
ਬੀਬੀ ਸੁਖਵੰਤ ਇਕ ਬੜੀ ਪਿਆਰੀ ਆਤਮਾ ਸੀ। ਕਦੇ ਉਸ ਦੇ ਮੱਥੇ ‘ਤੇ ਸ਼ਿਕਨ ਨਹੀਂ ਸੀ ਪਿਆ। ਪਤਲੀ ਵੀ, ਮੱਧਰੀ ਵੀ, ਪਰ ਜਾਨ ਸ਼ਕਤਵਰ! ਤੜਕਸਾਰ ਉੱਠਦੀ, ਸਿਮਰਨ ਕਰਦੀ, ਸ਼ਾਮ ਨੂੰ ਹਰਿਮੰਦਰ ਸਾਹਿਬ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਕਰਦੀ। ਸਾਰਾ ਦਿਨ ਟੱਬਰ ਦੀ ਸੇਵਾ ਵਿਚ ਗੁਜ਼ਾਰਦੀ।
ਇਕ ਦਿਨ ਜਦ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਇਕੱਲੀ, ਅੱਖਾਂ ਮੀਟੀ ਅਰਦਾਸ ਕਰੀ ਜਾ ਰਹੀ ਸੀ। ਮੈਂ ਬਿਨਾਂ ਖੜਾਕ ਕੀਤੇ ਪਾਸ ਜਾ ਕੇ ਬਹਿ ਗਿਆ। ਉਹ ਕਹਿ ਰਹੀ ਸੀ, “ਰੱਬਾ ਤੇਰਾ ਸ਼ੁੱਕਰ ਹੈ ਤੂੰ ਮੈਨੂੰ ਫ਼ਰਸ਼ ਦਿੱਤੇ ਹੂੰਝਣ ਨੂੰ, ਦਰਵਾਜ਼ੇ ਦਿੱਤੇ ਪੂੰਝਣ ਨੂੰ, ਘਾਹ ਦਿੱਤਾ ਕੱਟਣ ਨੂੰ, ਕਬਾੜ ਦਿੱਤਾ ਸੁੱਟਣ ਨੂੰ, ਕੱਪੜੇ ਦਿੱਤੇ ਧੋਣ ਨੂੰ ਤੇ ਬੱਚੇ ਦਿੱਤੇ ਮੋਹਣ ਨੂੰ, ਜਿਨ੍ਹਾਂ ਦੀ ਸੇਵਾ ਨੇ ਮੇਰੇ ਘਰ ਤਾਈਂ ਸੁਰਗ ਬਣਾਇਆ ਹੈ”
ਮੈਂ ਸਦਾ ਬੀਬੀ ਦਾ ਪਿਆਰ ਮਾਣਦਾ ਆਇਆ ਸਾਂ, ਅੱਜ ਉਸਦੀ ਆਤਮਾ ਦਾ ਦੀਦਾਰ ਪ੍ਰਾਪਤ ਹੋ ਗਿਆ ਸੀ। ਮਾਵਾਂ ਇਹ ਸਭ ਕੁਝ ਕਰਦੀਆਂ ਤਾਂ ਮੈਂ ਬੜੀਆਂ ਵੇਖੀਆਂ ਹੋਈਆਂ ਸਨ, ਪਰ ਇਸ ਤਰ੍ਹਾਂ ਦੀ ਅਰਦਾਸ ਮੈਂ ਕਿਸੇ ਮੂੰਹੋਂ ਨਹੀਂ ਸੀ ਸੁਣੀਂ। (1961)
ਡਾ. ਜਸਵੰਤ ਸਿੰਘ ਨੇਕੀ