆ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ (ਉੱਤਰੀ ਅਮਰੀਕਾ) ਅਨੰਤਦੀਪ ਸਿੰਘ ਢਿੱਲੋਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਦੋਹਾ-ਟੋਰਾਂਟੋ ਉਡਾਣਾਂ ਦੇ ਵਾਧੇ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਮਿਲਾਨ ਰਾਹੀਂ ਨਿਓਸ ਏਅਰ ਦੀ ਅੰਮ੍ਰਿਤਸਰ-ਟੋਰਾਂਟੋ ਸੇਵਾ ਨੂੰ ਮੁਅੱਤਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਕੁਝ ਰਾਹਤ ਮਿਲੇਗੀ।

ਟੋਰਾਂਟੋ ਲਈ ਰੋਜ਼ਾਨਾ ਉਡਾਣਾਂ ਦੇ ਨਾਲ-ਨਾਲ ਕਤਰ ਏਅਰਵੇਜ਼ ਕੈਨੇਡਾ ਦੇ ਮਾਂਟਰੀਅਲ ਲਈ ਵੀ ਰੋਜ਼ਾਨਾ ਉਡਾਣਾਂ ਨਾਲ ਅੰਮ੍ਰਿਤਸਰ ਨੂੰ ਜੋੜਦੀ ਹੈ। ਟੋਰਾਂਟੋ ਅਤੇ ਮਾਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਕੈਲਗਰੀ, ਐਡਮਿੰਟਨ ਅਤੇ ਵੈਨਕੂਵਰ ਵੀ ਏਅਰ ਕੈਨੇਡਾ ਜਾਂ ਵੈਸਟਜੈੱਟ ਏਅਰਲਾਈਨ ਰਾਹੀਂ ਆ ਜਾ ਸਕਦੇ ਹਨ।