
-ਮੇਜਰ ਸਿੰਘ
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦੇਣ ਤੋਂ ਬਾਅਦ ਜਿੱਥੇ ਹੁਣ ਪਤਾਲਪੁਰੀ ਸਾਹਿਬ ਹੈ, ਉੱਥੇ ਇੱਕ ਕੋਠਾ ਤਿਆਰ ਕਰਵਾਇਆ। ਆਖਰੀ ਸਮੇਂ ਆਪ ਜੀ ਬਹੁਤਾ ਸਮਾਂ ਕੀਰਤਨ ਸੁਣਨ ਵਿੱਚ ਬਤੀਤ ਕਰਦੇ, ਸੰਗਤ ਨੂੰ ਆਖ਼ਰੀ ਉਪਦੇਸ਼ ਦਿੰਦੇ ਹੋਏ ਪੰਜਵੇਂ ਗੁਰੂ ਪਿਤਾ ਜੀ ਦਾ ਉਚਾਰਣ ਕੀਤਾ ਸ਼ਬਦ ਪੜ੍ਹਿਆ:
ਮਾਰੂ ਮਹਲਾ ੫ ਘਰੁ ੪
ਅਸਟਪਦੀਆ ਸਤਿਗੁਰ ਪ੍ਰਸਾਦਿ ॥
ਚਾਦਨਾ ਚਾਦਨੁ ਆਂਗਨ ਪ੍ਰਭ ਜੀਉ ਅੰਤਰਿ ਚਾਦਨਾ ॥੧॥
ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥
ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥
ਲਾਗਨਾ ਲਾਗਨੁ ਨੀਕਾ ਗੁਰ ਚਰਣੀ 1 ਮਨੁ ਲਾਗਨਾ ॥੬॥
ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥
ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥
ਇਸ ਸ਼ਬਦ ਵਿੱਚ ਕੀਰਤਨ ਸਮੇਂ ਜਾਗਣਾ, ਵਿਕਾਰਾਂ ਦਾ ਤਿਆਗ, ਨਾਮ ਦੀ ਮੰਗ ਆਦਿ ਸਭ ਦਾ ਜ਼ਿਕਰ ਹੈ, ਜੋ ਸਿੱਖ ਨੇ ਕਰਨਾ ਹੈ ਅਤੇ ਜੋ ਛੱਡਣਾ ਹੈ।
ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਪੁੱਛਿਆ, “ਜੇਕਰ ਸਮਾਂ ਬਣੇ ਤਾਂ ਜੰਗ ਕਿੱਥੇ ਕਰਨੀ ਹੈ?” ਛੇਵੇਂ ਪਾਤਸ਼ਾਹ ਸੁਣ ਕੇ ਬੜੇ ਪ੍ਰਸੰਨ ਹੋਏ, ਬਚਨ ਕਹੇ, “ਤੁਸੀਂ ਜੰਗ ਨਹੀਂ ਕਰਨੀ। ਹਾਂ, ਪਰ ਤਿਆਰੀ ਜ਼ਰੂਰ ਰੱਖਣੀ ਹੈ। ਹਰ ਵੇਲੇ ਆਪਣੇ ਨਾਲ ਘੱਟ ਤੋਂ ਘੱਟ 2200 ਘੋੜ ਸਵਾਰ ਸੂਰਮੇ ਰੱਖਣੇ।”
ਫਿਰ ਬਚਨ ਕਹੇ, “ਅਸੀਂ ਨਵੇਂ ਤਿਆਰ ਕੀਤੇ ਕੋਠੇ ਵਿੱਚ ਕੁਝ ਦਿਨ ਇਕਾਂਤ ਵਿੱਚ ਰਹਿਣਾ ਚਾਹੁੰਦੇ ਹਾਂ। ਤੁਸੀਂ ਸਭ ਨੇ ਬਾਹਰ ਟਿਕਣਾ ਹੈ। ਕੀਰਤਨ ਹੁੰਦਾ ਰਹੇ। ਪੰਜ ਦਿਨਾਂ ਦੇ ਬਾਅਦ ਦਰਵਾਜ਼ਾ ਖੋਲ੍ਹਣਾ, ਪਹਿਲਾਂ ਨਹੀਂ।”
ਇਸ ਤਰ੍ਹਾਂ ਬਚਨ ਕਰਦਿਆਂ, ਖੜ੍ਹੇ ਹੋ ਕੇ ਦੂਰ-ਦੂਰ ਤੱਕ ਖੜ੍ਹੀ ਸਾਰੀ ਸੰਗਤ ਵੱਲ ਮਿਹਰ ਭਰੀ ਨਿਗ੍ਹਾ ਨਾਲ ਤੱਕਿਆ। ਸਭ ਨੂੰ ਹੌਂਸਲਾ ਦਿੰਦਿਆਂ, ਪਤਾਲਪੁਰੀ ਸਾਹਿਬ ਬਣੇ ਕੋਠੇ ਵਿੱਚ ਪ੍ਰਵੇਸ਼ ਕਰ ਗਏ, ਦਰਵਾਜ਼ਾ ਬੰਦ ਕਰ ਦਿੱਤਾ। ਪੰਜ ਦਿਨਾਂ ਬਾਅਦ ਸੱਤਵੇਂ ਪਾਤਸ਼ਾਹ ਨੇ ਹੱਥੀਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਵੇਖਿਆ ਮੀਰੀ ਪੀਰੀ ਦੇ ਮਾਲਕ ਜੋਤੀ ਜੋਤਿ ਸਮਾ ਗਏ ਸਨ। ਪਾਵਨ ਸਰੀਰ ਕੰਧ ਦੇ ਨਾਲ ਢੋਅ ਲਾ ਕੇ ਚੌਂਕੜੇ ਵਿੱਚ ਬੈਠਾ ਸੀ। ਸਤਿਗੁਰਾਂ ਦੇ ਪਾਵਨ ਸਰੀਰ ਨੂੰ ਕੋਠੇ ਤੋਂ ਬਾਹਰ ਲਿਆਂਦਾ, ਇਸ਼ਨਾਨ ਕਰਵਾਇਆ। ਚਿਖਾ ਤਿਆਰ ਕਰਕੇ ਸੱਤਵੇਂ ਸਤਿਗੁਰਾਂ ਨੇ ਆਪ ਵੱਡੇ ਸਤਿਗੁਰਾਂ ਦਾ ਸਰੀਰ ਅਗਨ ਭੇਟ ਕੀਤਾ। ਜਦੋਂ ਅੱਗ ਵਾਹਵਾ ਮੱਚੀ ਤਾਂ ਸਤਿਗੁਰਾਂ ਦੇ ਵਿਛੋੜੇ ਨੂੰ ਨਾ ਸਹਾਰਦਿਆਂ ਹੋਇਆਂ ਪਿਆਰ ਨਾਲ ਭਰੀ ਆਤਮਾ ਰਾਜਾ ਰਾਮ ਪ੍ਰਤਾਪ ਸਿੰਘ ਨੇ ਚਿਖਾ ਤੇ ਛਾਲ ਮਾਰ ਦਿੱਤੀ। ਗੁਰੂ ਚਰਨਾਂ ‘ਤੇ ਐਸਾ ਸਿਰ ਰੱਖਿਆ ਕਿ ਫਿਰ ਚੁੱਕਿਆ ਨਹੀਂ। ਵੇਖਦਿਆਂ ਵੇਖਦਿਆਂ “ਰਾਜਾ ਰਾਮ” ਗੁਰੂ ਚਰਨਾਂ ਵਿੱਚ ਹੀ ਲੀਨ ਹੋ ਗਿਆ। ਹੋਰ ਵੀ ਕਈ ਪਿਆਰ ਵਾਲਿਆਂ ਨੇ ਇਹੀ ਕਰਮ ਕਰਨ ਦਾ ਯਤਨ ਕੀਤਾ, ਪਰ ਗੁਰੂ ਹਰਿਰਾਇ ਸਾਹਿਬ ਜੀ ਨੇ ਸਖ਼ਤੀ ਨਾਲ ਮਨ੍ਹਾਂ ਕੀਤਾ।
ਇਹ ਜਿਉਂਦੀ ਜਾਗਦੀ ਮਿਸਾਲ ਹੈ ਕਿ ਗੁਰੂ ਕੇ ਲਾਲ ਮੀਰੀ ਪੀਰੀ ਦੇ ਮਾਲਕ ਤੋਂ ਕਿਵੇਂ ਆਪਾ ਕੁਰਬਾਨ ਕਰਦੇ ਸਨ।
ਸੋ ਏਦਾਂ ਚੇਤ ਸੁਦੀ ਪੰਚਮੀ ਦਿਨ ਐਤਵਾਰ ਬਿਕ੍ਰਮੀ ਸੰਮਤ 1701 ਈਸਵੀ ਸੰਨ 1644 ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਏ।
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ ॥ ਹਰੀ ਰਾਇ ਤਿਹ ਠਾਂ ਬੈਠਾਰੇ ॥ (ਬਚਿਤ੍ਰ ਨਾਟਕ)
ਬੰਦੀਛੋੜ ਦਾਤਾ ਛਟਮ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ‘ਤੇ ਕੋਟਾਨਿ ਕੋਟਿ ਪ੍ਰਣਾਮ।