ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਚ ਬਾਬਾ ਜੀ ਦਾ ਪਵਿੱਤਰ ਜਨਮ ਦਿਹਾੜਾ ਵਿਸ਼ਾਲ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਪਵਿੱਤਰ ਸਮਾਗਮਾਂ ਦੌਰਾਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ (ਸ੍ਰੀ ਦਰਬਾਰ ਸਾਹਿਬ), ਗਿਆਨੀ ਗੁਰਜੀਤ ਸਿੰਘ (ਪਟਿਆਲਾ), ਉਸਤਾਦ ਭਾਈ ਸ਼ਮਿੰਦਰਪਾਲ ਸਿੰਘ ਤੇ ਭਾਈ ਸਤਵਿੰਦਰਪਾਲ ਸਿੰਘ, ਸੰਤ ਸੁਰਿੰਦਰ ਸਿੰਘ (ਸ੍ਰੀ ਅੰਮ੍ਰਿਤਸਰ), ਭਾਈ ਜਸਬੀਰ ਸਿੰਘ (ਨਕੋਦਰ), ਭਾਈ ਮਨਿੰਦਰ ਸਿੰਘ (ਦਮਦਮੀ ਟਕਸਾਲ), ਭਾਈ ਸੁਲੱਖਣ ਸਿੰਘ (ਸ੍ਰੀ ਤਰਨ ਤਾਰਨ), ਭਾਈ ਸੁਖਨਿੰਦਰ ਸਿੰਘ (ਅਰਫ), ਭਾਈ ਤੇਜਿੰਦਰ ਸਿੰਘ (ਖੰਨਾ), ਗਿਆਨੀ ਨਿਰਮਲ ਸਿੰਘ (ਧੂਲਕੋਟ) ਸਮੇਤ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰਸਨਾ ਨਾਲ ਨਿਹਾਲ ਕੀਤਾ। ਇਸ ਮੌਕੇ ਅਖੰਡ ਕੀਰਤਨ ਦਰਬਾਰ ਵੀ ਆਰੰਭ ਕੀਤਾ ਗਿਆ।
ਇਸ ਪਾਵਨ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਵੱਲੋਂ ਸ਼ੁਕਰਾਨਾ ਅਰਦਾਸ ਕੀਤੀ ਗਈ। ਭਾਈ ਗੁਰਪ੍ਰੀਤ ਸਿੰਘ ਮੱਤਾ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੀ ਪ੍ਰਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਮਰਿਆਦਾ ਅਨੁਸਾਰ ਮਹੱਲਾ ਕੱਢਿਆ ਗਿਆ, ਗਤਕੇ ਦੇ ਜੌਹਰ ਵਿਖਾਏ ਗਏ ਅਤੇ ਆਰਤੀ-ਆਰਤਾ ਦੀ ਵਿਧੀ ਵੀ ਕੀਤੀ ਗਈ। ਇਹਨਾਂ ਸਰਗਰਮੀਆਂ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉੱਚੇ ਖਾਲਸਾਈ ਜੀਵਨ, ਤਪਸਿਆ ਅਤੇ ਨਿਹੰਗ ਰਹਿਣੀ-ਬਹਿਣੀ ਦੀ ਪ੍ਰਗਟਾਵੀ ਕੀਤੀ ਗਈ।
ਇਸੇ ਤਰੀਕੇ ਇੰਟਰਨੈਸ਼ਨਲ ਸਟੂਡੈਂਟਸ ਦੀ ਚੜ੍ਹਦੀ ਕਲਾ ਲਈ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਦੌਰਾਨ ਵਿਦਿਆਰਥੀਆਂ ਨੇ ਪੂਰੇ ਸ਼ਰਧਾ ਭਾਵ ਨਾਲ ਸੇਵਾ ਵਿਚ ਹਿੱਸਾ ਲਿਆ। ਉਥੇ ਹੀ ਵਾਲੀਬਾਲ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ।
ਇੰਗਲੈਂਡ ਵਿਚ ਬਾਬਾ ਜੀ ਦੀ ਯਾਦ ਨੂੰ ਸੰਜੋਣ ਵਾਲਾ ਇਹ ਇਕੋ ਗੁਰਦੁਆਰਾ ਹੋਣ ਕਰਕੇ, ਵੱਖ-ਵੱਖ ਸ਼ਹਿਰਾਂ ਤੋਂ ਵਿਸ਼ਾਲ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਲਗਵਾਉਣ ਪਹੁੰਚੀਆਂ। ਸੰਗਤ ਦੀ ਸੁਖ-ਸਹੂਲਤ ਲਈ ਵਿਸ਼ਾਲ ਪ੍ਰਬੰਧ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਟਰੱਸਟੀ ਭਾਈ ਮਨਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਵੱਲੋਂ ਸਮੂਹ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਨੂੰ ਵਿਸ਼ੇਸ਼ ਜੀ ਆਇਆਨੂੰ ਆਖਦੇ ਹੋਏ, ਸ਼ੁਕਰਾਨਾ ਅਦਾ ਕੀਤਾ ਗਿਆ।