ਦਾਨਿਆਂ ਦਾ ਕਥਨ ਹੈ ਕਿ-“ਕੋਈ ਮੁਲਕ ਭਾਵੇਂ ਕਿੰਨਾ ਹੀ ਖੁਸ਼ਹਾਲ ਕਿਉਂ ਨਾ ਹੋਵੇ, ਜੇਕਰ ਉੱਥੋਂ ਦੇ ਲੋਕ ਨਸ਼ਿਆਂ ਵਿਚ ਖਚਿਤ ਹੋ ਜਾਣ ਤਾਂ ਉਸ ਨੂੰ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ।” ਇਸ ਵੇਲੇ ਪੰਜਾਬ ਦਾ ਵੱਡਾ ਵਰਗ ਮਾਰੂ ਨਸ਼ਿਆਂ ਵਿਚ ਗ਼ਰਕ ਹੋ ਕੇ ਤਬਾਹੀ ਵੱਲ ਜਾ ਰਿਹਾ ਹੈ। ਭਾਵੇਂ ਕੁਦਰਤ ਨੇ ਮਨੁੱਖ ਦੇ ਛਕਣ ਲਈ ਛੱਤੀ ਪ੍ਰਕਾਰ ਦੇ ਸੁੰਦਰ ਪਦਾਰਥ ਬਖਸ਼ੇ ਹਨ ਜੋ ਇਸ ਦੇ ਸਰੀਰ ਨੂੰ ਸੁੰਦਰ, ਸਵੱਛ ਤੇ ਸ਼ਕਤੀਸ਼ਾਲੀ ਬਣਾਉਂਦੇ ਹਨ, ਪਰ ਇਹ ਚੁਰਾਸੀ ਲੱਖ ਜੂਨਾਂ ਦਾ ਸਰਦਾਰ ਗ਼ਲਤ-ਫਹਿਮੀ ਵਿਚ ਸ਼ਰਾਬ, ਤਮਾਕੂ, ਹੈਰੋਇਨ, ਕੋਕੀਨ, ਗੋਲੀਆਂ, ਕੈਪਸੂਲ, ਪੋਸਤ, ਅਫੀਮ, ਭੰਗ, ਭੁੱਕੀ, ਗਾਂਜਾ, ਚਰਸ, ਜਰਦਾ, ਪਾਨ ਮਸਾਲਾ ਤੇ ਅਨੇਕਾਂ ਪ੍ਰਕਾਰ ਦੇ ਨਸ਼ੇ ਕਰਨ ਲੱਗ ਪਿਆ ਹੈ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਮਨੁੱਖ ਆਪਣੇ ਸਰੀਰ ਬਾਰੇ ਹੀ ਚੰਗਾ ਨਹੀਂ ਸੋਚ ਸਕਦਾ, ਉਸ ਕੋਲੋਂ ਚੰਗੇ ਸਮਾਜ, ਸੰਸਾਰ, ਧਰਮ, ਰਾਜਨੀਤੀ ਜਾਂ ਚੰਗੇ ਪਰਵਾਰ ਦੀ ਕੀ ਆਸ ਹੋ ਸਕਦੀ ਹੈ? ਉਹ ਚੰਗਾ ਪੁੱਤਰ, ਚੰਗਾ ਪਿਤਾ, ਚੰਗਾ ਪਤੀ, ਚੰਗੀ ਪੱਤ ਵਾਲਾ ਜਾਂ ਚੰਗੇ ਪਰਵਾਰ ਦਾ ਸਿਰਜਕ ਕਿਵੇਂ ਬਣ ਸਕਦਾ ਹੈ?
ਸਤਿਗੁਰਾਂ ਨੇ ਬਾਣੀ ਵਿਚ ਫੁਰਮਾਇਆ ਹੈ:
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
(ਅੰਗ ੫੯੫)
ਸੰਸਾਰ ਵਿਚ ਸਭ ਤੋਂ ਵਧੇਰੇ ਨੁਕਸਾਨ ਮਨੁੱਖ ਦੇ ਨਿੱਜੀ ਐਬ ਜਾਂ ਔਗੁਣ ਹੀ ਕਰਦੇ ਹਨ। ਧਰਤੀ ਦਾ ਸੱਚ ਹੈ ਕਿ ਨਸ਼ੇ ਕਰ ਕੇ ਕਦੇ ਕੋਈ ਪਹਿਲਵਾਨ ਤਾਂ ਬਣਿਆ ਨਹੀਂ, ਸਗੋਂ ਬਹੁਤ ਜਲਦੀ ਅਰਥੀ ਦਾ ਭਾਰ ਹੀ ਬਣਦਾ ਹੈ। ਅੱਜ ਨਸ਼ਿਆਂ ਦਾ ਪ੍ਰਤੀਕਰਮ ਸਭ ਦੇ ਸਾਹਮਣੇ ਹੈ ਕਿ ਬੇਸ਼ੁਮਾਰ ਹਾਦਸੇ, ਲੁੱਟਾਂ-ਖੋਹਾਂ, ਝਗੜੇ, ਕਤਲ-ਓ-ਗਾਰਤ, ਕੁੱਟਮਾਰ, ਪਰਵਾਰਕ ਕਲੇਸ਼, ਤਲਾਕ, ਇਸਤਰੀਆਂ ਦੀ ਦੁਰਦਸ਼ਾ, ਬੱਚਿਆਂ ਉੱਪਰ ਦੁਰ-ਪ੍ਰਭਾਵ, ਦੁਰਘਟਨਾਵਾਂ, ਅਵਾਰਾਗਰਦੀ, ਅਪਾਹਜ ਬੱਚਿਆਂ ਦੀ ਪੈਦਾਇਸ਼, ਨਿਪੁੰਸਕਤਾ, ਆਰਥਿਕ ਬੋਝ, ਕਰਜ਼ੇ, ਮਾਨਸਿਕ ਪਰੇਸ਼ਾਨੀਆਂ, ਆਤਮ-ਹੱਤਿਆਵਾਂ, ਪਤਿਤਪੁਣਾ, ਨਸ਼ੇ ਦੀ ਪੂਰਤੀ ਲਈ ਹੇਰਾ-ਫੇਰੀ ਆਦਿ ਸਭਨਾਂ ਦੀ ਤਾਰ ਕਿਧਰੇ ਨਾ ਕਿਧਰੇ ਨਸ਼ਿਆਂ ਨਾਲ ਜਾ ਜੁੜਦੀ ਹੈ।
ਇਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਵਿਸ਼ਵ ਲਈ ਸਭ ਤੋਂ ਵੱਡੀ ਪ੍ਰੇਰਕ-ਸ਼ਕਤੀ ਹੈ। ਸਤਿਗੁਰਾਂ ਨੇ ਸਿਧਾਂ-ਜੋਗੀਆਂ ਨੂੰ ਸਮਝਾਇਆ ਕਿ ਜਿਹੜਾ ਨਸ਼ਾ ਤੁਸੀਂ ਕਰਦੇ ਹੋ, ਉਹ ਨਸ਼ਾ ਤਾਂ ਜਲਦੀ ਉਤਰ ਜਾਵੇਗਾ, ਮੈਂ ਤੁਹਾਨੂੰ ਅਸਲੀ ਨਸ਼ਾ (ਨਾਮ ਦਾ ਨਸ਼ਾ) ਤਿਆਰ ਕਰਨ ਦੀ ਜਾਚ ਦੱਸਦਾ ਹਾਂ। ਗੁਰੂ ਸਾਹਿਬ ਨੇ ਫੁਰਮਾਇਆ:
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥(ਅੰਗ ੩੬੦)
ਭਾਵ- ਹੇ ਜੋਗੀ! ਸ਼ਰਾਬ ਤਿਆਰ ਕਰਨ ਲਈ ਗੁੜ ਨਹੀਂ, ਸਗੋਂ ਗਿਆਨ ਰੂਪੀ ਗੁੜ ਪਾਓ ਤੇ ਇਸ ਵਿਚ ਧਿਆਨ ਰੂਪੀ ਮਹੂਏ ਦੇ ਫੁੱਲ (ਧਾਵੈ) ਪਾਓ| ਫਿਰ ਹੱਥਾਂ ਦੀ ਕਰਣੀ ਰੂਪੀ ਕਿੱਕਰ ਦਾ ਸੱਕ (ਕਸ) ਪਾਉਣਾ ਕਰੋ। (ਜੋਗੀ ਲੋਕ ਕਿਰਤ ਤੋਂ ਟੁੱਟੇ ਹੋਏ ਸਨ ਤੇ ਮੰਗ ਕੇ ਖਾਂਦੇ ਸਨ, ਉਹ ਸਰੀਰ ਤਾਂ ਤਪਾਉਂਦੇ ਸਨ, ਪਰ ਸਮਾਜ ਨੂੰ ਕੋਈ ਲਾਭ ਨਹੀਂ ਸੀ) ਸਤਿਗੁਰਾਂ ਅੱਗੇ ਫੁਰਮਾਇਆ ਕਿ ਸ਼ਰਾਬ ਤਿਆਰ ਕਰਨ ਲਈ ਬਾਹਰੀ ਭੱਠੀ ਲਾਉਣ ਨਾਲੋਂ ਸਰੀਰ (ਭਵਨ) ਰੂਪੀ ਭੱਠੀ ਤਪਾਓ ਤੇ ਇਹਦੇ ਵਿਚ ਪ੍ਰੇਮ ਰੂਪੀ ਪੋਚਾ, ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ ਤੇ ਉਹ ਭਾਫ ਨਾਲੀ ਵਿੱਚੋਂ ਠੰਢੀ ਹੋ ਕੇ ਅਰਕ ਬਣਦੀ ਜਾਏ । ਜਦ ਇਹ ਅੰਮ੍ਰਿਤ ਰਸ ਝਰੇਗਾ ਤਾਂ ਇਸ ਪਿਆਲੇ ਦੀ ਮਸਤੀ ਸਦਾ ਟਿਕੀ ਰਹੇਗੀ।
ਹੁਣ ਇਨ੍ਹਾਂ ਉਪਰੋਕਤ ਪੰਕਤੀਆਂ ਵਿਚ ਗਿਆਨ, ਧਿਆਨ, ਹੱਥੀਂ ਕਿਰਤ ਕਰਨ, ਸਰੀਰ ਨੂੰ ਸੰਵਾਰਨ ਤੇ ਪ੍ਰੇਮ-ਮਈ ਬੋਲੀ ਬੋਲਣ ਦੀ ਪ੍ਰੇਰਕ-ਸ਼ਕਤੀ ਹੈ। ਤੱਤਸਾਰ ਵਜੋਂ ਜਦ ਮਨੁੱਖ ਪਾਸ ਗਿਆਨ ਹੋਵੇਗਾ ਤਾਂ ਅਗਿਆਨਤਾ ਦੂਰ ਹੋਵੇਗੀ, ਧਿਆਨ ਚੰਗੇ ਪਾਸੇ ਹੋਵੇਗਾ ਤਾਂ ਚਿੰਤਨ ਡੂੰਘਾ ਹੋਵੇਗਾ ਹੱਥੀਂ ਕਿਰਤ ਕਰਨ ਵਾਲਾ ਵਿਅਕਤੀ ਸਮਾਜ ਵਿਚ ਸਤਿਕਾਰ ਪਾਵੇਗਾ, ਸਰੀਰ ਨੂੰ ਸੰਵਾਰਨ ਵਾਲਾ ਭੈੜੀ ਵਸਤੂ ਨਹੀਂ ਖਾਵੇਗਾ ਤੇ ਪ੍ਰੇਮ-ਮਈ ਬੋਲਾਂ ਵਾਲੇ ਚੰਗੇ ਸਮਾਜ ਦੇ ਸਿਰਜਕ ਹੁੰਦੇ ਹਨ। ਅੱਜ ਇਨ੍ਹਾਂ ਵਿਚਾਰਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਲੋੜ ਹੈ।
ਸਵਾਲ ਤਾਂ ਇਹ ਹੈ ਕਿ ਨਸ਼ਾ ਕਰਨਾ ਕਿਹੜਾ ਹੈ? ਸਾਡੇ ਲੋਕਾਂ ਦੀ ਬਦਕਿਸਮਤੀ ਹੈ ਕਿ ਇਹ ਮਾਰੂ ਤੇ ਨਕਾਰੂ ਨਸ਼ਿਆਂ ਵਿਚ ਖਚਿਤ ਹੋ ਕੇ ਰਹਿ ਗਏ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੀਵਨ ਵਿਚ ਮਾਰੂ ਨਸ਼ਿਆਂ ਤੋਂ ਇਲਾਵਾ ਉਸਾਰੂ ਤੇ ਸੁਚਾਰੂ ਨਸ਼ੇ ਵੀ ਹਨ? ਇਸ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ‘ਸਿੱਖ ਰਹਿਤ ਮਰਯਾਦਾ’ ਦੇ ਪੰਨਾ 19-20 ਉੱਪਰ ‘ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਜਾਗਰਤੀ ਦਾ ਮੰਤਰ ਹੈ—“ਸਿੱਖ-ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ।” ਹੁਣ ਅਮਲ ਪ੍ਰਸ਼ਾਦੇ ਦਾ ਇੱਕ ਚੰਗੀ ਤੇ ਸੁਥਰੀ ਜੀਵਨ-ਜਾਚ ਦਾ ਆਧਾਰ ਹੈ। ਇਸ ਦੇ ਨਾਲ ਅਸੀਂ ਸੁਚਾਰੂ ਨਸ਼ਿਆਂ ਦੀ ਗੱਲ ਕਰੀਏ ਤਾਂ ‘ਨਸ਼ਾ ਨਾ ਕਰਨਾ’ ਵੀ ਇਕ ਨਸ਼ਾ ਹੈ। ਜਦ ਕੋਈ ਇਨਸਾਨ ਪਰ੍ਹੇ-ਪੰਚਾਇਤ, ਰਿਸ਼ਤੇਦਾਰੀ ਜਾਂ ਭਲੇ ਪੁਰਖਾਂ ‘ਚ ਬਹਿ ਕੇ ਮਾਣ ਨਾਲ ਕਹਿੰਦਾ ਕਿ ਮੈਂ ਕੋਈ ਨਸ਼ਾ ਨਹੀਂ ਕਰਦਾ ਤਾਂ ਉਸ ਨੂੰ ਇਹ ਗੱਲ ਕਰਦਿਆਂ ਵੀ ਸਰੂਰ ਆਉਂਦਾ ਹੈ।
ਆਪਣੇ ਪਰਵਾਰ, ਪਤਨੀ, ਬੱਚਿਆਂ ਤੇ ਮਾਪਿਆਂ ਨਾਲ ਖ਼ੁਸ਼ੀ-ਖ਼ੁਸ਼ੀ ਸਮਾਂ ਬਿਤਾਓ, ਇਹ ਪਰਵਾਰਕ ਸਾਂਝ ਵੀ ਇੱਕ ਨਸ਼ਾ ਹੈ, ਜੋ ਚੰਗੇ ਸਮਾਜ ਦੀ ਸਿਰਜਣਾ ਲਈ ਅਤੇ ਸਾਂਝੇ ਪਰਵਾਰਕ ਸਰੂਰ ਲਈ ਵੀ ਜ਼ਰੂਰੀ ਹੈ। ਇਹ ਨਸ਼ਾ ਸਾਰਾ ਟੱਬਰ ਹੀ ਅਨੁਭਵ ਕਰੇਗਾ, ਜਿਸ ਲਈ ਬਹੁਤੇ ਪਰਵਾਰ ਇਸ ਸਮੇਂ ਤਰਸ ਰਹੇ ਹਨ।
ਆਪਣੀ ਸੁਥਰੀ ਕਿਰਤ ਤੇ ਭਲੇ ਕਾਰਜਾਂ ਲਈ ਕਾਰਜਸ਼ੀਲ ਹੋਵੋ ਤਾਂ ਇਹ ਵੀ ਇਕ ਨਸ਼ਾ ਹੈ। ਤੁਸੀਂ ਕਿਸੇ ਬਿਰਧ ਘਰ, ਯਤੀਮਖ਼ਾਨੇ, ਪਿੰਗਲਵਾੜੇ ਜਾਂ ਧਾਰਮਿਕ ਸਥਾਨਾਂ ‘ਤੇ ਸੇਵਾ ਕਰੋ, ਲੋੜਵੰਦਾਂ ਦੀ ਮਦਦ ਕਰੋ, ਦਾਨੀਆਂ ਨੂੰ ਪ੍ਰੇਰੋ । ਇਸ ਤਰ੍ਹਾਂ ਕੀਤੇ ਕਾਰਜਾਂ ‘ਚੋਂ ਸਰੂਰ ਆਵੇਗਾ ਤੇ ਮਸਨੂਈ ਨਸ਼ਿਆਂ ਦੀ ਲੋੜ ਨਹੀਂ ਰਹੇਗੀ।
ਆਪਣਾ ਇਤਿਹਾਸ, ਫ਼ਲਸਫ਼ਾ, ਚੰਗੀਆਂ ਪੁਸਤਕਾਂ, ਮੈਗਜ਼ੀਨ, ਅਖ਼ਬਾਰ ਪੜ੍ਹਨੇ, ਚਿੱਤਰਕਾਰੀ, ਗੁਰਮਤਿ ਸੰਗੀਤ ਆਦਿ ਕਿਸੇ ਵੀ ਕਲਾ ਨਾਲ ਆਪਣੇ ਆਪ ਨੂੰ ਜੋੜਨਾ ਜਾਂ ਚੰਗੇ ਪਾਠਕ, ਦਰਸ਼ਕ ਜਾਂ ਸਰੋਤੇ ਬਣਨਾ ਵੀ ਮਨੁੱਖ ਨੂੰ ਸਰੂਰ ਦਿੰਦਾ है।
ਇਸੇ ਤਰ੍ਹਾਂ ਚੰਗੀ ਖੇਤੀ, ਵਿਉਪਾਰ, ਜੀਵ-ਜੰਤੂਆਂ ਦੀ ਸੰਭਾਲ ਆਦਿ ਕੀਤੇ ਕੰਮ ਨਸ਼ਾ ਦਿੰਦੇ ਹਨ। ਸਕੂਲਾਂ, ਕਾਲਜਾਂ, ਸਮਾਜ-ਸੇਵੀ ਜਥੇਬੰਦੀਆਂ ਨਾਲ ਜੁੜੋ, ਫਿਰ ਨਸ਼ੇ ਦੀ ਤੋਟ ਹੀ ਨਹੀਂ ਰਹੇਗੀ। ਹਮੇਸ਼ਾਂ ਆਸ਼ਾਵਾਦੀ ਸੋਚ ਰੱਖੋ, ਇਹ ਚੜ੍ਹਦੀ ਕਲਾ ਦਾ ਰਾਜ਼ ਹੈ। ਮਾਰੂ ਨਸ਼ੇ ਨਿਰਾਸ਼ਾਵਾਦ ਤੇ ਢਹਿੰਦੀ ਕਲਾ ਦੀ ਉਪਜ ਹਨ, ਜਿਨ੍ਹਾਂ ਨੇ ਹੱਸਦੇ-ਵੱਸਦੇ ਪਰਵਾਰ ਉਜਾੜ ਦਿੱਤੇ ਹਨ।
ਇਸ ਤੋਂ ਇਲਾਵਾ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣ। ਆਪਣੇ ਸਰੀਰਾਂ ਦੀ ਮਜ਼ਬੂਤੀ ਲਈ ਵਧੀਆ ਖੁਰਾਕਾਂ ਖਾਓ। (ਸਾਰੇ ਸੰਤੁਲਿਤ ਭੋਜਨ ਮੌਜੂਦਾ ਨਸ਼ਿਆਂ ਦੀ ਕੀਮਤ ਤੋਂ ਕਿਤੇ ਸਸਤੇ ਹਨ) ਬਲਵਾਨ ਸਰੀਰ ਹੋਣਾ ਆਪਣੇ ਆਪ ਵਿਚ ਇਕ ਨਸ਼ਾ ਹੈ। ਮੁਰਦਿਆਂ ਵਰਗੇ ਚਿਹਰੇ ਕਿਸੇ ਵੀ ਚੰਗੇ ਸਮਾਜ ਜਾਂ ਚੰਗੀ ਸ਼ਖ਼ਸੀਅਤ ਦਾ ਵਜੂਦ ਨਹੀਂ ਹਨ। ਬਹੁ-ਗਿਣਤੀ ਨਸ਼ੇੜੀ ਸ਼ੀਸ਼ਾ ਦੇਖਣ ਤੋਂ ਡਰਦੇ ਹਨ, ਹੁਣ ਜੇਕਰ ਸੁੰਦਰ ਤਨ ਦਾ ਸ੍ਵੈ-ਮਾਣ ਹੋਵੇ ਤਾਂ ਸ਼ੀਸ਼ਾ ਤੱਕਿਆਂ ਵੀ ਨਸ਼ਾ ਆਵੇਗਾ।
ਸਭ ਤੋਂ ਵੱਡੀ ਗੱਲ ਕਿ ਸਿੱਖ ਸਮਾਜ ਕੋਲ ਤਾਂ ਸਭ ਤੋਂ ਵਧੀਆ ਹੱਲ ਦਸਮ ਪਿਤਾ ਜੀ ਦੀ ਬਖ਼ਸ਼ਿਸ਼ ਹੈ ਕਿ ‘ਅੰਮ੍ਰਿਤ ਛਕੋ-ਸਿੰਘ ਸਜੋ’। ਜਦ ਅਸੀਂ ਪੰਜ ਕਕਾਰਾਂ ਤੇ ਪੰਜ ਬਾਣੀਆਂ ਦੇ ਨੇਮੀ ਹੋ ਗਏ, ਤਾਂ ਸਭ ਮਸਲੇ ਹੀ ਹੱਲ ਹੋ ਗਏ ਸਮਝੋ। ਬਾਣੀ ਦਾ ਅਭਿਆਸੀ ਇਨ੍ਹਾਂ ਬੁਰੇ ਨਸ਼ਿਆਂ ਬਾਰੇ ਸੋਚ ਵੀ ਨਹੀਂ ਸਕਦਾ। ਗੁਰਦੁਆਰਾ ਸਾਹਿਬ ਜਾਣ ਦਾ, ਸੇਵਾ ਕਰਨ ਦਾ ਨੇਮ ਹੋਵੇ ਤਾਂ ਇਰਾਦੇ ਮਜ਼ਬੂਤ ਹੁੰਦੇ ਹਨ। ਬਾਣੀ-ਬਾਣਾ ਤੇ ਅਰਦਾਸ ਦਾ ਸੁਮੇਲ ਚੜ੍ਹਦੀ ਕਲਾ ਬਖਸ਼ਦਾ ਹੈ।
ਤੱਤਸਾਰ ਦੀ ਗੱਲ ਕਰੀਏ ਕਿ ਨਕਲੀ ਗਹਿਣੇ, ਨਕਲੀ ਨੋਟ, ਨਕਲੀ ਖ਼ਿਆਲ, ਨਕਲੀ ਜੀਵਨ ਤੇ ਨਕਲੀ ਨਸ਼ੇ ਥੁੜ-ਚਿਰੀ ਚਮਕ-ਦਮਕ ਤਾਂ ਮਾਰਦੇ ਹਨ, ਪਰ ਬਾਅਦ ਵਿਚ ਨਮੋਸ਼ੀ ਹੀ ਪੱਲੇ ਪੈਂਦੀ ਹੈ, ਜਿਸ ਸੰਬੰਧੀ ਵਰਤਮਾਨ ਵਿਚ ਮੌਜੂਦਾ ਪੰਜਾਬ ਦੀ ਤਸਵੀਰ ਸਾਡੇ ਸਾਹਮਣੇ ਹੈ।
ਆਓ! ਨਕਲੀ ਤੇ ਅਸਲੀ ਨਸ਼ੇ ਦੀ ਪਹਿਚਾਣ ਕਰੀਏ। ਨਕਾਰਾਤਮਿਕ ਸੋਚਾਂ ਨੂੰ ਤਿਆਗੀਏ ਤੇ ਸਕਾਰਾਤਮਿਕ ਸੋਚ ਅਪਣਾਈਏ । ਨਸ਼ਾ ਜੰਮ-ਜੰਮ ਕਰੋ, ਪਰ ਕਿਹੜਾ ਨਸ਼ਾ ਕਰੋ— ਨਾਮ ਦਾ, ਸਿਮਰਨ ਦਾ, ਉੱਪਰ ਦੱਸੇ ਸਦ ਗੁਣਾਂ ਦਾ। ਅੱਜ ਹਰੇਕ ਨੂੰ ਸ੍ਵੈ-ਚਿੰਤਨ ਕਰਨ ਦੀ ਡਾਢੀ ਲੋੜ ਹੈ। ਇਸ ਵਿਚ ਸਭਨਾਂ ਦੀ ਭਲਾਈ ਹੈ। ਨਸ਼ਾ ਰੂਪੀ ਬੀਮਾਰੀ ਦਾ ਹੱਲ ਤਾਂ ਹੈ, ਪਰ ਬੀਮਾਰ ਆਪਣੇ ਬੀਮਾਰਪੁਣੇ ਨੂੰ ਸਮਝੇ ਤਾਂ ਸਹੀ।
-ਡਾ. ਇੰਦਰਜੀਤ ਸਿੰਘ ਗੋਗੋਆਣੀ