128 views 8 secs 0 comments

ਇਰਾਨ ਅਤੇ ਸਿੱਖ

ਲੇਖ
June 23, 2025

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੀ ਉਦਾਸੀ (1520-1521 ਦੇ ਆਸ-ਪਾਸ) ਸਮੇਂ ਭਾਈ ਮਰਦਾਨਾ ਜੀ ਦੇ ਨਾਲ ਮੱਧ ਪੂਰਬ ਦੇ ਕਈ ਖੇਤਰਾਂ ਵਿੱਚ ਗਏ, ਜਿਸ ਵਿੱਚ ਇਰਾਨ ਦੇ ਕਈ ਮਹੱਤਵਪੂਰਨ ਸ਼ਹਿਰ ਵੀ ਸ਼ਾਮਲ ਸਨ। ਸਿੱਖ ਇਤਿਹਾਸ ਅਤੇ ਜਨਮ ਸਾਖੀਆਂ ਅਨੁਸਾਰ, ਉਹਨਾਂ ਨੇ ਇਰਾਨ ਦੇ ਬੁਸ਼ਹਰ, ਖੋਰਮਾਬਾਦ, ਤਬਰੀਜ਼, ਇਸਫਹਾਨ, ਤਹਿਰਾਨ ਅਤੇ ਮਸ਼ਹਦ ਸ਼ਹਿਰਾਂ ਦਾ ਦੌਰਾ ਕੀਤਾ ਸੀ।
ਗੁਰਦੁਆਰਾ ਸਾਹਿਬਾਨ ਦੀ ਸਥਾਪਨਾ

*ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਤਹਿਰਾਨ*

ਤਹਿਰਾਨ ਵਿਖੇ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਈਰਾਨ ਦਾ ਸਭ ਤੋਂ ਵੱਡਾ ਗੁਰਦਵਾਰਾ ਹੈ ਅਤੇ ਇੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਅਤੇ ਭਾਈ ਮਰਦਾਨਾ ਜੀ ਨੇ ਰਾਤ ਕੱਟੀ ਸੀ। ਉਹਨਾਂ ਇੱਥੇ ਸੂਫੀ ਸੰਤਾਂ ਅਤੇ ਵਿਦਵਾਨਾਂ ਨਾਲ ਵਿਚਾਰ ਚਰਚਾ ਕੀਤੀ ਸੀ। ਸੋ ਇਹ ਇੱਕ ਇਤਿਹਾਸਿਕ ਗੁਰਦਵਾਰਾ ਹੈ। ਇਸ ਗੁਰਦੁਆਰੇ ਦੀ ਸਥਾਪਨਾ 1941 ਵਿੱਚ ਭਾਈ ਗੰਗਾ ਸਿੰਘ ਸਭਾ ਤਹਿਰਾਨ ਦੁਆਰਾ ਕੀਤੀ ਗਈ ਸੀ। ਇਹ ਗੁਰਦਵਾਰਾ ਉਦੋਂ ਸਰਕਾਰ ਦੀ ਆਗਿਆ ਲੈ ਕੇ ਬਣਵਾਇਆ ਗਿਆ ਸੀ। ਪਹਿਲਾਂ ਇਹ ਕੱਚਾ ਹੁੰਦਾ ਸੀ ਪਰ ਬਾਅਦ ‘ਚ ਪੱਕਾ ਕਰਵਾ ਲਿਆ ਗਿਆ ਸੀ। ਉਦੋਂ ਇਰਾਨ ਦੇ ਹੁਕਮਰਾਨ ਮੁਹੰਮਦ ਰਜ਼ਾ ਸ਼ਾਹ ਪਹਲਵੀ ਨੇ ਇਸ ਗੁਰਦਵਾਰੇ ਦੀ ਉਸਾਰੀ ਲਈ ਆਗਿਆ ਦੇ ਦਿੱਤੀ ਸੀ।

ਇਹ ਇਰਾਨ ਦਾ ਸਭ ਤੋਂ ਪ੍ਰਮੁੱਖ ਅਤੇ ਸਰਗਰਮ ਗੁਰਦੁਆਰਾ ਹੈ। ਇਸ ਨੂੰ ਸਥਾਨਕ ਤੌਰ ’ਤੇ “ਮਸਜਿਦ-ਏ-ਹਿੰਦਾਨ” (ਮਸਜਿਦ-ਏ-ਇੰਡੀਅਨਜ਼) ਵੀ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਸਿੱਖ ਭਾਈਚਾਰੇ ਦਾ ਕੇਂਦਰ ਹੈ ਅਤੇ ਇੱਥੇ ਸਿੱਖ ਪਰੰਪਰਾਵਾਂ ਜਿਵੇਂ ਕਿ ਅਖੰਡ ਪਾਠ, ਗੁਰਪੁਰਬ ਅਤੇ ਗੁਰੂ-ਕਾ-ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ।

ਤਹਿਰਾਨ ਦੇ ਗੁਰਦੁਆਰੇ ਨਾਲ ਜੁੜਿਆ ਸਕੂਲ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਦਿੰਦਾ ਹੈ। ਇਹ ਸਕੂਲ ਗੈਰ-ਸਿੱਖ ਵਿਦਿਆਰਥੀਆਂ ਲਈ ਵੀ ਖੁੱਲ੍ਹਾ ਹੈ, ਜੋ ਸਿੱਖ ਸਭਿਆਚਾਰ ਨੂੰ ਇਰਾਨੀ ਸਮਾਜ ਵਿੱਚ ਬਾਖੂਬੀ ਪ੍ਰਚਾਰਦਾ ਹੈ।

2015 ਵਿੱਚ, ਗੁਰਦੁਆਰੇ ਵਿੱਚ ਮ੍ਰਿਤਕ ਸਰੀਰਾਂ ਨੂੰ ਨਹਾਉਣ ਦੀ ਸਿੱਖ ਪਰੰਪਰਾ ਨੂੰ ਲੈ ਕੇ ਸਥਾਨਕ ਸਰਕਾਰ ਨਾਲ ਵਿਵਾਦ ਹੋ ਗਿਆ ਸੀ, ਜਿਸ ਕਾਰਨ ਗੁਰਦੁਆਰੇ ਨੂੰ ਸੀਲ ਕਰਨ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ, ਭਾਈਚਾਰੇ ਦੇ ਯਤਨਾਂ ਨਾਲ ਇਹ ਮਸਲਾ ਹੱਲ ਹੋ ਗਿਆ।

ਸ੍ਰੀ *ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ “ਦਰਵਾਜ਼ਾ ਏ ਦੌਲਤ”*

ਭਾਈ ਗੰਗਾ ਸਿੰਘ ਸਭਾ ਗੁਰਦਵਾਰੇ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਇੱਕ ਮੈਟਰੋ ਸਟੇਸ਼ਨ ਨੇੜੇ ਇੱਕ ਗੇਟ ਬਣਿਆ ਹੋਇਆ ਹੈ। ਜਦੋਂ ਇਹ ਗੁਰਦੁਆਰਾ ਸਾਹਿਬ ਬਣਿਆ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਤਾਂ ਕੁਝ ਇਰਾਨੀ ਕਲਾਕਾਰ ਉਥੇ ਪਹੁੰਚੇ ਅਤੇ ਇੱਕ ਗੇਟ ਬਣਾਉਣ ਦਾ ਪ੍ਰਸਤਾਵ ਦਿੱਤਾ ਜਿਸ ਨੂੰ ਸੰਗਤ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਰਾਨੀ ਕਲਾਕਾਰਾਂ ਵੱਲੋਂ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਜੀ ਦੇ ਸੁਭਾਅ ਬਾਰੇ ਦੱਸਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਤ ਵੱਲੋਂ ਉਨ੍ਹਾਂ ਦੇ ਸੁਭਾਅ ਦੇ ਅਹਿਮ ਹਿੱਸੇ ਦੱਸੇ ਗਏ ਤੇ ਉਨ੍ਹਾਂ ਦੇ ਜੀਵਨ ਦੀਆਂ ਸਾਖੀਆਂ ਸੁਣਾਈਆਂ ਗਈਆਂ। ਜਦੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕੋਲ ਕਦੇ ਪੈਸਾ ਨਹੀਂ ਰੱਖਿਆ ਸੀ, ਤਾਂ ਇਰਾਨੀਆਂ ਨੇ ਗੇਟ ਦਾ ਨਾਮ “ਦਰਵਾਜ਼ਾ ਏ ਦੌਲਤ” ਰੱਖਣ ਦਾ ਫੈਸਲਾ ਕੀਤਾ। ਇੱਥੋਂ ਜਿਹੜੀ ਸੜਕ ਗੁਰਦੁਆਰੇ ਵੱਲ ਨੂੰ ਜਾਂਦੀ ਹੈ ਉਸਦਾ ਨਾਮ ਸਰਦਾਰ ਕਬੀਰ ਐਲੀ ਰੱਖਿਆ ਗਿਆ।

*ਗੁਰਦੁਆਰਾ ਸਾਹਿਬ ਜ਼ਾਹੇਦਾਨ, ਈਰਾਨ*

ਪਾਕਿਸਤਾਨ ਬਾਰਡਰ ਦੇ ਨੇੜੇ ਰਜਾ ਸ਼ਾਹ ਪਹਲਵੀ ਵੱਲੋੰ ਜਦੋਂ ਦੁਜ਼ਤਿਆਬ ਦਾ ਦੌਰਾ ਕੀਤਾ ਜਾ ਰਿਹਾ ਸੀ ਤਾਂ ਉੱਥੇ ਉਨ੍ਹਾਂ ਨੇ 6-7 ਸਿੱਖ ਕਿਸਾਨਾਂ ਨੂੰ ਖੇਤਾਂ ਵਿੱਚੋਂ ਵਾਪਸ ਆਉਂਦੇ ਦੇਖਿਆ, ਜਿਨ੍ਹਾਂ ਦੀਆਂ ਦਸਤਾਰਾਂ ਅਤੇ ਖੁੱਲ੍ਹੀਆਂ ਦਾੜ੍ਹੀਆਂ ਨੇ ਸ਼ਾਹ ਨੂੰ ਪ੍ਰਭਾਵਿਤ ਕੀਤਾ। ਸ਼ਾਹ ਨੇ ਉਨ੍ਹਾਂ ਨੂੰ “ਰੂਹਾਨੀ ਫਕੀਰ” ਕਹਿ ਕੇ ਸਤਿਕਾਰ ਨਾਲ ਸਲਾਮ ਕੀਤੀ।
ਦਰਬਾਰੀਆਂ ਨੇ ਦੱਸਿਆ ਕਿ ਇਹ ਸਿੱਖ ਕਿਸਾਨ ਹਨ, ਜਿਨ੍ਹਾਂ ਦਾ ਵੱਖਰਾ ਮਜ਼ਹਬ ਹੈ। ਸ਼ਾਹ ਨੇ ਜਾਣ ਤੋਂ ਪਹਿਲਾਂ ਮੁੜ ਉਨ੍ਹਾਂ ਨੂੰ ਮਿਲਣ ਦੀ ਇੱਛਾ ਜਤਾਈ। ਮੁਲਾਕਾਤ ਵਿੱਚ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਇਬਾਦਤਗਾਹ ਬਣਾਉਣ ਦੀ ਇਜਾਜ਼ਤ ਨਹੀਂ ਮਿਲ ਰਹੀ। ਉਨ੍ਹਾਂ ਨੇ ਇੱਕ ਏਕੜ ਜ਼ਮੀਨ ਦੀ ਮੰਗ ਕੀਤੀ। ਸ਼ਾਹ ਨੇ ਜ਼ਮੀਨ ਦਾਨ ਵਜੋਂ ਦੇਣ ਦੀ ਪੇਸ਼ਕਸ਼ ਕੀਤੀ, ਪਰ ਸਿੱਖਾਂ ਨੇ ਕਿਹਾ ਕਿ ਉਹ ਗੁਰੂ ਨਾਨਕ ਦੇ ਮੁਰੀਦ ਹਨ ਅਤੇ ਦਾਨ ਨਹੀਂ ਲੈਂਦੇ। ਉਨ੍ਹਾਂ ਨੇ ਜ਼ਮੀਨ ਖਰੀਦਣ ਲਈ 20,000 ਤੁਮਾਨ ਦੀ ਕੀਮਤ ਅਦਾ ਕਰਨ ਦੀ ਗੱਲ ਕੀਤੀ।
ਸ਼ਾਹ ਨੇ ਰਜਿਸਟਰੀ ਦਾ ਹੁਕਮ ਦਿੱਤਾ ਅਤੇ ਗੁਰਦੁਆਰੇ ਲਈ 20,000 ਰੁਪਏ ਦਾ ਚੈਕ ਭੇਟ ਕੀਤਾ, ਜਿਸ ਨੂੰ ਉਨ੍ਹਾਂ ਨੇ ਗੁਰੂ ਨਾਨਕ ਦੀ ਨਜ਼ਰ ਕਿਹਾ। ਨਾਲ ਹੀ, ਸ਼ਾਹ ਨੇ ਪਿੰਡ ਦਾ ਨਾਮ “ਦੁਜ਼ਤਿਆਬ” (ਚੋਰਾਂ ਦੀ ਧਰਤੀ) ਤੋਂ ਬਦਲ ਕੇ “ਜ਼ਾਹਿਦਾਨ” (ਰੱਬ ਦੇ ਮੁਰੀਦ) ਰੱਖਣ ਦਾ ਐਲਾਨ ਕੀਤਾ।
ਇਹ ਕਹਾਣੀ ਸ਼ਾਹ ਦੀ ਸਿੱਖਾਂ ਪ੍ਰਤੀ ਸਤਿਕਾਰ ਦੀ ਭਾਵਨਾ, ਉਨ੍ਹਾਂ ਦੀ ਧਾਰਮਿਕ ਸੁਤੰਤਰਤਾ ਦੀ ਮੰਗ ਅਤੇ ਗੁਰੂ ਨਾਨਕ ਦੇ ਸਿਧਾਂਤਾਂ ਦੀ ਉਜਵਲ ਮਿਸਾਲ ਪੇਸ਼ ਕਰਦੀ ਹੈ। ਇਸ ਕਹਾਣੀ ਦਾ ਜ਼ਿਕਰ ਪ੍ਰੋ ਹਰਪਾਲ ਸਿੰਘ ਪੰਨੂੰ ਦੀ ਕਿਤਾਬ “ਇਰਾਨ ਅਤੇ ਇਰਾਨੀ” ‘ਚ ਕੀਤਾ ਹੈ।
ਜ਼ਾਹਿਦਾਨ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਸਿੱਖਾਂ ਦਾ ਮੁੱਖ ਕੇਂਦਰ ਸੀ, ਜਿੱਥੇ ਸਿੱਖ ਵਪਾਰੀ ਅਤੇ ਬਰਤਾਨਵੀ ਫੌਜ ਦੇ ਸਿਪਾਹੀ ਵਸੇ। ਇਹ ਗੁਰਦੁਆਰਾ ਸਿੱਖ ਭਾਈਚਾਰੇ ਦੀ ਵਪਾਰਕ ਸਰਗਰਮੀਆਂ ਅਤੇ ਧਾਰਮਿਕ ਪਰੰਪਰਾਵਾਂ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਸੀ।
1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ, ਜ਼ਾਹਿਦਾਨ ਵਿੱਚ ਸਿੱਖ ਆਬਾਦੀ ਘਟ ਗਈ, ਜਿਸ ਕਾਰਨ ਇਹ ਗੁਰਦੁਆਰਾ ਪਹਿਲਾਂ ਜਿੰਨਾ ਸਰਗਰਮ ਨਹੀਂ ਰਿਹਾ। ਹੁਣ ਇੱਥੇ ਸਿਰਫ਼ ਮੁੱਠੀ ਭਰ ਸਿੱਖ ਪਰਿਵਾਰ ਹੀ ਬਚੇ ਹਨ।
ਇਸ ਤੋਂ ਬਿਨਾ ਮਸ਼ਹਦ ਅਤੇ ਬੁਸ਼ਹਰ ਵਿੱਚ ਵੀ ਗੁਰਦੁਆਰਾ ਸਾਹਿਬਾਨ ਹਨ ਪਰੰਤੂ ਇਸਲਾਮਿਕ ਕ੍ਰਾਂਤੀ ਤੋੰ ਬਾਅਦ ਇੱਥੇ ਸਿੱਖਾਂ ਦੀ ਗਿਣਤੀ ਇੱਕਾ ਦੁੱਕਾ ਰਹਿ ਜਾਣ ਕਾਰਨ ਇਹਨਾਂ ‘ਚ ਬਹੁਤੀ ਸਰਗਰਮ ਨਹੀਂ ਹੁੰਦੀ।
ਸਿੱਖ ਵਪਾਰੀ ਅਤੇ ਬਰਤਾਨਵੀ ਫੌਜ ਵਿੱਚ ਸਿੱਖ ਸਿਪਾਹੀ, ਜੋ ਇਰਾਨ ‘ਤੇ ਕਬਜ਼ੇ ਦੌਰਾਨ, 1900 ਦੇ ਦਹਾਕੇ ਦੌਰਾਨ ਪਹਿਲੀ ਵਾਰ ਉੱਥੇ ਪਹੁੰਚੇ ਸਨ। ਸਿੱਖ ਪ੍ਰਵਾਸ ਦਾ ਮੁੱਖ ਨਿਸ਼ਾਨਾ ਸ਼ੁਰੂ ਵਿੱਚ ਜ਼ਾਹਿਦਾਨ ਦਾ ਇਹ ਛੋਟਾ ਜਿਹਾ ਕਸਬਾ ਹੀ ਸੀ, ਜੋ ਉਸ ਸਮੇਂ ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਦੀ ਸਰਹੱਦ ਨੇੜੇ ਸੀ। ਇਹ ਸਮੇਂ ਟਰਾਂਸ-ਇਰਾਨੀਅਨ ਰੇਲਵੇ ਪ੍ਰੋਜੈਕਟ ਸ਼ੁਰੂ ਹੋਇਆ ਸੀ।
1930 ਦੇ ਦਹਾਕੇ ਵਿੱਚ ਜ਼ਾਹਿਦਾਨ ਵਿੱਚ ਸਿੱਖ ਪਰਿਵਾਰਾਂ ਲਈ ਇੱਕ ਸਕੂਲ ਸ਼ੁਰੂ ਕੀਤਾ ਗਿਆ ਸੀ, ਇਹ 1952 ਵਿੱਚ ਤਹਿਰਾਨ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ 2004 ਵਿੱਚ ਕੇਂਦਰੀ ਵਿਦਿਆਲਿਆ ਤਹਿਰਾਨ ਬਣ ਗਿਆ।
1979 ਵਿੱਚ ਜ਼ਾਹਿਦਾਨ ਵਿੱਚ ਲਗਭਗ 250 ਸਿੱਖ ਪਰਿਵਾਰ ਸਨ, ਜੋ ਮੋਟਰ ਪਾਰਟਸ, ਨਿਰਮਾਣ ਕੰਪਨੀਆਂ ਅਤੇ ਆਯਾਤ-ਨਿਰਯਾਤ ਕਾਰੋਬਾਰਾਂ ਦੇ ਮਾਲਕ ਸਨ।
ਇਰਾਨੀ ਇਸਲਾਮਿਕ ਇਨਕਲਾਬ ਤੋਂ ਬਾਅਦ, ਕਈ ਸਿੱਖ ਭਾਰਤ ਅਤੇ ਯੂਰਪ ਵੱਲ ਚਲੇ ਗਏ, ਅਤੇ ਬਾਕੀ ਬਚੇ ਸਿੱਖ ਪਰਿਵਾਰ ਰਾਜਧਾਨੀ ਤਹਿਰਾਨ ਵਿੱਚ ਤਬਦੀਲ ਹੋ ਗਏ। ਇਰਾਨ ‘ਚ ਸਿੱਖ ਪਰਿਵਾਰਾਂ ਦੀ ਕੁੱਲ ਗਿਣਤੀ ਇਸ ਸਮੇਂ 60 ਤੋਂ 100 ਕੁ ਦੇ ਲਗਭਗ ਹੀ ਹੈ।
2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ 11 ਯੂਨੀਵਰਸਿਟੀਆਂ ਵਿੱਚ ਇੱਕ-ਇੱਕ ਚੇਅਰ ਸਥਾਪਿਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ ਸੱਤ ਪੰਜਾਬ ਵਿੱਚ, ਤਿੰਨ ਭਾਰਤ ਦੇ ਹੋਰ ਹਿੱਸਿਆਂ ਵਿੱਚ ਅਤੇ ਇੱਕ ਇਰਾਨ ਦੀ ਯੂਨੀਵਰਸਿਟੀ ਆਫ ਰੀਲੀਜਨਜ਼ ਐਂਡ ਡੀਨੋਮੀਨੇਸ਼ਨਜ਼ ਵਿੱਚ ਹੋਵੇਗੀ। ਇਹ ਚੇਅਰ ਗੁਰੂ ਨਾਨਕ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਖੋਜ ਕਰੇਗੀ।
ਉਸ ਸਮੇਂ ਈਰਾਨ ਦੀ ਉਕਤ ਯੂਨੀਵਰਸਿਟੀ ਤੋਂ ਬਿਨਾ ਅਲ ਮੁਸਤਫ਼ਾ ਯੂਨੀਵਰਸਿਟੀ ਨੇ ਵੀ ਚੇਅਰ ਸਥਾਪਿਤ ਕਰਨ ਦੀ ਇੱਛਾ ਜਾਹਿਰ ਕੀਤੀ ਸੀ ਅਤੇ ਇਸ ਮਕਸਦ ਲਈ ਦੋਵੇਂ ਯੂਨੀਵਰਸਿਟੀਆਂ ਦਾ ਵਫ਼ਦ ਉਸ ਸਮੇਂ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲਿਆ ਸੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਲਈ ਯੋਗਦਾਨ ਦੇਣ ਦਾ ਵਚਨ ਦਿੱਤਾ ਸੀ।
ਮੌਜੂਦਾ ਸਮੇਂ ਦੌਰਾਨ ਇਜ਼ਰਾਈਲ-ਇਰਾਨ ਜੰਗ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਸਿੰਧੂ ਦੇ ਤਹਿਤ ਜਿੱਥੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ, ਉਸਦੇ ਨਾਲ ਨਾਲ ਉੱਥੇ ਵੱਸਦੇ ਸਿੱਖਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੁਰੱਖਿਆ ਲਈ ਯਤਨ ਕੀਤੇ ਜਾ ਰਹੇ ਹਨ।

ਸ਼ਿਵਜੀਤ ਸਿੰਘ ਫਰੀਦਕੋਟ