ਗਿ. ਦਿੱਤ ਸਿੰਘ
ਪਿਛਲੇ ਪਰਚੇ ਵਿੱਚ ਅਸੀਂ ਇਸ ਬਾਤ ਦਾ ਕਥਨ ਕਰ ਆਏ ਹਾਂ ਕਿ ਹਿੰਦੂ ਕੌਮ ਨੈ ਸ੍ਰੀ ਦਸਮੇ ਪਾਤਸ਼ਾਹ ਜੀ ਦੇ ਉਪਕਾਰਾਂ ਦਾ ਕੋਈ ਪਰਉਪਕਾਰ ਨਹੀਂ ਜਾਤਾ ਜਿਸ ਦੇ ਕਈ ਸਬੂਤ ਦੇ ਆਏ ਹਾਂ।
ਹੁਣ ਅਸੀਂ ਇਹ ਦਿਖਾਉਨਾ ਚਾਹੁੰਦੇ ਹਾਂ ਕਿ ਹਿੰਦੂ ਭਾਈ ਤਾਂ ਕਿਧਰੇ ਰਹੇ ਕਿੰਤੂ ਖਾਲਸਾ ਪੰਥ ਜੋ ਗੁਰੂ ਜੀ ਨੈ ਅਪਨਾ ਰੂਪ ਬਨਾਇਆ ਸੀ ਉਸ ਨੈ ਭੀ ਉਨਾਂ ਦੇ ਉਪਕਾਰਾਂ ਨੂੰ ਨਹੀਂ ਜਾਤਾ ਜਿਸ ਤੇ ਅਸੀ ਇਹ ਆਖ ਸਕਦੇ ਹਾਂ ਕਿ ਇਹ ਭੀ ਕ੍ਰਿਤਘਨਤਾ ਤੇ ਖਾਲੀ ਨਹੀਂ ਹੈ।
ਦਸਮੇ ਪਾਤਸ਼ਾਹ ਨੈ ਇਹ ਬਚਨ ਅਪਨੇ ਸ੍ਰੀ ਮੁਖ ਤੇ ਉਚਾਰਨ ਕੀਤੇ ਕਿ (ਚਿੜੀਆਂ ਕੋਲੋਂ ਬਾਜ ਤੁੜਾਉਂ। ਤਬੀ ਗੋਬਿੰਦ ਸਿੰਘ ਨਾਮ ਧਰਾਊਂ) ਇਸ ਦਾ ਭਾਵ ਇਹ ਸੀ ਕਿ ਮੁਗਲੀਆ ਸਲਤਨਤ ਵਿੱਚ ਮੁਗਲ ਅਤੇ ਪਠਾਨ ਇਸ ਦੇਸ ਦੇ ਲੋਗਾਂ ਨੂੰ ਇਸ ਪ੍ਰਕਾਰ ਨਾਲ ਖਯਾਲ ਕਰਦੇ ਸਨ ਜਿਸ ਪ੍ਰਕਾਰ ਬਾਜ ਚਿੜੀਆਂ ਨੂੰ ਅਪਨਾ ਖਾਣਾ ਸਮਝਦਾ ਹੈ ਜੈਸਾ ਕਿ ਕਸੂਰ ਦੇ ਪਠਾਣਾਂ ਦਾ ਇਹ ਕਿੱਸਾ ਸਾਰੇ ਲੋਗ ਜਾਨਦੇ ਹਨ ਕਿ ਜਦ ਉਨਾਂ ਦੇ ਲੜਕੇ ਜੁਆਨ ਹੋ ਜਾਂਦੇ ਸੇ ਅਰ ਗੋਲੀ ਯਾ ਤਲਵਾਰ ਦਾ ਚਲਾਉਨਾ ਸਿਖਦੇ ਸੇ ਤਦ ਉਹ ਕਿਸੇ ਨਗਰ ਵਿਚੋਂ ਜਿਮੀਦਾਰ ਨੂੰ ਪਕੜ ਲਿਆਉਂਦੇ ਸੇ ਅਰ ਆਖਦੇ ਸੇ ਕਿ (ਅਰੇ ਜਾਟ ਅਪਨੀ ਟਾਂਗ ਆਗੇ ਕਰ ਮੇਰੇ ਬੇਟੇ ਨੈ ਤਲਵਾਰ ਅਜਮਾਨੀ ਹੈ) ਯਾ (ਅਰੇ ਸੀਧਾ ਖੜਾ ਰਹੁ ਮੇਰੇ ਬੇਟੇ ਨੈ ਗੋਲੀ ਚਲਾ ਕਰ ਅਜਮਾਨੀ ਹੈ) ਅਰ ਇਸੀ ਪ੍ਰਕਾਰ ਖਾਣੇ ਦੇ ਬਾਰੇ ਵਿੱਚ ਆਖਦੇ ਸੇ ਕਿ (ਜਾਟ ਭੀ ਕਣਕ ਖਾਏ ਔਰ ਹਮ ਭੀ) ਜਿਸ ਦਾ ਫਲ ਇਹ ਹੁੰਦਾ ਸੀ ਕਿ ਮੁਗਲਾਂ ਦੇ ਨਸ਼ਾਨੇ ਇਨਾਂ ਦੇਸੀ ਆਦਮੀਆਂ ਦੇ ਸੀਨੇ ਅਤੇ ਇਨਾਂ ਦੇ ਖਾਣੇ ਛੋਲੇ ਅਤੇ ਜੌਂ ਹੁੰਦੇ ਸਨ ਅਰ ਜੋ ਇਨਾਂ ਦੇ ਘਰ ਚੰਗਾ ਲੜਕਾ ਤੇ ਲੜਕੀ ਹੁੰਦੇ ਸੀ ਸੋ ਮੁਗਲਾਂ ਦੀ ਜਾਇਦਾਤ ਹੁੰਦਾ ਸੀ, ਪਰੰਤੂ ਅਜੇਹੇ ਨਿਰਬਲਾਂ ਆਦਮੀਆਂ ਨੂੰ ਦਸਮ ਗੁਰੂ ਜੀ ਨੈ ਅਪਨਾ ਪਵਿੱਤ੍ਰ ਅੰਮ੍ਰਿਤ ਛਕਾ ਕੇ ਅਜੇਹਾ ਬਲ ਬਖਸ਼ਿਆ ਜੋ ਉਨਾਂ ਹੀ ਮੁਗਲਾਂ ਦੀਆਂ ਤਲਵਾਰਾਂ ਅਤੇ ਬੰਦੂਕਾਂ ਨੂੰ ਖੋਹ ਕੇ ਉਨ੍ਹਾਂ ਦੇ ਹੀ ਸਿਰ ਉਤਾਰੇ ਅਰ ਉਨ੍ਹਾਂ ਦੇ ਖਾਨਦਾਨਾਂ ਦੇ ਜੜ ਮੂਲ ਉਖਾੜੇ ਤੇ ਉਨਾਂ ਦੀ ਹਕੂਮਤ ਦਾ ਨਾਸ ਕਰ ਕੇ ਆਪ ਰਾਜੇ ਮਹਾਰਾਜੇ ਹੋ ਗਏ, ਜਿਸ ਪਰ ਇਕ ਮੁਸਲਮਾਨ ਫਕੀਰ ਜੋ ਕਸੂਰ ਵਿਚ ਹੀ ਹੋਇਆ ਹੈ ਜਿਸ ਨੂੰ ਲੋਗ ਬੁੱਲ੍ਹੇ ਸ਼ਾਹ ਕਰਕੇ ਸੱਦਦੇ ਹਨ ਉਹ ਆਖਦਾ ਹੈ ਕਿ (ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜਹਰ ਪ੍ਯਾਲੇ ਪੀਤੇ ਜੋ ਸਰਦਾਰ ਫਿਰਨ ਚੁਪ ਕੀਤੇ ਭਲਾ ਉਨਾਂ ਨੂੰ ਝਾੜਿਆ ਹੀ ਰਹੁ, ਰਹੁ ਬੇ ਇਸ਼ਕਾ ਮਾਰਿਆ ਹੀ ਕਹੁ ਕਿਸ ਨੂੰ ਪਾਰ ਉਤਾਰਿਆ ਹੀ) ਇਸ ਤੇ ਤੁਸੀ ਦੇਖ ਸਕਦੇ ਹੋ ‘ਜੀ ਨੇ ਇਸ ਪੰਥ ਪਰ ਕਿਆ ੨ ਬਰਕਤਾਂ ਦਿੱਤੀਆਂ ਸਨ ਇਸ ਤੇ ਬਿਨਾ ਅਪਨੇ ਪਿਤਾ ਦਾ ਸੀਸ ਅਤੇ ਸਾਹਿਬਜਾਦਿਆਂ ਦੀ ਕੁਰਬਾਨੀਆਂ ਅਰ ਅਪਨੇ ਸਰੀਰ ਪਰ ਖੇਦ ਸਹਾਰਨੇ ਕੋਈ ਛੁਪੀ ਹੋਈ ਬਾਤ ਨਹੀਂ ਹੈ, ਪਰੰਤੂ ਹੁਨ ਓਹੋ ਖਾਲਸਾ ਪੰਥ ਦੇ ਘਰਾਣੇ ਜੇਹੜੇ ਗੁਰੂ ਜੀ ਨੇ ਬਾਜ ਬਣਾਏ ਸੇ ਸੋ ਅੱਜ ਕੱਲ ਇੱਲਾਂ ਭੀ ਰਹਿੰਦੇ ਨਹੀਂ ਦਿੱਸਦੇ, ਜਿਸ ਤੇ ਸਾਡੇ ਸਾਮਨੇ ਇਕ ਫਰਿਸਤ ਪਈ ਹੈ ਜਿਸ ਵਿਚ ਕਈ ਸਰਦਾਰ ਜੋ ਵੱਡੇ-ਵੱਡੇ ਜਾਗੀਰਦਾਰ ਹਨ ਸੋ ਸਿਰ ਮੁਨਾ ਕੇ ਮੀਏਂ ਬਣ ਗਏ ਹਨ ਅਤੇ ਕਈ ਅਜੇਹੇ ਹਨ ਜਿਨਾਂ ਨੈ ਅਜੇ ਮੀਯਾਂ ਯਾ ਮਿਸਟਰਪਣਾਂ ਤਾਂ ਪੂਰਾ-ਪੂਰਾ ਨਹੀਂ ਲੀਤਾ, ਪਰੰਤੂ ਉਨਾਂ ਦੇ ਕੇਸ ਪਰਦੇਸ ਨੂੰ ਚਲੇ ਗਏ ਹਨ ਅਰ ਖਾਣ ਪਕਾਉਨ ਵਾਲੇ ਮੀਏਂ ਘਰਾਂ ਵਿੱਚ ਆਇ ਗਏ ਹਨ ਜਿਨਾਂ ਦੇ ਅਜੇਹੇ ਹਾਲ ਦੇਖ ਕੇ ਸਾਡੇ ਰੋਮ ਖੜੇ ਹੋ ਜਾਂਦੇ ਹਨ ਅਤੇ ਇਹ ਸੋਚਦੇ ਹਾਂ ਕਿ ਕ੍ਯਾ ਦਸਮੇ ਪਾਤਸ਼ਾਹ ਨੇ ਇਨਾਂ ਦੇ ਵਾਸਤੇ ਅਪਨੇ ਪ੍ਯਾਰੇ ਬੱਚੇ ਮਰਵਾਏ ਸੇ (ਸ਼ਹੀਦ ਕਰਵਾਏ ਸਨ) ਯਾ ਇਨਾਂ ਦੇ ਵਾਸਤੇ ਹੀ ਅਪਨੇ ਸਰੀਰ ਪਰ ਇਤਨੇ ਦੁੱਖ ਸਹਾਰੇ ਸੇ ਕਿ ਮੈਂ ਅਪਨਾ ਸਰਬੰਸ ਕੁਰਬਾਨ ਕਰ ਕੇ ਇਜੇਹੇ ਆਦਮੀਆਂ ਵਾਸਤੇ ਛਡ ਜਾਵਾਂ ਜੋ ਚੁਰਟ ਪੀਣ ਅਤੇ ਹਲਾਲ ਖਾਊਨ ਅਰ ਮੁਸਲਮਾਨਾਂ ਨੂੰ ਬਵਰਚੀ ਬਨਾਉਨ ਅਤੇ ਮੇਰੇ ਖਾਲਸਾ ਧਰਮ ਨੂੰ ਸੱਪ ਦੀ ਕੁੰਜ ਵਾਂਗ ਛੱਡ ਕੇ ਕਿਨਾਰੇ ਹੋ ਜਾਨ। ਇਸ ਵਾਸਤੇ ਅਸੀ ਅਪਨੇ ਅਜੇਹੇ ਭੇਸ ਵਾਲੇ ਸਰਦਾਰਾਂ ਅਤੇ ਜਾਗੀਰਦਾਰਾਂ ਅੱਗੇ ਪ੍ਰਸ਼ਨ ਕਰਦੇ ਹਾਂ ਕ੍ਯਾ ਉਹ ਕ੍ਰਿਤ ਹਨ।
(ਖ਼ਾਲਸਾ ਅਖ਼ਬਾਰ ਲਾਹੌਰ, ੭ ਜੂਨ ੧੮੯੫, ਪੰਨਾ ੩)