ਐਮ.ਪੀ. ਭਾਈ ਸਰਬਜੀਤ ਸਿੰਘ ਨੇ ਜੰਗਲ ਕਟਾਈ ‘ਤੇ ਰੋਕ ਲਗਵਾਉਣ ਲਈ ਸਪੀਕਰ ਨੂੰ ਲਿਖਿਆ

ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਹੈਦਰਾਬਾਦ ਯੁਨੀਵਰਸਿਟੀ ਦੇ ਨੇੜੇ ਕਾਂਚਾ ਗਾਸੀਹਬੋਵਿਲ ਖੇਤਰ ਦਾ 400 ਏਕੜ ਜੰਗਲ ਕੱਟਣ ਦੀ ਕਾਰਵਾਈ ਰੁਕਵਾਉਣ ਲਈ ਲੋਕ ਸਭਾ ਦੇ ਮਾਨਯੋਗ ਸਪੀਕਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ। ਭਾਈ ਖ਼ਾਲਸਾ ਨੇ ਕਿਹਾ ਕਿ ਪੂਰੇ ਵਿਸ਼ਵ ਅੰਦਰ ਰੁੱਖਾਂ/ਜੰਗਲ ਦੀ ਅਹਿਮੀਅਤ ਦਰਸਾਉਣ ਲਈ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਖਾਸਕਰ ਭਾਰਤ ਦੀ ਵਾਤਾਵਰਣ ਦੀ ਮਾੜੀ ਸਥਿਤੀ ਦੇ ਮੱਦੇਨਜ਼ਰ ਪੂਰੇ ਭਾਰਤ ਅੰਦਰ ਕੋਈ ਵੀ ਜੰਗਲ ਨਹੀਂ ਕੱਟਿਆ ਜਾਣਾ ਚਾਹੀਦਾ।

ਐਮ.ਪੀ. ਭਾਈ ਖ਼ਾਲਸਾ ਨੇ ਪੱਤਰ ਵਿਚ ਇਹ ਵੀ ਕਿਹਾ ਕਿ ਇਹ ਜੰਗਲ ਸਿਰਫ਼ ਰੁੱਖਾਂ ਦਾ ਝੁੰਡ ਨਹੀਂ, ਸਗੋਂ ਸੈਂਕੜਿਆਂ ਪੰਛੀਆਂ ਤੇ ਜਾਨਵਰਾਂ ਦਾ ਹੈ ਜੋ ਕੁਦਰਤ ਦਾ ਅਨਿੱਖੜਵਾ ਹਿੱਸਾ ਹਨ। ਇਹ ਖੇਤਰ ਸਾਹ ਲੈਣ ਵਾਲੇ ਹਰੇ ਫੇਫੜੇ ਵਾਂਗ ਕੰਮ ਕਰਦਾ ਸੀ, ਜੋ ਸਿਰਫ਼ ਹੈਦਰਾਬਾਦ ਵਾਸੀਆਂ ਲਈ ਨਹੀਂ, ਸਗੋਂ ਸਮੂਹ ਦੱਖਣੀ ਭਾਰਤ ਲਈ ਇੱਕ ਵਡਾ ਆਕਸੀਜਨ ਜਨਰੇਟਰ ਹੈ। ਪਰ ਦੁਖੀ ਦਿਲ ਨਾਲ ਦੱਸਣਾ ਪੈ ਰਿਹਾ ਹੈ ਕਿ ਤੇਲੰਗਾਨਾ ਰਾਜ ਦੀ ਮੌਜੂਦਾ ਸਰਕਾਰ ਇਸ ਜੰਗਲ ਨੂੰ ਕੱਟਣ ਦੀ ਇਜਾਜ਼ਤ ਦੇ ਰਹੀ ਹੈ। ਭਾਈ ਖ਼ਾਲਸਾ ਨੇ ਮਾਨਯੋਗ ਸਪੀਕਰ ਸਾਹਿਬ ਨੂੰ ਜੰਗਲ ਦੀ ਕਟਾਈ ਉੱਪਰ ਤੁਰੰਤ ਰੋਕ ਲਗਵਾਉਣ ਅਤੇ ਇਸ ਕਾਰਵਾਈ ਦੀ ਜਾਂਚ ਕਰਵਾਉਣ ਲਈ ਬੇਨਤੀ ਕੀਤੀ।