
ਸਮੂਹ ਪੰਛੀਆਂ ਵਿਚੋਂ ਕਾਂ ਇਕ ਅਜਿਹਾ ਪੰਛੀ ਹੈ ਜਿਸ ਨੂੰ ਬਹੁਤ ਚਾਤੁਰ ਮੰਨਿਆ ਜਾਂਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਵਿਚ ਪਿਆਸੇ ਕਾਂ ਦੀ ਕਹਾਣੀ ਦਾ ਪੜਾਇਆ ਜਾਣਾ ਵੀ ਸ਼ਾਇਦ ਇਸ ਗੱਲ ਦੀ ਗਵਾਹੀ ਹੈ ਕਿ ਕਾਂ ਹੀ ਪਾਣੀ ਵਾਲੇ ਊਣੇ ਘੜੇ ਵਿਚ ਕੰਕਰ ਪਾ ਕੇ ਪਿਆਸ ਬੁਝਾਉਣ ਦਾ ਰਾਹ ਲੱਭ ਸਕਦਾ ਹੈ, ਕੋਈ ਹੋਰ ਪੰਛੀ ਨਹੀਂ। ਕਾਂ-ਮਨੁੱਖ ਦੇ ਬੱਚਿਆਂ ਪਾਸੋਂ ਵੀ ਕੋਈ ਵਸਤੂ ਝਪਟ ਕੇ ਲੈ ਜਾਣ ਦੀ ਹਿੰਮਤ ਤੇ ਸਿਆਣਪ ਰੱਖਦਾ ਹੈ। ਇਹ ਵੀ ਪ੍ਰਚੱਲਤ ਹੈ ਕਿ ਸਭ ਪੰਛੀਆਂ ਵਿਚੋਂ ਲੰਮੀ ਉਮਰ ਕਾਂ ਭੋਗਦਾ ਹੈ। ਇਸੇ ਲਈ ਕਾਂ ਲਈ ਸਮਾਨ ਅਰਥੀ ਸ਼ਬਦ ਚਿਰੰਜੀਵੀ, ਚਿਰ ਜੀਵਨ, ਦੀਰਘ ਆਯੂ ਤੇ ਦੀਰਘਾਯੂ ਆਦਿ ਵੀ ਹਨ। ਕਾਂ ਨਾਲ ਬਹੁਤ ਸਾਰੇ ਲੋਕ ਵਿਸ਼ਵਾਸ ਵੀ ਜੁੜੇ ਹੋਏ ਹਨ ਕਿ ਕਾਂ ਬਨੇਰੇ ਉਤੇ ਬੋਲੇ ਤਾਂ ਕੋਈ ਮਹਿਮਾਨ ਆਵੇਗਾ। “ਉੱਡ ਕਾਵਾਂ ਤੈਨੂੰ ਚੂਰੀ ਪਾਵਾਂ” ਆਦਿ ਲੋਕ ਗੀਤ ਇਕ ਵਿਯੋਗੀ ਅਵਸਥਾ ਦੇ ਸੰਯੋਗ ਲਈ ਦਰਦ ਭਰੇ ਸੁਨੇਹੜੇ ਵੀ ਹਨ।
‘ਕਾਂ’ ਦੇ ਨਾਮਕਰਣ ਬਾਰੇ ਜਾਣੀਏਂ ਤਾਂ ਸੰਸਕ੍ਰਿਤ ਪੰਜਾਬੀ ਕੋਸ਼ ਵਿਚ ਇਸ ਲਈ ਸ਼ਬਦ ਕਾਕ ਹੈ ਜੋ ਹਿੰਦੀ ਵਿਚ ਕਊਆ ਤੇ ਪੰਜਾਬੀ ਵਿਚ ਕਾਂ ਤੇ ਕਾਉਂ ਹੈ। ਸਮ ਅਰਥ ਕੋਸ਼ ਵਿਚ ਕਾਂ ਦੇ ਲਈ 48 ਸ਼ਬਦ ਹਨ, ਜਿਵੇਂ- ਅਰਿਸ਼ਟ, ਆਤਮ ਘੋਖ, ਏਕ ਦ੍ਰਿਸ਼ਟ, ਸਕ੍ਰਿਤ ਪ੍ਰਜ, ਸ਼ੂਚਕ, ਸ਼ਰਾਵਕ, ਕਊਆ, ਕਟ ਖਾਦਕ, ਕਰਟ, ਕਰਟਕ, ਕਾਉ, ਕਾਕ, ਕਾਗ, ਕਾਣਾ, ਕਾਂਵ, ਕੌਆ, ਕੌਸ਼ਿਕਾਰੀ, ਗ੍ਰਾਮੀਨ, ਪਿਸ਼ਨ, ਬਲਭੁਜ, ਬਾਇਸ, ਬਾਯਸ, ਮਹਾਂ ਲੋਲ ਤੇ ਹੋਰ ਵੀ ਕਾਫ਼ੀ ਹਨ।
ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਅਨੁਸਾਰ- ਕਾਂ ਦਾ ਸਬੰਧ ਪਿੱਤਰਾਂ ਨਾਲ ਵੀ ਜੋੜਿਆ ਜਾਂਦਾ ਹੈ। ਇਕ ਧਾਰਨਾ ਹੈ ਕਿ ਸਰਾਧਾਂ ਦੇ ਦਿਨਾਂ ਵਿਚ ਪਿੱਤਰਾਂ ਦੀਆਂ ਰੂਹਾਂ ਕਾਵਾਂ ਦਾ ਰੂਪ ਧਾਰ ਕੇ ਆਪਣੇ ਸਬੰਧੀਆਂ ਦੇ ਗੇੜੇ ਕੱਟਦੀਆਂ ਹਨ। ਇਸੇ ਕਰਕੇ ਪਿੰਡ ਪੱਤਲ ਤੇ ਸਰਾਧ ਕਾਵਾਂ ਅੱਗੇ ਰੱਖੇ ਜਾਂਦੇ ਹਨ।
ਪੰਜਾਬੀ ਮੁਹਾਵਰਾ ਕੋਸ਼ ਵਿਚ ਕਾਂ ਨਾਲ ਸਬੰਧਿਤ ਬੇਅੰਤ ਮੁਹਾਵਰੇ ਹਨ ਜੋ ਲੋਕ ਜੀਵਨ ਦਾ ਤੱਤ ਗਿਆਨ ਹੈ, ਜਿਵੇਂ- ਕਾਂ ਕਾਂ ਕਰਨਾ (ਫਜ਼ੂਲ ਬੋਲਣਾ), ਕਾਂ ਖਾ ਕੇ ਜੰਮਣਾ (ਬਹੁਤ ਗਾਲੜੀ ਹੋਣਾ), ਕਾਗ ਉਡਾਉਣਾ (ਉਡੀਕ ਕਰਨਾ), ਕਾਂ ਪੈਣਾ (ਬੇ ਰੌਣਕੀ ਹੋਣਾ), ਕਾਂ ਬੋਲਣਾ (ਕਿਸੇ ਮਹਿਮਾਨ ਦੇ ਆਉਣ ਦੀ ਸੰਭਾਵਨਾ), ਕਾਵਾਂ ਰੌਲੀ ਪਾਉਣਾ (ਸ਼ੋਰ ਮਚਾਉਣਾ), ਕਾਵੀਂ ਕੁੱਤੀਂ ਗਵਾਉਣਾ (ਕਮਾਈ ਬੇਅਰਥ ਗਵਾ ਲੈਣੀ), ਕਾਵਾਂ ਤੇ ਹੰਸਾਂ ਨੂੰ ਇਕ ਥਾਂ ਕਰਨਾ (ਚੰਗੇ ਮੰਦੇ ਦਾ ਭੇਦ ਨਾ ਕਰਨਾ) ਆਦਿ ਵਿਸ਼ੇਸ਼ ਭਾਵ ਅਰਥ ਰੱਖਦੇ ਹਨ।
ਇਸੇ ਤਰ੍ਹਾਂ ਪੰਜਾਬੀ ਅਖਾਣਾਂ ਵਿਚ ਕਾਂ ਦੇ ਰਾਹੀਂ ਵੱਡੇ ਭਾਵ ਅਰਥ ਸਿਰਜੇ ਗਏ ਹਨ, ਜਿਵੇਂ- ਸਿਆਣਾ ਕਾਂ ਗੰਦ ‘ਤੇ ਡਿੱਗਦਾ, ਕਊਆ ਚਲਾ ਹੰਸ ਕੀ ਚਾਲ ਆਪਣੀ ਚਾਲ ਗਵਾ ਬੈਠਾ, ਕਾਂ ਦੀ ਰੀਝ ਰੂੜੀਆਂ ‘ਤੇ, ਕਾਂ ਦੇ ਕਿਹਾਂ ਢੋਰ ਨਹੀਂ ਮਰਦੇ, ਕਾਂ ਦੀ ਚੁੰਝ ਵਿਚ ਅੰਗੂਰ ਆਦਿ ਸਭ ਸਿਆਣੀਆਂ ਸੋਚਾਂ ਨੇ, ਕਾਂ ਦੀਆਂ ਉਦਾਹਰਨਾਂ ਦੇ ਕੇ ਅਮੀਰ ਸਾਹਿਤ ਦੀ ਸਿਰਜਨਾ ਵੀ ਕੀਤੀ ਹੈ ਤੇ ਬਹੁ ਪਸਾਰੀ ਸਿੱਖਿਆਦਾਇਕ ਸ਼ਬਦ ਵੀ ਸਿਰਜੇ ਹਨ।
ਕਾਂ ਸਬੰਧੀ ਇਹ ਵੀ ਮੁਹਾਵਰਾ ਹੈ ਕਿ ਬਾਰੀਂ ਸਾਲੀਂ ਕਾਂ ਬੋਲਿਆ ਫਿਰ ਕਹਿੰਦਾ ਕਾਂ-ਕਾਂ-ਕਾਂ। ਭਾਵ- ਜਿਵੇਂ ਇਕ ਤੋਤਾ ਰੱਟਾ ਲਾ ਕੇ ਕੁਝ ਸ਼ਬਦ ਸਿੱਖ ਲੈਂਦਾ ਹੈ ਪਰ ਕਾਂ ਸਭ ਤੋਂ ਸਿਆਣਾ ਹੁੰਦਾ ਹੋਇਆ ਵੀ ਹੋਰ ਕੁਝ ਨਹੀਂ ਸਿੱਖਦਾ। ਮਨੋਵਿਗਿਆਨਕ ਪੱਖ ਕਿ ਕੁਝ ਸਿੱਖਣ ਲਈ ਚੁੱਪ ਤੇ ਇਕਾਗਰਤਾ ਦੀ ਲੋੜ ਹੁੰਦੀ ਹੈ ਜੋ ਕਾਂ ਦੇ ਸੁਭਾਅ ਵਿਚ ਨਹੀਂ ਹੈ। ਤੀਜੀ ਗੱਲ ਜਿਸ ਨੂੰ ਆਪਣੀ ਚਾਤਰਤਾ ਜਾਂ ਸਿਆਣਪ ਉੱਪਰ ਘੁਮੰਡ ਹੋ ਜਾਵੇ, ਉਹ ਫਿਰ ਹੋਰ ਕੁਝ ਨਹੀਂ ਸਿੱਖਦਾ ਹੁੰਦਾ ਤੇ ਆਪਣੀ ਕਾਵਾਂ ਰੌਲੀ ਤੋਂ ਵੀ ਕਦੇ ਬਾਜ ਨਹੀਂ ਆਉਂਦਾ ਹੁੰਦਾ।
ਉਪਰੋਕਤ ਵਿਚਾਰ ਅਨੁਸਾਰ ਕਾਂ ਦੀ ਸਾਹਿਤ, ਸਮਾਜ ਤੇ ਸੱਭਿਆਚਾਰ ਵਿਚ ਵਿਸ਼ੇਸ਼ ਮਾਨਤਾ ਹੈ ਪਰ ਜੇਕਰ ਗੁਣਾਂ ਦੀ ਸਾਂਝ ਵਾਲੀ ਸਿੱਖਿਆ ਅਨੁਸਾਰ ਗੱਲ ਕਰੀਏ ਤਾਂ ਚਾਣਕਯ ਮੁਨੀ ਜੀ ਨੇ ਨੀਤੀ ਕਥਾ ਵਿਚ ਕਾਂ ਦੇ ਪੰਜ ਗੁਣ ਵਰਣਨ ਕੀਤੇ ਹਨ ਜੋ ਰਾਜਾ ਪ੍ਰਥਾਇ ਹਨ ਪਰ ਸਮੂਹ ਮਾਨਵਤਾ ਨੂੰ ਧਾਰਨ ਕਰਨ ਲਈ ਪ੍ਰੇਰਿਆ ਗਿਆ ਹੈ। ਇਹ ਗੁਣ ਹਨ:
“ਸਾਵਧਾਨ, ਬਿਸਵਾਸ ਬਿਨ, ਗੁੜ ਮੈਥਨੀ, ਧੀਰ।
ਕਾਲ ਸਮੈਂ ਸੰਗ੍ਰਹਿ ਕਰੈ, ਕਾਗ ਪੰਚ ਗੁਣ ਬੀਰ।”
ਪਹਿਲਾ ਗੁਣ- ਕਾਂ ਏਨਾ ਸਾਵਧਾਨ ਹੁੰਦਾ ਹੈ ਕਿ ਇਸ ਦਾ ਕੋਈ ਸ਼ਿਕਾਰ ਨਹੀਂ ਕਰ ਸਕਦਾ, ਪਰ ਦੂਜੇ ਪਾਸੇ ਆਮ ਮਨੁੱਖ ਹਮੇਸ਼ਾਂ ਹੀ ਦੂਜੇ ਪਾਸੋਂ ਠੱਗਿਆ ਤੇ ਲੁੱਟਿਆ ਜਾਂਦਾ ਹੈ। ਲੋਕ ਸਿਆਣਪ ‘ਕਾਂ ਕਰਾੜ ਕੁੱਤੇ ਦਾ ਵਿਸਾਹ ਨਾ ਖਾਈਏ ਸੁੱਤੇ ਦਾ’ ਕਾਂ ਦੀ ਚੇਤੰਨਤਾ ਤੇ ਸਾਵਧਾਨਤਾ ਦੀ ਵਿਆਖਿਆ ਹੈ। ਦੂਜਾ ਗੁਣ- ਬਿਸਵਾਸ ਬਿਨ ਭਾਵ ਜਲਦੀ ਕਿਸੇ ਦਾ ਵਿਸਾਹ ਨਹੀਂ ਕਰਦਾ। ਸਾਡੇ ਸਮਾਜ ਵਿਚ ਯਕਦਮ ਕਿਸੇ ਉੱਪਰ ਵਿਸ਼ਵਾਸ ਕਰ ਲੈਣਾ ਵੀ ਲੁੱਟੇ ਜਾਣ ਜਾਂ ਧੋਖਾ ਖਾ ਜਾਣ ਦਾ ਸੰਕੇਤ ਹੁੰਦਾ ਹੈ। ਤੀਜਾ ਗੁਣ-‘ਗੂੜ ਮੈਥਨੀ’ ਭਾਵ- ਮਦੀਨ ਨਾਲ ਗੁਪਤ ਮਿਲਾਪ ਹੈ, ਜੋ ਸਮਾਜਿਕ ਤੌਰ ‘ਤੇ ਲੱਜ ਪੱਤ ਪਾਲਣ ਤੇ ਸੰਸਾਰੀ ਰਿਸ਼ਤਿਆਂ ਵਿਚ ਸੱਭਿਅਕ ਹੋਣ ਦਾ ਸੰਦੇਸ਼ ਹੈ। ਚੌਥਾ ਗੁਣ- ‘ਧੀਰ’ ਭਾਵ ਧੀਰਜਵਾਨ ਹੋਣਾ ਹੈ। ਅਮਲੀ ਰੂਪ ਵਿਚ ਤੁਸੀਂ ਜੀਵ ਜੰਤੂਆਂ ਨੂੰ ਚੋਗਾ ਪਾ ਕੇ ਦੇਖੋ ਤੁਹਾਡੇ ਪਾਸ ਖੜੋਤਿਆਂ ਤੋਂ ਹੀ ਚੁਗਣ ਲੱਗ ਜਾਂਦੇ ਹਨ ਪਰ ਕਾਂ ਏਨੀ ਜਲਦੀ ਨਹੀਂ ਆਏਗਾ। ਪੰਜਵਾਂ ਗੁਣ-ਔਖੇ ਸਮੇਂ ਲਈ ਭਾਵ ਜੇ ਕਾਲ ਵੀ ਪੈ ਜਾਵੇ ਤਾਂ ਆਪਣੇ ਆਹਲਣੇ ਵਿਚ ਕੁਝ ਖਾਣ ਲਈ ਸੰਗ੍ਰਹਿ ਕਰਕੇ ਜ਼ਰੂਰ ਰੱਖਦਾ ਹੈ।
ਇਹ ਮਨੁੱਖ ਲਈ ਸੰਦੇਸ਼ ਹੈ ਕਿ ਔਖੇ ਸਮੇਂ ਲਈ ਕੁਝ ਬਚਾਅ ਕੇ ਰੱਖਣਾ ਵੱਡੀ ਸਿਆਣਪ ਹੁੰਦੀ ਹੈ। ਕੁਝ ਘਰ ਪਰਿਵਾਰਾਂ ਤੋਂ ਲੈ ਕੇ ਫਿਰ ਪੰਜਾਬ ਦੇ ਖ਼ਾਲੀ ਖ਼ਜਾਨੇ ਵੱਲ ਹੀ ਦੇਖ ਲਉ, ਹੁਣ ਤੱਕ ਇੱਥੇ ਸਭ ਸਰਕਾਰਾਂ ਖ਼ਜਾਨੇ ਦੀਆਂ ਫੱਕੀਆਂ ਉਡਾਈ ਗਈਆਂ। ਬੱਚਤ ਕਿਸੇ ਨੇ ਵੀ ਨਹੀਂ ਕੀਤੀ ਤੇ ਅੱਜ ਪੰਜਾਬ ਦੀ ਹਾਲਤ ਕਾਲ ਪੈਣ ਵਰਗੀ ਹੈ। ਕਾਸ਼! ਰਾਜ ਕਰਦੀਆਂ ਸਰਕਾਰਾਂ ਨੇ ਪੰਜਾਬ ਰੂਪੀ ਆਹਲਣੇ ਵਿਚ ਕੁਝ ਬਚਾਅ ਕੇ ਰੱਖਣ ਬਾਰੇ ਦੂਰ-ਅੰਦੇਸ਼ੀ ਨਾਲ ਸੋਚਿਆ ਹੁੰਦਾ ਤਾਂ ਪੰਜਾਬ ਵੀ ਖੁਸ਼ਹਾਲ ਹੁੰਦਾ। ਖ਼ੁਸ਼ੀ ਤੇ ਖ਼ੁਸ਼ਹਾਲੀ ਹਮੇਸ਼ਾਂ ਗੁਣਾਂ ਨਾਲ ਕਾਇਮ ਰਹਿੰਦੀ ਹੈ, ਔਗੁਣਾਂ ਨਾਲ ਨਹੀਂ। ਬਾਕੀ ਨਜ਼ਰ ਤੇ ਨਜ਼ਰੀਆ ਆਪੋ ਆਪਣਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ