ਬਾਬਾ ਦੀਪ ਸਿੰਘ ਜੀ ਦਾ ਜਨਮ ਅੰਮ੍ਰਿਤਸਰ (ਹੁਣ ਤਰਨਤਾਰਨ) ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਕਿਰਤੀ ਕਿਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਭਾਗਾਂਭਰੀ ਕੁੱਖ ਤੋਂ ਜਨਵਰੀ 1682 ਮੁਤਾਬਕ ਮਾਘ ਮਹੀਨੇ ਸੰਮਤ 1739 ਨੂੰ ਹੋਇਆ। ਆਪ ਜੀ ਦਾ ਪਾਲਣ-ਪੋਸ਼ਣ ਪਹੂਵਿੰਡ ’ਚ ਹੀ ਹੋਇਆ। ਅਨੰਦਪੁਰ ਸਾਹਿਬ ਤੋਂ ਆਪ ਜੀ ਨੇ ਆਪਣੇ ਮਾਤਾ-ਪਿਤਾ ਸਮੇਤ ਦਸਮੇਸ਼ ਪਿਤਾ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਅੰਮ੍ਰਿਤ ਛਕਣ ਉਪਰੰਤ ਅਨੰਦਪੁਰ ਸਾਹਿਬ ਹੀ ਟਿਕ ਗਏ।
ਆਪ ਜੀ ਹਰ ਵੇਲੇ ਗੁਰਬਾਣੀ ਪਾਠ ਕਰਨ ਤੇ ਸਿਮਰਨ ’ਚ ਬਿਰਤੀ ਜੋੜੀ ਰੱਖਦੇ। ਅਨੰਦਪੁਰ ਸਾਹਿਬ ’ਚ ਹੀ ਆਪ ਜੀ ਨੇ ਸ਼ਾਸਤਰ ਤੇ ਸ਼ਸਤਰ ਵਿੱਦਿਆ ਹਾਸਲ ਕੀਤੀ। ਆਪ ਜੀ ਸੁਡੋਲ ਸਰੀਰ ਤੇ ਦ੍ਰਿੜ ਇਰਾਦੇ ਦੇ ਮਾਲਕ ਸਨ।
ਨਿਭਾਈ ਗੁਰਬਾਣੀ ਪ੍ਰਚਾਰ ਦੀ ਸੇਵਾ:-
ਬਾਬਾ ਦੀਪ ਸਿੰਘ ਜੀ ਪ੍ਰੋੜ ਵਿਦਵਾਨ, ਮਹਾਨ ਸੂਰਬੀਰ, ਸੇਵਾ ਦੇ ਪੁੰਜ ਅਤੇ ਬਾਣੀ ਦੇ ਰਸੀਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ’ਚ ਆਪ ਜੀ ਨੇ ਸਰਗਰਮੀ ਨਾਲ ਹਿੱਸਾ ਲਿਆ। ਧੀਰਮੱਲੀਆਂ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ। ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ। ਇੱਥੋਂ ਹੀ ਦਮਦਮੀ ਟਕਸਾਲ ਆਰੰਭ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਜ਼ੇਬ ਨਾਲ ਮੁਲਾਕਾਤ ਲਈ ਦੱਖਣ ਨੂੰ ਜਾਣ ਲੱਗੇ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਬਖ਼ਸ਼ਿਸ਼ ਕੀਤੀ। ਬਾਬਾ ਜੀ ਨੇ ਇਹ ਕਾਰਜ ਬੜੇ ਪਿਆਰ ਅਤੇ ਸ਼ਰਧਾ ਨਾਲ ਨਿਭਾਇਆ।
ਆਪ ਜੀ ਆਏ-ਗਏ ਦੀ ਬੜੇ ਪਿਆਰ ਨਾਲ ਟਹਿਲ-ਸੇਵਾ ਕਰਦੇ। ਗੁਰਬਾਣੀ ਪਾਠ ਅਤੇ ਅਰਥ ਬੋਧ ਦੀ ਸਿੱਖਿਆ ’ਚ ਵੀ ਭਾਰੀ ਹਿੱਸਾ ਪਾਇਆ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ ਜੋ ਵੱਖ-ਵੱਖ ਤਖ਼ਤ ਸਾਹਿਬਾਨ ’ਤੇ ਭੇਜੇ ਗਏ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੰਗਾਂ ’ਚ ਹਿੱਸਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਆਪ ਜੀ ਫਿਰ ਦਮਦਮਾ ਸਾਹਿਬ ਟਿਕ ਗਏ ਅਤੇ ਗੁਰਬਾਣੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਰਹੇ।
ਬੜੀ ਬਹਾਦਰੀ ਨਾਲ ਕੀਤਾ ਸਾਹਮਣਾ:-
ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੀ ਜਥੇਦਾਰੀ ਦੇ ਨਾਲ-ਨਾਲ ਧਰਮ-ਪ੍ਰਚਾਰ ’ਚ ਜੁੱਟੇ ਰਹੇ। 1757 ਈਸਵੀ ’ਚ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਜਾਂਦਿਆਂ ਲਾਹੌਰ ਰੁਕਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਦੀ ਲੁੱਟ-ਮਾਰ ਕੀਤੀ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ। ਅੰਮਿ੍ਰਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ।
ਬਾਬਾ ਦੀਪ ਸਿੰਘ ਜੀ ਨੂੰ ਜਦੋਂ ਗੁਰਧਾਮਾਂ ਦੀ ਬੇਅਦਬੀ ਹੋਣ ਬਾਰੇ ਪਤਾ ਲੱਗਾ ਤਾਂ ਇਲਾਕੇ ਦੇ ਸਿੰਘਾਂ ਨੂੰ ਇਕੱਠਾ ਕਰ ਕੇ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਸਰ ਨੂੰ ਚਾਲੇ ਪਾ ਦਿੱਤੇ। ਸਿਰਲੱਥ ਸੂਰਮਿਆਂ ਦਾ ਜਥਾ ਜਦੋਂ ਤਰਨਤਾਰਨ ਨਜ਼ਦੀਕ ਪੁੱਜਾ ਤਾਂ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਮੁਗ਼ਲ ਜਰਨੈਲ ਜਹਾਨ ਖ਼ਾਨ ਨੂੰ ਬਾਬਾ ਦੀਪ ਸਿੰਘ ਜੀ ਦੀ ਅਗਵਾਈ ’ਚ ਹੋਣ ਵਾਲੇ ਹਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਜਰਨੈਲ ਅਤਾਈ ਖ਼ਾਨ ਨੂੰ ਹਮਲੇ ਦਾ ਟਾਕਰਾ ਕਰਨ ਲਈ ਭੇਜਿਆ। ਗੋਹਲਵੜ ਦੇ ਸਥਾਨ ’ਤੇ ਦੋਵੇਂ ਫ਼ੌਜਾਂ ’ਚ ਟੱਕਰ ਹੋਈ। ਜਹਾਨ ਖ਼ਾਨ ਵੀ ਦੋ ਹਜ਼ਾਰ ਅਫਗਾਨੀ ਸਿਪਾਹੀ ਲੈ ਕੇ ਗੋਹਲਵੜ ਦੇ ਸਥਾਨ ’ਤੇ ਆ ਡਟਿਆ। ਪਹਿਲੇ ਹੀ ਹੱਲੇ ’ਚ ਜਹਾਨ ਖ਼ਾਨ ਦੇ ਸਿਪਾਹੀਆਂ ਦੇ ਪੈਰ ਉੱਖੜ ਗਏ ਅਤੇ ਉਹ ਰਣ-ਖੇਤਰ ’ਚੋਂ ਭੱਜ ਉੱਠੇ। ਜਰਨੈਲ ਅਤਾਈ ਖ਼ਾਨ ਵੀ ਫ਼ੌਜ ਦਾ ਵੱਡਾ ਦਲ ਲੈ ਕੇ ਆ ਗਿਆ ਸੀ। ਘਮਸਾਨ ਦਾ ਯੁੱਧ ਹੋਇਆ। ਸਿੰਘ ਆਪਣੇ ਪਾਵਨ ਤੀਰਥ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ। ਇਨ੍ਹਾਂ ਨੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ।
ਬੜਾ ਗਹਿਗੱਚ ਘਮਸਾਨ ਦਾ ਯੁੱਧ ਹੋਇਆ। ਦੋਵੇਂ ਪਾਸਿਓਂ ਬਰਾਬਰ ਦੇ ਹਥਿਆਰ ਚੱਲ ਰਹੇ ਸਨ। ਇਸ ਯੁੱਧ ਦਾ ਜ਼ਿਕਰ ਕਰਦਿਆਂ ਗਿਆਨੀ ਗਿਆਨ ਸਿੰਘ ਲਿਖਦੇ ਹਨ :
ਚਲੀ ਤੇਗ ਅਤਿ ਬੇਗ ਸੈਂ,
ਦੋਹੂ ਕੇਰ ਬਲ ਧਾਰ ।
ਉਤਰ ਗਏ ਸਿਰ ਦੋਹਾਂ ਕੇ,
ਪਰਸਪਰੇ ਇੱਕ ਸਾਰ ।
ਅਜੇ ਬਾਬਾ ਜੀ ਦੇ ਕਦਮ ਲੜਖੜਾਏ ਹੀ ਸਨ ਕਿ ਇਕ ਸਿੰਘ ਨੇ ਅਵਾਜ਼ ਦਿੱਤੀ ਤੇ ਆਖਿਆ, ‘ਪ੍ਰਣ ਤੁਮ੍ਹਾਰਾ ਦੀਪ ਸਿੰਘ ਰਹਯੋ।’ ਇਹ ਆਵਾਜ਼ ਸੁਣਦਿਆਂ ਹੀ ਬਾਬਾ ਦੀਪ ਸਿੰਘ ਜੀ ਦਾ ਸਰੀਰ ਸੰਭਲ ਗਿਆ ਅਤੇ ਸਿਰ ਤਲੀ ’ਤੇ ਟਿਕ ਗਿਆ :
ਸੁਣ ਸਿੰਘ ਜੀ ਨਿਜ ਪ੍ਰਾਣ ਸੰਭਾਰਾ।
ਨਿਜ ਸਿਰ ਬਾਮ-ਹਾਥ ਨਿਜ ਧਾਰਾ।
ਦਹਿਨੇ ਹਾਥ ਤੇਗ ਖਰ ਧਾਰਾ।
ਵਜਨ ਜਾਹਿ ਥਾ ਸੇਰ ਅਠਾਰਾ
ਲਰਤ ਕਬੰਧ ਤੁਰਕ ਗਨ ਸੰਗੈ
ਓਰ ਸੁਧਾਸਰ ਚਲਿਓਂ ਨਿਸੰਗੀ ।
ਗਰਜਤ ਤਰਜਤ ਤਨ ਘਨ ਨਯਾਈ।
ਤੁਰਕ ਚਲੇ ਭਗ ਡਰਿ ਅਗਵਾਈ (ਪੰਥ ਪ੍ਰਕਾਸ਼)
11 ਨਵੰਬਰ 1757 ਈਸਵੀ ਨੂੰ ਇਸੇ ਰੂਪ ’ਚ ਲੜਦੇ-ਭਿੜਦੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ’ਚ ਪੁੱਜੇ ਤੇ ਸਤਿਗੁਰੂ ਨੂੰ ਸੀਸ ਭੇਟ ਕਰ ਕੇ ਸਵਾਸ ਤਿਆਗ ਦਿੱਤੇ। ਪਰਕਰਮਾ ਵਿਚ ਹੀ ਉਨ੍ਹਾਂ ਦੇ ਨਾਂ ’ਤੇ ਸ਼ਹੀਦ ਬੁੰਗਾ ਅਸਥਾਨ ਸੁਸ਼ੋਭਿਤ ਹੈ। ਬਾਬਾ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਲਈ ਖ਼ਾਲਸਾ ਪੰਥ ਵੱਲੋਂ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਰਾਮਸਰ ਦੇ ਨਜ਼ਦੀਕ ਚਾਟੀਵਿੰਡ ਗੇਟ ਵਾਲੇ ਪਾਸੇ ਬਾਬਾ ਦੀਪ ਸਿੰਘ ਜੀ ਅਤੇ ਬਾਕੀ ਸ਼ਹੀਦ ਸਿੰਘਾਂ ਦੇ ਸਸਕਾਰ ਵਾਲੀ ਥਾਂ ’ਤੇ ‘ਯਾਦਗਾਰੀ ਸਹੀਦੀ ਅਸਥਾਨ’ ਉਸਾਰਿਆ ਗਿਆ ਹੈ। ਅਜੋਕੇ ਖ਼ਾਲਸਾ ਪੰਥ ਨੂੰ ਇਨ੍ਹਾਂ ਮਹਾਨ ਸ਼ਹੀਦ ਸਿੰਘਾਂ ਤੋਂ ਸੇਧ ਲੈਣੀ ਚਾਹੀਦੀ ਹੈ।
ਸ਼ਹੀਦ ਮਿਸਲ ਦੀ ਮਿਲੀ ਵਾਗਡੋਰ:-
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਉੱਤੇ ਜ਼ੁਲਮਾਂ ਦਾ ਦੌਰ ਆਰੰਭ ਹੋਇਆ। ਸਿੱਖਾਂ ਨੇ ਛੋਟੇ-ਛੋਟੇ ਜਥੇ ਬਣਾ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ। ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਸੀ। 1748 ਈਸਵੀ ’ਚ ਪੰਥਕ ਆਗੂਆਂ ਨੇ ਮਿਲ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਉਂਤ ਬਣਾਈ ਅਤੇ ਸਾਰੇ ਜਥਿਆਂ ਨੂੰ ਤੋੜ ਕੇ 12 ਮਿਸਲਾਂ ਬਣਾਈਆਂ। ਇਨ੍ਹਾਂ ’ਚੋਂ ਇਕ ‘ਸ਼ਹੀਦ’ ਮਿਸਲ ਸੀ, ਜਿਸ ਦੀ ਵਾਗਡੋਰ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਗਈ।
– ਦਿਲਜੀਤ ਸਿੰਘ ਬੇਦੀ
