ਕਰਨਲ ਉੱਪਰ ਹਮਲਾ ਪੰਜਾਬ ਅੰਦਰ ਕਾਲਾ ਦੌਰ ਮੁੜਨ ਦਾ ਸਬੂਤ -ਐਮ.ਪੀ. ਭਾਈ ਸਰਬਜੀਤ ਸਿੰਘ ਮਲੋਆ

ਜਦੋਂ ਤੋਂ ਪੰਜਾਬ ਅੰਦਰ ਆਪ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਪਟਿਆਲਾ ਵਿਖੇ ਆਰਮੀ ਦੇ ਕਰਨਲ ਪੁਸ਼ਪਿੰਦਰ ਸਿੰਘ ਉੱਪਰ ਹੋਇਆ ਜਾਨਲੇਵਾ ਹਮਲਾ ਅਤੇ ਐਫ.ਆਈ.ਆਰ. ਵੀ ਦਰਜ ਨਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਅੰਦਰ ਮੁੜ ਤੋਂ ਕਾਲੇ ਦੌਰ ਵਾਲਾ ਮਾਹੌਲ ਸਿਰਜ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।

ਐਮ.ਪੀ. ਭਾਈ ਖ਼ਾਲਸਾ ਨੇ ਕਿਹਾ ਕਿ ਆਰਮੀ ਦੇ ਕਰਨਲ ਉਪਰ ਪੁਲਿਸ ਦੇ ਜਵਾਨਾਂ ਵੱਲੋਂ ਕੀਤਾ ਗਿਆ ਹਮਲਾ ਇਸ ਗੱਲ ਦੀ ਵੀ ਤਸਦੀਕ ਕਰਦਾ ਹੈ ਕਿ ਭਗਵੰਤ ਮਾਨ ਵੱਲੋਂ ਲੋਕ ਹਿੱਤਾਂ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਦਬਾਉਣ ਲਈ ਸਰਕਾਰੀ ਤੰਤਰ ਨੂੰ ਖੁੱਲੀ ਸ਼ੈਅ ਦਿੱਤੀ ਹੋਈ ਹੈ ਇਸੇ ਕਾਰਨ ਪੁਲਿਸ ਦੇ ਜਵਾਨਾਂ ਨੇ ਆਰਮੀ ਦੇ ਕਰਨਲ ਨੂੰ ਵੀ ਦਬੋਚ ਲਿਆ। ਆਪ ਪਾਰਟੀ ਨੇ ਬਿਲਕੁਲ ਉਹੀ ਮਾਹੌਲ ਸਿਰਜ ਦਿੱਤਾ ਹੈ ਜਦੋਂ ਪੰਜਾਬ ਦੇ ਬੇਗੁਨਾਹ ਨੌਜੁਆਨਾਂ ਨੂੰ ਘਰੋਂ ਚੁੱਕ ਕੇ ਕਤਲ ਕਰ ਦਿੱਤਾ ਜਾਂਦਾ ਸੀ ਅਤੇ ਕੋਈ ਪੁਲਿਸ ਰਿਪੋਰਟ ਵੀ ਦਰਜ ਨਹੀਂ ਸੀ ਕੀਤੀ ਜਾਂਦੀ। ਭਾਈ ਖ਼ਾਲਸਾ ਨੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਕਿ ਕਰਨਲ ਦੇ ਬਿਆਨ ਉਪਰ ਐਫ.ਆਈ.ਆਰ. ਦਰਜ ਕਰਕੇ ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਨਿਰਪੱਖ ਜਾਂਚ ਕਰਵਾਈ ਜਾਵੇ।