ਡਾ. ਜਸਵੰਤ ਸਿੰਘ ਨੇਕੀ
ਸੰਨ ੧੯੮੬ ਈਸਵੀ ਦੀ ਗੱਲ ਹੈ। ਵਿਸ਼ਵ ਸੁਅਸਥ ਸੰਸਥਾ ਨੇ ਮੈਨੂੰ ਬਰਮਾ ਭੇਜਿਆ, ਉੱਥੇ ਮਾਨਸਿਕ ਸੁਅਸਥ ਦੀਆਂ ਸੇਵਾਵਾਂ ਕਾਇਮ ਕਰਨ ਵਿੱਚ ਮਦਦ ਕਰਨ ਲਈ।
ਅਸੀਂ ਤਿੰਨ ਜਣੇਂ ਸਾਂ-ਇੱਕ ਫਰਾਂਸੀਸੀ, ਇਕ ਬਰਤਾਨਵੀ ਤੇ ਇਕ ਮੈਂ ਹਿੰਦੁਸਤਾਨੀ। ਪੰਦਰਾਂ ਦਿਨ ਅਸੀਂ ਰੰਗੂਨ ਵਿੱਚ ਰਹੇ ਤੇ ਡਾਕਟਰਾਂ ਤੇ ਨਰਸਾਂ ਨੂੰ ਮਾਨਸਿਕ ਰੋਗੀਆਂ ਦੇ ਇਲਾਜ ਦੇ ਸਾਧਨਾਂ ਤੇ ਜੁਗਤਾਂ ਨਾਲ ਜਾਣੂ ਕਰਾਉਂਦੇ ਰਹੇ।
ਫਿਰ ਹਵਾਈ ਜਹਾਜ਼ ਰਾਹੀਂ ਅਸੀਂ ਮਾਂਡਲੇ ਚਲੇ ਗਏ। ਉੱਥੇ ਇੱਕ ਝੀਲ ਦੇ ਕਿਨਾਰੇ ਇਕ ਬੜੇ ਵੱਡੇ ਹੋਟਲ ਵਿੱਚ, ਜੋ ਰੂਸੀਆਂ ਨੇ ਬਣਾ ਕੇ ਦਿੱਤਾ ਸੀ, ਸਾਡਾ ਉਤਾਰਾ ਕੀਤਾ ਗਿਆ। ਅਸਾਂ ਦਸ ਦਿਨ ਉੱਥੇ ਰਹਿਣਾ ਸੀ ਤੇ ਫਿਰ ਰੰਗੂਨ ਪਰਤ ਕੇ ਚਾਰ ਪੰਜ ਦਿਨ ਉੱਥੇ ਰਹਿ ਕੇ ਘਰਾਂ ਨੂੰ ਪਰਤ ਜਾਣਾ ਸੀ।
ਮਾਂਡਲੇ ਕੀ ਪਹੁੰਚੇ, ਸਾਡੇ ਪਹੁੰਚਦੇ ਸਾਰ ਬਿਜਲੀ ਚਲੀ ਗਈ। ਪਤਾ ਲੱਗਾ ਕਿ ਸਾਰੇ ਬਰਮਾ ਦੀ ਬਿਜਲੀ ਚਲੀ ਗਈ ਹੈ। ਰੇਲਾਂ ਨਹੀਂ ਚੱਲਣਗੀਆਂ, ਪ੍ਰੈਸ ਤੇ ਟੀ.ਵੀ ਆਦਿ ਬੰਦ ਹੋ ਜਾਣਗੇ ਇਤਿਆਦਿ। ਸਾਡੇ ਹੋਟਲ ਵਿੱਚ ਦਿਨ ਵੇਲੇ ਵੀ ਹਨੇਰਾ ਰਹਿਣ ਲੱਗ ਪਿਆ। ਜਿੱਥੇ ਅਸਾਂ ਟ੍ਰੇਨਿੰਗ ਦੇਣੀ ਸੀ, ਉੱਥੇ ਵੀ ਹਨੇਰਾ ਵਰਤ ਰਿਹਾ ਸੀ। ਸੋ ਸਾਨੂੰ ਬਿਜਲੀ ਦੇ ਪਰਤਣ ਤਕ ਉਡੀਕਣਾ ਪੈਣਾ ਸੀ।
ਮੇਰੇ ਦੋਵੇਂ ਸਾਥੀ ਜੋ ਪੱਛਮ ਵਿੱਚੋਂ ਆਏ ਸਨ ਤੇ ਕਦੇ ਨਿਚੱਲੇ ਨਹੀਂ ਸਨ ਬੈਠੇ, ਬੜੇ ਤਿਲਮਿਲਾ ਰਹੇ ਸਨ। ਘੜੀ-ਮੁੜੀ ਦਫ਼ਤਰ ਜਾ ਜਾ ਕੇ ਪੁੱਛਣ, ਬਿਜਲੀ ਕਦੋਂ ਆਵੇਗੀ।
ਮੈਨੂੰ ਉੱਥੇ ਦਾ ਰਹਿਣ ਵਾਲਾ ਇਕ ਹਿੰਦੁਸਤਾਨੀ ਮਿਲਣ ਆ ਗਿਆ। ਮੈਂ ਉਸ ਨੂੰ ਨਹੀਂ ਸੀ ਜਾਣਦਾ। ਉਸ ਨੂੰ ਕਿਤਿਓਂ ਪਤਾ ਲੱਗਾ ਕਿ ਇਕ ਹਿੰਦੁਸਤਾਨੀ ਡਾਕਟਰ ਇੱਥੇ ਆਇਆ ਹੋਇਆ ਹੈ, ਸੋ ਉਹ ਮੈਨੂੰ ਮਿਲਣ ਆ ਗਿਆ। ਪਹਿਲਾਂ ਤਾਂ ਮੈਂ ਸੋਚਿਆ ਇਸ ਬੰਦੇ ਨੂੰ ਆਪਣੇ ਲਈ ਜਾਂ ਆਪਣੇ ਕਿਸੇ ਸੰਬੰਧੀ ਲਈ ਡਾਕਟਰੀ ਸੇਵਾ ਦੀ ਲੋੜ ਹੋਣੀ ਹੈ, ਸੋ ਮੇਰੇ ਪਾਸ ਆ ਗਿਆ ਹੈ। ਪਰ ਮੇਰਾ ਕਿਆਸ ਗ਼ਲਤ ਨਿਕਲਿਆ। ਉਹ ਤਾਂ ਮੇਰੀ ਮਦਦ ਕਰਨ ਆਇਆ ਸੀ। ਉਹ ਬੋਲਿਆ, “ਡਾਕਟਰ ਜੀ, ਤੁਹਾਨੂੰ ਭਗਵਾਨ ਜੀ ਨੇ ਏਕਾਂਤ ਬਖਸ਼ੀ ਹੈ। ਇਸ ਦਾ ਲਾਭ ਉਠਾਓ। ਇਕਾਂਤ ਵਿੱਚ ਐਸੀ ਆਤਮਿਕ ਅਵਸਥਾ ਕਾਇਮ ਹੋ ਸਕਦੀ ਹੈ ਜਿਸ ਵਿੱਚ ਅੰਦਰ ਚੁੱਪ ਵਰਤ ਸਕਦੀ ਹੈ। ਇਸ ਨੂੰ ਇਕੱਲਤਾ ਨਾ ਸਮਝੋ, ਰੱਬ ਦੇ ਸਮੀਪ ਹੋਣ ਦਾ ਅਵਸਰ ਸਮਝੋ। ਤੁਹਾਨੂੰ ਐਸੀ ਇਕਾਂਤ ਸ਼ਾਇਦ ਮੁੜ ਕਦੇ ਨਸੀਬ ਨਾ ਹੋਵੇ, ਜਿਸ ਵਿੱਚ ਕਿਸੇ ਨੇ ਮਿਲਣ ਨਹੀਂ ਆਉਣਾ, ਕੋਈ ਟੈਲੀਫ਼ੋਨ ਨਹੀਂ ਖੜਕਣਾ, ਕਿਸੇ ਮੀਟਿੰਗ ਵਿੱਚ ਹਾਜ਼ਰੀ ਨਹੀਂ ਦੇਣੀ, ਕਿਸੇ ਮਹਿਮਾਨ ਦੀ ਮਹਿਮਾਨ ਨਿਵਾਜ਼ੀ ਨਹੀਂ ਕਰਨੀ, ਕੋਈ ਕਿਤਾਬ ਨਹੀਂ ਪੜ੍ਹਨੀ, ਇੱਥੋਂ ਤਕ ਕਿ ਘਰ ਵਾਲੀ ਨੇ ਵੀ ‘ਵਾਜ ਨਹੀਂ ਮਾਰਨੀ। ਕੇਵਲ ਤੁਸੀਂ ਹੀ ਹੋਣੇ ਹੋ। ਹੋ ਜਾਓ ਆਪਣੇ ਰੱਬ ਸੱਚੇ ਅੱਗੇ-ਨੰਗੇ, ਨਿਸੰਕਤ, ਥੁੜਾਂ ਮਾਰੇ, ਟੁੱਟੇ ਹੋਏ, ਪਾਪਾਂ ਨਾਲ ਲਿਬੜੇ ਹੋਏ। ਫਿਰ ਆਪਣੀ ਇਕੱਲ ਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ। ਤਦ ਆਪਣੇ ਮਨ ਨੂੰ ਆਪਣੇ ਹਿਰਦੇ ਵਿੱਚ ਉਤਰਨ ਦੇਣਾ ਤੇ ਉੱਥੇ ਮੌਜੂਦ ਰੱਬ ਦੇ ਸਨਮੁੱਖ ਖੜ੍ਹੇ ਹੋ ਜਾਣਾ।”
ਉਹ ਤਾਂ ਥੋੜ੍ਹੇ ਚਿਰ ਮਗਰੋਂ ਇਜਾਜ਼ਤ ਲੈ ਕੇ ਚਲਾ ਗਿਆ, ਪਰ ਮੈਨੂੰ ਏਕਾਂਤ ਦੇ ਲਾਭ ਤੋਂ ਜਾਣੂ ਹੀਂ ਨਹੀਂ ਕਰਾ ਗਿਆ, ਸਗੋਂ ਇਹ ਲਾਭ ਉਠਾ ਸਕਣ ਦੀ ਵਿਧੀ ਵੀ ਦੱਸ ਗਿਆ।
ਮੈਂ ਲਾਉਂਜ ਵਿੱਚੋਂ ਉੱਠ ਕੇ ਆਪਣੇ ਹਨੇਰੇ ਕਮਰੇ ਵਿੱਚ ਚਲਾ ਗਿਆ ਤੇ ਜਿਵੇਂ ਉਸ ਮੈਨੂੰ ਦੱਸਿਆ ਸੀ, ਉਵੇਂ ਹੀ ਕੀਤਾ। ਮਨ ਨੂੰ ਹਿਰਦੇ ਵਿੱਚ ਉਤਰਨ ਦਿੱਤਾ ਤੇ ਉੱਥੇ ਮੌਜੂਦ, ਪਰ ਅਦਿੱਖ ਰੱਬ ਅੱਗੇ ਹੱਥ ਬੰਨ੍ਹ ਕੇ ਖਲੋ ਗਿਆ। ਤਦ ਮੈਨੂੰ ਜਾਪਿਆ ਕਿ ਮੇਰੇ ਪ੍ਰਾਣ ਉਹ ਅੰਦਰੋਂ ਬੈਠਾ ਆਪ ਚਲਾ ਰਿਹਾ ਹੈ। (੧੯੮੬)
