
ਸੰਸਾਰ ਪਰ ਸਭ ਤੇ ਵੱਧ ਕੇ ਦੋ ਪਦਾਰਥ ਹਨ, ਜਿਨ੍ਹਾਂ ਦੇ ਕਾਰਨ ਪੁਰਖ ਸੰਸਾਰ ਪਰ ਆਇਆ ਸਮਝਿਆ ਜਾਂਦਾ ਹੈ ਅਰ ਇਹ ਦੋਏ ਵਸਤੂਆਂ ਇਸ ਪੁਰਖ ਰੂਪੀ ਪੰਖੀ ਦੇ ਲੋਕ ਪ੍ਰਲੋਕ ਵਿਚ ਯਸ਼ ਭੋਗਨ ਦੇ ਖੰਭ ਰੂਪੀ ਸਾਧਨ ਸਮਝੇ ਜਾਂਦੇ ਹਨ। ਜਿਸ ਤਰ੍ਹਾਂ ਜਿਸ ਪੰਖੀ ਦੇ ਪਰ ਨਾ ਹੋਨ ਤਦ ਉਹ ਪੰਖੀ ਜ਼ਿੰਦਾ ਭੀ ਮੁਰਦਾ ਸਮਝਨਾ ਜੋਗ ਹੈ ਅਰ ਉਸ ਨੂੰ ਇਕ ਨਿਰਬਲ ਅਤੇ ਬੋਟ ਸਮਝ ਕੇ ਦੂਸਰੇ ਕਾਉਂ ਅਤੇ ਇੱਲਾਂ ਆਦਿਕ ਜਾਨਵਰ ਐਵੇਂ ਖਾ ਜਾਂਦੇ ਹਨ। ਇਸ ਵਾਸਤੇ ਇਸ ਪੁਰਖ ਰੂਪੀ ਪੰਖੀ ਦੇ ਇਹ ਪੰਖ ਜ਼ਰੂਰੀ ਲੋਕ ਪ੍ਰਲੋਕ ਵਿਚ ਸੁਖਾਂ ਦਾ ਸਾਧਨ ਹਨ।
ਉਹ ਖੰਭ ਸ੍ਵਾਰਥ ਅਤੇ ਪਰ ਪੁਰਖਾਰਥ ਹਨ ਜਿਨ੍ਹਾਂ ਦੇ ਹੋਨ ਤੇ ਇਹ ਜੀਵ ਜ਼ਿੰਦਾ ਸਮਝਨਾ ਚਾਹੀਦਾ ਹੈ, ਪਰੰਤੂ ਇਨ੍ਹਾਂ ਵਿੱਚੋਂ ਜੋ ਪਹਿਲਾ ਸ੍ਵਾਰਥ ਹੈ ਉਸ ਤੇ ਬਿਨਾਂ ਇਹ ਜੀਵ ਪਸ਼ੂ ਤੇ ਭੀ ਗਿਰਿਆ ਹੋਇਆ ਦਿੱਸਦਾ ਹੈ, ਕਿਉਂਕਿ ਸੰਸਾਰ ਪਰ ਪਸ਼ੂ ਅਪਨੇ ਸ੍ਵਾਰਥ ਲਈ ਯਤਨ ਕਰਦਾ ਦਿਖਾਈ ਦੇਂਦਾ ਹੈ, ਪਸ਼ੂ ਅਪਨੇ ਸਾਰੇ ਆਰਾਮ ਨੂੰ ਤਿਆਗ ਕੇ ਅਪਨੇ ਸ੍ਵਾਰਥ ਵਾਸਤੇ ਦੂਰ-ਦੂਰ ਜੰਗਲ ਵਿਚ ਭਰਮਨ ਕਰਕੇ ਉਸ ਨੂੰ ਪੂਰਾ ਕਰਦਾ ਹੈ ਇਸੀ ਪ੍ਰਕਾਰ ਪੰਖੀ ਜੋ ਆਸਮਾਨ ਪਰ ਸਾਰਾ ਦਿਨ ਉਡਦੇ ਦਿਖਾਈ ਦੇਂਦੇ ਹਨ ਸੋ ਭੀ ਅਪਨੇ ਸ੍ਵਾਰਥ ਲਈ ਭਰਮਦੇ ਫਿਰਦੇ ਹਨ ਕਿੰਤੂ ਜਦ ਅਸੀਂ ਇਸ ਖਾਲਸਾ ਪੰਥ ਦੇ ਭਾਈਆਂ ਵੱਲ ਦੇਖਦੇ ਹਾਂ ਤਦ ਸ੍ਵਾਰਥ ਵੱਲੋਂ ਐਥੋਂ ਤੱਕ ਗਿਰੇ ਹੋਏ ਹਨ ਜੋ ਇਸ ਲਈ ਯਤਨ ਕਰਕੇ ਪੂਰਾ ਕਰਨਾਂ ਤਾਂ ਕਿਧਰੇ ਰਿਹਾ, ਕਿੰਤੂ ਰਿਹਾ ਸਿਹਾ ਭੀ ਡੋਬ ਬੈਠੇ ਹਨ, ਜਿਸ ਤੇ ਪਰ ਪੁਰਖਾਰਥ ਦਾ ਮਾਦਾ ਇਨ੍ਹਾਂ ਵਿਚ ਐਥੋਂ ਤੱਕ ਗਿਰ ਗਿਆ ਹੈ ਜੋ ਨਿਰੇ ਪੂਰੇ ਅਜਗਰ ਸੱਪ ਵਾਂਗ ਪ੍ਰਾਰਭਧ ਰੂਪੀ ਪੌਨ ਅੱਗੇ ਹੀ ਮੂੰਹ ਖੋਲ੍ਹੇ ਬੈਠੇ ਹਨ, ਜਿਸ ਤੇ ਇਨ੍ਹਾਂ ਨੂੰ ਗਰੀਬੀ ਦਾ ਆਨੰਦ ਇਸ ਤਰ੍ਹਾਂ ਸੁਭਾਇ ਗਿਆ ਹੈ ਜਿਸ ਤਰ੍ਹਾਂ ਕਿਸੇ ਸਦਾ ਦੇ ਬੀਮਾਰ ਨੂੰ ਬੀਮਾਰੀ ਵਿਚ ਭੀ ਸੁਖ ਆ ਜਾਂਦਾ ਹੈ।
ਵੱਡੇ-ਵੱਡੇ ਸਰਦਾਰਾਂ ਦੀਆਂ ਜਾਗੀਰਾਂ ਘੱਟ ਗਈਆਂ ਹਨ ਅਰ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਸਾਲ ਦੇ ਦਾਣੇ ਦੇਨ ਜੋਗੀਆਂ ਭੀ ਨਹੀਂ ਰਹੀਆਂ, ਪਰ ਫਿਰ ਭੀ ਗੋਡਿਆਂ ਪਰ ਹੱਥ ਧਰੀ ਬੈਠੇ ਹਨ ਅਰ ਆਖਦੇ ਹਨ ਕਿ “ਦੇਖੋ ਗੁਰੂ ਆਪੇ ਦੇਵੇਗਾ’ ਜਿਸ ਦਾ ਭਾਵ ਇਹ ਹੈ ਕਿ ਗੁਰੂ ਨੇ ਸਾਨੂੰ ਹੱਥ ਪੈਰ ਅਰ ਅਕਲ ਆਦਿਕ ਐਵੇਂ ਦਿੱਤੇ ਹਨ ਕਿੰਤੂ ਸਾਡੇ ਸੰਸਾਰਕ ਪ੍ਰਬੰਧਾਂ ਲਈ ਛਡਿਆ ਹੋਇਆ ਹੈ, ਇਸੀ ਤਰ੍ਹਾਂ ਬਹੁਤ ਸਾਰੇ ਖਾਲਸਾ ਭਾਈਆਂ ਨੂੰ ਜਦ ਆਖ੍ਯਾ ਜਾਂਦਾ ਹੈ ਕਿ ਖਾਲਸਾ ਜੀ ਤੁਸੀਂ ਦੇਖੋ ਜੋ ਦੂਸਰੀਆਂ ਕੌਮਾਂ ਨਾਲੋਂ ਬ੍ਯਪਾਰ ਅਤੇ ਸੌਦਾਗਰੀ ਵਿਚ ਕਿਸ ਤਰ੍ਹਾਂ ਪਿੱਛੇ ਰਹੇ ਹੋਏ ਹੋ ਜਿਸ ਤੇ ਇਸ ਦਾ ਯਤਨ ਕਰੋ, ਅਪਨੇ ਕਾਰਖਾਨੇ ਖੋਲ੍ਹੋ ਅਰ ਉਨ੍ਹਾਂ ਨੂੰ ਵਧਾਓ ਤਦ ਅੱਗੋਂ ਉੱਤ੍ਰ ਦੇਂਦੇ ਹਨ ਕਿ “ਖਾਲਸਾ ਜੀ ਗੁਰੂ ਆਪੇ ਕਰੇਗਾ” ਇਸ ਤੇ ਭੀ ਇਹੋ ਪ੍ਰਤੀਤ ਹੁੰਦਾ ਹੈ ਕਿ ਇਹ ਸ੍ਵਾਰਥ ਦੇ ਵਾਸਤੇ ਪੁਰਖਾਰਥ ਕਰਨੇ ਲਈ ਕਦੇ ਭੀ ਤਿਆਰ ਨਹੀਂ ਹਨ ਜਿਸ ਤੇ ਮਹਾਂ ਗਿਰੀ ਹੋਈ ਹਾਲਤ ਵਿਚ ਹਨ।
ਇਸ ਤੇ ਅੱਗੇ ਰਿਹਾ ਪਰ ਪੁਰਖਾਰਥ ਉਸ ਵੱਲੋਂ ਤਾਂ ਇਨ੍ਹਾਂ ਦੀ ਜ਼ਿੰਦਗੀ ਬਿਲਕੁਲ ਮੁਰਦਾ ਹੋ ਗਈ ਹੈ ਅਤੇ ਇਸ ਕੌਮ ਦੀ ਦੁਰਦਿਸ਼ਾ ਇਸੀ ਕੌਮ ਦੇ ਆਦਮੀਆਂ ਦੇ ਹੱਥੋਂ ਹੋਈ ਅਰ ਇਸ ਕੌਮ ਦੇ ਆਦਮੀਆਂ ਨੇ ਅਪਨੇ ਹੀ ਕੌਮੀ ਭਾਈਆਂ ਨੂੰ ਫਾਂਸੀ ਦਵਾਇ ਅਰ ਕਾਲੇ ਪਾਨੀ ਪਹੁੰਚਾਇ ਅਤੇ ਗੰਡਾਸਿਆਂ ਨਾਲ ਮੁਕਾਇ ਕੇ ਅਪਨਾ ਆਰਾਮ ਅਤੇ ਸੁੱਖ ਦੇਖ੍ਯਾ। ਇਸ ਪਰ ਪੁਰਖਾਰਥ ਦਾ ਨਮੂਨਾ ਇਸ ਕੌਮ ਦੇ ਵਿਚ ਜਿਤਨਾ ਦੇਖਨਾ ਚਾਹੋ ਉਤਨਾ ਦੇਖ ਸਕਦੇ ਹੋ ਜਿਸ ਪ੍ਰਕਾਰ ਪਹਲੇ ਖਾਲਸਾ ਦੇ ਇਹ ਨਮੂਨੇ ਸੁਨੇ ਜਾਂਦੇ ਸਨ ਕਿ ਸਿੱਖ ਸਿੱਖ ਨੂੰ ਦੇਖ ਕੇ ਅਪਨਾ ਤਨ, ਮਨ ਅਤੇ ਧਨ ਕੁਰਬਾਨ ਕਰਦਾ ਸਾ ਅਰ ਬਿਨਾਂ ਜਾਨ ਪਹਿਚਾਨ ਤੇ ਭੀ ਗਲਵਕੜੀ ਪਾ ਕੇ ਮਿਲਦਾ ਸਾ, ਪਰੰਤੂ ਅੱਜ ਕੱਲ ਦੇ ਸਿੰਘਾਂ ਵਿਚ ਬਹੁਤ ਸਾਰਾ ਵਰੋਧ ਐ ਅਰ ਜਿੱਥੋਂ ਤੱਕ ਹੋ ਸਕੇ ਸਿੱਖ ਦੀ ਸਿੱਖ ਹੀ ਮੁਖਾਲਫਤ ਕਰਨ ਲਈ ਤ੍ਯਾਰ ਹੁੰਦਾ ਹੈ। ਇਸ ਤੇ ਪਰਪੁਰਖਾਰਥ ਦਾ ਬੀਜ ਇਸ ਕੌਮ ਦੇ ਵਿੱਚੋਂ ਨਸ਼ਟ ਹੋ ਗਿਆ ਹੀ ਮਾਲੂਮ ਹੁੰਦਾ ਹੈ ਅਰ ਇਸ ਦਾ ਜਾਂਦਾ ਰਹਨਾ ਹੀ ਇਸ ਦਾ ਸੱਤ੍ਯਾਨਾਸ ਹੈ।
ਜਦ ਅਸੀਂ ਪੁਰਾਨੇ ਸਿੰਘਾਂ ਵੱਲ ਦੇਖਦੇ ਹਾਂ ਤਦ ਉਨ੍ਹਾਂ ਨੇ ਅਪਨੇ ਤਨ, ਮਨ ਅਤੇ ਧਨ ਨੂੰ ਪਰਉਪਕਾਰਾਂ ਪਰ ਹੀ ਅਰਪਨ ਕੀਤਾ ਹੋਇਆ ਸਾ ਅਰ ਉਨ੍ਹਾਂ ਦੇ ਪੁਰਖਾਰਥ, ਸ੍ਵਾਰਥ ਸਾਰੇ ਪਰ ਪੁਰਖਾਰਥ ਵਾਸਤੇ ਹੀ ਸਨ ਜੈਸਾ ਕਿ ਸ੍ਰੀ ਗੁਰੂ ਦਸਮੇਂ ਪਾਤਸ਼ਾਹ ਜੀ ਦੇ ਜੰਗ ਅਰ ਅਪਨੇ ਸਰਬੰਸ ਦਾ ਕੁਰਬਾਨ ਕਰਨਾ ਕੋਈ ਅਪਨੇ ਲਈ ਨਹੀਂ ਸਾ ਇਸੀ ਪ੍ਰਕਾਰ ਗੁਰੂ ਜੀ ਦੇ ਸਿਦਕੀ ਖਾਲਸਾ ਦਾ ਯਤਨ ਅਰ ਸ਼ਹੀਦੀਆਂ ਕੋਈ ਅਪਨੇ ਸੁਖ ਲਈ ਨਹੀਂ ਸਨ, ਕਿੰਤੂ ਉਹ ਸਾਰੇ ਪੁਰਖਾਰਥ ਕੇਵਲ ਪਰ ਪੁਰਖਾਂ ਦੇ ਵਾਸਤੇ ਹੀ ਸਨ॥
ਹੁਨ ਅਸੀਂ ਵੱਡੇ ਜ਼ੋਰ ਨਾਲ ਇਸ ਬਾਤ ਨੂੰ ਪੁੱਛਨੋਂ ਸ਼ੰਕਾ ਨਹੀਂ ਕਰਦੇ ਕਿ ਐ ਅੱਜ ਕੱਲ ਦੇ ਖਾਲਸਾ ਭਾਈਓ ! ਦੱਸੋ ਜੋ ਤੁਸੀਂ ਅਪਨੇ ਜੀਵਨ ਵਿਚ ਸੁਵਾਰਥ ਅਤੇ ਪਰਪੁਰਖਾਰਥ ਲਈ ਕਿੱਥੋਂ ਤੱਕ ਯਤਨ ਕੀਤਾ ਹੈ ਅਰ ਦੱਸੋ ਜੋ ਤੁਸੀਂ ਪੰਥ ਦੇ ਵਾਸਤੇ ਕਿਆ ਕੁਛ ਕੁਰਬਾਨੀਆਂ ਕੀਤੀਆਂ ਹਨ।
ਕਿਆ ਤੁਸੀਂ ਕਹ ਸਕਦੇ ਹੋ ਜੋ ਦਸਮੇਂ ਪਾਤਸ਼ਾਹ ਜੀ ਮਹਾਰਾਜ ਦੇ ਸੱਚਖੰਡ ਵਿਚ ਕੀ ਮੂੰਹ ਦਿਖਾਓਗੇ। ਇਸ ਵਾਸਤੇ ਅਸੀਂ ਪੁੱਛਦੇ ਹਾਂ ਕਿ ਐ ਖਾਲਸਾ ਭਾਈਓ ! ਦੱਸੋ ਜੋ ਤੁਸੀਂ ਇਸ ਸੰਸਾਰ ਪਰ ਆ ਕੇ ਕਿਆ ਕੀਤਾ ਹੈ ?
(ਖ਼ਾਲਸਾ ਅਖ਼ਬਾਰ ਲਾਹੌਰ, ੨੧ ਜੂਨ ੧੯੦੧, ਪੰਨਾ ੩)
ਗਿਆਨੀ ਦਿੱਤ ਸਿੰਘ