40 views 16 secs 0 comments

ਐਤਵਾਰ ਰਾਹੀਂ ਗੁਰ ਉਪਦੇਸ਼

ਲੇਖ
November 01, 2025

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ॥
ਆਪੇ ਵਰਤੈ ਅਵਰੁ ਨ ਕੋਈ॥ ਓਤਿ ਪੋਤਿ ਜਗੁ ਰਹਿਆ ਪਰੋਈ॥
ਆਪੇ ਕਰਤਾ ਕਰੈ ਸੁ ਹੋਈ॥
(ਅੰਗ ੮੪੧)

ਪਹਿਲਾਂ ‘ਐਤਵਾਰ’ ਦੇ ਨਾਮਕਰਨ ਬਾਰੇ ਜਾਣੀਏ ਤਾਂ ਮਹਾਨ ਕੋਸ਼ ਅਨੁਸਾਰ : ‘ਆਦਿਤ ਤੋਂ ਭਾਵ (ਆਦਿਤਯ) ਸੂਰਜ ਹੈ। ਐਤਵਾਰ ਜਾਂ ਆਇਤਵਾਰ ਨੂੰ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ Sun+Day ਵੀ ਇਹੋ ਭਾਵ ਰੱਖਦਾ ਹੈ। ਸੰਸਕ੍ਰਿਤ ਦੇ ਆਦਿਤਯ ਤੋਂ ਸਾਡੀ ਭਾਸ਼ਾ ਵਿਚ ਆਇਤ ਜਾਂ ਐਤ ਹੈ। ਦਸਮੇਸ਼ ਪਿਤਾ ਜੀ ਨੇ ਵੀ ‘ਜਾਪੁ ਸਾਹਿਬ’ ਵਿਚ ਸੂਰਜ ਲਈ ਕਿ ‘ਆਦਿਤ ਸੋਕੈ’ ਸ਼ਬਦ ਲਿਖਿਆ ਹੈ। ਹੋਰ ਪਿਛੋਕੜ ਵਿਚ ਐਤਵਾਰ ਦੇ ਨਾਮਕਰਨ ਬਾਰੇ ਜਾਣੀਏ ਤਾਂ ਇਕ ਮਿਥ ਅਨੁਸਾਰ ਸੂਰਜ ਦੀ ਮਾਤਾ ਆਦਿਤੀ ਹੈ। ਇਸ ਲਈ ਅਦਿਤੀ ਦੇ ਪੁੱਤਰ ਸੂਰਜ ਨੂੰ ਆਦਿਤ ਜਾਂ ਆਦਿਤਯ ਕਿਹਾ ਜਾਂਦਾ ਹੈ। ਸਮ ਅਰਥ ਕੋਸ਼ (ਕ੍ਰਿਤ: ਸਿੰਘ ਸਾਹਿਬ ਗਿ. ਕਿਰਪਾਲ ਸਿੰਘ ਜੀ) ਵਿਚ ਸੂਰਜ ਦੇ 195 ਨਾਮ ਹਨ। ਕੁਝ ਪ੍ਰਚੱਲਤ ਨਾਮ ਉਸ਼ਣ ਆਦਿਤ, ਆਫਤਾਬ, ਸ਼ਮਸ, ਦਿਨਦੀਪ, ਦਿਨੀਸ਼, ਪ੍ਰਭਾਕਰ, ਭਾਸਕਰ, ਰਵਿ, ਰਵੀ, ਰੈਨ, ਹਰਿ ਆਦਿ ਸਾਡੀ ਆਮ ਬੋਲ-ਚਾਲ ਵਿਚ ਵੀ ਹਨ।
ਹੁਣ ਲੋਕ ਮੱਤ ਅਨੁਸਾਰ ਇਸ ਦਿਨ ਪ੍ਰਤੀ ਵਿਸ਼ਵਾਸ ਕੀ ਹਨ ਕਿ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਮਾੜੇ ਹੁੰਦੇ ਹਨ।
ਇਸੇ ਤਰਾਂ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਕਿਸੇ ਦੇ ਘਰ ਅਫਸੋਸ ਕਰਨ ਲਈ ਵੀ ਨਹੀਂ ਜਾਣਾ ਚਾਹੀਦਾ। ਦੂਜੇ ਪਾਸੇ ਇਹ ਵੀ ਵਿਸ਼ਵਾਸ ਹੈ ਕਿ ਐਤਵਾਰ ਨੂੰ ਗਹਿਣੇ ਪਹਿਨਣਾ ਤੇ ਖਰੀਦਣਾ ਸ਼ੁਭ ਹੁੰਦਾ ਹੈ। ਲੋਕ ਅਖਾਣ ਹੈ:

ਬੁੱਧ ਸ਼ਨਿਚਰ ਕੱਪੜੇ, ਗਹਿਣੇ ਐਤਵਾਰ।

ਪੁਰਾਣੇ ਸਮੇਂ ‘ਚ ਬਾਣੀਏ ਲੋਕ ਹੱਟੀਆਂ ਦੀਆਂ ਚੌਕੜੀਆਂ ਉਤੇ ਪੋਚਾ ਫੇਰਦੇ ਸਨ ਕਿ ਹਫ਼ਤਾ ਭਰ ਗਾਹਕੀ ਚੰਗੀ ਹੁੰਦੀ ਹੈ ਤੇ ਐਤਵਾਰ ਦੀ ਪਹਿਚਾਣ ਹੀ ਇਹ ਸੀ ਕਿ :

ਐਤਵਾਰ ਤਾਂ ਜਾਣੀਏ,
ਜੇ ਹੱਟਾਂ ਲਿਪਣ ਬਾਣੀਏ।

ਇਸੇ ਤਰਾਂ ਕੁਝ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਐਤਵਾਰ ਸੂਰਜ ਦਾ ਜਨਮ ਹੋਇਆ ਸੀ। ਇਸ ਲਈ ਐਤਵਾਰ ਵਰਤ ਰੱਖਿਆਂ ਉਮਰ ਲੰਮੀ ਹੁੰਦੀ ਹੈ, ਭੈੜੇ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਇਸ ਨਾਲ ਇਕ ਫਾਇਦਾ ਵੀ ਹੁੰਦਾ ਹੈ ਕਿ ਦੁਸ਼ਮਣ ਦਾ ਨੁਕਸਾਨ ਹੁੰਦਾ ਹੈ।

ਅਜੋਕਾ ਵਿਗਿਆਨ ਸੂਰਜ ਨੂੰ ਖਰਬਾਂ ਸਾਲ ਪਹਿਲਾਂ ਹੋਂਦ ਵਿਚ ਆਇਆ ਮੰਨਦਾ ਹੈ। ਇਸ ਸ੍ਰਿਸ਼ਟੀ ਉੱਪਰ ਸਭਨਾਂ ਦੇ ਜੀਵਨ ਦਾ ਆਧਾਰ ਸੂਰਜ ਹੈ ਅਤੇ ਸ਼ਕਤੀ ਦਾ ਮੁੱਖ ਸੋਮਾ ਹੈ। ਗੁਰੂਤਾ ਆਕਰਸ਼ਣ ਕਰਕੇ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਪਰ ਸੂਰਜ ਕਦੇ ਵੀ ਅਸਤ ਨਹੀਂ ਹੁੰਦਾ। ਸੂਰਜ ਸਦਾ ਹੀ ਪ੍ਰਕਾਸ਼ਮਈ ਹੈ। ਇੱਥੇ ਇਕ ਸੰਦੇਸ਼ ਵੀ ਹੈ ਕਿ ਦੁਨੀਆਂ ਦੇ ਲੋਕੋ ! ਆਪਣਾ ਸੁਭਾਅ ਉਸ ਸੂਰਜ ਵਰਗਾ ਬਣਾਓ ਜੋ ਬਿਨਾਂ ਭੇਦਭਾਵ ਦੇ ਸਭਨਾਂ ਨੂੰ ਪ੍ਰਕਾਸ਼ ਦਿੰਦਾ ਹੈ। ਇਥੋਂ ਤੱਕ ਕਿ ਚੰਦਰਮਾ ਵੀ ਸੂਰਜ ਦੀ ਰੌਸ਼ਨੀ ਨਾਲ ਹੀ ਚਮਕਦਾ ਹੈ। ਸੂਰਜ ਸਭਨਾਂ ਦੇ ਜੀਵਨ ਦਾ ਅਧਾਰ ਹੋਣ ਕਰਕੇ ਭਾਰਤੀ ਸੱਭਿਆਚਾਰ ਵਿਚ ਐਤਵਾਰ ਦੇ ਨਾਲ ਅਨੇਕਾਂ ਲੋਕ ਵਿਸ਼ਵਾਸ, ਬੇਅੰਤ ਵਹਿਮ ਤੇ ਅੰਧਵਿਸ਼ਵਾਸ ਵੀ ਜੁੜੇ ਹੋਏ ਹਨ। ਲੋਕ ਵਿਸ਼ਵਾਸ ਅਨੁਸਾਰ ਇਸ ਦਿਨ ਸੂਰਜ ਨੂੰ ਨਮਸਕਾਰ ਕੀਤਿਆਂ ਸਾਰਾ ਦਿਨ ਚੰਗਾ ਲੰਘਦਾ ਹੈ। ਕੁਝ ਲੋਕਾਂ ਵਿਚ ਐਤਵਾਰ ਦਰਿਆ ਪਾਰ ਕਰਨਾ ਬੁਰਾ ਮੰਨਿਆਂ ਜਾਂਦਾ ਤੇ ਵਿਸ਼ਵਾਸ ਹੈ ਕਿ :

ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜ਼ੀ ਆਈਏ ਹਾਰ।

ਇਉਂ ਹੀ ਵੀਰਵਾਰ ਵਾਂਗ ਇਹ ਵੀ ਵਿਸ਼ਵਾਸ ਹੈ, ਐਤਵਾਰ ਦੀ ਝੜੀ ਕੋਠਾ ਨਾ ਕੜੀ ਭਾਵ ਐਤਵਾਰ ਦੀ ਝੜੀ ਵੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ।

ਹੁਣ ਗੁਰਮਤਿ ਦੀ ਦ੍ਰਿਸ਼ਟੀ ਤੋਂ ਨਿਰਮਲ ਪੰਥ ਦੇ ਵਾਰਸਾਂ ਨੂੰ, ਜੋ ਐਤਵਾਰ ਰਾਹੀਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਸਿੱਖ ਸਮਾਜ ਨੇ ਉਸ ਉੱਪਰ ਅਮਲ ਕਰਨਾ ਹੈ ਤੇ ਹੋਰ ਕਿਸੇ ਭਰਮ-ਪਖੰਡ ਵਿਚ ਨਹੀਂ ਪੈਣਾ। ਇਸ ਰਚਨਾ ਦੇ ਅਰੰਭ ਵਿਚ ਦਿੱਤੀਆਂ ਪੰਕਤੀਆਂ ਦਾ ਭਾਵ, ਜੋ ‘ਅਦਿਤ ਵਾਰ (ਐਤਵਾਰ) ਰਾਹੀਂ ਗੁਰ-ਉਪਦੇਸ਼ ਹੈ ਕਿ ਉਹ ਅਕਾਲ ਪੁਰਖ ਆਪ ਹੀ ਸਭ ਥਾਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਉਸ ਪ੍ਰਭੂ ਨੇ ਸਾਰੇ ਜਗਤ ਨੂੰ ਤਾਣੇ-ਪੇਟੇ ਵਾਂਗ ਪਰੋਇਆ ਹੈ ਤੇ ਉਹੀ ਹੁੰਦਾ ਹੈ ਜੋ ਕਰਤਾਰ ਆਪ ਕਰਦਾ ਹੈ।

ਅਗਲੀ ਪੰਕਤੀ ਹੈ :

ਨਾਮਿ ਰਤੇ ਸਦਾ ਸੁਖੁ ਹੋਈ॥ ਗੁਰਮੁਖਿ ਵਿਰਲਾ ਬੁਝੈ ਕੋਈ॥
(ਅੰਗ ੮੪੧)

ਪ੍ਰਭੂ ਦੇ ਨਾਮ ਵਿਚ ਰੰਗੇ ਮਨੁੱਖ ਨੂੰ ਸਦਾ ਸੁੱਖ ਮਿਲਦਾ ਹੈ, ਪਰ ਵਿਰਲੇ ਗੁਰਮੁਖ ਹੀ ਇਹ ਗੱਲ ਸਮਝਦੇ ਹਨ :

ਹਿਰਦੈ ਜਪਨੀ ਜਪਉ ਗੁਣਤਾਸਾ॥
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ
ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ॥੧॥
(ਅੰਗ ੮੪੧)

ਹੇ ਭਾਈ ! ਮੈਂ ਆਪਣੇ ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ ਇਕ ਪ੍ਰਭੂ ਦਾ ਨਾਮ ਜਪਦਾ ਹਾਂ। ਉਹ ਪ੍ਰਭੂ ਅਪਹੁੰਚ, ਪਰੇ ਤੋਂ ਪਰੇ ਹੈ, ਮੈਂ ਤਾਂ ਉਸ ਦੀ ਬੰਦਗੀ ਕਰਨ ਵਾਲੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ। ਇਸੇ ਤਰ੍ਹਾਂ ਗੁਰਮਤਿ ਦ੍ਰਿੜ ਕਰਵਾਉਂਦਿਆਂ ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਉਂ ਵੀ ਸੁਚੇਤ ਕੀਤਾ ਹੈ:

ਮਾਨਸਰ ਤਿਆਗਿ ਆਨ ਸਰ ਜਾਇ ਬੈਠੇ ਹੰਸੁ, ਖਾਇ ਜਲ-ਜੰਤ ਹੰਸ ਬੰਸਹਿ ਲਜਾਵਈ॥
(ਕਬਿੱਤ ਸਵੱਯੇ)

ਸਾਡੇ ਸਮਾਜ ਵਿਚ ਦਿਨਾਂ/ਵਾਰਾਂ ਪ੍ਰਤੀ ਵੀ ਭਰਮਾਂ ਦੀ ਭਰਮਾਰ ਹੈ। ਸੱਤਾਂ ਵਾਰਾਂ ਨਾਲ ਅਨੇਕਾਂ ਅੰਧ-ਵਿਸ਼ਵਾਸ ਤੇ ਫੋਕਟ ਵਿਚਾਰਾਂ ਜੁੜੀਆਂ ਹੋਈਆਂ ਹਨ। ਸਤਿਗੁਰਾਂ ਨੇ ਗੁਰਬਾਣੀ ਵਿਚ ‘ਵਾਰ ਸਤਾ ਰਾਹੀਂ ਨਿਰਮਲ ਪੰਥ ਦੇ ਵਾਰਸਾਂ ਨੂੰ ਉਪਦੇਸ਼ ਕੀ ਦਿੱਤਾ ਹੈ ਅਤੇ ਆਮ ਸਮਾਜ ਮੰਨੀ ਕੀ ਜਾ ਰਿਹਾ ਹੈ, ਇਸ ਸੰਬੰਧੀ ਹੀ ਅਸੀਂ ਲੜੀਵਾਰ ਵਿਚਾਰਾਂ ਕਰਾਂਗੇ। ਅੱਜ ਹਰੇਕ ਗੁਰੂ ਨਾਨਕ ਨਾਮ ਲੇਵਾ ਦਾ ਇਹ ਦ੍ਰਿੜ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਦਸ ਗੁਰੂ ਸਾਹਿਬਾਨ ਨੇ ਭਾਰਤੀ ਸੱਭਿਆਚਾਰ ਵਿਚ ਜੋ ਸਿੱਖ ਸੱਭਿਆਚਾਰ ਸਿਰਜਿਆ ਉਸ ਦੀਆਂ ਮੰਨਤਾਂ-ਮਨਾਉਤਾਂ ਆਮ ਲੋਕ-ਮਾਨਤਾਵਾਂ ਤੋਂ ਭਿੰਨ ਹਨ। ਜਿਵੇਂ ਲੋਕ ਮੁਹਾਵਰਾ ਹੈ ਬੁੱਧ ਕੰਮ ਸੁੱਧ ਪਰ ਗੁਰਮਤਿ ਦੀ ਕਸਵੱਟੀ ‘ਤੇ ਪਰਖੋ ਤਾਂ ਇਸ ਨੂੰ ਕੋਈ ਮਾਨਤਾ ਨਹੀਂ ਹੈ ਕਿਉਂਕਿ ਸਾਡੀ ਸੋਚ ਤੇ ਕਰਮ ਚੰਗਾ ਹੋਣਾ ਚਾਹੀਦਾ ਹੈ, ਦਿਨ ਸਾਰੇ ਹੀ ਸ਼ੁਭ ਤੇ ਸ਼ੁੱਧ ਹਨ। ਸ੍ਰੀ ਗੁਰੂ ਅਮਰਦਾਸ ਜੀ ਦਾ ਉਪਦੇਸ਼ ਹੈ,

“ਥਿਤੀ ਵਾਰ ਸੇਵਹਿ ਮੁਗਧ ਗਵਾਰ”

ਭਾਵ – ਥਿਤਾਂ ਤੇ ਵਾਰਾਂ ਦੀ ਵਿਚਾਰ ਕਰਨ ਵਾਲੇ ਅਤਿ ਮੂਰਖ ਹਨ।

ਹੁਣ ਤੱਤ ਗਿਆਨ ਇਹ ਹੈ ਕਿ ਜੇ ਗੁਰਮਤਿ ਅਨੁਸਾਰ ਜੀਵਨ ਜੀਵੀਏ ਤਾਂ ਭਰਮ ਮੁਕਤ ਹੋਵਾਂਗੇ ਪਰ ਜੇਕਰ ਲੋਕ ਮੱਤ ਜਾਂ ਮਨਮਤਿ ਅਨੁਸਾਰ ਵਿਚਰਾਂਗੇ ਤਾਂ ਇਹ ਭਰਮ-ਪਖੰਡ ਸਾਨੂੰ ਸਫਲ ਜੀਵਨ ਨਹੀਂ ਜਿਊਣ ਦੇਣਗੇ।

ਸਤਵਾਰ-ਕਾਵਿ ਰੂਪ ਦੀ ਪ੍ਰਸਿੱਧ ਵੰਨਗੀ ਹੈ। ਬਾਰਹ ਮਾਹਾ ਦੀ ਤਰ੍ਹਾਂ ਸਤ ਵਾਰ ਰਾਹੀਂ ਵੀ ਗੁਰਬਾਣੀ ਵਿਚ ਰੂਹਾਨੀ ਉਪਦੇਸ਼ ਹੈ। ਭਗਤ ਕਬੀਰ ਜੀ ਨੇ ਰਾਗ ਗਉੜੀ ਵਿਚ

‘ਵਾਰ ਕਬੀਰ ਜੀਉ ਕੇ’ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਰਾਗ ਬਿਲਾਵਲ ਵਿਚ ‘ਵਾਰ ਸਤਾ ਰਾਹੀਂ ਉਪਦੇਸ਼ ਬਖ਼ਸ਼ਿਸ਼ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਨ੍ਹਾਂ ਦੋਵਾਂ ਬਾਣੀਆਂ ਦੀ ਸ਼ੁਰੂਆਤ ਆਦਿਤ ਵਾਰ (ਐਤਵਾਰ) ਤੋਂ ਸ਼ੁਰੂ ਹੋ ਕੇ ਸਨਿਚਰਵਾਰ ‘ਤੇ ਸੰਪੂਰਨ ਹੁੰਦੀ ਹੈ।
ਜੇਕਰ ‘ਹੰਸ’ ਮਾਨ ਸਰੋਵਰ ਛੱਡ ਕੇ ਕਿਸੇ ਹੋਰ ਤਲਾਬ ‘ਤੇ ਜਾ ਬੈਠੇ ਅਤੇ ਬਗਲਿਆਂ ਵਾਂਗ ਉਥੋਂ ਜਲ ਦੇ ਜੰਤੂਆਂ ਨੂੰ ਖਾਣ ਲੱਗ ਪਵੇ ਤਾਂ ਉਹ ਹੰਸਾਂ ਦੀ ਕੁਲ ਨੂੰ ਸ਼ਰਮਿੰਦਾ ਕਰੇਗਾ। ਇਸੇ ਤਰ੍ਹਾਂ ਸਿੱਖ ਸਮਾਜ ਵੀ ਲੋਕਮਤਿ ਅਤੇ ਗੁਰਮਤਿ ਨੂੰ ਸਮਝੇ, ਤਾਂ ਹੀ ਫੋਕਟ ਭਰਮਾਂ ਤੇ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ, ਨਹੀਂ ਤਾਂ ਦਿਨਾਂ-ਦਿਹਾਰਾਂ ਦੇ ਭਰਮ ਪਾ ਕੇ ਆਰਥਿਕ ਤੇ ਬੌਧਿਕ ਲੁੱਟ ਕਰਨ ਵਾਲਾ ਤਬਕਾ ਤਾਂ ਪੂਰੀ ਤਰ੍ਹਾਂ ਸਰਗਰਮ ਹੈ। ਅਸੀਂ ਗੁਰੂ ਦੇ ਉਪਦੇਸ਼ ਉੱਪਰ ਭਰੋਸਾ ਰੱਖਣਾ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ