ਆਮ ਬੋਲ ਚਾਲ ਦੇ ਵਿੱਚ ਬਿਲਕੁਲ ਵੀ ਵਰਤੋਂ ਨਾ ਹੋਣ ਵਾਲਾ ਸ਼ਬਦ ‘ਆਤਪਤੁ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਇੱਕੋ ਵਾਰ ਆਇਆ ਹੈ। ਗੁਰੂ ਸਾਹਿਬਾਨ ਦੀ ਮਹਿਮਾ ਦੇ ਵਿੱਚ ਉਚਾਰਨ ਭੱਟਾਂ ਦੇ ਸਵਈਏ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਸਮੇਂ ਪੜੇ ਜਾਂਦੇ ਹਨ ਉਹਨਾਂ ਦੇ ਵਿੱਚ ਆਤਪਤ ਸ਼ਬਦ ਦਰਜ ਹੈ।
ਚੌਥੇ ਪਾਤਸ਼ਾਹ ਦੇ ਗੁਣਾਂ ਦੀ ਮਹਿਮਾ ਬਿਆਨ ਕਰਦਿਆਂ ਭੱਟ ਸਲ੍ਹ ਜੀ ਆਖਦੇ ਨੇ ਕਿ ਹੇ ਗੁਰੂ ਰਾਮਦਾਸ ਜੀ! ਆਪ ਜੀ ਨੇ ਮੋਹ ਨੂੰ ਮਲ ਕੇ ਚੰਗੀ ਤਰ੍ਹਾਂ ਦੇ ਨਾਲ ਕਾਬੂ ਕਰ ਲਿਆ, ਕਾਮ ਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਭੁੰਜੇ ਮਾਰਿਆ ਹੈ। ਕ੍ਰੋਧ ਨੂੰ ਆਪਣੇ ਤੇਜ਼ ਪ੍ਰਤਾਪ ਦੇ ਨਾਲ ਟੋਟੇ ਟੋਟੇ ਕਰ ਦਿੱਤਾ ਹੈ, ਲੋਭ ਨੂੰ ਆਪ ਜੀ ਨੇ ਨਿਰਾਦਰੀ ਦੇ ਨਾਲ ਪਰੇ ਦੁਰਕਾਰਿਆ ਹੈ। ਜਨਮ ਤੇ ਮਰਨ ਹੱਥ ਜੋੜ ਕੇ ਜੋ ਵੀ ਆਪ ਜੀ ਦਾ ਹੁਕਮ ਹੁੰਦਾ ਹੈ, ਮੰਨਦੇ ਹਨ । ਆਪ ਜੀ ਜੋ ਹਮੇਸ਼ਾ ਪ੍ਰਸੰਨ ਰਹਿਣ ਵਾਲੇ ਹੋ, ਭਵ- ਸਾਗਰ ਦੇ ਉੱਪਰ ਪੁਲ ਬੰਨਿਆ ਹੈ, ਤੇ ਸਾਰੇ ਸਿੱਖ ਤਾਰ ਦਿੱਤੇ ਹਨ। ਤੁਹਾਡੇ ਸਿਰ ਦੇ ਉੱਪਰ ‘ਆਤਾਪਤ’, ਆਪ ਜੀ ਦਾ ਤਖਤ ਸਦਾ ਥਿਰ ਹੈ, ਆਪ ਰਾਜ ਅਤੇ ਯੋਗ ਦੋਨੋਂ ਮਾਣਦੇ ਹੋ ਬੜੇ ਬਲੀ ਹੋ, ਹੇ ਸਲ ਕਵੀ! ਤੂੰ ਸੱਚ ਆਖ ਇਹ ਗੁਰੂ ਰਾਮਦਾਸ ਤੁਸੀ ਅਟੱਲ ਰਾਜ ਵਾਲਾ ਤੇ ਦੈਵੀ ਸੰਪਤਾ ਰੂਪ ਨਾ ਨਾਸ ਹੋਣ ਵਾਲੀ ਫੌਜ ਵਾਲੇ ਹੋ;
ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਉ।।
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜੑੳ ।।
ਜਨਮੁ ਕਾਲੁ ਕਰਿ ਜੋੜਿ ਹੁਕਮੁ ਜੋ ਹੋਇ ਸੁ ਮੰਨੈ।।
ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ।।
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ।।
ਗੁਰ ਰਾਮਦਾਸ ਸਚੁ ਸਲੑ ਭਣਿ ਤੂ ਅਟਲੁ ਰਾਜਿ ਅਭਗੁ ਦਲਿ ।।
( ਸ੍ਰੀ ਗੁਰੂ ਗ੍ਰੰਥ ਸਾਹਿਬ, 1406)
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਵਿੱਚ ਆਤਪਤ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਹਨ, ਆਤਪ ਧੁਪ ਤ੍ਰ ਬਚਾਉਣ ਵਾਲੀ ਛਤਰੀ, ਰਾਜ ਦਾ ਚਿੰਨ੍ਹ ਰੂਪੀ ਛਤਰ ਕਰਦੇ ਹਨ। ਭਾਈ ਵੀਰ ਸਿੰਘ ਤੇ ਡਾਕਟਰ ਗੁਰਚਰਨ ਸਿੰਘ ਆਪਣੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਵੀ ਭਾਈ ਕਾਨ ਸਿੰਘ ਨਾਭਾ ਦੇ ਨਾਲ ਮਿਲਦੇ ਅਰਥ ਹੀ ਲਿਖਦੇ ਹਨ: ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਇਸ ਦੇ ਅਰਥ ਛਤਰ ਕਰਦੇ ਹਨ ।
ਆਤਪਤੁ: ਆਸਰਾ ਤਪਤੁ ਦਾ ਸੰਖੇਪ ਹੈ।
ਇੱਕੋ ਸੂਰਜ ਦੇ ਕਰਕੇ ਅਨੇਕਾਂ ਰੁੱਤਾਂ ਬਣ ਜਾਂਦੀਆਂ ਹਨ, ਉਹਨਾਂ ਰੁੱਤਾਂ ਦੇ ਵਿੱਚੋਂ ਗ੍ਰੀਖਮ ਦੀ ਰੁੱਤ ਸੂਰਜ ਦੀਆਂ ਕਿਰਨਾਂ ਧਰਤੀ ਤਪਣ ਲਾ ਦਿੰਦੀਆਂ, ਸਉਣ ਤੇ ਭਾਦੋਂ ਦੇ ਮਹੀਨੇ ਦੀ ਵਰਖਾ ਪੈਦਲ ਚੱਲਣ ਵਾਲੇ ਦੇ ਸਰੀਰ ਦੇ ਕੱਪੜਿਆਂ ਨੂੰ ਗਿੱਲਾ ਕਰ ਦਿੰਦੀ ਹੈ। ਵਰਖਾ ਦੀਆਂ ਕਣੀਆਂ ਤੋਂ ਆਪਣੇ ਕੱਪੜਿਆਂ ਨੂੰ ਬਚਾਉਣ ਵਾਸਤੇ ਤੇ ਮਨੁੱਖ ਛਤਰੀ ਚੁੱਕ ਲੈਂਦੇ ਨੇ, ਪਰ ਸੂਰਜ ਦੀਆਂ ਤਪਦੀਆਂ ਕਿਰਨਾਂ ਵੀ ਮਨੁੱਖੀ ਸਰੀਰ ਦੇ ਉੱਪਰ ਕਈ ਤਰ੍ਹਾਂ ਦੇ ਪ੍ਰਭਾਵ ਛੱਡਦੀਆਂ ਹਨ। ਆਤਪਤੁ ਗਰਮ ਕਿਰਨਾਂ ਤੋਂ ਮਨੁੱਖ ਨੂੰ ਬਚਾਉਂਦਾ ਹੈ:
ਦੂਸਰੇ ਦੇ ਫਿੱਕੇ, ਕ੍ਰੋਧ ਨਾਲ ਭਰੇ ਹੋਏ ਜਾਂ ਨਿੰਦਿਆ ਵਾਲੇ ਬਚਨ ਵੀ ਮਨੁੱਖ ਨੂੰ ਤਪਾ ਕੇ ਰੱਖ ਦਿੰਦੇ ਹਨ, ਪਰ ਹੇ ਗੁਰੂ ਰਾਮਦਾਸ ਜੀ! ਤੁਹਾਡੇ ਸਿਰ ਦੇ ਉੱਪਰ ਸਚਾ ਆਤਪਤੁ ਹੈ ਜਿਸ ਕਰਕੇ ਤੁਸੀਂ ਦੂਸਰੇ ਦੇ ਬੋਲਾਂ ਕਰਕੇ ਤਪਦੇ ਨਹੀਂ ਹੋ!!
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ