ਭੈਣ ਕੂੰਜ, ਤੂੰ ਇਕ ਸਾਧਾਰਣ ਜਾਨਵਰ (ਪੰਛੀ) ਨਹੀਂ ਏਂ, ਗੁਰੂਆਂ ਤੇਰਾ ਵਰਨਣ ਇਕ ਪ੍ਰਤੀਕ ਵਾਂਗ ਕੀਤਾ ਹੈ। ਤੂੰ ਉਜਲੇ ਅਤੇ ਚਿੱਟੇ ਕੱਪੜੇ ਪਾਉਣ ਵਾਲੀ ਏ, ਤੂੰ ਧੁੱਪ ਵਾਂਗ ਉਜਲੀ ਏਂ, ਤੂੰ ਦੁੱਧ ਧੋਤੀ ਏਂ। ਤੂੰ ਬੇਰੰਗ ਏਂ, ਤੂੰ ਭੁੱਖੀ, ਪਿਆਸੀ ਤੇ ਬਿਨਾ ਸਾਹ ਲੈਣ ਤੋਂ ਹਜ਼ਾਰਾਂ ਮੀਲਾਂ ਦਾ ਸਫਰ ਕਰ ਲੈਂਦੀ ਏਂ, ਨਾ ਤੂੰ ਭੁੱਖ ਨੂੰ ਭੁੱਖ ਸਮਝਦੀ ਏਂ ਨਾ ਪਿਆਸ ਨੂੰ ਪਿਆਸ ਸਮਝਦੀ ਏਂ, ਨਾ ਬੇ-ਅਰਾਮੀ ਨੂੰ ਬੇ-ਅਰਾਮੀ, ਤੂੰ ਭੁੱਖ ਵਿਚ ਰਹਿ ਕੇ ਰੱਜਣਾ ਜਾਣਦੀ ਏਂ, ਤੂੰ ਪਿਆਸੇ ਬੁੱਲ੍ਹਾਂ ਨਾਲ ਯਾਦਾਂ ਦਾ ਅੰਮ੍ਰਿਤ ਪੀ ਲੈਂਦੀ ਏਂ, ਤੂੰ ਬੇ-ਅਰਾਮੀ ਨੂੰ ਭੀ ਸਵਰਗੀ ਅਰਾਮ ਬਣਾ ਲੈਂਦੀ ਏਂ।
ਤੂੰ ਸੈਂਕੜੇ ਮੀਲਾਂ ਦਾ ਲਹਿਰਾਂ ਮਾਰਦਾ ਸਾਗਰ ਪਾਰ ਕਰ ਜਾਂਦੀ ਏਂ, ਪਰ ਆਪਣੇ ਖੰਭ ਨਹੀਂ ਗਿੱਲੇ ਹੋਣ ਦਿੰਦੀ। ਤੂੰ ਸੈਂਕੜੇ ਮੀਲਾਂ ਫੈਲੀਆਂ ਹੋਈਆਂ ਪਹਾੜਾਂ ਦੀਆਂ ਦੀਵਾਰਾਂ ਨੂੰ ਟੱਪ ਕੇ ਪਾਰ ਕਰ ਜਾਂਦੀ ਹੈ। ਪਰ ਤੈਨੂੰ ਦਮ ਨਹੀਂ ਚੜਦਾ। ਤੂੰ ਸੈਂਕੜੇ ਮੀਲਾਂ ਦੇ ਰੇਗਿਸਤਾਨ ਲੰਘ ਜਾਂਦੀ ਏਂ, ਪਰ ਤੈਨੂੰ ਪਿਆਸ ਨਹੀਂ ਲੱਗਦੀ। ਤੂੰ ਸੈਂਕੜੇ ਮੀਲਾਂ ਦੇ ਭਿਆਨਕ ਜੰਗਲ ਪਾਰ ਕਰਦੀ ਏਂ, ਪਰ ਤੈਨੂੰ ਡਰ ਨਹੀਂ ਲੱਗਦਾ। ਤੂੰ ਸਾਗਰਾਂ ਨੂੰ ਪਾਰ ਕਰ ਰਹੀਂ ਹੁੰਦੀ ਏਂ, ਪਰ ਯਾਦ ਵਿਚ ਆਪਣੇ ਸੈਂਕੜੇ ਮੀਲਾਂ ਦੀ ਦੂਰੀ ’ਤੇ ਪਏ ਆਂਡਿਆਂ ਉੱਪਰ ਬੈਠ ਕੇ ਉਨ੍ਹਾਂ ਨੂੰ ਜੀਵਨ-ਨਿੱਘ ਦੇ ਰਹੀ ਹੁੰਦੀ ਏਂ। ਤੂੰ ਉੱਚੇ-ਉੱਚੇ ਪਹਾੜਾਂ ਨੂੰ ਪਾਰ ਕਰਦੀ ਹੋਈ ਵੀ ਅਡੋਲ ਹੁੰਦੀ ਏਂ। ਤੂੰ ਭਿਆਨਕ ਅਤੇ ਮਾਰੂ ਜਾਨਵਰਾਂ ਨਾਲ ਭਰੇ ਹੋਏ ਜੰਗਲਾਂ ਨੂੰ ਲੰਘਦੀ ਵੀ ਬੇ-ਖ਼ੌਫ ਹੁੰਦੀ ਏਂ, ਕਿਉਂਕਿ ਤੂੰ ਆਪਣੇ ਬੱਚਿਆਂ ਦੀ ਯਾਦ ਦੀ ਰਾਮ-ਕਾਰ ਕੱਢ ਕੇ ਸੁੱਤੀ ਹੁੰਦੀ ਏਂ। ਭੈਣ ਕੂੰਜੇ, ਤੈਨੂੰ ਜਾਚ ਹੈ ਕਿ ਵਿਛੋੜਿਆਂ ਵਿਚ ਭੀ ਕਿਸ ਤਰ੍ਹਾਂ ਮਿਲ ਕੇ ਰਹੀਦਾ ਹੈ। ਤੈਨੂੰ ਜਾਚ ਹੈ, ਕਿ ਕਿਸ ਤਰ੍ਹਾਂ ਹਜ਼ਾਰਾਂ ਮੀਲਾਂ ’ਤੇ ਬੈਠਿਆਂ ਬੱਚਿਆਂ ਨੂੰ ਆਪਣੀ ਗੋਦ ਵਿਚ ਖਿਡਾਈਦਾ ਹੈ। ਤੈਨੂੰ ਜਾਚ ਹੈ, ਕਿ ਕਿਵੇਂ ਦੂਰ ਬੈਠਿਆਂ ਆਪਣੇ ਬਰਫਾਂ ਵਿਚ ਪਏ ਹੋਏ ਆਂਡਿਆਂ ਨੂੰ ਨਿੱਘ ਪਹੁੰਚਾਈਦਾ ਹੈ। ਤੈਨੂੰ ਜਾਚ ਹੈ, ਕਿਸ ਤਰ੍ਹਾਂ ਦੂਰ ਬੈਠ ਕੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾਈਦਾ ਹੈ।
ਗੁਰੂ ਜੀ ਨੇ ਠੀਕ ਲਿਖਿਆ ਹੈ, ਤੂੰ ਪਿਆਰੀਆਂ ਯਾਦਾਂ ਵਿਚ ਚੋਗਾ ਚੁਗਦੀ ਏਂ, ਪਿਆਰੀਆਂ ਯਾਦਾਂ ਵਿਚ ਹੀ ਪਾਣੀ ਪੀਂਦੀ ਏਂ, ਪਿਆਰੀਆਂ ਯਾਦਾਂ ਵਿਚ ਹੀ ਲੰਮੀਆਂ ਉਡਾਰੀਆਂ ਮਾਰਦੀ ਏਂ, ਪਿਆਰੀਆਂ ਯਾਦਾਂ ਵਿਚ ਹੀ ਸੌਂਦੀ ਏਂ, ਪਿਆਰੀਆਂ ਯਾਦਾਂ ਵਿਚ ਜਾਗਦੀ ਏਂ। ਤੇਰਾ ਭੂਤ ਇਕ ਯਾਦ ਹੈ, ਤੇਰਾ ਵਰਤਮਾਨ ਇਕ ਯਾਦ ਹੈ, ਤੇਰਾ ਭਵਿੱਖ ਇਕ ਯਾਦ ਹੈ, ਤੇਰਾ ਸਭ ਕੁਝ ਇਕ ਯਾਦ ਹੈ। ਤੇਰੇ ਖੰਭ ਵੱਡੇ ਹਨ, ਪਰ ਯਾਦਾਂ ਦੇ ਅਤੇ ਸਿਮਰਨ ਦੇ ਖੰਭ ਤਾਂ ਅਕਾਸ਼ਾਂ ਵਿਚ ਨਹੀਂ ਮਿਉਂਦੇ। ਤੇਰੀ ਗਰਦਨ ਲੰਮੀ ਹੈ, ਪਰ ਯਾਦਾਂ ਅਤੇ ਸਿਮਰਨ ਦੀ ਗਰਦਨ ਤਾਂ ਇਤਨੀ ਲੰਮੀ ਹੈ ਕਿ ਤੂੰ ਪੰਜਾਬ ਵਿਚ ਕੱਤਕ ਦੇ ਮਹੀਨੇ ਕਣਕ ਦੇ ਖੇਤ ਵਿਚ ਬੈਠੀ ਹੋਈ ਬਰਫ਼ਾਂ ਲੱਦੇ ਸਾਇਬੇਰੀਆ ਵਿਚ ਪਏ ਬੱਚਿਆਂ ਨੂੰ ਗ਼ਲ ਨਾਲ ਲਾ ਸਕਦੀ ਏਂ।
ਭੈਣੇ ਤੇਰਾ ਸਿਮਰਨ ਵਿੱਥਾਂ ਨੂੰ ਮਿਟਾਉਂਦਾ ਹੈ, ਤੇਰਾ ਸਿਮਰਨ ਗਲ ਦੀਆਂ ਦੀਵਾਰਾਂ ਨੂੰ ਢਾਹੁੰਦਾ ਹੈ। ਤੇਰਾ ਸਿਮਰਨ ਸਰੀਰਾਂ ਤੋਂ ਉੱਚਾ ਚੁੱਕਦਾ ਹੈ, ਤੇਰਾ ਸਿਮਰਨ ਛੇ ਰੁੱਤਾਂ ਦੀ ਡਬ-ਖੜੱਬੀ ਚਾਦਰ ਚੁੱਕ ਕੇ ਇਕ ਉਜਲੀ ਅਤੇ ਦੁੱਧ ਚਿੱਟੀ ਚਾਦਰ ਵਿਛਾਉਂਦਾ ਹੈ।
ਭੈਣ ਕੂੰਜੇ, ਤੂੰ ਭੇਤ ਲੱਭ ਲਿਆ ਹੈ ਕਿ ਸਾਰੇ ਸੁੱਖ ਸਿਮਰਨ ਵਿਚ ਹਨ। ਜੂਨਾਂ ਦੀ ਲੰਮੀ ਜ਼ੰਜੀਰ ਨੂੰ ਕੇਵਲ ਸਿਮਰਨ ਤੋੜ ਸਕਦਾ ਹੈ। ਜਿੱਥੇ ਸਿਮਰਨ ਦੀ ਉਜਲੀ ਧੁੱਪ ਹੋਵੇ, ਉੱਥੇ ਦੁਖ ਅਤੇ ਵਿਘਨਾਂ ਦਾ ਹਨੇਰਾ ਨੇੜੇ ਨਹੀਂ ਢੁਕ ਸਕਦਾ। ਸਿਮਰਨ ਵਾਲਾ ਜਦੋਂ ਜਾਗਦਾ ਹੈ ਤਾਂ ਹੋਰ ਭੀ ਜਾਗਦਾ ਹੈ, ਜਦੋਂ ਸੌਂਦਾ ਹੈ ਤਾਂ ਜਾਗਣ ਨਾਲੋਂ ਭੀ ਵਧੇਰੇ ਜਾਗਦਾ ਹੈ। ਸਿਮਰਨ ਤੋਂ ਵੱਡਾ ਕੋਈ ਗਿਆਨ ਨਹੀਂ। ਸਿਮਰਨ ਤੋਂ ਵੱਡੀ ਕੋਈ ਨਾ ਉਪਾਸ਼ਨਾ ਹੈ, ਨਾ ਪੂਜਾ ਹੈ, ਨਾ ਭਗਤੀ ਹੈ। ਸਿਮਰਨ ਤੋਂ ਵੱਡਾ ਹੋਰ ਕੋਈ ਇਸ਼ਨਾਨ ਨਹੀਂ ਹੈ। ਸਿਮਰਨ ਨੂੰ ਪ੍ਰਵਾਨ ਕਰਨ ਵਾਲੀ ਬੁੱਧੀ ਹੀ ਅਸਲ ਵਿਚ ਤੱਤ ਬੁੱਧੀ ਹੈ।
ਭੈਣ ਕੂੰਜੇ, ਤੂੰ ਕੰਕਰਾਂ ਭੀ ਯਾਦ ਵਿਚ ਚੁਗਦੀ ਏਂ ਤੇ ਕੰਕਰਾਂ ਅਮਰ ਫਲ ਬਣ ਜਾਂਦੀਆਂ ਹਨ ਪਰ ਮੈਂ ਬਿਨਾ ਯਾਦ ਤੋਂ ਛੱਤੀ ਪਦਾਰਥ ਛਕ ਕੇ ਉਨ੍ਹਾਂ ਨੂੰ ਕੰਕਰਾਂ ਤੋਂ ਭੀ ਭੈੜਾ ਬਣਾ ਦੇਂਦਾ ਹਾਂ। ਤੂੰ ਕਦੇ ਦੂਰ ਨਹੀਂ ਹੁੰਦੀ ਪਰ ਮੈਂ ਪਾਠ ਕਰਦਾ ਹੋਇਆ ਭੀ ਪਾਠ ਦਾ ਨਖਲਸਤਾਨ ਛੱਡ ਕੇ ਦੂਰੀ ਦੇ ਰੇਗਿਸਤਾਨ ਵਿਚ ਮੱਚ ਰਿਹਾ ਹੁੰਦਾ ਹਾਂ।
ਮੈਂ ਇਸ ਸਾਗਰਾਂ ਦਾ ਅਭਿਮਾਨੀ ਬੁਲਬੁਲਾ ਹਾਂ, ਮੈਨੂੰ ਵਿਸ਼ਾਲ ਅਕਾਸ਼ ਨਾਲੋਂ ਆਪਣੇ ਚੁਫੇਰੇ ਫੈਲਾਏ ਪਤਲੇ ਪਾਣੀ ਦੇ ਅਕਾਸ਼ ਉੱਪਰ ਵਧੇਰੇ ਮਾਣ ਹੈ। ਮੈਂ ਚੰਦਾਂ, ਸੂਰਜਾਂ ਨਾਲੋਂ ਵਧੇਰੇ ਆਪਣਾ ਸਾਕ ਤੋੜ ਕੇ ਆਪਣੇ ਬੁਲਬੁਲੇ ਵਿਚ ਅਨੇਕਾਂ ਨਵੇਂ ਸੈਰ ਮੰਡਲ ਬਣਾ ਲਏ ਹਨ। ਸੂਰਜ ਅਤੇ ਸਾਗਰ, ਦੋਹਾਂ ਨੇ ਮੈਨੂੰ ਬੋਚਣ ਲਈ ਦੂਰ ਤਕ ਸੁਨਹਿਰੀ ਅਤੇ ਰੁਪਹਿਰੀ ਝੋਲੀਆਂ ਅੱਡੀਆਂ ਹਨ ਪਰ ਮੈਂ ਹਵਾ ਦੇ ਘੋੜੇ ਉੱਪਰ ਅਸਵਾਰ ਦੋਹਾਂ ਨੂੰ ਟਿੱਚਰਾਂ ਕਰਦਾ ਹਾਂ।
ਮੈਨੂੰ ਸੈਂਕੜੇ ਮੀਲਾਂ ਲੰਬੇ ਵਾਯੂ-ਮੰਡਲ ਵਿਚ ਸਾਹ ਲੈਣੇ ਚੰਗੇ ਨਹੀਂ ਲਗਦੇ, ਜਿਸ ਵਿਚ ਸਾਰੀ ਬਨਾਸਪਤੀ ਦੀ ਮਹਿਕ ਹੈ। ਮੈਨੂੰ ਸਾਗਰਾਂ ਦੀਆਂ ਬਾਈ ਬਾਈ ਫੁਟ ਦੀਆਂ ਲਹਿਰਾਂ ਨਾਲ ਉਛਲਣ ਦੇ ਟਾਕਰੇ ਤੇ ਬੁਲਬੁਲੇ ਵਾਂਗ ਤ੍ਰਭਕ ਤ੍ਰਭਕ ਕੇ ਤੁਰਨਾ ਚੰਗਾ ਲਗਦਾ ਹੈ।
ਮੈਂ ਸਾਗਰ ਦੀ ਗੋਦੀ ਨਾਲੋਂ ਆਪਣੀ ਗੋਦੀ ਵੱਡੀ ਮੰਨਦਾ ਹਾਂ, ਮੈਂ ਸਾਗਰ ਦੀ ਸ਼ਕਤੀ ਨਾਲੋਂ ਆਪਣੀ ਸ਼ਕਤੀ ਮਹਾਨ ਮੰਨਦਾ ਹਾਂ। ਉਪਾਸ਼ਨਾ ਦਾ ਅਰਥ ਹੈ ਨੇੜੇ ਹੋਣਾ, ਬਿਲਕੁਲ ਖਾਲੀ ਅਤੇ ਸੱਖਣਾ ਹੋਣਾ, ਆਪਣੇ ਅਤੇ ਗੁਰੂ ਦੇ ਵਿਚਕਾਰ ਕੁਝ ਆਉਣ ਨਾ ਦੇਣਾ। ਗੁਰੂਆਂ ਨੇ ਤੇ ਹਾਰ ਪਾਉਣ ਦਾ ਅਰਥ ਭੀ ਵਿੱਥ ਪਾਉਣੀ ਦੱਸਿਆ ਹੈ।
ਮੈਂ ਤੇਰੇ ਪਾਸ ਆਉਂਦਾ ਹਾਂ, ਪਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਮੇਰੇ ਇਕ ਹੱਥ ਵਿਚ ਲੋਭ ਦੇ ਹਲਕੇ ਕੁੱਤੇ ਦੀ ਡੋਰ ਹੁੰਦੀ ਹੈ। ਡੋੋਰ ਇਸਦੇ ਨਾਲ ਦੋ ਆਸਾਂ ਅਤੇ ਤ੍ਰਿਸ਼ਨਾ ਦੀਆਂ ਹਲਕੀਆਂ ਕੁੱਤੀਆਂ ਦੀਆਂ ਡੋਰਾਂ ਦੂਜੇ ਹੱਥ ਨਾਲ ਫੜੀਆਂ ਹੁੰਦੀਆਂ ਹਨ। ਇਹ ਭੌਂਕ-ਭੌਂਕ ਕੇ ਦਿਨ ਰਾਤ ਅਸਮਾਨ ਸਿਰ ਉੱਤੇ ਚੁੱਕੀ ਫਿਰਦੀਆਂ ਹਨ। ਇਨ੍ਹਾਂ ਨੂੰ ਮੈਂ ਨਹੀਂ ਲਈ ਫਿਰਦਾ ਸਗੋਂ ਇਹ ਮੈਨੂੰ ਆਪਣੀ ਮਰਜ਼ੀ ਅਨੁਸਾਰ ਘੜੀਸੀ ਫਿਰਦੀਆਂ ਹਨ।
ਜਦੋਂ ਮੈਂ ‘ਸੁਣਿਐ’ ਦੀਆਂ ਚਾਰ ਪਉੜੀਆਂ ਪੜ੍ਹਦਾ ਹਾਂ ਤਾਂ ਇਸ ਕੁਤੀਹੜ ਵਾਧੇ ਦੇ ਰੌਲੇ ਕਰਕੇ ਇਕ ਲਫਜ਼ ਭੀ ਮੈਨੂੰ ਸੁਣਾਈ ਨਹੀਂ ਦੇਂਦਾ। ਜਦੋਂ ‘ਮੰਨੈ’ ਦੀਆਂ ਚਾਰ ਪਉੜੀਆਂ ਪੜ੍ਹਦਾ ਹਾਂ ਤਾਂ ਉਸ ਵੇਲੇ ਮੇਰਾ ਮਨ ਆਪ ਹੀ ਹਾਜ਼ਰ ਨਹੀਂ ਹੁੰਦਾ। ਜਿੱਥੇ ਮਨ ਨਹੀਂ ਹਾਜ਼ਰ, ਉੱਥੇ ਮੰਨਣ ਦਾ ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ। ਮੈਂ ਤੇਰੇ ਦਰਵਾਜ਼ੇ ਉੱਪਰ ਹੋ ਰਿਹਾ ਕਦੇ ਕੀਰਤਨ ਨਹੀਂ ਸੁਣਿਆ ਜਿਸ ਨੂੰ ਸਾਰਾ ਬ੍ਰਹਿਮੰਡ ਮਿਲ ਕੇ ਗਾ ਰਿਹਾ ਹੈ।
ਜਦੋਂ ਮੈਂ ਤੇਰੇ ਸਾਗਰਾਂ ਦਾ ਅਭਿਮਾਨੀ ਬੁਲਬੁਲਾ ਹੁੰਦਾ ਹਾਂ ਤਾਂ ਮੈਂ ਸਾਗਰਾਂ ਦੀ ਨਹੀਂ, ਬੁਲਬੁਲੇ ਹੋਣ ਦੀ ਸੋਚਣੀ ਸੋਚਦਾ ਹਾਂ ਉਸ ਵੇਲੇ ਮੈਨੂੰ ਸਾਗਰਾਂ ਦੀ ਵਿਸ਼ਾਲਤਾ ਨਾਲੋਂ ਆਪਣੀ ਵਿਸ਼ਾਲਤਾ ਵੱਡੀ ਨਜ਼ਰ ਆਉਂਦੀ ਹੈ। ਆਪਣੇ ਆਪ ਨੂੰ ਅਸਗਾਹ ਅਤੇ ਸਾਗਰ ਨੂੰ ਗਾਹਣ ਮੰਨਦਾ ਹਾਂ। ਸੱਚ ਜਾਣੋ, ਮੈਂ ਬੁਲਬੁਲੇ ਦੇ ਰੂਪ ਵਿਚ ਜਨਮ ਲੈਂਦਾ ਹਾਂ, ਬਚਪਨ ਬਿਤਾਉਂਦਾ ਹਾਂ, ਜਵਾਨੀ ਲੰਘਾਉਂਦਾ ਹਾਂ ਅਤੇ ਬੁੱਢਾ ਬਣ ਕੇ ਤੇ ਡੰਗੋਰੀ ਫੜ ਕੇ ਤੁਰ-ਤੁਰ ਕੇ ਮਰਦਾ ਹਾਂ। ਕੀੜੇ, ਕੀੜਿਆਂ ਦੀ ਸੋਚਣੀ ਸੋਚ ਸਕਦੇ ਹਨ ਕੂੰਜਾਂ ਦੀ ਨਹੀਂ, ਇਕ ਕੋਸ਼ੀ ਜੀਵਾਂ ਦੇ ਆਪਣੇ ਰਾਜ਼ ਹੁੰਦੇ ਹਨ।
ਮੈਂ ਸਵੇਰ ਵੇਲੇ ਅਰਦਾਸ ਕਰਦਾ ਹਾਂ ਪਰ ਮੇਰੀ ਅਰਦਾਸ ਵਿਚ ਕਦੇ ਪ੍ਰਭਾਤ ਨਹੀਂ ਹੁੰਦੀ। ਪਹੁ ਨਹੀਂ ਫੁਟਦੀ, ਸਵੇਰ ਦਾ ਤਾਰਾ ਨਹੀਂ ਮਰਦਾ, ਠੰਡੀ ਅਤੇ ਸੁਗੰਧਤ ਹਵਾ ਨਹੀਂ ਰੁਮਕਦੀ, ਇਸ ਵਿਚ ਪੰਛੀਆਂ ਦਾ ਸੰਗੀਤ ਨਹੀਂ ਹੁੰਦਾ।
ਜਦੋਂ ਮੈਂ ਕਹਿੰਦਾ ਹਾਂ ‘ਮਨ ਨੀਵਾਂ’ ਮੇਰੇ ਮਨ ਦਾ ਸਿਰ ਉਸ ਵੇਲੇ ਭੀ ਅਕਾਸ਼ਾਂ ਨੂੰ ਛੁਹ ਰਿਹਾ ਹੁੰਦਾ ਹੈ, ਜਦੋਂ ਮੈਂ ਕਹਿੰਦਾ ਹਾਂ ‘ਮੱਤ ਉਚੀ’ ਮੇਰੀ ਮੱਤ ਦੀ ਧੌਣ ਉਸ ਵੇਲੇ ਭੀ ਮਨ ਦੇ ਭਾਰੇ ਅਤੇ ਕਰੜੇ ਗੋਡੇ ਦੇ ਹੇਠਾਂ ਹੁੰਦੀ ਹੈ ਅਤੇ ਉਹ ਮਨ ਦੇ ਭਾਰੀ ਭਾਰ ਹੇਠ ਕਰਾਹ ਰਹੀ ਹੁੰਦੀ ਹੈ।
ਮੈਂ ਦੇਗਾਂ ਆਪ ਛਕਦਾ ਹਾਂ ਪਰ ਦੇਗ ਚਲਾਉਂਦਾ ਕਦੇ ਨਹੀਂ। ਦੇਗ ਚਲਾਉਣ ਲਈ ਲੱਕੜਾਂ ਲਿਆਉਣੀਆਂ ਪੈਂਦੀਆਂ ਹਨ, ਖੂਹ ਵਿਚ ਡਿਗ ਕੇ ਵੀ ਲੱਕੜੀਆਂ ਸੁੱਕੀਆਂ ਰੱਖਣੀਆਂ ਪੈਂਦੀਆਂ ਹਨ। ਇਸ ਬੁਲਬੁਲੇ ਦੀ ‘ਹਉਂ’ ਵੱਡੀ ਹੈ, ਬੁਲਬੁਲਾ ਤਾਂ ਕੇਵਲ ਆਪਣੀ ਹਉਂ ਦਾ ਭਾਰ ਚੁੱਕ ਸਕਦਾ ਹੈ, ਲੱਕੜਾਂ ਦਾ ਨਹੀਂ। ਬੁਲਬੁਲਾ ਤਾਂ ਆਪਣੇ ਚੱਕਰ ਦੀ ਚੱਕੀ ਪੀਹ ਸਕਦਾ ਹੈ, ਲੰਗਰ ਲਈ ਚੱਕੀ ਨਹੀਂ ਪੀਹ ਸਕਦਾ। ਮੈਂ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਅਰਦਾਸ ਦੀ ਤੱਤੀ ਤਵੀ ਅਨੁਭਵ ਨਹੀਂ ਹੁੰਦੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਪਰ ਮੈਨੂੰ ਕਦੇ ਸੇਕ ਨਹੀਂ ਲੱਗਾ। ਮੇਰੇ ਸਾਹਮਣੇ ਸੱਥੇ ਅਤੇ ਹਥੌੜੇ ਨਾਲ ਖੋਪਰੀ ਲਥਦੀ ਹੈ, ਚਾਰ ਚੁਫੇਰੇ ਪਵਿੱਤਰ ਲਹੂ ਦੇ ਛਿੱਟੇ ਡਿਗਦੇ ਹਨ, ਪਰ ਮੇਰੇ ਕੱਪੜਿਆਂ ਨੂੰ ਕਦੇ ਭੀ ਸ਼ਹੀਦਾਂ ਨੇ ਸ਼ਹੀਦੀ ਦਾ ਰੰਗ ਨਹੀਂ ਚੜਾਇਆ। ਮੈਂ ਅਨੇਕਾਂ ਵਾਰ ਚਲਦੇ ਆਰਿਆਂ ਵਿਚ ਬੂਰੇ ਨਾਲ ਲੱਥ-ਪੱਥ ਹੋ ਕੇ ਡਿੱਠਾ ਹਾਂ ਪਰ ਸ਼ਹੀਦੀ ਦੇ ਆਰਿਆਂ ਦਾ ਮੇਰੇ ਉੱਪਰ ਕਦੇ ਪ੍ਰਭਾਵ ਨਹੀਂ ਪਿਆ।
ਮੈਂ ਅਰਦਾਸ ਨਹੀਂ ਕਰਦਾ, ਕੇਵਲ ਸ਼ਬਦ ਮਾਤਰ ਹੀ ਦੁਹਰਾਉਂਦਾ ਹਾਂ। ਮੇਰੇ ਸਾਹਮਣੇ ਕੇਵਲ ਸ਼ਬਦ ਆਉਂਦੇ ਹਨ। ਉਹ ਜੀਉਂਦੇ ਜਾਗਦੇ ਸ਼ਹੀਦੀ ਨਜ਼ਾਰੇ ਨਹੀਂ ਆਉਂਦੇ, ਜਿਨ੍ਹਾਂ ਨੂੰ ਅਰਦਾਸ ਦੇ ਸ਼ਬਦ ਜਣਾਉਂਦੇ ਹਨ।
ਸ਼ਾਮ ਦੀ ਅਰਦਾਸ ਵਿਚ ਕਹਿੰਦਾ ਹਾਂ, ਚਾਰ ਪਹਿਰ ਤੇਰੇ ਭਾਣੇ ਅੰਦਰ ਸੁੱਖ ਨਾਲ ਬਤੀਤ ਹੋਏ ਹਨ, ਪਰ ਇਹ ਸੱਚ ਹੈ ਕਿ ਮੈਂ ਕੇਵਲ ਹੁੰਦੇ ਕਾਰਜ ਹੀ ਵੇਖਦਾ ਹਾਂ, ਨੇੜੇ ਦੇ ਕਾਰਨ ਨੂੰ ਵੇਖ ਕੇ ਸੁਖੀ ਅਤੇ ਦੁਖੀ ਹੁੰਦਾ ਹਾਂ, ਕਦੇ ਭੀ ਇਨ੍ਹਾਂ ਕਾਰਜਾਂ ਅਤੇ ਕਾਰਨਾਂ ਦੇ ਮੂਲ ਮਹਾਂ ਕਾਰਨ ਤਕ ਮੇਰੀ ਨਜ਼ਰ ਨਹੀਂ ਪੁੱਜੀ।
ਮੇਰੀ ਸ਼ਾਮ ਦੀ ਅਰਦਾਸ ਵਿਚ ਕਦੇ ਇਕ ਰਾਤ ਦੀ ਸੰਧੀ ਨਹੀਂ ਹੁੰਦੀ। ਮੈਂ ਇਸ ਮਹਾਨ ਮਿਲਣੀ ਦੇ ਕਦੇ ਮੰਗਲ ਮਈ ਸੋਹਲੇ ਨਹੀਂ ਗਾਏ। ਮੈਂ ਕਦੇ ਸ਼ਾਮ ਵੇਲੇ ਆਰਤੀ ਕਰਨ ਲਈ ਗਗਨਾਂ ਦੇ ਥਾਲ ਤਿਆਰ ਹੁੰਦੇ ਨਹੀਂ ਡਿੱਠੇ।
ਮੈਂ ਰਾਤ ਵੇਲੇ ਸਾਰੇ ਸੰਸਾਰ ਦੀ ਮਹਾਂ ਸਮਾਧੀ ਨੂੰ ਲੱਗਦਿਆਂ ਕਦੇ ਅਨੁਭਵ ਨਹੀਂ ਕੀਤਾ। ਰਾਤਾਂ ਦੀਆਂ ਰਾਗਣੀਆਂ ਨੂੰ ਪ੍ਰਭੂ-ਯਾਦ ਦੀ ਨੀਂਦਰ ਵਿਚ ਜਗਤ ਨੂੰ ਲੋਰੀਆਂ ਦੇਂਦਿਆਂ ਨਹੀਂ ਤੱਕਿਆ।
ਇਸ ਲਈ ਤਰਲਾ ਲੈਂਦਾ ਹਾਂ, ਉਡ ਉਡ ਕੂੰਜੋ, ਮੇਰੇ ਵਿਹੜੇ ਵਿਚ ਆਵੋ। ਸਾਗਰਾਂ ਦੇ ਅਭਿਮਾਨੀ ਬੁਲਬੁਲੇ ਦੀ ‘ਹਉਂ’ ਤੋੜੋ ਅਤੇ ਆਪਣੇ ਨਾਲ ਹੀ ਸਿਮਰਨ ਦੀਆਂ ਲੰਮੀਆਂ ਉਡਾਰੀਆਂ ਮਾਰਨ ਦੀ ਜਾਚ ਦੱਸੋ, ਜਿਸ ਕਰਕੇ ਮੈਂ ਰਜ਼ਾ ਦੇ ਭਿਆਨਕ ਸਾਗਰਾਂ ਨੂੰ ਪਾਰ ਕਰ ਜਾਵਾਂ। ਤ੍ਰਿਸ਼ਨਾਵਾਂ ਦੇ ਰੇਗਿਸਤਾਨਾਂ ਦੇ ਉੱਪਰ ਉੱਪਰ ਦੀ ਲੰਘ ਜਾਵਾਂ। ਤੇਰੇ ਸਿਮਰਨ ਵਿਚ ਗੁੰਮ ਹੋ ਕੇ ਦੇਸ਼ ਅਤੇ ਕਾਲ ਦੀਆਂ ਹੱਦਾਂ ਮਿਟਾ ਦੇਵਾਂ।
(ਗੁ. ਪ੍ਰ. ੮/੧੯੬੮)
ਸ. ਨਰਿੰਦਰ ਸਿੰਘ ‘ਸੋਚ’
