ਗੁਰਪ੍ਰੀਤ ਸਿੰਘ
ਇਸ ਜਥੇ ਦਾ ਬਾਨੀ ਜੈ ਸਿੰਘ ਸੰਧੂ ਪਿੰਡ ‘ਕਾਹਨਾ’ ਜ਼ਿਲ੍ਹਾ ਲਾਹੌਰ ਦਾ ਸੀ। ਪਿੰਡ ਕਾਹਨਾ ਤੋਂ ਇਸਦਾ ਲਕਬ ਕਨ੍ਹਈਆ ਪੈ ਗਿਆ। ੧੭੪੮ ਈ. ਵਿਚ ਜਦ ਮਿਸਲਾਂ ਬਣੀਆਂ ਤਾਂ ਇਸ ਨੇ ਕਨ੍ਹਈਆ ਮਿਸਲ ਬਣਾ ਲਈ। ਮੀਰ ਮੰਨੂ ਦੀ ਮੌਤ ਤੋਂ ਬਾਅਦ ਇਸਨੇ ਰਿਆੜਕੀ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਛੇਤੀ ਹੀ ਮੁਕੇਰੀਆਂ, ਹਾਜੀਪੁਰ, ਪਠਾਨਕੋਟ ਅਤੇ ਗੁਰਦਾਸਪੁਰ ਵੀ ਇਸਦੇ ਕਬਜ਼ੇ ਹੇਠ ਆ ਗਏ। ੧੮੬੩ ਈ. ਵਿਚ ਕਸੂਰ ਦੀ ਲੁੱਟ ਸਮੇਂ ਜੈ ਸਿੰਘ ਕਨ੍ਹਈਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦਾ ਝਗੜਾ ਹੋ ਗਿਆ ਤੇ ਇਕ ਦੂਜੇ ਨਾਲ ਲੱਗਣ ਲੱਗ ਪਏ। ਜੈ ਸਿੰਘ ਕਨ੍ਹਈਆ ਤੇ ਮਹਾਂ ਸਿੰਘ ਸ਼ੁਕਰਚੱਕੀਏ ਦੀ ਜੰਮੂ ਦੀ ਲੁੱਟ ਤੋਂ ਬਾਅਦ ਹਿੱਸਾ ਵੰਡਣ ਤੋਂ ਲੜਾਈ ਹੋ ਗਈ । ਮਹਾਂ ਸਿੰਘ, ਜੱਸਾ ਸਿੰਘ ਰਾਮਗੜੀਏ ਤੇ ਰਾਜਾ ਸੰਸਾਰ ਚੰਦ ਨੇ ਜੈ ਸਿੰਘ ’ਤੇ ਹਮਲਾ ਕੀਤਾ। ਅੱਚਲ (ਬਟਾਲੇ ਦੇ ਨੇੜ੍ਹੇ) ਕੋਲ ਬੜੀ ਸਖਤ ਜੰਗ ਹੋਈ, ਜਿਸ ਵਿਚ ਜੈ ਸਿੰਘ ਦਾ ਮੁੰਡਾ ਗੁਰਬਖ਼ਸ਼ ਸਿੰਘ ਮਾਰਿਆ ਗਿਆ। ਗੁਰਬਖਸ਼ ਸਿੰਘ ਦੀ ਮੌਤ ਨਾਲ ਕਨ੍ਹਈਆ ਮਿਸਲ ਖੇਰੂੰ-ਖੇਰੂੰ ਹੋ ਗਈ। ੧੭੯੮ ਈ. ਵਿਚ ਜੈ ਸਿੰਘ ਵੀ ਚੜ੍ਹਾਈ ਕਰ ਗਿਆ ਤਾਂ ਉਸਦੀ ਨੂੰਹ ਸਦਾ ਕੌਰ ਮਿਸਲ ਦੀ ਲੀਡਰ ਬਣੀ। ਸਦਾ ਕੌਰ ਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਵਿਆਹ ਮ. ਰਣਜੀਤ ਸਿੰਘ ਨਾਲ ਕਰ ਦਿੱਤਾ। ਇਸ ਤਰ੍ਹਾਂ ਮ. ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਨਾਲ ਰਿਸ਼ਤੇਦਾਰੀ ਗੰਢ ਕੇ ਬਹੁਤ ਸਫਲਤਾ ਹਾਸਿਲ ਕੀਤੀ। ਮਹਿਤਾਬ ਕੌਰ ਦੇ ਘਰ ਦੋ ਜੋੜੇ ਪੁੱਤਰਾਂ ਸ਼ੇਰ ਸਿੰਘ ਤੇ ਤਾਰਾ ਸਿੰਘ ਨੇ ਜਨਮ ਲਿਆ। ਇਹ ਦੋਵੇਂ ਸਦਾ ਕੌਰ ਕੋਲ ਹੀ ਪਲੇ। ਪਰ ਸਦਾ ਕੌਰ ਨੂੰ ਪਤਾ ਲੱਗ ਗਿਆ ਲਾਹੌਰ ਤਖ਼ਤ ਦਾ ਵਾਰਿਸ ਉਸਦਾ ਦੋਹਤਾ ਸ਼ੇਰ ਸਿੰਘ ਨਹੀਂ ਸਗੋਂ ਖੜਕ ਸਿੰਘ ਬਣੇਗਾ। ਹੌਲੀ-ਹੌਲੀ ਸਦਾ ਕੌਰ ਉਪਰ ਰਣਜੀਤ ਸਿੰਘ ਬਗਾਵਤ ਦਾ ਸ਼ੱਕ ਕਰਨ ਲੱਗ ਪਿਆ। ਮਹਾਰਾਜੇ ਨੇ ਸਦਾ ਕੌਰ ਨੂੰ ਉਸਦੀ ਸਾਰੀ ਜਾਇਦਾਦ ਉਸਦੇ ਦੋਹਤਿਆ ਦੇ ਨਾਂ ਕਰਨ ਨੂੰ ਕਿਹਾ ਤਾਂ ਉਹ ਨਰਾਜ਼ ਹੋ ਕੇ ਅੰਗਰੇਜ਼ਾਂ ਕੋਲ ਜਾਣ ਦੀਆਂ ਗੱਲਾਂ ਕਰਨ ਲੱਗੀ। ਰਣਜੀਤ ਸਿੰਘ ਨੇ ਸਦਾ ਕੌਰ ਨੂੰ ਨਜ਼ਰਬੰਦ ਕਰ ਦਿੱਤਾ। ਇਸ ਤਰ੍ਹਾਂ ਜ਼ਬਰਦਸਤੀ ਹੀ ਸ਼ੇਰ ਸਿੰਘ ਅਤੇ ਤਾਰਾ ਸਿੰਘ ਦੇ ਨਾਮ ਜਾਗੀਰ ਲਿਖਵਾ ਲਈ ਗਈ। ਸਦਾ ਕੌਰ ੧੮੩੨ ਈ. ਵਿਚ ਅੰਮ੍ਰਿਤਸਰ ਵਿਖੇ ਨਜ਼ਰਬੰਦੀ ਦੌਰਾਨ ਹੀ ਚੜ੍ਹਾਈ ਕਰ ਗਈ। ਇਸ ਤਰ੍ਹਾਂ ਇਸ ਦੀ ਮਿਸਲ ਦਾ ਇਲਾਕਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ।
