
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਿਰੋਮਣੀ ਸਥਾਨ ਦਿੱਤਾ ਹੈ। ਅਰਥਾਤ ਭਗਤ-ਬਾਣੀ ਦੇ ਅੰਤਰਗਤ ਉਨ੍ਹਾਂ ਦੀ ਬਾਣੀ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ।
ਆਪ ਦੇ ਜਨਮ, ਦਿਹਾਂਤ ਅਤੇ ਜੀਵਨ ਬਾਰੇ ਵਿਦਵਾਨਾਂ ਵਿਚ ਕਾਫੀ ਮੱਤਭੇਦ ਹਨ, ਪਰ ਤਾਂ ਵੀ ਇੱਕ ਮਾਨਤਾ ਅਨੁਸਾਰ ਆਪ 1398 ਈ. ਵਿੱਚ ਬਨਾਰਸ ਵਿਖੇ ਪੈਦਾ ਹੋਏ।
*ਬਚਪਨ ਤੋਂ ਹੀ ਪ੍ਰਭੂ ਭਗਤੀ ’ਚ ਸੀ ਰੁਚੀ:-*
ਆਪ ਦੀ ਪਰਵਰਿਸ਼ ਨੀਰੂ ਜੁਲਾਹੇ ਅਤੇ ਮਾਤਾ ਨੀਮਾ ਨੇ ਕੀਤੀ ਅਤੇ ਆਪ ਦਾ ਨਾਂ ਕਬੀਰ ਰੱਖਿਆ। ਕਬੀਰ ਜੀ ਇੱਕ ਗ੍ਰਹਿਸਥੀ ਵਿਅਕਤੀ ਸਨ। ਆਪ ਦੀ ਪਤਨੀ ਦਾ ਨਾਂ ਲੋਈ ਅਤੇ ਪੁੱਤਰ ਦਾ ਨਾਂ ਕਮਾਲ ਸੀ। ਆਪ 120 ਸਾਲ ਦੀ ਉਮਰ ਵਿੱਚ 1518 ਈ. ਵਿੱਚ ਮਗਹਰ ਵਿਖੇ ਬ੍ਰਹਮਲੀਨ ਹੋ ਗਏ। ਮਾਤਾ-ਪਿਤਾ ਮੁਸਲਮਾਨ ਹੋਣ ਕਰਕੇ ਉਹ ਕਬੀਰ ਜੀ ਨੂੰ ਮੁਸਲਮਾਨੀ ਮੱਤ ਵੱਲ ਲਾਉਣਾ ਚਾਹੁੰਦੇ ਸਨ। ਪਰ ਕਬੀਰ ਜੀ ਦੀ ਰੁਚੀ ਰਾਮ ਨਾਮ ਜਪਣ ਵੱਲ ਵਧੇਰੇ ਪ੍ਰਬਲ ਸੀ। ਕਬੀਰ ਜੀ ਆਪਣੇ ਘਰ ਵਿਚ ਕੱਪੜਾ ਬੁਣਨ ਦਾ ਕੰਮ ਕਰਦੇ ਸਨ, ਪਰ ਉਸ ਸਮੇਂ ਦਾ ਬ੍ਰਾਹਮਣ-ਵਰਗ ਆਪ ਨੂੰ ਜੁਲਾਹਾ ਹੋਣ ਕਰਕੇ ਸ਼ੂਦਰ ਸਮਝਦਾ ਸੀ।
*ਕਬੀਰ ਜੀ ਦੀ ਬਾਣੀ 17 ਰਾਗਾਂ ਵਿਚ ਸੰਕਲਿਤ*:-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ 31 ਰਾਗਾਂ ਵਿੱਚੋਂ ਕਬੀਰ ਜੀ ਦੀ ਬਾਣੀ 17 ਰਾਗਾਂ ਵਿਚ ਸੰਕਲਿਤ ਹੈ, ਜਿਸ ਵਿੱਚ ਸਿਰੀ, ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਮਾਰੂ, ਕੇਦਾਰਾ, ਭੈਰਉ, ਬਸੰਤ, ਸਾਰੰਗ ਤੇ ਪ੍ਰਭਾਤੀ ਰਾਗ ਸ਼ਾਮਲ ਹਨ। ਇਸ ਮੁਤਾਬਕ ਆਪ ਦੇ ਕੁੱਲ 225 ਸ਼ਬਦ, ਇੱਕ ਬਾਵਨ ਅੱਖਰੀ, ਇੱਕ ਥਿਤੀ, ਇੱਕ ਸਤਵਾਰਾ ਅਤੇ 243 ਸਲੋਕ ਸੰਕਲਿਤ ਹਨ। ਇਸ ਪ੍ਰਕਾਰ ਆਪ ਦੀ ਬਾਣੀ ਹੋਰ ਸਾਰੇ ਭਗਤ ਕਵੀਆਂ ਨਾਲੋਂ ਵਧੀਕ ਹੈ।
ਡਾ. ਜੋਧ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਤਾਰਨ ਸਿੰਘ ਅਤੇ ਡਾ. ਰਾਜ ਕੁਮਾਰ ਵਰਮਾ ਜਿਹੇ ਵਿਦਵਾਨਾਂ ਦਾ ਮੱਤ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਹੀ ਕਬੀਰ ਜੀ ਦੀ ਅਸਲੀ ਬਾਣੀ ਹੈ, ਜਦ ਕਿ ਕਬੀਰ ਜੀ ਦੀ ਹੋਰ ਥਾਵਾਂ ਤੇ ਮਿਲਦੀ ਬਾਣੀ ਵਿੱਚ ਮਿਲਾਵਟ ਦਾ ਅੰਸ਼ ਮਿਲਦਾ ਹੈ। ਕਬੀਰ ਜੀ ਦਾ ਸਮੁੱਚਾ ਜੀਵਨ ਬਹੁਤ ਹੀ ਪਵਿੱਤਰ ਅਤੇ ਸਿੱਖਿਆਦਾਇਕ ਸੀ। ਉਹ ਆਪਣੇ ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਦੇ, ਦਸਾਂ ਨਹੁੰਆਂ ਦੀ ਕਿਰਤ ਕਰਦੇ ਅਤੇ ਪ੍ਰਭੂ ਦੀ ਭਗਤੀ ਲਈ ਵੀ ਸਮਾਂ ਕਢਦੇ। ਆਪ ਦੀ ਬਾਣੀ ਵਿੱਚ ਫੋਕਟ ਕਰਮਕਾਂਡਾਂ, ਮੂਰਤੀ ਪੂਜਾ ਦੇ ਖੰਡਨ ਦੇ ਨਾਲ-ਨਾਲ ਨੈਤਿਕਤਾ, ਪ੍ਰੇਮ, ਭਗਤੀ, ਨਿਰਭੈਤਾ, ਮਾਇਆ, ਸੰਪਰਦਾਇਕ ਭਾਵਨਾ, ਆਦਿ ਵਿਚਾਰਾਂ ਦੀ ਨਿਸ਼ਾਨਦੇਹੀ ਹੋਈ ਹੈ।
*ਸਾਰੇ ਮਨੁੱਖਾਂ ਵਿੱਚ ਪਰਮਾਤਮਾ* :-
ਕਬੀਰ ਜੀ ਸਾਰੀ ਸ੍ਰਿਸ਼ਟੀ ਨੂੰ ਇੱਕੋ ਪਰਮਜੋਤ ਤੋਂ ਪੈਦਾ ਹੋਈ ਮੰਨਦੇ ਹਨ। ਸਿੱਖ ਧਰਮ ਦੇ ਹੋਰ ਸਾਰੇ ਗੁਰੂਆਂ ਵਾਂਗ ਕਬੀਰ ਜੀ ਵੀ ਸਾਰੇ ਮਨੁੱਖਾਂ ਵਿੱਚ ਪਰਮਾਤਮਾ ਨੂੰ ਵੇਖਦੇ ਹਨ। ਭਗਤ ਕਬੀਰ ਜੀ ਅਨੁਸਾਰ ਇਹ ਸਾਰੀ ਸਿ੍ਰਸ਼ਟੀ ਪਰਮਾਤਮਾ ਦੀ ਬਣਾਈ ਹੋਈ ਹੈ ਅਤੇ ਉਹ ਆਪ ਵੀ ਸਾਰੀ ਲੋਕਾਈ ਵਿੱਚ ਰਮਿਆ ਹੋਇਆ ਹੈ :
ਅਵਲਿ ਅਲਹ ਨੂਰ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ॥ (ਰਹਾਉ)॥
(ਅੰਗ 1349)
*ਮਨੁੱਖ-ਵਿਰੋਧੀ ਰਵਾਇਤਾਂ ਦੇ ਸਖ਼ਤ ਖ਼ਿਲਾਫ਼:-*
ਕਬੀਰ ਜੀ ਨਿਰਭਉ ਤੇ ਨਿਡਰ ਸ਼ਖ਼ਸੀਅਤ ਦੇ ਵਿਅਕਤੀ ਸਨ। ਉਹ ਮਨੁੱਖ-ਵਿਰੋਧੀ ਰਵਾਇਤਾਂ ਜਾਂ ਪਰਿਪਾਟੀਆਂ ਦੇ ਸਖ਼ਤ ਖ਼ਿਲਾਫ਼ ਸਨ। ਬ੍ਰਾਹਮਣਵਾਦ ਦੀ ਵਰਣ-ਵੰਡ ਤੇ ਜਿੰਨੀ ਸ਼ਿੱਦਤ ਨਾਲ ਆਪਨੇ ਵਾਰ ਕੀਤਾ, ਓਨਾ ਉੱਤਰੀ ਭਾਰਤ ਦੇ ਕਿਸੇ ਵੀ ਹੋਰ ਸੰਤ-ਮਹਾਤਮਾ ਨੇ ਨਹੀਂ ਕੀਤਾ। ਆਪਣੀ ਬਾਣੀ ਵਿਚ ਉਨ੍ਹਾਂ ਨੇ ਅਖੌਤੀ ਬ੍ਰਾਹਮਣਾਂ ਨੂੰ ਸਿੱਧੇ ਤੌਰ ’ਤੇ ਵੰਗਾਰਿਆ ਹੈ:
ਜੌ ਤੂ ਬ੍ਰਾਹਮਣੁ ਬ੍ਰਾਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥
(ਅੰਗ 324)
*ਨਸ਼ਿਆਂ ਦੇ ਖ਼ਿਲਾਫ਼* :-
ਕਬੀਰ ਜੀ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਨਸ਼ਿਆਂ ਨੇ ਲੋਕਾਂ ਨੂੰ ਗ੍ਰੱਸਿਆ ਹੋਇਆ ਸੀ, ਜੋ ਵਿਅਕਤੀ ਦੇ ਮਨ ’ਤੇ ਬੁਰਾ ਪ੍ਰਭਾਵ ਪਾਉਦੇ ਸਨ। ਹਰ ਤਰ੍ਹਾਂ ਦੇ ਨਸ਼ੇ ਵਿਚ ਜ਼ਹਿਰ ਹੁੰਦੀ ਹੈ, ਜੋ ਵਿਅਕਤੀ ਦੇ ਸਰੀਰ ਨੂੰ ਕੁਝ ਸਮੇਂ ਲਈ ਬੇਸੁਰਤ ਕਰ ਕੇ ਉਸ ਤੋਂ ਗ਼ਲਤ ਕੰਮ ਕਰਵਾਉਦੀ ਹੈ। ਕਬੀਰ ਜੀ ਨੇ ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਆਚਰਣ ਤੋਂ ਡਿੱਗੇ ਹੋਏ ਸਿੱਧ ਕੀਤਾ ਹੈ :
ਕਬੀਰ ਭਾਂਗ ਮਾਛੁਲੀ ਸੁਰਾ
ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ
ਤੇ ਸਭੈ ਰਸਾਤਲਿ ਜਾਂਹਿ॥
(ਅੰਗ 1377)
*ਮਹੱਤਵਪੂਰਨ ਸੰਕਲਪ* :-
ਬਨਾਰਸ ਵਿਚ ਰਹਿਣ ਕਰਕੇ ਕਬੀਰ ਜੀ ਨੂੰ ਇਸਲਾਮ ਅਤੇ ਹਿੰਦੂ ਧਰਮ ਵਿਚਲੀ ਕੱਟੜਤਾ ਅਤੇ ਕਰਮਕਾਂਡਾਂ ਬਾਰੇ ਨਿੱਜੀ ਅਤੇ ਡੂੰਘਾ ਅਨੁਭਵ ਸੀ। ਇਸੇ ਕਰਕੇ ਆਪ ਨੇ ਇਨ੍ਹਾਂ ਲੋਕਾਂ ਦੀਆਂ ਗ਼ਲਤ ਕਦਰਾਂ-ਕੀਮਤਾਂ ਦੇ ਪਾਜ ਉਧੇੜੇ। ਉਹ ਵਿਅਕਤੀ ਨੂੰ ਬਾਹਰੋਂ ਜਾਂ ਵਿਖਾਵੇ ਵਜੋਂ ਚੰਗਾ ਬਣਾਉਣ ਦੀ ਥਾਂ ਅੰਦਰੂਨੀ ਤੌਰ ’ਤੇ ਸ਼ੁਭ ਅਮਲਾਂ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਹ ਪ੍ਰਭੂ ਨੂੰ ਬਾਹਰੋਂ ਢੂੰਡਣ ਦੀ ਥਾਂ ਅੰਦਰੋਂ ਖੋਜਣ ਦੀ ਪ੍ਰਵਿਰਤੀ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਬਾਣੀ ਵਿਚ ਨਫ਼ਰਤ, ਈਰਖਾ, ਸ਼ੱਕ ਦੀ ਥਾਂ ਤੇ ਪਿਆਰ, ਸਹਿਣਸ਼ੀਲਤਾ ਅਤੇ ਸ਼ਰਧਾ ਦੇ ਦੀਦਾਰ ਹੁੰਦੇ ਹਨ। ਇਹ ਸਾਰੇ ਅਜਿਹੇ ਸਦਗੁਣ ਹਨ, ਜਿਨ੍ਹਾਂ ਨੂੰ ਸਦਾਚਾਰਕ ਅਤੇ ਨੈਤਿਕਤਾ ਦੇ ਘੇਰੇ ਵਿਚ ਰੱਖਿਆ ਜਾ ਸਕਦਾ ਹੈ। ਕਬੀਰ ਜੀ ਦੀ ਬਾਣੀ ਵਿੱਚੋਂ ਦ੍ਰਿਸ਼ਟੀਗੋਚਰ ਹੁੰਦੇ ਕੁਝ ਹੋਰ ਮਹੱਤਵਪੂਰਨ ਸੰਕਲਪ ਹੇਠ ਲਿਖੀਆਂ ਪੰਕਤੀਆਂ ਵਿੱਚ ਵੇਖੇ ਜਾ ਸਕਦੇ ਹਨ :
ਅਲਹੁ ਏਕ ਮਸੀਤਿ ਬਸਤੁ ਹੈ
ਅਲਹੁ ਮੁਲਖੁ ਕਿਸ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ
ਦੁਹ ਮਹਿ ਤਤੁ ਨ ਹੇਰਾ॥
(ਅੰਗ 1349)
*ਮੂਰਤੀ ਪੂਜਾ ਜਿਹੇ ਮਿਥਿਆ ਕਰਮਾਂ ਵਿੱਚ ਵਿਸ਼ਵਾਸ ਨਹੀਂ* :-
ਭਗਤ ਕਬੀਰ ਜੀ ਮੂਰਤੀ ਪੂਜਾ ਜਿਹੇ ਮਿਥਿਆ ਕਰਮਾਂ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ। ਜੋ ਲੋਕ ਪੱਥਰ ਦੀਆਂ ਮੂਰਤਾਂ ਨੂੰ ਪਰਮਾਤਮਾ ਸਮਝ ਕੇ ਪੂਜਦੇ ਹਨ, ਉਨ੍ਹਾਂ ਦੀ ਸਾਰੀ ਪੂਜਾ ਫ਼ਜ਼ੂਲ ਹੈ। ਇਹ ਗੂੰਗੇ ਪੱਥਰ ਪਰਮਾਤਮਾ ਨਹੀਂ ਹੋ ਸਕਦੇ ਤੇ ਨਾ ਹੀ ਕਿਸੇ ਪੱਥਰ ਦੀ ਮੂਰਤੀ ਵਿਚ ਕੋਈ ਦੈਵੀ-ਸ਼ਕਤੀ ਹੁੰਦੀ ਹੈ। ਕਬੀਰ ਜੀ ਦਾ ਫੁਰਮਾਨ ਹੈ:
ਜੋ ਪਾਥਰ ਕਉ ਕਹਤੇ ਦੇਵ॥
ਤਾ ਕੀ ਬਿਰਥੀ ਹੋਵੈ ਸੇਵ॥
ਜੋ ਠਾਕੁਰ ਕੀ ਪਾਈਂ ਪਾਇ॥
ਤਿਸ ਕੀ ਘਾਲ ਅਜਾਈ ਜਾਇ॥
(ਅੰਗ 1160)
ਪਾਤੀ ਤੋਰੈ ਮਾਲਿਨੀ
ਪਾਤੀ ਪਾਤੀ ਜੀਉ॥
ਜਿਸ ਪਾਹਨੁ ਕਉ ਪਾਤੀ
ਤੋਰੈ ਸੋ ਪਾਹਨ ਨਿਰਜੀਉ॥
ਭੂਲੀ ਮਾਲਨੀ ਹੈ ਏਉ॥
ਸਤਿਗੁਰ ਜਾਗਤਾ ਹੈ ਦੇਉ॥
(ਅੰਗ 479)
*ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ਬ੍ਰਹਮ ਬੀਚਾਰ* :-
ਕਬੀਰ ਜੀ ਦੇ ਸਮੇਂ ਵਿਚ ਹਿੰਦੂ, ਮੁਸਲਿਮ, ਬੁੱਧ, ਜੈਨ, ਨਾਥ, ਜੋਗੀ ਆਦਿ ਆਪੋ-ਆਪਣੀ ਥਾਂ ਕਾਰਜਸ਼ੀਲ ਸਨ, ਪਰ ਇਨ੍ਹਾਂ ਦੇ ਆਗੂ ਲੋਕ-ਭਲਾਈ ਦੀ ਥਾਂ ਸੁਆਰਥ ਵਿੱਚ ਗਲਤਾਨ ਸਨ ਅਤੇ ਕੱਟੜਵਾਦੀ ਵਿਚਾਰਧਾਰਾ ਕਰਕੇ ਇਕ-ਦੂਜੇ ਨੂੰ ਭੰਡ ਰਹੇ ਸਨ। ਅਜਿਹੇ ਮਾਹੌਲ ਵਿੱਚ ਲੋਕਾਈ ਨੂੰ ਸਦਾਚਾਰਕ ਸਿੱਖਿਆ ਦੇਣੀ ਵਾਕਈ ਜੋਖਮ ਵਾਲਾ ਕਾਰਜ ਸੀ। ਭਗਤ ਕਬੀਰ ਜੀ ਨੇ ਜਨ-ਸਾਧਾਰਨ ਨਾਲ ਸਾਂਝ ਬਣਾ ਕੇ ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ਬ੍ਰਹਮ ਬੀਚਾਰ ਕੀਤਾ।
*ਡਰ ਜਾਂ ਘਬਰਾਹਟ ਨੂੰ ਕੋਈ ਸਥਾਨ ਨਹੀਂ:-*
ਕਬੀਰ-ਬਾਣੀ ਵਿੱਚ ਡਰ ਜਾਂ ਘਬਰਾਹਟ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ, ਸਗੋਂ ਉਹ ਵਿਅਕਤੀ ਨੂੰ ਸੂਰਮਾ ਬਣਾਉਣਾ ਲੋਚਦੇ ਸਨ, ਜਿਹੜਾ ਜੰਗੇ-ਮੈਦਾਨ ਵਿਚ ਪੁਰਜ਼ਾ-ਪੁਰਜ਼ਾ ਹੋ ਕੇ ਕੱਟਿਆ ਜਾਂਦਾ ਹੈ, ਪਰ ਆਪਣੇ ਧਰਮ ਦੀ ਪਾਲਣਾ ਹਿੱਤ ਪਿੱਠ ਨਹੀਂ ਵਿਖਾਉਦਾ। ਅਜਿਹੇ ਬਹਾਦਰ ਹੀ ਰਣਭੂਮੀ ਵਿੱਚ ਜੂਝ ਮਰਨ ਨੂੰ ਪਹਿਲ ਦਿੰਦੇ ਹਨ :
ਗਗਨ ਦਮਾਮਾ ਬਾਜਿਓ
ਪਰਿਓ ਨੀਸਾਨੇ ਘਾਓ॥
ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੋ ਦਾਓ॥
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੇ ਖੇਤੁ॥
(ਅੰਗ 1105)
*ਮਹੱਤਵਪੂਰਨ ਸੰਕਲਪ* :-
ਬਨਾਰਸ ਵਿਚ ਰਹਿਣ ਕਰਕੇ ਕਬੀਰ ਜੀ ਨੂੰ ਇਸਲਾਮ ਅਤੇ ਹਿੰਦੂ ਧਰਮ ਵਿਚਲੀ ਕੱਟੜਤਾ ਅਤੇ ਕਰਮਕਾਂਡਾਂ ਬਾਰੇ ਨਿੱਜੀ ਅਤੇ ਡੂੰਘਾ ਅਨੁਭਵ ਸੀ। ਇਸੇ ਕਰਕੇ ਆਪਨੇ ਇਨ੍ਹਾਂ ਲੋਕਾਂ ਦੀਆਂ ਗ਼ਲਤ ਕਦਰਾਂ-ਕੀਮਤਾਂ ਦੇ ਪਾਜ ਉਧੇੜੇ। ਉਹ ਵਿਅਕਤੀ ਨੂੰ ਬਾਹਰੋਂ ਜਾਂ ਵਿਖਾਵੇ ਵਜੋਂ ਚੰਗਾ ਬਣਾਉਣ ਦੀ ਥਾਂ ਅੰਦਰੂਨੀ ਤੌਰ ’ਤੇ ਸ਼ੁਭ ਅਮਲਾਂ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਹ ਪ੍ਰਭੂ ਨੂੰ ਬਾਹਰੋਂ ਢੂੰਡਣ ਦੀ ਥਾਂ ਅੰਦਰੋਂ ਖੋਜਣ ਦੀ ਪ੍ਰਵਿਰਤੀ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਬਾਣੀ ਵਿਚ ਨਫ਼ਰਤ, ਈਰਖਾ, ਸ਼ੱਕ ਦੀ ਥਾਂ ਤੇ ਪਿਆਰ, ਸਹਿਣਸ਼ੀਲਤਾ ਅਤੇ ਸ਼ਰਧਾ ਦੇ ਦੀਦਾਰ ਹੁੰਦੇ ਹਨ। ਇਹ ਸਾਰੇ ਅਜਿਹੇ ਸਦਗੁਣ ਹਨ, ਜਿਨ੍ਹਾਂ ਨੂੰ ਸਦਾਚਾਰਕ ਅਤੇ ਨੈਤਿਕਤਾ ਦੇ ਘੇਰੇ ਵਿਚ ਰੱਖਿਆ ਜਾ ਸਕਦਾ ਹੈ। ਕਬੀਰ ਜੀ ਦੀ ਬਾਣੀ ਵਿੱਚੋਂ ਦਿ੍ਰਸ਼ਟੀਗੋਚਰ ਹੁੰਦੇ ਕੁਝ ਹੋਰ ਮਹੱਤਵਪੂਰਨ ਸੰਕਲਪ ਹੇਠ ਲਿਖੀਆਂ ਪੰਕਤੀਆਂ ਵਿੱਚ ਵੇਖੇ ਜਾ ਸਕਦੇ ਹਨ :
ਅਲਹੁ ਏਕ ਮਸੀਤਿ ਬਸਤੁ ਹੈ
ਅਲਹੁ ਮੁਲਖੁ ਕਿਸ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ
ਦੁਹ ਮਹਿ ਤਤੁ ਨ ਹੇਰਾ॥
(ਅੰਗ 1349)
ਕਬੀਰ ਸਭ ਸੇ ਹਮ ਬੁਰੇ
ਹਮ ਤਜਿ ਭਲੋ ਸਭੁ ਕੋਇ॥
ਜਿਨਿ ਐਸਾ ਕਰ ਬੂਝਿਆ
ਮੀਤੁ ਹਮਾਰਾ ਸੋਇ॥
(ਅੰਗ 1364)
ਕਬੀਰ ਮਰਤਾ ਮਰਤਾ ਜਗੁ ਮੂਆ
ਮਰਿ ਭੀ ਨ ਜਾਨਿਆ ਕੋਇ॥
ਐਸੇ ਮਰਨੇ ਜੋ ਮਰੈ
ਬਹੁਰਿ ਨ ਮਰਨਾ ਹੋਇ॥
(ਅੰਗ 1365)
ਕਬੀਰ ਮਾਨਸ ਜਨਮੁ ਦੁਲੰਭੁ
ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ
ਗਿਰਹਿ ਬਹੁਰਿ ਨ ਲਾਗੈ ਡਾਰ॥
(ਅੰਗ 1366)
ਕਬੀਰ ਕਾਲਿ ਕਰੰਤਾ ਅਬਹਿ ਕਰੁ
ਅਬ ਕਰਤਾ ਸੁਇ ਤਾਲ॥
ਪਾਛੈ ਕਛੂ ਨ ਹੋਇਗਾ ਜਉ
ਸਿਰ ਪਰਿ ਆਵੈ ਕਾਲੁ॥
(ਅੰਗ 1371)
*ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ਬ੍ਰਹਮ ਬੀਚਾਰ*:-
ਕਬੀਰ ਜੀ ਦੇ ਸਮੇਂ ਵਿਚ ਹਿੰਦੂ, ਮੁਸਲਿਮ, ਬੁੱਧ, ਜੈਨ, ਨਾਥ, ਜੋਗੀ ਆਦਿ ਆਪੋ-ਆਪਣੀ ਥਾਂ ਕਾਰਜਸ਼ੀਲ ਸਨ, ਪਰ ਇਨ੍ਹਾਂ ਦੇ ਆਗੂ ਲੋਕ-ਭਲਾਈ ਦੀ ਥਾਂ ਸੁਆਰਥ ਵਿੱਚ ਗਲਤਾਨ ਸਨ ਅਤੇ ਕੱਟੜਵਾਦੀ ਵਿਚਾਰਧਾਰਾ ਕਰਕੇ ਇਕ-ਦੂਜੇ ਨੂੰ ਭੰਡ ਰਹੇ ਸਨ। ਅਜਿਹੇ ਮਾਹੌਲ ਵਿੱਚ ਲੋਕਾਈ ਨੂੰ ਸਦਾਚਾਰਕ ਸਿੱਖਿਆ ਦੇਣੀ ਵਾਕਈ ਜੋਖਮ ਵਾਲਾ ਕਾਰਜ ਸੀ। ਭਗਤ ਕਬੀਰ ਜੀ ਨੇ ਜਨ-ਸਾਧਾਰਨ ਨਾਲ ਸਾਂਝ ਬਣਾ ਕੇ ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ਬ੍ਰਹਮ ਬੀਚਾਰ ਕੀਤਾ।
*ਦੁੱਖਾਂ ਦਾ ਕਾਰਨ ਹੈ ਮੋਹ ਮਾਇਆ* :-
ਸੰਸਾਰਿਕ ਦੁੱਖ ਨੂੰ ਦੂਰ ਕਰਨ ਦਾ ਸਭ ਤੋਂ ਸਰਲ ਸਾਧਨ ਹੈ ਭਗਤੀ ਤੇ ਸੱਚਾ ਪ੍ਰੇਮ। ਜਦੋਂ ਮਨੁੱਖ ਹੰਕਾਰ ਦਾ ਤਿਆਗ ਕਰ ਕੇ ਆਪਣੇ ਆਪ ਨੂੰ ਭਗਤੀ ਪ੍ਰਤੀ ਸਮਰਪਿਤ ਕਰ ਦਿੰਦਾ ਹੈ ਤਾਂ ਉਹ ਹਰ ਪ੍ਰਾਣੀ ਨਾਲ ਪ੍ਰੇਮ ਕਰਨ ਲੱਗ ਜਾਂਦਾ ਹੈ। ਸੰਤ ਕਬੀਰ ਜੀ ਨੇ ਸੰਸਾਰਿਕ ਮੋਹ-ਮਾਇਆ ਨੂੰ ਦੁੱਖ ਦਾ ਸਭ ਤੋਂ ਵੱਡਾ ਕਾਰਨ ਮੰਨਦਿਆਂ ਇਹ ਉਪਦੇਸ਼ ਦਿੱਤਾ ਹੈ ਕਿ ਮਨੁੱਖ ਦਾ ਮਨੁੱਖਤਾ ਪ੍ਰਤੀ ਸੱਚਾ ਪ੍ਰੇਮ ਹੀ ਭਗਤੀ ਹੈ। ਕਾਮ, ਕ੍ਰੋਧ ਤੇ ਲੋਭ ਦਾ ਤਿਆਗ ਕਰ ਕੇ ਮਨੁੱਖ ਸੰਸਾਰਿਕ ਮੋਹ-ਮਾਇਆ ਦੇ ਬੰਧਨ ਤੋਂ ਮੁਕਤ ਹੋ ਸਕਦਾ ਹੈ।
*ਸੰਸਾਰ ਦੀ ਨਾਸ਼ਵਾਨਤਾ* :-
ਸੰਸਾਰ ਨਾਸ਼ਵਾਨ ਹੈ ਪਰ ਮਾਇਆ ਦੇ ਵੱਸ ’ਚ ਆ ਕੇ ਮਨੁੱਖ ਇਸ ਨੂੰ ਸੱਚ ਸਮਝ ਲੈਂਦਾ ਹੈ। ਅਗਿਆਨਤਾ ਕਰਕੇ ਮਨੁੱਖ ਸੰਸਾਰਕ ਭੋਗ-ਵਿਲਾਸ ਦੇ ਚੱਕਰ ’ਚ ਰਮ ਜਾਂਦਾ ਹੈ ਤੇ ਆਪਣੇ ਅਸਲੀ ਸਰੂਪ ਤੋਂ ਬੇਮੁੱਖ ਹੋ ਜਾਂਦਾ ਹੈ। ਕਬੀਰ ਜੀ ਨੇ ਸੰਸਾਰ ਦੇ ਵਿਵਹਾਰਕ ਪੱਖ ਦਾ ਚਿਤਰਨ ਕਰਦਿਆਂ ਮਨੁੱਖ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਮਨੁੱਖੀ ਜੀਵਨ ਬਹੁਤ ਹੀ ਦੁਰਲੱਭ ਹੈ। ਇਸ ਕਰਕੇ ਮਨੁੱਖ ਨੂੰ ਸੰਸਾਰਕ ਜੰਜਾਲ ’ਚ ਨਹੀਂ ਫਸਣਾ ਚਾਹੀਦਾ ਤੇ ਆਪਣੇ ਜੀਵਨ ਦੇ ਹਰ ਇਕ ਪਲ ਨੂੰ ਸਾਰਥਿਕ ਕਰਦਿਆਂ ਚੰਗੇ ਕੰਮਾਂ ’ਚ ਲਾਉਣਾ ਚਾਹੀਦਾ ਹੈ।
*ਪਰਮਾਤਮਾ ਦਾ ਨਿਰਗੁਣ ਤੇ ਨਿਰਾਕਾਰ ਰੂਪ* :-
ਸੰਤ ਕਬੀਰ ਜੀ ਨੇ ਪਰਮਾਤਮਾ ਦੀ ਮਹਾਨਤਾ ਬਾਰੇ ਬਹੁਤ ਹੀ ਸਹਿਜ ਤੇ ਸਰਲ ਸ਼ਬਦਾਂ ’ਚ ਬਿਆਨ ਕੀਤਾ ਹੈ। ਆਪ ਜੀ ਨੇ ਪਰਮਾਤਮਾ ਦੇ ਨਿਰਗੁਣ ਤੇ ਨਿਰਾਕਾਰ ਰੂਪ ਦਾ ਚਿਤਰਨ ਕਰਦਿਆਂ ਇੱਕੋ ਈਸ਼ਵਰ ਦੀ ਹੋਂਦ ’ਤੇ ਜ਼ੋਰ ਦਿੱਤਾ ਹੈ। ਆਪ ਜੀ ਸਪੱਸ਼ਟ ਸ਼ਬਦਾਂ ’ਚ ਕਹਿੰਦੇ ਹਨ ਕਿ ਈਸ਼ਵਰ ਇਕ ਹੈ ਪਰ ਅਗਿਆਨੀ ਮਨੁੱਖ ਉਸ ਨੂੰ ਅਨੇਕ ਦੱਸਦਾ ਹੈ।
– ਪ੍ਰੋ. ਨਵ ਸੰਗੀਤ ਸਿੰਘ