
-ਗਿ. ਗੁਰਜੀਤ ਸਿੰਘ ਪਟਿਆਲਾ
(ਮੁੱਖ ਸੰਪਾਦਕ)
‘ਕਾਂਬ’ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਕਬੀਰ ਜੀ ਦੁਆਰਾ ਉਚਾਰਨ ਸਲੋਕ ਦੇ ਵਿੱਚ ਕੇਵਲ ਇੱਕ ਵਾਰ ਆਇਆ ਹੈ। ਮਨੁੱਖ ਦੀ ਪਰਮਾਤਮਾ ਤੱਕ ਪਹੁੰਚਣ ਦੀ ਯਾਤਰਾ ਦੀ ਤੁਲਨਾ ਦਰੱਖਤ ਦੇ ਉੱਪਰ ਅੰਬ ਦਾ ਫਲ ਲੱਗਣ ਤੋਂ ਲੈ ਕੇ ਪੱਕਣ ਤੱਕ ਨਾਲ ਕਰਦੇ ਨੇ, ਜਿਵੇਂ ਪੱਕੇ ਹੋਏ ਅੰਬ ਦੇ ਫਲ ਮਾਲਕ ਦੇ ਮੂੰਹ ਤਕ ਪਹੁੰਚ ਜਾਂਦੇ ਨੇ ਅਗਰ ਉਹਨਾਂ ਦੇ ਵਿੱਚ ਕਾਂਬ ਨਾ ਹੋਵੇ:
ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ||
ਜਾਇ ਪਹੂਚਹਿ ਖਸਮ ਕਉ ਜੋ ਬੀਚਿ ਨ ਖਾਂਹੀ ਕਾਂਬ||
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, 1364 )
ਅੰਬ ਭਾਰਤ ਤੇ ਪਾਕਿਸਤਾਨ ਦਾ ਰਾਸ਼ਟਰੀ ਫਲ ਤੇ ਬੰਗਲਾਦੇਸ਼ ਦਾ ਰਾਸ਼ਟਰੀ ਰੁੱਖ ਹੈ, ਅੰਬ ਨੂੰ ਹਿੰਦੁਸਤਾਨ ਦੇ ਵਿੱਚ ਫਲਾਂ ਦਾ ਰਾਜਾ ਵੀ ਆਖਿਆ ਜਾਂਦਾ, ਪੂਰੀ ਦੁਨੀਆਂ ਦੇ ਵਿੱਚ ਪੈਦਾ ਹੋਣ ਵਾਲੇ ਅੰਬਾਂ ਦਾ ਤਾਂ 46% ਕੇਵਲ ਭਾਰਤ ਦੇ ਵਿੱਚ ਹੀ ਹੁੰਦਾ, ਇਸ ਦੇਸ਼ ਦੇ ਮਨੁੱਖ ਅੰਬ ਦੇ ਦਰਖਤ ਹਰੇਕ ਪੱਖ ਤੋਂ ਚੰਗੀ ਤਰ੍ਹਾਂ ਵਾਕਫ ਨੇ, ਅੰਬ ਦੇ ਉੱਪਰ ਕਦੇ ਵੀ ਪੱਤਝੜ ਨਹੀਂ ਹੁੰਦੀ, ਤੇ ਛਾਂ ਵੀ ਬਹੁਤ ਸੰਘਣੀ ਹੁੰਦੀ ਹੈ
ਜਿਨੑੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, 762)
ਭਾਈ ਕਾਨ੍ਹ ਸਿੰਘ ਨਾਭਾ :ਮਹਾਨ ਕੋਸ਼’ ਦੇ ਵਿੱਚ ‘ਕਾਂਬ’ ਨੂੰ ਸੰਗਿਆ ਲਿਖ ਕੇ ਅਰਥ ਕਾਕ, ਕਾਉ ਤੇ ਕਾਗ ਤੋਂ ਭਾਵ ਕੁਸੰਗਤ, ਕਾਂਬ ਖਾਣ ਤੋਂ ਭਾਵ ਵਿਘਨ ਪੈਦਾ ਹੋਣਾ ਦਰਸਾਉਂਦੇ ਹਨ |
ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਕਾਂਬ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਨੇ, ਕੰਬਣਾ ਤੋਂ ਕਾਂਬ ਬਣਿਆ, ਕਾਂਬ ਅਸਲ ਦਸ਼ਾ ਤੋਂ ਹਿਲ ਜਾਣ ਦੀ ਦਸ਼ਾ. ਪੱਕਣ ਵਿੱਚ ਕੋਈ ਦੋਖ ਹੋ ਜਾਣਾ, ਉੱਲੀ ਦਾਗ ਭਾਵ ਉਹ ਆਂਬ ਜਗਿਆਸੂ ਮਾਲਕ ਦੀ ਰਸਨੀ ਲੱਗਦੇ ਹਨ ਸਿਰੇ ਚੜਦੇ ਹਨ ਜਿਨਾਂ ਨੂੰ ਰਸਤੇ ਵਿੱਚ ਪਾਪਾਂ ਦੀ ਉਲੀ ਨਹੀਂ ਲਗਦੀ, ਭਾਈ ਵੀਰ ਸਿੰਘ ਜੀ ਕਾਂਬ ਦਾ ਇੱਕ ਹੋਰ ਅਰਥ ਇਹ ਕਰਦੇ ਹਨ, ਕਿ ਜੋ ਕਾਮਾਦੀ ਕਾਵਾਂ ਨੇ ਨਹੀਂ ਵਿਗਾੜੇ |
ਡਾਕਟਰ ਗੁਰਚਰਨ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਕਾਂਬ, ਕੰਮ ਹਨੇਰੀ ਆਦਿਕ ਕਾਰਨ ਫਲ ਦਾ ਟਾਹਣੀ ਤੋਂ ਹਿਲ ਜਾਣਾ ਕਰਦੇ ਹਨ, ਸਾਰੇ ਵਿਦਵਾਨਾਂ ਨੇ ਕਾਮ ਨੂੰ ਕਾਂ ਤੋਂ ਜਾਂ ਕੰਬਣ ਤੋਂ ਹੀ ਬਣਿਆ ਮੰਨਿਆ ਹੈ
ਬਾਜ਼ਾਰ ਵਿੱਚ ਗਰਮੀਆਂ ਦੇ ਮੌਸਮ ਵਿੱਚ ਦੁਕਾਨਦਾਰਾਂ ਨੇ ਬੜੇ ਵਧੀਆ ਅੰਬ ਜੋ ਨਾ ਕਿਸੇ ਕਾਂ ਨੇ, ਤੇ ਨਾ ਹੀ ਕਿਸੇ ਹਨੇਰੀ ਨੇ ਖਰਾਬ ਕੀਤੇ ਨੇ ਉਹ ਰੱਖੇ ਹੋਏ ਹੁੰਦੇ ਨੇ, ਮਨੁੱਖ ਚੰਗੀ ਤਰ੍ਹਾਂ ਦੇ ਨਾਲ ਅੰਬ ਦੀ ਪਰਖ ਕਰਕੇ ਬਾਜ਼ਾਰੋਂ ਖਾਣ ਦੀ ਇੱਛਾ ਨਾਲ ਲੈ ਕੇ ਆਉਂਦੇ ਨੇ, ਤੇ ਜਦੋਂ ਖਾਣ ਦੀ ਇੱਛਾ ਦੇ ਵਾਸਤੇ ਅੰਬ ਨੂੰ ਕੱਟਦੇ ਨੇ ਤਾਂ ਪਤਾ ਚੱਲਦਾ ਕਿ ਅੰਬ ਨੂੰ ਵਿੱਚੋਂ ਤਾਂ ਕੀੜੇ ਨੇ ਖਾਧਾ ਹੋਇਆ ਹੈ
ਕਾਂਬ = ਕੀੜਾ ਆਂਬ ਦਾ ਸੰਖੇਪ ਹੈ।
ਜਿਵੇਂ ਅੰਬ ਦਾ ਫਲ ਵਿੱਚ ਪੱਕਣ ਤੋਂ ਬਾਅਦ ਕੀੜਾ ਪੈਦਾ ਹੋ ਜਾਂਦਾ, ਇਸੇ ਤਰ੍ਹਾਂ ਦੇ ਨਾਲ ਧਾਰਮਿਕ ਸਾਧਨਾ ਕਰਦਿਆਂ ਸਿਖਰ ਦੀਆਂ ਅਵਸਥਾਵਾਂ ਤੇ ਪਹੁੰਚਦਿਆਂ ਕਈ ਵਾਰ ਉਸ ਦੇ ਅੰਦਰ ਵਿਕਾਰਾਂ ਦੇ ਕੀੜੇ ਪੈਦਾ ਹੋ ਜਾਂਦੇ ਨੇ, ਇਸ ਨੂੰ ਭਾਈ ਗੁਰਦਾਸ ਜੀ ਆਪਣੇ ਇੱਕ ਕਬਿੱਤ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਿਆਨ ਕਰਦੇ ਹਨ
ਜੇਤੇ ਫੂਲ ਫੂਲੇ ਤੇਤੇ ਫਲ ਨਾ ਲਾਗਤ ਦ੍ਰਮ
ਲਾਗਤ ਜਿਤੇਕ ਪਰਪਕ ਨ ਸਕਲ ਹੈ |
ਜੇਤੇ ਸੁਤ ਜਨਮਤ ਜੀਅਤ ਨ ਰਹੈ ਨ ਤੇਤੇ
ਜੀਅਤ ਹੈ ਜੇਤੇ ਤੇਤੇ ਕੁਲ ਨ ਕਮਲ ਹੈ|
ਦਲ ਮਿਲ ਜਾਤ ਜੇਤੇ ਸੁਭਟ ਨ ਹੋਇ ਤੇਤੇ
ਜੇਤਕ ਸੁਭਟ ਜੂਝ ਮਰਤ ਨ ਥਲ ਹੈ |
ਆਰਸੀ ਜੁਗਤਿ ਗੁਰ ਸਿਖ ਸਭ ਹੀ ਕਹਾਵੈ
ਪਾਵਕ ਪ੍ਰਗਾਸ ਭਏ ਵਿਰਲੇ ਅਚਲ ਹੈ
( ਕਬਿਤ, 369)