
ਡਾ. ਜਸਵੰਤ ਸਿੰਘ ਨੇਕੀ
1967-68 ਦੀ ਗੱਲ ਹੈ। ਮੈਂ ਓਦੋਂ ਲੇਗਾਸ ਨਾਈਜੀਰੀਆ ਵਿੱਚ ਸਾਂ । ਮੇਰਾ ਇਕ ਦੋਸਤ ਉੱਥੋਂ ਦੇ ਇਕ ਲੇਖਕ ਨੂੰ ਮਿਲਾਉਣ ਲੈ ਗਿਆ, ਜੋ ਉਹਨਾਂ ਦਿਨੀਂ ਲੇਗਾਸ ਆਇਆ ਹੋਇਆ ਸੀ । ਉਹ ਬਚਪਨ ਤੋਂ ਹੀ ਅਪਾਹਜ ਸੀ। ਹੁਣ ਵੀ ਪਹੀਆਂ ਵਾਲੀ ਕੁਰਸੀ ‘ਤੇ ਰਹਿੰਦਾ ਸੀ ।
ਉਸ ਨੂੰ ਮਿਲੇ ਤਾਂ ਉਹ ਬੜੀ ਵਿਚਿੱਤਰ ਜਿਹੀ ਮੁਸਕਾਨ ਨਾਲ ਮਿਲਿਆ। ਚਿਹਰੇ ਦੇ ਮਾਸ ਪੱਠੇ ਉਸ ਦੇ ਜੁ ਵਿਗੜੇ ਹੋਏ ਸਨ। ਪਰ ਉਹ ਬਤੌਰ ਲੇਖਕ ਦੇ ਬੜਾ ਸਫਲ ਹੋਇਆ ਸੀ ।
ਸਾਡੇ ਗਿਆਂ ‘ਤੇ ਦੋ ਜਣੇ ਹੋਰ ਉਸ ਪਾਸ ਬੈਠੇ ਸਨ ਜੋ ਪੁੱਛਣ ਲੱਗੇ, “ਤੁਸੀਂ ਲੇਖਕ ਕਿਵੇਂ ਬਣੇ ?” ਉਹ ਕਹਿਣ ਲੱਗਾ, “ਮੈਂ ਸੋਚਿਆ, ਮੇਰੇ ਪੈਰ ਤਾਂ ਬਿਲਕੁਲ ਨਹੀਂ ਚੱਲਦੇ; ਹੱਥ ਇਤਨੇ ਤਾਂ ਚਲਦੇ ਹਨ ਜੋ ਮੈਂ ਇਹਨਾਂ ਨਾਲ ਖਾ ਪੀ ਸਕਦਾ ਹਾਂ । ਜੇ ਖਾ ਪੀ ਸਕਦਾ ਹਾਂ ਤਾਂ ਲਿਖ ਵੀ ਸਕਦਾ ਹਾਂ।” ਤਦ ਮੇਰੀ ਮੁਲਾਕਾਤ ਇਕ ਵੱਡੇ ਲੇਖਕ ਨਾਲ ਹੋਈ ਜੋ ਮੇਰੇ ਚਾਚੇ ਦਾ ਦੋਸਤ ਸੀ । ਮੈਂ ਉਸ ਨੂੰ ਪੁੱਛਿਆ, “ਚੰਗਾ ਲਿਖਣ ਦਾ ਢੰਗ ਕੀ ਹੈ?” ਕਹਿਣ ਲੱਗਾ, “ਇਹ ਬੜੀ ਕਠਿਨ ਘਾਲਣਾ ਹੈ, ਤੇਰੇ ਵੱਸ ਵੀ ਗੱਲ ਨਹੀਂ ।”
ਪਰ ਮੈਂ ਸੋਚ ਲਿਆ, ‘ਲਿਖਣਾ ਜ਼ਰੂਰ ਹੈ।’ ਮੈਂ ਰੱਬ ਦਾ ਨਾਮ ਲਿਆ ਤੇ ਉਸ ਦਿਨ ਦੇ ਅਖ਼ਬਾਰ ਵਿੱਚ ਜੋ ਵੱਡੀ ਖਬਰ ਸੀ, ਉਸ ਬਾਰੇ ਆਪਣੇ ਵਿਚਾਰ ਲਿਖ ਕੇ ਉਸ ਅਖ਼ਬਾਰ ਦੇ ਐਡੀਟਰ ਨੂੰ ਭੇਜ ਦਿੱਤੇ। ਹੈਰਾਨ ਹੋਇਆ ਜਦ ਉਹ ਛਪ ਗਏ। ਮੈਂ ਸਮਝ ਗਿਆ ਜੇ ਰੱਬ ਦਾ ਨਾਂ ਲੈ ਕੇ ਲਿਖੀਏ ਤਾਂ ਲਿਖਤ ਸਹੀ ਹੁੰਦੀ ਹੈ। ਤਦ ਇਕ ਹੋਰ ਖਿਆਲ ਆਇਆ, “ਜੇ ਦੈਵੀ ਪ੍ਰੇਰਣਾ ਨਾਲ ਲਿਖੀਏ ਤਾਂ ਹੋਰ ਵੀ ਚੰਗਾ ਹੋਵੇਗਾ।” ਮੈਂ ਬੜੇ ਧਿਆਨ ਤੇ ਸੰਤੋਖ ਨਾਲ ਆਪਣੇ ਧਰਮ ਬਾਰੇ ਲਿਖਣ ਲੱਗਾ । ਪਹਿਲੋਂ-ਪਹਿਲ ਇਕ ਦੋ ਵਾਰ ਮੇਰੀ ਲਿਖਤ ਨਾ ਮਨਜੂਰ ਵੀ ਹੋਈ । ਪਰ ਜਿਉਂ-ਜਿਉਂ ਮੈਂ ਲਿਖੀ ਗਿਆ, ਰੱਬ ਨੇ ਮੇਰੀ ਲਿਖਤ ਵਿੱਚ ਆਪਣਾ ਰਸ ਪਾਉਣਾ ਸ਼ੁਰੂ ਕਰ ਦਿੱਤਾ ਤੇ ਅੱਜ ਅਖ਼ਬਾਰ ਵਾਲੇ ਮੈਥੋਂ ਲੇਖ ਮੰਗਦੇ ਹਨ।”
ਮੈਂ ਸੋਚਿਆ, ਇਹ ਜਮਾਂਦਰੂ ਅਪਾਹਜ ਜੇ ਰੱਬ ‘ਤੇ ਧਿਆਨ ਲਗਾ ਕੇ ਇਤਨਾ ਚੰਗਾ ਲਿਖ ਸਕਦਾ ਹੈ ਤਾਂ ਮੈਂ, ਜਿਸ ਦੇ ਹੱਥ ਪੈਰ ਸਾਲਮ (Complete) ਹਨ, ਕਿਉਂ ਨਹੀਂ ਲਿਖ ਸਕਦਾ? ਤਦ ਤੋਂ ਮੈਂ ਧਰਮ ਦੇ ਬਾਰੇ ਪੜ੍ਹਣਾ ਤੇ ਲਿਖਣਾ ਸ਼ੁਰੂ ਕਰ ਦਿੱਤਾ। ਰੱਬ ਦੇ ਧਿਆਨ ਨੇ ਤੇ ਉਸ ਅੱਗੇ ਕੀਤੀ ਪ੍ਰਾਰਥਨਾ ਨੇ, ਮੈਨੂੰ ਵੀ ਧਾਰਮਿਕ ਲੇਖਕ ਬਣਾ ਦਿੱਤਾ ।
(1968)