35 views 17 secs 0 comments

ਆਓ, ਕੁਦਰਤ ਨਾਲ ਇਕਸੁਰ ਹੋ ਕੇ ਜੀਣਾ ਸਿਖੀਏ!

ਲੇਖ
November 14, 2025

ਅਕਾਲ ਪੁਰਖ ਦੀ ਰਚਨਾ, ਇਹ ਕੁਦਰਤ ਮਨੁੱਖ ਦੀ ਨਿੱਘੀ ਦੋਸਤ ਅਤੇ ਸਿੱਖਿਆਦਾਤਾ ਹੈ। ਇਸ ਦੇ ਰੰਗਾਂ ਵੱਲ ਜ਼ਰਾ ਗਹੁ ਨਾਲ ਤੱਕੀਏ ਤਾਂ ਸਾਨੂੰ ਇਨ੍ਹਾਂ ਵਿਚ ਇਕਸੁਰਤਾ ਨਜ਼ਰ ਆਵੇਗੀ। ਕੁਦਰਤ ਜਾਂ ਪ੍ਰਕਿਰਤੀ ਦੀ ਸੁੰਦਰਤਾ ਸਾਡੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾਉਣ ਦੀ ਸਮਰੱਥਾ ਰੱਖਦੀ ਹੈ । ਇਸ ਵਿਚ ਵਿਚਰਦੇ ਚਹਿਚਹਾਉਂਦੇ ਪੰਛੀਆਂ ਦੇ ਮਿੱਠੇ ਗੀਤ ਸੁਣ ਕੇ, ਮਨੁੱਖ ਦਾ ਹਿਰਦਾ ਖਿੜ ਜਾਂਦਾ ਹੈ । ਕੁਦਰਤ ਨੇ ਸਭ ਜੀਵ-ਜੰਤੂਆਂ ਨੂੰ ਅਨੁਕੂਲ ਵਾਤਾਵਰਨ ਅਤੇ ਆਲਾ-ਦੁਆਲਾ ਪ੍ਰਦਾਨ ਕੀਤਾ ਹੈ । ਸਭ ਜੀਵ-ਜੰਤੂਆਂ ਸਮੇਤ ਮਨੁੱਖ ਆਪਣੇ ਆਲੇ-ਦੁਆਲੇ ਦਾ ਪ੍ਰਭਾਵ ਗ੍ਰਹਿਣ ਕਰਦਾ ਹੈ । ਇਸ ਕੁਦਰਤ ਨਾਲ ਇਕਸੁਰਤਾ ਤੇ ਸਮਤੋਲ ਰੱਖਣ ਨਾਲ ਮਨੁੱਖ ਨੂੰ ਇਸ ਦੇ ਕਣ-ਕਣ ਵਿਚੋਂ ਇਸ ਦੇ ਰਚਨਹਾਰੇ ਦੇ ਝਲਕਾਰੇ ਨਜ਼ਰ ਆਉਂਦੇ ਹਨ । ਇਥੋਂ ਤਕ ਕਿ ਕੁਦਰਤ ਆਪਣੇ ਕਾਦਰ ਦਾ ਹੀ ਜਿਉਂਦਾ-ਜਾਗਦਾ ਸਰੂਪ ਜਾਪਣ ਲੱਗ ਪੈਂਦੀ ਹੈ :

ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥( ਅੰਗ ੪੬੯)

ਗੁਰੂ ਸਾਹਿਬਾਨ ਨੇ ਵੀ ਕੁਦਰਤ ਦਾ ਵਰਣਨ ਗੁਰਬਾਣੀ ਵਿਚ ਵਾਰ-ਵਾਰ ਕੀਤਾ ਹੈ।

ਗੁਰਮਤਿ ਫਿਲਾਸਫੀ ਅਨੁਸਾਰ ਕੁਦਰਤ ਅਕਾਲ ਪੁਰਖ ਦਾ ਆਪਣਾ ਹੀ ਵਿਸਥਾਰ ਹੈ। ਇਹ ਉਸ ਕਾਦਰ ਦੀ ਆਪਣੀ ਹੀ ਰਚਾਈ ਹੋਈ ਲੀਲ੍ਹਾ ਹੈ । ਇਹ ਕੁਦਰਤ ਬ੍ਰਹਮ ਦਾ ਹੀ ਸਰਗੁਣ ਰੂਪ ਹੈ । ਜੇ ਉਹ ਚਾਹਵੇ ਤਾਂ ਸੁੰਨ ਅਵਸਥਾ ਵੀ ਧਾਰਨ ਕਰ ਲੈਂਦਾ ਹੈ :

ਆਪਿ ਸਤਿ ਕੀਆ ਸਭੁ ਸਤਿ॥
ਤਿਸੁ ਪ੍ਰਭ ਤੇ ਸਗਲੀ ਉਤਪਤਿ ॥
ਤਿਸੁ ਭਾਵੈ ਤਾ ਕਰੇ ਬਿਸਥਾਰੁ॥
ਤਿਸੁ ਭਾਵੈ ਤਾ ਏਕੰਕਾਰੁ ॥

(ਅੰਗ ੨੯੪)

ਇਹ ਕੁਦਰਤ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਚਲਦੀ ਹੈ। ਉਸ ਦੀ ਇੱਛਾ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿਲ ਸਕਦਾ :

ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ॥
(ਅੰਗ ੩)

ਜਦ ਆਪ ਉਹ ਸੁੰਨ ਅਵਸਥਾ ਵਿਚ ਸੀ ਤਾਂ ਸਭ ਪਾਸੇ ਧੁੰਧੂਕਾਰਾ ਸੀ। ਇਸ ਕੁਦਰਤ ਦੀ ਹੋਂਦ ਨਹੀਂ ਸੀ :

ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥(ਅੰਗ ੧੦੩੫)

ਅਜੋਕੇ ਸਮੇਂ ਦੌਰਾਨ ਪਦਾਰਥਕ ਦੌੜ ਵਿਚ ਪਿਆ ਮਨੁੱਖ, ਮਾਇਆ ਦੇ ਅੰਨ੍ਹੇ ਲਾਲਚ ਕਾਰਨ ਕੁਦਰਤ ਨਾਲੋਂ ਬਹੁਤ ਬੁਰੀ ਤਰ੍ਹਾਂ ਟੁੱਟ ਰਿਹਾ ਹੈ । ਮਨੁੱਖ ਇੰਨਾ ਸੁਆਰਥੀ ਹੋ ਗਿਆ ਹੈ ਕਿ ਇਸ ਨੇ ਜਾਣੇ-ਅਣਜਾਣੇ ਵਿਚ ਹੀ ਬਹੁਤ ਬੁਰੀਆਂ ਮੁਸੀਬਤਾਂ ਤੇ ਉਲਝਣਾਂ ਨੂੰ ਸਹੇੜ ਲਿਆ ਹੈ। ਅੱਜ ਇਸ ਪ੍ਰਿਥਵੀ ਉਪਰ ਗੰਭੀਰ ਸੰਕਟ ਦੀ ਘੜੀ ਹੈ। ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਤੇ ਜੰਤਰਾਂ-ਮੰਤਰਾਂ-ਤੰਤਰਾਂ ਵਿਚ ਫਸਿਆ ਮਨੁੱਖ ਕਈ ਭਿਆਨਕ ਸਮੱਸਿਆਵਾਂ ਵਿਚ ਘਿਰਿਆ ਨਜ਼ਰ ਆ ਰਿਹਾ ਹੈ ਤੇ ਆਪਣਾ ਹੀਰੇ ਵਰਗਾ ਮਨੁੱਖ ਜੀਵਨ ਐਵੇਂ ਹੀ ਅਜਾਈਂ ਖੋਈ ਜਾ ਰਿਹਾ ਹੈ :

ਐਸੇ ਭਰਮਿ ਭੂਲੇ ਸੰਸਾਰਾ ॥ ਜਨਮੁ ਪਦਾਰਥੁ ਖੋਇ ਗਵਾਰਾ ॥(ਅੰਗ ੬੮੬)

ਅੱਜ ਮਨੁੱਖ ਉਸ ਕਾਦਰ ਦੀ ਕੁਦਰਤ ਨਾਲ ਇਕਸੁਰ ਹੋਣ ਦੀ ਥਾਂ ਇਸ ਵਿਚ ਅਸੰਤੁਲਨ ਪੈਦਾ ਕਰ ਰਿਹਾ ਹੈ । ਉਸ ਦੇ ਹੁਕਮ, ਭਾਣੇ, ਰਜ਼ਾ ਤੇ ਭੈਅ ਵਿਚ ਰਹਿਣ ਦੀ ਥਾਂ ਆਪਣੇ ਸੁਆਰਥ ਨੂੰ ਹੀ ਪ੍ਰਮੁੱਖ ਥਾਂ ਦੇ ਰਿਹਾ ਹੈ ।

ਮਨੁੱਖੀ ਮਨ ਵਿਚ ਹਮੇਸ਼ਾ ਮੁਕਤੀ ਦੀ ਚਾਹ ਅਤੇ ਸਵਰਗ ਦਾ ਲਾਲਚ ਸਮੋਇਆ ਰਹਿੰਦਾ ਹੈ। ਅੱਜ ਭਟਕਣਾ ਵਿਚ ਪਿਆ ਮਨੁੱਖ ਸਵਰਗ ਦੀ ਥਾਂ ਸਗੋਂ ਨਰਕ ਭੋਗ ਰਿਹਾ ਹੈ। ਇਸ ਭਿਆਨਕ ਜਿੱਲ੍ਹਣ ਵਿਚ ਫਸੇ ਮਨੁੱਖ ਨੂੰ ਸੱਚੇ ਗੁਰੂ ਦੀ ਅਣਹੋਂਦ ਕਾਰਨ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ :

ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥
(ਅੰਗ ੯੪੧-੪੨)

ਕੁਦਰਤ ਨਾਲੋਂ ਟੁੱਟਣ ਕਰਕੇ ਅੱਜ ਮਨੁੱਖ ਨੂੰ ਸਭ ਤੋਂ ਭਿਆਨਕ ਸਮੱਸਿਆ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਾਡੀ ਇਸ ਧਰਤੀ ਦੇ ਵਾਤਾਵਰਨ ਵਿਚਲੇ ਭੌਤਿਕ, ਰਸਾਇਣਿਕ ਤੇ ਜੀਵਕ ਤੱਤਾਂ ਵਿਚ ਬੇਲੋੜੀ ਤੇ ਅਣਚਾਹੀ ਤਬਦੀਲੀ ਨੂੰ ਹੀ ‘ਪ੍ਰਦੂਸ਼ਣ’ ਦਾ ਨਾਂ ਦਿੱਤਾ ਗਿਆ ਹੈ। ਅੱਜ ਕੁਦਰਤ ਵਿਚਲੇ ਹਵਾ, ਪਾਣੀ, ਮਿੱਟੀ ਤੇ ਜੀਵ ਰਚਨਾ ਵਿਚਲਾ ਸਮਤੋਲ ਗੜਬੜਾ ਗਿਆ ਹੈ। ਸਾਡੇ ਹਵਾ ਮੰਡਲ ਵਿਚ ਬਹੁਤ ਸਾਰੇ ਵਾਧੂ ਕਣ ਅਤੇ ਗੈਸਾਂ ਦੀ ਮਿਕਦਾਰ – ਵਧਦੀ ਜਾ ਰਹੀ ਹੈ, ਜਿਹੜੀਆਂ ਮਨੁੱਖ, ਪਸ਼ੂ, ਪੰਛੀਆਂ ਤੇ ਰੁੱਖਾਂ-ਪੌਦਿਆਂ ਲਈ ਹਾਨੀਕਾਰਕ ਹਨ। ਪ੍ਰਮਾਣੂ ਵਿਸਫੋਟਾਂ ਅਤੇ ਐਟਮੀ ਹਥਿਆਰਾਂ ਦੀ ਪਰਖ ਤੋਂ ਬਹੁਤ ਹੀ ਖਤਰਨਾਕ ਕਿਰਨਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਤੋਂ ਬਣਦੀਆਂ ਗੈਸਾਂ ਤੇ ਧੂੰਆਂ ਮਨੁੱਖੀ ਸਰੀਰ ਵਿਚ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੇ ਹਨ । ਓਜੋਨ ਗੈਸ ਦੀ ਪਰਤ ਵਿਚ ਛੇਕ ਹੋਣ ਨਾਲ ਪਰਾਵੈਂਗਣੀ ਕਿਰਨਾਂ ਨਾਲ ਜੋ ਨੁਕਸਾਨ ਹੋਵੇਗਾ, ਉਹ ਇਕ ਬੜੀ ਹੀ ਭਿਆਨਕ ਸਥਿਤੀ ਹੋਵੇਗੀ ।
ਅੱਜ ਪਾਣੀ ਦੀ ਸ਼ੁੱਧਤਾ ਵਿਚ ਕਮੀ ਆ ਰਹੀ ਹੈ। ਆਉਣ ਵਾਲੇ ਸਮੇਂ ਵਿਚ ਪੀਣ ਵਾਲੇ ਪਾਣੀ ਦੀ ਘਾਟ ਇਕ ਗੰਭੀਰ ਸਮੱਸਿਆ ਹੋਵੇਗੀ। ਫਸਲਾਂ ਦੀ ਪੈਦਾਵਾਰ ਵਧਾਉਣ ਵਾਸਤੇ ਵਰਤੀਆਂ ਜਾਂਦੀਆਂ ਖਾਦਾਂ ਤੇ ਰਸਾਇਣਿਕ ਦਵਾਈਆਂ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਤੇਜ਼ਾਬੀ ਵਰਖਾ ਦੀ ਸੰਭਾਵਨਾ ਵਧ ਰਹੀ ਹੈ। ਦਿਨੋ-ਦਿਨ ਵਧ ਰਿਹਾ ਸ਼ੋਰ-ਸ਼ਰਾਬਾ ਕੁਦਰਤ ਨਾਲ ਇਕ ਕੋਝਾ ਮਜ਼ਾਕ ਹੈ । ਇਸ ਸਮਾਜ ਪ੍ਰਦੂਸ਼ਣ ਰੂਪੀ ਦੈਂਤ ਨੇ ਮਨੁੱਖ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿਚ ਜਕੜ ਲਿਆ ਹੈ। ਅੱਜ ਸਮੁੱਚੇ ਪ੍ਰਦੂਸ਼ਣ ਨੇ ਤਾਂ ਮਨੁੱਖੀ ਹੋਂਦ ਨੂੰ ਹੀ ਖ਼ਤਰਾ ਪੈਦਾ ਕਰ ਦਿੱਤਾ ਹੈ । ਜੇਕਰ ਗਹੁ ਨਾਲ ਵਿਚਾਰ ਕਰੀਏ ਤਾਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਇਹ ਮਨੁੱਖ ਕੁਦਰਤ ਨੂੰ ਪੁੱਠਾ ਗੇੜਾ ਦੇਣ ਦੇ ਬੜੇ ਹੀ ਹੋਛੇ ਜਤਨ ਵਿਚ ਰੁੱਝਾ ਹੋਇਆ ਹੈ; ਇਹ ਸਭ ਕੁਝ ਗਿਆਨ ਦੀ ਘਾਟ ਕਾਰਨ ਹੀ ਹੈ :

ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
(ਅੰਗ ੭੯੧)

ਗਿਆਨ ਤੋਂ ਵਿਹੂਣਾ ਮਨੁੱਖ ਕੁਦਰਤ ਦੇ ਕਾਦਰ ਤੇ ਰਹੱਸਮਈ ਅਨੁਭਵ ਤੋਂ ਸੱਖਣਾ ਰਹਿ ਜਾਂਦਾ ਹੈ । ਕਾਦਰ ਤੇ ਕੁਦਰਤ ਨਾਲ ਜੁੜ ਕੇ ਹੀ ਮਨੁੱਖ ਨੂੰ ਅਮਲੀ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ । ਅੱਜ ਦਾ ਮਨੁੱਖ ਬੜਾ ਹੀ ਗੁੰਝਲਦਾਰ ਜੀਵਨ ਜੀਅ ਰਿਹਾ ਹੈ । ਇਸ ਦਾ ਪਹਿਰਾਵਾ, ਭਾਸ਼ਾ ਤੇ ਖਾਣ-ਪੀਣ ਦਿਨੋਂ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ । ਕਰਮ-ਕਾਂਡਾਂ ਤੇ ਪਾਖੰਡਾਂ ਨੇ ਇਸ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ । ਕੁਦਰਤ ਨਾਲੋਂ ਟੁੱਟ ਕੇ ਤੇ ਸਹਿਜ ਜੀਵਨ ਨੂੰ ਛੱਡ ਕੇ ਅੱਜ ਇਹ ਭਟਕਣਾ ਵਿਚ ਪਿਆ ਹੋਇਆ ਹੈ। ਕਾਦਰ ਦੀ ਰਚੀ ਹੋਈ ਇਸ ਕੁਦਰਤ ਵੱਲੋਂ ਬਖਸ਼ੀਆਂ ਅਨੇਕਾਂ ਹੀ ਨਿਆਮਤਾਂ ਨੂੰ ਛੱਡ ਕੇ ਅੱਜ ਮਨੁੱਖ ਅਜਿਹੀਆਂ ਚੀਜ਼ਾਂ-ਵਸਤਾਂ ਦੇ ਸੇਵਨ ਵਿਚ ਗਲਤਾਨ ਹੈ, ਜਿਸ ਨਾਲ ਇਸ ਦੀ ਬੁੱਧੀ ਹੋਰ ਭ੍ਰਿਸ਼ਟ ਹੋ ਰਹੀ ਹੈ । ਇਸ ਨੂੰ ਸਹਿਜ ਜੀਵਨ-ਜਿਉਣ ਦੀ ਸੋਝੀ ਤਾਂ ਹੀ ਆ ਸਕਦੀ ਹੈ ਜੇਕਰ ਪ੍ਰਕਿਰਤੀ ਨਾਲ ਇਕਸੁਰਤਾ ਕਾਇਮ ਕੀਤੀ ਜਾਵੇ :

ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥ ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥
(ਅੰਗ ੧੧੮੫)

ਗੁਰਮਤਿ ਅਨੁਸਾਰ ਮਨੁੱਖ ਨੂੰ ਸੰਤੁਲਤ ਜੀਵਨ ਜਿਉਣ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕੰਵਲ ਦਾ ਫੁੱਲ ਚਿੱਕੜ ‘ਚੋਂ ਬਿਲਕੁਲ ਨਿਰਮਲ ਅਵਸਥਾ ਵਿਚ ਬਾਹਰ ਨਿਕਲ ਆਉਂਦਾ ਹੈ, ਉਸੇ ਤਰ੍ਹਾਂ ਮਨੁੱਖ ਨੂੰ ਗ੍ਰਹਿਸਤ ਧਰਮ ਦੀ ਪਾਲਣਾ ਕਰਦੇ ਹੋਏ ਆਪਣੀਆਂ ਇਛਾਵਾਂ, ਅਣਸੁਖਾਵੀਆਂ ਰੀਝਾਂ ਤੇ ਲਾਲਸਾਵਾਂ ਨੂੰ ਕਾਬੂ ਵਿਚ ਰੱਖਦੇ ਹੋਏ ਆਪਣਾ ਆਚਰਣ ਉਚਾ ਰੱਖ ਕੇ ਸਹਿਜ ਮਾਰਗ ‘ਤੇ ਚੱਲਣ ਦਾ ਜਤਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਮਨੁੱਖ ਨੂੰ ਸਹਿਜ ਪਹਿਰਾਵਾ ਪਹਿਨਣਾ ਚਾਹੀਦਾ ਹੈ; ਖਾਣ-ਪੀਣ ਸਹਿਜ ਹੋਣ ਦੇ ਨਾਲ-ਨਾਲ, ਮਨੁੱਖ ਨੂੰ ਬਚਨ-ਬਿਲਾਸ ਵੀ ਸਰਲ ਭਾਸ਼ਾ ‘ਚ ਹੀ ਕਰਨੇ ਚਾਹੀਦੇ ਹਨ । ਪਰੰਤੂ ਇਹ ਸਭ ਕੁਝ ਅਕਾਲ ਪੁਰਖ ਦੀ ਮਿਹਰ ਹੋਣ ਤੇ ਸੱਚੇ ਗੁਰੂ ਦੀ ਪ੍ਰਾਪਤੀ ਸਦਕਾ ਹੀ ਹੋ ਸਕਦਾ:

ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥
(ਅੰਗ ੪੧੯)

ਪ੍ਰਸਿੱਧ ਪ੍ਰਕਿਰਤੀਵਾਦੀ ਲੇਖਕ ਰੂਸੋ ਦਾ ਆਪਣੀ ਜਗਤ ਪ੍ਰਸਿੱਧ ਪੁਸਤਕ ‘ਇਮਾਇਲ ਵਿਚ ਕਹਿਣਾ ਹੈ- “ਪ੍ਰਕਿਰਤੀ ਅਨੁਸਾਰ ਜੀਣ ਦਾ ਜਤਨ ਕਰੋ ਜਿੰਨਾ ਅਸੀਂ ਪ੍ਰਕਿਰਤਕ ਅਵਸਥਾ ਤੋਂ ਦੂਰ ਜਾਂਦੇ ਹਾਂ, ਓਨੇ ਹੀ ਅਸੀਂ ਪ੍ਰਕਿਰਤਕ ਸੁਆਦ ਛੱਡੀ ਜਾਂਦੇ ਹਾਂ ।”

ਪੰਜਾਬੀ ਦੇ ਮਹਾਨ ਕਵੀ ਪ੍ਰੋ. ਪੂਰਨ ਸਿੰਘ ਵੀ ਵਰਤਮਾਨ ਜੀਵਨ ਦੀਆਂ ਗੁੰਝਲਾਂ ਤੇ ਨਵੀਂ ਸਭਿਅਤਾ ਦੇ ਪੁਆੜਿਆਂ ਤੋਂ ਬਚਣ ਲਈ ਕੁਦਰਤ ਦੀ ਗੋਦੀ ਵਿਚ ਬਹਿਣ ਲਈ ਸਹਿਕਦੇ ਰਹੇ। ਗੁਰੂ ਸਾਹਿਬਾਨ ਤੋਂ ਬਲਿਹਾਰੇ ਜਾਣ ਵਾਲੇ ਇਸ ਜਜ਼ਬਾਤੀ ਕਵੀ ਨੂੰ ਕੁਦਰਤ ਦੀ ਮੁਕ ਤੇ ਨਿਸ਼ਕਪਟ ਬੁੱਕਲ ਵਿਚੋਂ ਹੀ ਸੁਖ-ਸ਼ਾਂਤੀ ਤੇ ਓਟ ਮਿਲਦੀ ਰਹੀ। ਇਸ ਅਲਬੇਲੇ ਜਿਉੜੇ ਨੇ ਆਪਣੀ ਆਤਮਾ ਨੂੰ ਪ੍ਰਕਿਰਤੀ ਦੀ ਆਤਮਾ ਨਾਲ ਜਜ਼ਬ ਕਰ ਲਿਆ। ਸਿੱਖ ਵਿਚਾਰਧਾਰਾ ਵਿਚ ਅਟੱਲ ਵਿਸ਼ਵਾਸ ਰੱਖਣ ਵਾਲੇ ਇਸ ਪ੍ਰਕਿਰਤੀਵਾਦੀ ਕਵੀ ਦੀਆਂ ਹੇਠ ਲਿਖੀਆਂ ਸਤਰਾਂ ਨਾਲ ਇਸ ਲੇਖ ਦੀ ਸਮਾਪਤੀ ਕਰਦੇ ਹਾਂ :

ਮਾਣੀ ਮਾਣੀ ਤੂੰ ਸੋਹਣਿਆ !

ਪੀਲੀ ਪੀਲੀ ਖਿਲੀ ਸਰ੍ਹੋਂ ਦੀਆਂ ਪੈਲੀਆਂ।

ਮਾਣੀਂ ਤੂੰ ਸੋਹਣਿਆ ਮਾਣੀਂ ਤੂੰ ਖਿੜ ਕੇ ਆਪਣੀ ਬਸੰਤ ਸਾਰੀ
ਮਾਣੀ ਤੂੰ ਚਿੱਟੀ ਦੁੱਧ ਗਰਮੀਆਂ।
ਮਾਣੀ ਅਸਮਾਨਾਂ ਆਪਣਿਆਂ ਵਿਚ ਉਹ ਗੱਜ ਗੱਜ ਆਣ ਘਨਘੋਰ ਕਾਲੇ ਬੱਦਲ ਮਾਣੀਂ ਤੂੰ ਸਾਵਣ ਆਪਣਾ !….

ਮਾਣੀਂ ਮਾਣੀਂ ਤੂੰ ਆਪਣਾ ਸਿਦਕ ਤੇ ਸਿੱਖੀ
ਮਾਣੀਂ ਤੂੰ ਆਪਣਾ ਪਿਆਰ ਉਚਾ
ਉਹ ਗੁਰਾਂ ਵਾਲਾ ਸਦਕੇ !!ਗੰਢ ਪਾਈ ਇਹ ਤੂੰ ਪੀਡੀ ਰੱਖੀਂ ਟੇਕ ਤੂੰ ਸਾਰੀ ਆਪਣੀ ਸੱਚੀ ਸਰਕਾਰ ਤੇ!!
(ਦੇਸ਼ ਪਿਆਰਾ ਪੰਜਾਬ ਵਿਚੋਂ)

ਆਓ ! ਆਪਾਂ ਸਾਰੇ ਕੁਦਰਤ ਨਾਲ ਇਕਸੁਰ ਹੋ ਕੇ ਜੀਣਾ ਸਿੱਖੀਏ !

ਗਿ. ਨਰਿੰਦਰ ਸਿੰਘ